ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w13 12/15 ਸਫ਼ੇ 27-31
  • ਜੀਵਨ ਸਾਥੀ ਦੀ ਮੌਤ ਦਾ ਗਮ ਸਹਿਣਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜੀਵਨ ਸਾਥੀ ਦੀ ਮੌਤ ਦਾ ਗਮ ਸਹਿਣਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਗਮ ਨਾਲ ਭਰੀ ਜ਼ਿੰਦਗੀ
  • ਹਰ ਰੋਜ਼ ਯਹੋਵਾਹ ਦਾ ਸਹਾਰਾ ਲਓ
  • ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਤੋਂ ਦਿਲਾਸਾ ਪਾਓ
  • ਉਮੀਦ ਦੀ ਕਿਰਨ
  • ਕਿਸੇ ਦਾ ਜੀਵਨ-ਸਾਥੀ ਗੁਜ਼ਰ ਜਾਵੇ, ਤਾਂ . . . ਉਸ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • “ਰੋਣ ਵਾਲੇ ਲੋਕਾਂ ਨਾਲ ਰੋਵੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਦੂਸਰੇ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹਨ?
    ਮੌਤ ਦਾ ਗਮ ਕਿੱਦਾਂ ਸਹੀਏ?
  • ‘ਧੀਰਜ ਅਤੇ ਦਿਲਾਸੇ ਦੇ ਪਰਮੇਸ਼ੁਰ’ ਤੋਂ ਮਦਦ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
w13 12/15 ਸਫ਼ੇ 27-31

ਜੀਵਨ ਸਾਥੀ ਦੀ ਮੌਤ ਦਾ ਗਮ ਸਹਿਣਾ

ਬਾਈਬਲ ਸਾਫ਼-ਸਾਫ਼ ਦੱਸਦੀ ਹੈ: ਇਕ ਪਤੀ ‘ਆਪਣੀ ਪਤਨੀ ਨਾਲ ਇਸ ਤਰ੍ਹਾਂ ਪਿਆਰ ਕਰੇ ਜਿਸ ਤਰ੍ਹਾਂ ਉਹ ਆਪਣੇ ਨਾਲ ਪਿਆਰ ਕਰਦਾ ਹੈ।’ ਨਾਲੇ ਪਤਨੀ ਨੂੰ “ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।” ਉਨ੍ਹਾਂ ਨੂੰ “ਇੱਕ ਸਰੀਰ” ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। (ਅਫ਼. 5:33; ਉਤ. 2:23, 24) ਸਮੇਂ ਦੇ ਬੀਤਣ ਨਾਲ ਪਤੀ-ਪਤਨੀ ਦਾ ਰਿਸ਼ਤਾ ਹੋਰ ਵੀ ਪੱਕਾ ਹੁੰਦਾ ਹੈ ਅਤੇ ਇਕ-ਦੂਜੇ ਲਈ ਉਨ੍ਹਾਂ ਦਾ ਪਿਆਰ ਵਧਦਾ ਹੈ। ਪਤੀ-ਪਤਨੀ ਦੇ ਰਿਸ਼ਤੇ ਦੀ ਤੁਲਨਾ ਦੋ ਦਰਖ਼ਤਾਂ ਨਾਲ ਕੀਤੀ ਜਾ ਸਕਦੀ ਹੈ ਜੋ ਨਾਲ-ਨਾਲ ਉੱਗਦੇ ਹਨ। ਜਿਵੇਂ ਦਰਖ਼ਤਾਂ ਦੀਆਂ ਜੜ੍ਹਾਂ ਇਕ-ਦੂਜੇ ਨਾਲ ਰਲ-ਮਿਲ ਜਾਂਦੀਆਂ ਹਨ ਤਿਵੇਂ ਪਤੀ-ਪਤਨੀ ਦੇ ਰਿਸ਼ਤੇ ਦੀਆਂ ਤੰਦਾਂ ਮਜ਼ਬੂਤ ਹੋ ਜਾਂਦੀਆਂ ਹਨ।

