ਖ਼ੁਸ਼ੀਆਂ ਭਰੀ ਜ਼ਿੰਦਗੀ—ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲੋ
‘ਉਸੇ ਤਰ੍ਹਾਂ ਜ਼ਿੰਦਗੀ ਬਤੀਤ ਕਰੋ ਜਿਵੇਂ ਯਿਸੂ ਨੇ ਬਤੀਤ ਕੀਤੀ ਸੀ।’—1 ਯੂਹੰਨਾ 2:6.
ਜਿਵੇਂ ਅਸੀਂ ਪਿੱਛਲੇ ਲੇਖਾਂ ਵਿਚ ਦੇਖਿਆ ਸੀ ਯਿਸੂ ਦੀ ਜ਼ਿੰਦਗੀ ਖ਼ੁਸ਼ੀਆਂ ਭਰੀ ਸੀ ਕਿਉਂਕਿ ਉਸ ਦੀ ਜ਼ਿੰਦਗੀ ਵਿਚ ਮਕਸਦ ਸੀ। ਸੋ ਜੇ ਅਸੀਂ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਪਾਉਣੀਆਂ ਚਾਹੁੰਦੇ ਹਾਂ, ਤਾਂ ਸਾਨੂੰ ਯਿਸੂ ਦੀ ਮਿਸਾਲ ਅਤੇ ਸਲਾਹ ਉੱਤੇ ਚੱਲਣਾ ਚਾਹੀਦਾ ਹੈ।
ਜਿਵੇਂ ਉੱਪਰ ਦਿੱਤੇ ਹਵਾਲੇ ਵਿਚ ਦੱਸਿਆ ਗਿਆ ਹੈ ਯਹੋਵਾਹ ਵੀ ਸਾਨੂੰ ਉਸੇ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਯਿਸੂ ਦੀਆਂ ਸਿੱਖਿਆਵਾਂ ਅਤੇ ਉਸ ਦੇ ਨਮੂਨੇ ਮੁਤਾਬਕ ਚੱਲਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਸਾਡੇ ਤੋਂ ਖ਼ੁਸ਼ ਹੋਵੇਗਾ ਅਤੇ ਸਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋਵੇਗੀ।
ਯਿਸੂ ਨੇ ਸਾਨੂੰ ਉਹ ਅਸੂਲ ਸਿਖਾਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਵੀ ਉਸ ਦੀ ਰੀਸ ਕਰ ਸਕਦੇ ਹਾਂ। ਅਸੀਂ ਉਸ ਦੇ ਜਾਣੇ-ਪਛਾਣੇ ਪਹਾੜੀ ਉਪਦੇਸ਼ ਵਿਚ ਬਹੁਤ ਸਾਰੇ ਅਸੂਲ ਪੜ੍ਹ ਸਕਦੇ ਹਾਂ। ਆਓ ਅਸੀਂ ਕੁਝ ਅਸੂਲਾਂ ਉੱਤੇ ਗੌਰ ਕਰੀਏ ਤੇ ਦੇਖੀਏ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਇਨ੍ਹਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ।
ਅਸੂਲ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”—ਮੱਤੀ 5:3.