ਪਰ ਜੇ ਪਤੀ ਜਾਂ ਪਤਨੀ ਦੀ ਮੌਤ ਹੋ ਜਾਵੇ, ਤਾਂ ਫਿਰ ਕੀ ਹੁੰਦਾ ਹੈ? ਜ਼ਿੰਦਗੀ ਦਾ ਇਹ ਅਟੁੱਟ ਬੰਧਨ ਟੁੱਟ ਜਾਂਦਾ ਹੈ। ਜਿਹੜਾ ਸਾਥੀ ਪਿੱਛੇ ਰਹਿ ਜਾਂਦਾ ਹੈ, ਉਸ ਦਾ ਦਿਲ ਬਹੁਤ ਦੁਖੀ ਹੁੰਦਾ ਹੈ, ਉਹ ਤਨਹਾ ਹੁੰਦਾ ਹੈ ਤੇ ਸ਼ਾਇਦ ਉਸ ਨੂੰ ਗੁੱਸਾ ਵੀ ਆਵੇ ਜਾਂ ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਵੇ। ਡੇਜ਼ੀ ਦੇ ਵਿਆਹ ਨੂੰ 58 ਸਾਲ ਹੋ ਗਏ ਸਨ ਤੇ ਇਸ ਸਮੇਂ ਦੌਰਾਨ ਉਹ ਕਈ ਲੋਕਾਂ ਨੂੰ ਜਾਣਦੀ ਸੀ ਜਿਨ੍ਹਾਂ ਦੇ ਜੀਵਨ ਸਾਥੀ ਗੁਜ਼ਰ ਚੁੱਕੇ ਸਨ।a ਪਰ ਜਦ ਉਸ ਦਾ ਪਤੀ ਗੁਜ਼ਰ ਗਿਆ, ਤਾਂ ਉਸ ਨੇ ਕਿਹਾ: “ਮੈਂ ਉਨ੍ਹਾਂ ਦੇ ਦਰਦ ਨੂੰ ਪਹਿਲਾਂ ਕਦੀ ਨਹੀਂ ਸਮਝ ਸਕੀ। ਮੈਂ ਸਿਰਫ਼ ਉਦੋਂ ਸਮਝੀ ਜਦ ਮੈਨੂੰ ਆਪ ਇਹ ਦਰਦ ਸਹਿਣਾ ਪਿਆ।”

ਗਮ ਨਾਲ ਭਰੀ ਜ਼ਿੰਦਗੀ

ਕੁਝ ਖੋਜਕਾਰ ਕਹਿੰਦੇ ਹਨ ਕਿ ਆਪਣੇ ਜੀਵਨ ਸਾਥੀ ਦੀ ਮੌਤ ਹੋਣ ਤੇ ਜਿੰਨਾ ਦੁੱਖ ਹੁੰਦਾ ਹੈ, ਉੱਨਾ ਦੁੱਖ ਹੋਰ ਕਦੀ ਨਹੀਂ ਹੁੰਦਾ। ਕਈ ਇਸ ਗੱਲ ਨਾਲ ਸਹਿਮਤ ਹਨ। ਮਨੀ ਦੇ ਪਤੀ ਦੀ ਮੌਤ ਨੂੰ ਕਈ ਸਾਲ ਹੋ ਚੁੱਕੇ ਹਨ। ਉਹ 25 ਸਾਲ ਵਿਆਹੀ ਹੋਈ ਸੀ। ਵਿਧਵਾ ਹੋਣ ਤੋਂ ਬਾਅਦ ਉਹ ਆਪਣੀ ਦਰਦ ਭਰੀ ਜ਼ਿੰਦਗੀ ਬਾਰੇ ਕਹਿੰਦੀ ਹੈ: “ਮੈਂ ਆਪਣੇ ਆਪ ਨੂੰ ਬੇਬੱਸ ਤੇ ਬੇਸਹਾਰਾ ਸਮਝਦੀ ਹਾਂ।”

ਸੂਜ਼ਨ ਨੂੰ ਲੱਗਦਾ ਸੀ ਕਿ ਜਿਹੜੀਆਂ ਵਿਧਵਾਵਾਂ ਆਪਣੇ ਪਤੀ ਦੀ ਮੌਤ ਤੋਂ ਕਈ ਸਾਲ ਬਾਅਦ ਰੋਂਦੀਆਂ ਰਹਿੰਦੀਆਂ ਸਨ, ਉਹ ਕੁਝ ਜ਼ਿਆਦਾ ਹੀ ਸੋਗ ਮਨਾਉਂਦੀਆਂ ਸਨ। ਫਿਰ ਵਿਆਹ ਦੇ 38 ਸਾਲ ਬਾਅਦ ਉਸ ਦਾ ਪਤੀ ਗੁਜ਼ਰ ਗਿਆ। ਉਸ ਦੀ ਮੌਤ ਨੂੰ 20 ਸਾਲ ਹੋ ਗਏ ਹਨ, ਫਿਰ ਵੀ ਸੂਜ਼ਨ ਕਹਿੰਦੀ ਹੈ, “ਮੈਂ ਹਰ ਰੋਜ਼ ਉਸ ਨੂੰ ਯਾਦ ਕਰਦੀ ਹਾਂ।” ਕਈ ਵਾਰ ਸੂਜ਼ਨ ਨੂੰ ਉਸ ਦੀ ਇੰਨੀ ਯਾਦ ਆਉਂਦੀ ਹੈ ਕਿ ਉਹ ਰੋ ਪੈਂਦੀ ਹੈ।