ਇਸ ਅਸੂਲ ਦੀ ਮਦਦ ਨਾਲ ਅਸੀਂ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ:
ਯਿਸੂ ਨੇ ਦਿਖਾਇਆ ਕਿ ਇਨਸਾਨਾਂ ਨੂੰ ਪਰਮੇਸ਼ੁਰ ਨੂੰ ਜਾਣਨ ਅਤੇ ਉਸ ਦੀ ਅਗਵਾਈ ਦੀ ਲੋੜ ਹੈ। ਅਸੀਂ ਸਾਰੇ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੇ ਹਾਂ ਜਿਵੇਂ ਕਿ ਅਸੀਂ ਇੱਥੇ ਕਿਉਂ ਹਾਂ? ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ? ਕੀ ਰੱਬ ਨੂੰ ਸਾਡਾ ਫ਼ਿਕਰ ਹੈ? ਮਰਨ ਤੋਂ ਬਾਅਦ ਕੀ ਹੁੰਦਾ ਹੈ? ਸਾਨੂੰ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣ ਲਈ ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਦੀ ਲੋੜ ਹੈ। ਯਿਸੂ ਜਾਣਦਾ ਸੀ ਕਿ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਸਿਰਫ਼ ਪਰਮੇਸ਼ੁਰ ਦੇ ਬਚਨ ਤੋਂ ਹੀ ਲੈ ਸਕਦੇ ਹਾਂ। ਪ੍ਰਾਰਥਨਾ ਵਿਚ ਯਿਸੂ ਨੇ ਆਪਣੇ ਪਿਤਾ ਨੂੰ ਕਿਹਾ: “ਤੇਰਾ ਬਚਨ ਹੀ ਸੱਚਾਈ ਹੈ।” (ਯੂਹੰਨਾ 17:17) ਕੀ ਪਰਮੇਸ਼ੁਰ ਦਾ ਬਚਨ ਸਾਡੀ ਉਸ ਨੂੰ ਜਾਣਨ ਅਤੇ ਖ਼ੁਸ਼ ਰਹਿਣ ਵਿਚ ਮਦਦ ਕਰ ਸਕਦਾ ਹੈ?
ਮਿਸਾਲ ਤੋਂ ਸਿੱਖੋ:
ਏਸਾ ਇਕ ਮਸ਼ਹੂਰ ਬੈਂਡ ਦਾ ਗਾਇਕ ਸੀ ਜੋ ਰਾਕ ਸਟਾਰ ਬਣਨ ਵਾਲਾ ਹੀ ਸੀ। ਫਿਰ ਵੀ ਏਸਾ ਆਪਣੀ ਜ਼ਿੰਦਗੀ ਤੋਂ ਖ਼ੁਸ਼ ਨਹੀਂ ਸੀ। ਉਹ ਦੱਸਦਾ ਹੈ: “ਭਾਵੇਂ ਕਿ ਮੈਨੂੰ ਬੈਂਡ ਵਿਚ ਗਾਉਣਾ ਪਸੰਦ ਸੀ, ਪਰ ਮੇਰੀ ਜ਼ਿੰਦਗੀ ਅਧੂਰੀ ਸੀ।” ਸਮੇਂ ਦੇ ਬੀਤਣ ਨਾਲ ਏਸਾ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ। ਉਹ ਕਹਿੰਦਾ ਹੈ: “ਮੈਂ ਉਨ੍ਹਾਂ ʼਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਬਾਈਬਲ ਵਿੱਚੋਂ ਦਿੱਤੇ ਉਨ੍ਹਾਂ ਦੇ ਜਵਾਬਾਂ ਨੇ ਮੇਰੀ ਦਿਲਚਸਪੀ ਨੂੰ ਵਧਾਇਆ। ਇਸ ਲਈ ਮੈਂ ਉਨ੍ਹਾਂ ਦੇ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਲਈ।” ਬਾਈਬਲ ਤੋਂ ਸਿੱਖੀਆਂ ਗੱਲਾਂ ਨੇ ਏਸਾ ਦੇ ਮਨ ਨੂੰ ਛੋਹ ਲਿਆ ਅਤੇ ਉਸ ਨੇ ਬਪਤਿਸਮਾ ਲੈ ਲਿਆ। ਉਹ ਦੱਸਦਾ ਹੈ: “ਪਹਿਲਾਂ ਮੇਰੀ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਸਨ, ਪਰ ਅੱਜ ਮੇਰੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੈ ਕਿਉਂਕਿ ਹੁਣ ਮੇਰੀ ਜ਼ਿੰਦਗੀ ਵਿਚ ਮਕਸਦ ਹੈ।”a
ਅਸੂਲ: “ਖ਼ੁਸ਼ ਹਨ ਦਇਆਵਾਨ।”—ਮੱਤੀ 5:7.