ਬਾਈਬਲ ਇਸ ਗੱਲ ਨਾਲ ਸਹਿਮਤ ਹੈ ਕਿ ਜੀਵਨ ਸਾਥੀ ਦੀ ਮੌਤ ਡੂੰਘੇ ਜ਼ਖ਼ਮ ਵਾਂਗ ਹੈ ਜਿਸ ਦਾ ਦਰਦ ਲੰਬੇ ਸਮੇਂ ਤਕ ਰਹਿੰਦਾ ਹੈ। ਜਦ ਅਬਰਾਹਾਮ ਦੀ ਪਤਨੀ ਸਾਰਾਹ ਦੀ ਮੌਤ ਹੋਈ, ਤਾਂ ਉਹ “ਸਾਰਾਹ ਦੀ ਮੁਕਾਣ ਦੇਣ ਲਈ ਅਰ ਰੋਣ ਲਈ ਆਇਆ।” (ਉਤ. 23:1, 2) ਭਾਵੇਂ ਉਸ ਨੂੰ ਪੂਰਾ ਯਕੀਨ ਸੀ ਕਿ ਮੁਰਦੇ ਦੁਬਾਰਾ ਜੀਉਂਦੇ ਕੀਤੇ ਜਾਣਗੇ, ਫਿਰ ਵੀ ਆਪਣੀ ਪਿਆਰੀ ਪਤਨੀ ਦੀ ਮੌਤ ਤੇ ਉਹ ਬਹੁਤ ਦੁਖੀ ਹੋਇਆ। (ਇਬ. 11:17-19) ਯਾਕੂਬ ਆਪਣੀ ਪਿਆਰੀ ਪਤਨੀ ਰਾਖੇਲ ਦੀ ਮੌਤ ਤੋਂ ਬਾਅਦ ਉਸ ਨੂੰ ਭੁੱਲਿਆ ਨਹੀਂ। ਉਹ ਆਪਣੇ ਪੁੱਤਰਾਂ ਨਾਲ ਉਸ ਬਾਰੇ ਪਿਆਰ ਨਾਲ ਗੱਲਾਂ ਕਰਦਾ ਹੁੰਦਾ ਸੀ।​—ਉਤ. 44:27; 48:7.

ਬਾਈਬਲ ਵਿੱਚੋਂ ਇਨ੍ਹਾਂ ਮਿਸਾਲਾਂ ਤੋਂ ਅਸੀਂ ਕੀ ਸਿੱਖਦੇ ਹਾਂ? ਜੀਵਨ ਸਾਥੀ ਦੀ ਮੌਤ ਤੋਂ ਬਾਅਦ ਕਈਆਂ ਨੂੰ ਸਾਲਾਂ ਤਕ ਗਮ ਤੇ ਦਰਦ ਰਹਿੰਦਾ ਹੈ। ਸਾਨੂੰ ਉਨ੍ਹਾਂ ਦੇ ਹੰਝੂਆਂ ਅਤੇ ਗਮ ਨੂੰ ਉਨ੍ਹਾਂ ਦੀ ਕਮਜ਼ੋਰੀ ਨਹੀਂ ਮੰਨਣਾ ਚਾਹੀਦਾ, ਸਗੋਂ ਸਮਝਣਾ ਚਾਹੀਦਾ ਹੈ ਕਿ ਦੁਖੀ ਮਹਿਸੂਸ ਕਰਨਾ ਕੁਦਰਤੀ ਹੈ। ਉਨ੍ਹਾਂ ਨੂੰ ਸ਼ਾਇਦ ਕਾਫ਼ੀ ਸਮੇਂ ਤਕ ਸਾਡੇ ਸਹਾਰੇ ਤੇ ਹਮਦਰਦੀ ਦੀ ਲੋੜ ਪਵੇ।