ਇਸ ਅਸੂਲ ਦੀ ਮਦਦ ਨਾਲ ਅਸੀਂ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ:
ਜਦੋਂ ਅਸੀਂ ਦਇਆ ਦਿਖਾਉਂਦੇ ਹਾਂ, ਤਾਂ ਅਸੀਂ ਹਮਦਰਦੀ ਦਿਖਾ ਕੇ ਦੂਸਰਿਆਂ ਦੀ ਮਦਦ ਕਰਦੇ ਹਾਂ। ਯਿਸੂ ਨੇ ਲੋੜਵੰਦਾਂ ʼਤੇ ਦਇਆ ਕੀਤੀ ਸੀ। ਉਸ ਨੇ ਲੋਕਾਂ ਦੀ ਮਾੜੀ ਹਾਲਤ ਉੱਤੇ ਤਰਸ ਕਰ ਕੇ ਉਨ੍ਹਾਂ ਦੇ ਦੁੱਖ ਦੂਰ ਕੀਤੇ। (ਮੱਤੀ 14:14; 20:30-34) ਜਦੋਂ ਅਸੀਂ ਦਇਆ ਦਿਖਾਉਣ ਵਿਚ ਯਿਸੂ ਦੀ ਰੀਸ ਕਰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ। (ਰਸੂਲਾਂ ਦੇ ਕੰਮ 20:35) ਅਸੀਂ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਦਇਆ ਦਿਖਾ ਕੇ ਦੂਜਿਆਂ ਦੀ ਮਦਦ ਕਰ ਸਕਦੇ ਹਾਂ। ਕੀ ਦਇਆ ਦਿਖਾਉਣ ਨਾਲ ਸਾਨੂੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ?
ਕਾਰਲੋਸ ਅਤੇ ਮਾਰੀਆ
ਮਿਸਾਲ ਤੋਂ ਸਿੱਖੋ:
ਮਾਰੀਆ ਅਤੇ ਉਸ ਦਾ ਪਤੀ ਕਾਰਲੋਸ ਦਇਆ ਦੀਆਂ ਚੰਗੀਆਂ ਮਿਸਾਲਾਂ ਹਨ। ਮਾਰੀਆ ਦੀ ਮੰਮੀ ਦੀ ਮੌਤ ਤੋਂ ਕੁਝ ਸਾਲ ਬਾਅਦ ਉਸ ਦਾ ਪਿਤਾ ਬੀਮਾਰ ਹੋ ਗਿਆ ਜਿਸ ਕਰਕੇ ਉਹ ਮੰਜੇ ਤੋਂ ਉੱਠ ਨਹੀਂ ਸਕਦਾ ਸੀ। ਮਾਰੀਆ ਅਤੇ ਕਾਰਲੋਸ ਉਸ ਦੀ ਦੇਖ-ਭਾਲ ਕਰਨ ਲਈ ਉਸ ਨੂੰ ਆਪਣੇ ਘਰ ਲੈ ਆਏ। ਉਨ੍ਹਾਂ ਨੂੰ ਕਈ ਰਾਤਾਂ ਉਣੀਂਦੇ ਰਹਿਣਾ ਪੈਂਦਾ ਹੈ ਤੇ ਸ਼ੂਗਰ ਦੀ ਬੀਮਾਰੀ ਹੋਣ ਕਰਕੇ ਉਸ ਨੂੰ ਕਈ ਵਾਰ ਇਕਦਮ ਹਸਪਤਾਲ ਲਿਜਾਣਾ ਪੈਂਦਾ ਹੈ। ਉਹ ਜ਼ਰੂਰ ਥੱਕ ਜਾਂਦੇ ਹਨ, ਪਰ ਉਹ ਖ਼ੁਸ਼ ਹਨ ਕਿ ਉਹ ਆਪਣੇ ਪਿਤਾ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਯਿਸੂ ਨੇ ਵੀ ਇਹੀ ਕਿਹਾ ਸੀ ਕਿ ਦਇਆਵਾਨ ਖ਼ੁਸ਼ ਹੋਣਗੇ।
ਅਸੂਲ: “ਖ਼ੁਸ਼ ਹਨ ਮੇਲ-ਮਿਲਾਪ ਰੱਖਣ ਵਾਲੇ।”—ਮੱਤੀ 5:9.
ਇਸ ਅਸੂਲ ਦੀ ਮਦਦ ਨਾਲ ਅਸੀਂ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ:
ਮੇਲ-ਮਿਲਾਪ ਅਤੇ ਸੁਲ੍ਹਾ ਕਰਨ ਵਾਲੇ ਦੀ ਜ਼ਿੰਦਗੀ ਖ਼ੁਸ਼ੀਆਂ ਭਰੀ ਕਿਵੇਂ ਹੋ ਸਕਦੀ ਹੈ? ਜਦੋਂ ਅਸੀਂ ਦੂਜਿਆਂ ਨਾਲ ਸ਼ਾਂਤੀ ਬਣਾਉਣ ਵਿਚ ਪਹਿਲ ਕਰਦੇ ਹਾਂ, ਤਾਂ ਉਨ੍ਹਾਂ ਨਾਲ ਸਾਡਾ ਰਿਸ਼ਤਾ ਵਧੀਆ ਬਣਦਾ ਹੈ। ਬਾਈਬਲ ਕਹਿੰਦੀ ਹੈ: “ਜੇ ਹੋ ਸਕੇ, ਤਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।” (ਰੋਮੀਆਂ 12:18) “ਦੂਸਰਿਆਂ” ਵਿਚ ਸਾਡੇ ਪਰਿਵਾਰ ਦੇ ਉਹ ਮੈਂਬਰ ਅਤੇ ਹੋਰ ਲੋਕ ਸ਼ਾਮਲ ਹਨ ਜੋ ਯਹੋਵਾਹ ਦੇ ਗਵਾਹ ਨਹੀਂ ਹਨ। ਕੀ ਸਾਰਿਆਂ ਨਾਲ ਮੇਲ-ਮਿਲਾਪ ਰੱਖਣ ਨਾਲ ਅਸੀਂ ਖ਼ੁਸ਼ ਹੋ ਸਕਦੇ ਹਾਂ?
ਨਾਈਰ
ਮਿਸਾਲ ਤੋਂ ਸਿੱਖੋ:
ਨਾਈਰ ਦੀ ਮਿਸਾਲ ਉੱਤੇ ਗੌਰ ਕਰੋ। ਕਈ ਸਾਲਾਂ ਤਕ ਉਸ ਨੇ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਹੈ। ਇਨ੍ਹਾਂ ਅਜ਼ਮਾਇਸ਼ਾਂ ਕਰਕੇ ਉਸ ਦੇ ਲਈ ਸ਼ਾਂਤੀ ਬਣਾਈ ਰੱਖਣੀ, ਖ਼ਾਸ ਕਰਕੇ ਆਪਣੇ ਪਰਿਵਾਰ ਨਾਲ, ਔਖੀ ਸੀ। ਲਗਭਗ 15 ਸਾਲ ਪਹਿਲਾਂ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਅਤੇ ਉਸ ਨੇ ਇਕੱਲੀ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ। ਉਸ ਦਾ ਇਕ ਬੇਟਾ ਨਸ਼ੇ ਕਰਦਾ ਸੀ ਜੋ ਅਕਸਰ ਆਪਣੀ ਮੰਮੀ ਅਤੇ ਭੈਣ ਨੂੰ ਡਰਾਉਂਦਾ-ਧਮਕਾਉਂਦਾ ਸੀ। ਨਾਈਰ ਮੰਨਦੀ ਹੈ ਕਿ ਬਾਈਬਲ ਸਿੱਖਣ ਕਰਕੇ ਉਸ ਨੂੰ ਅਜ਼ਮਾਇਸ਼ਾਂ ਦੌਰਾਨ ਵੀ ਸ਼ਾਂਤੀ ਬਣਾਈ ਰੱਖਣ ਦੀ ਹਿੰਮਤ ਮਿਲੀ ਹੈ। ਉਹ ਬਹਿਸ ਜਾਂ ਝਗੜਾ ਕਰਨ ਦੀ ਬਜਾਇ ਪਿਆਰ, ਦਇਆ ਅਤੇ ਹਮਦਰਦੀ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ। (ਅਫ਼ਸੀਆਂ 4:31, 32) ਉਸ ਨੂੰ ਪੱਕਾ ਯਕੀਨ ਹੈ ਕਿ ਮੇਲ-ਮਿਲਾਪ ਰੱਖਣ ਨਾਲ ਉਸ ਦਾ ਆਪਣੇ ਪਰਿਵਾਰ ਤੇ ਹੋਰਨਾਂ ਨਾਲ ਵਧੀਆ ਰਿਸ਼ਤਾ ਬਣਿਆ ਹੈ।
ਭਵਿੱਖ ਬਾਰੇ ਸੋਚੋ
ਖ਼ੁਸ਼ੀਆਂ ਭਰੀ ਜ਼ਿੰਦਗੀ ਪਾਉਣ ਲਈ ਯਿਸੂ ਦੀ ਸਲਾਹ ਉੱਤੇ ਚੱਲਣ ਦੇ ਨਾਲ-ਨਾਲ ਸਾਡੇ ਲਈ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਭਵਿੱਖ ਵਿਚ ਕੀ ਹੋਵੇਗਾ। ਜੇ ਅਸੀਂ ਬੁੱਢੇ ਤੇ ਬੀਮਾਰ ਹੋ ਕੇ ਮਰਨਾ ਹੀ ਹੈ, ਤਾਂ ਸਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਕਿਵੇਂ ਹੋ ਸਕਦੀ ਹੈ? ਇਸ ਦੁਨੀਆਂ ਵਿਚ ਇਹ ਗੱਲਾਂ ਜ਼ਿੰਦਗੀ ਦੀ ਸੱਚਾਈ ਹਨ।
ਪਰ ਸਾਡੇ ਕੋਲ ਖ਼ੁਸ਼ ਖ਼ਬਰੀ ਵੀ ਹੈ। ਯਹੋਵਾਹ ਪਰਮੇਸ਼ੁਰ ਉਨ੍ਹਾਂ ਨੂੰ ਬਰਕਤਾਂ ਦੇਵੇਗਾ ਜੋ ਯਿਸੂ ਵਾਂਗ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ। ਯਹੋਵਾਹ ਨਵੀਂ ਦੁਨੀਆਂ ਲਿਆਉਣ ਦਾ ਵਾਅਦਾ ਕਰਦਾ ਹੈ ਜਿੱਥੇ ਸਾਰੇ ਵਫ਼ਾਦਾਰ ਲੋਕ ਤੰਦਰੁਸਤ ਹੋਣਗੇ ਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ। ਬਾਈਬਲ ਕਹਿੰਦੀ ਹੈ: “ਦੇਖ! ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ ਅਤੇ ਉਹ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਉਸ ਦੇ ਲੋਕ ਹੋਣਗੇ। ਅਤੇ ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ। ਅਤੇ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”—ਪ੍ਰਕਾਸ਼ ਦੀ ਕਿਤਾਬ 21:3, 4.
84 ਸਾਲਾਂ ਦੀ ਮਾਰੀਆ, ਜਿਸ ਦਾ ਜ਼ਿਕਰ ਪਹਿਲੇ ਲੇਖ ਵਿਚ ਕੀਤਾ ਗਿਆ ਸੀ, ਖ਼ੁਸ਼ ਹੁੰਦੀ ਹੈ ਕਿ ਇਹ ਗੱਲਾਂ ਸੱਚ ਹੋਣਗੀਆਂ। ਤੁਹਾਡੇ ਬਾਰੇ ਕੀ? ਕੀ ਤੁਸੀਂ ਪਰਮੇਸ਼ੁਰ ਦੇ ਆਉਣ ਵਾਲੇ ਰਾਜ ਅਧੀਨ “ਅਸਲੀ ਜ਼ਿੰਦਗੀ” ਬਾਰੇ ਹੋਰ ਜਾਣਨਾ ਚਾਹੁੰਦੇ ਹੋ? (1 ਤਿਮੋਥਿਉਸ 6:19) ਜੇ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖ ਸਕਦੇ ਹੋ।b w13-E 04/01)
a ਤੁਸੀਂ ਏਸਾ ਦੀ ਪੂਰੀ ਕਹਾਣੀ ਇਸ ਰਸਾਲੇ ਦੇ ਸਫ਼ੇ 8-9 ʼਤੇ ਪੜ੍ਹ ਸਕਦੇ ਹੋ।
b ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਨੇ ਬਹੁਤ ਲੋਕਾਂ ਦੀ ਵੱਖ-ਵੱਖ ਵਿਸ਼ਿਆਂ ਬਾਰੇ ਬਾਈਬਲ ਤੋਂ ਜਾਣਨ ਵਿਚ ਮਦਦ ਕੀਤੀ ਹੈ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।