ਹਰ ਰੋਜ਼ ਯਹੋਵਾਹ ਦਾ ਸਹਾਰਾ ਲਓ

ਜੀਵਨ ਸਾਥੀ ਦੀ ਮੌਤ ਤੋਂ ਬਾਅਦ ਕਿਸੇ ਦੀ ਜ਼ਿੰਦਗੀ ਉਸ ਤਰ੍ਹਾਂ ਨਹੀਂ ਹੋ ਜਾਂਦੀ ਜਿਸ ਤਰ੍ਹਾਂ ਕੁਆਰੇ ਹੋਣ ਵੇਲੇ ਸੀ। ਕਈ ਸਾਲਾਂ ਤੋਂ ਵਿਆਹੇ ਹੋਣ ਕਰਕੇ ਪਤੀ ਨੂੰ ਪਤਾ ਹੁੰਦਾ ਹੈ ਕਿ ਜਦ ਉਸ ਦੀ ਪਤਨੀ ਉਦਾਸ ਜਾਂ ਨਿਰਾਸ਼ ਹੁੰਦੀ ਹੈ, ਤਾਂ ਉਹ ਉਸ ਨੂੰ ਦਿਲਾਸਾ ਕਿਵੇਂ ਦੇ ਸਕਦਾ ਹੈ ਜਾਂ ਖ਼ੁਸ਼ ਕਿਵੇਂ ਕਰ ਸਕਦਾ ਹੈ। ਉਸ ਦੇ ਚਲੇ ਜਾਣ ਤੋਂ ਬਾਅਦ ਪਤਨੀ ਨੂੰ ਕਿਹਦੇ ਕੋਲੋਂ ਪਿਆਰ ਤੇ ਦਿਲਾਸਾ ਮਿਲੇਗਾ? ਇਸੇ ਤਰ੍ਹਾਂ ਪਤਨੀ ਜਾਣਦੀ ਹੈ ਕਿ ਉਹ ਆਪਣੇ ਪਤੀ ਨੂੰ ਹੌਸਲਾ ਕਿਵੇਂ ਦੇ ਸਕਦੀ ਹੈ ਜਾਂ ਖ਼ੁਸ਼ ਕਿਵੇਂ ਕਰ ਸਕਦੀ ਹੈ। ਉਹ ਆਪਣੇ ਪਤੀ ਨੂੰ ਪਿਆਰ ਦਿੰਦੀ ਹੈ, ਉਸ ਦਾ ਧਿਆਨ ਰੱਖਦੀ ਹੈ ਅਤੇ ਉਸ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਉਸ ਦੇ ਚਲੇ ਜਾਣ ਤੋਂ ਬਾਅਦ ਪਤੀ ਦੀ ਜ਼ਿੰਦਗੀ ਵਿਚ ਖਾਲੀਪਣ ਆ ਜਾਂਦਾ ਹੈ। ਜੀਵਨ ਸਾਥੀ ਦੇ ਗੁਜ਼ਰ ਜਾਣ ਤੇ ਕਈ ਲੋਕਾਂ ਨੂੰ ਆਪਣਾ ਭਵਿੱਖ ਹਨੇਰੇ ਵਿਚ ਨਜ਼ਰ ਆਉਂਦਾ ਹੈ ਤੇ ਉਹ ਕੱਲ੍ਹ ਬਾਰੇ ਸੋਚ ਕੇ ਡਰਦੇ ਹਨ। ਬਾਈਬਲ ਦਾ ਕਿਹੜਾ ਅਸੂਲ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਦੇ ਸਕਦਾ ਹੈ?

ਪਰਮੇਸ਼ੁਰ ਹਰ ਰੋਜ਼ ਤੁਹਾਨੂੰ ਦੁੱਖ ਸਹਿਣ ਦੀ ਤਾਕਤ ਦੇ ਸਕਦਾ ਹੈ

“ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।” (ਮੱਤੀ 6:34) ਯਿਸੂ ਦੇ ਇਹ ਸ਼ਬਦ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਬਾਰੇ ਹਨ, ਪਰ ਇਨ੍ਹਾਂ ਤੋਂ ਉਨ੍ਹਾਂ ਨੂੰ ਕਾਫ਼ੀ ਹੌਸਲਾ ਮਿਲਿਆ ਹੈ ਜਿਨ੍ਹਾਂ ਦੇ ਜੀਵਨ ਸਾਥੀ ਗੁਜ਼ਰ ਗਏ ਹਨ। ਆਪਣੀ ਪਤਨੀ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਚਾਰਲਜ਼ ਨੇ ਲਿਖਿਆ: “ਮੈਨੂੰ ਮੋਨੀਕ ਦੀ ਅਜੇ ਵੀ ਬਹੁਤ ਯਾਦ ਆਉਂਦੀ ਹੈ ਤੇ ਕਈ ਵਾਰ ਮੈਨੂੰ ਲੱਗਦਾ ਹੈ ਕਿ ਮੈਂ ਇਹ ਗਮ ਸਹਿ ਨਹੀਂ ਪਾਵਾਂਗਾ। ਪਰ ਮੈਂ ਜਾਣਦਾ ਹਾਂ ਕਿ ਹੌਲੀ-ਹੌਲੀ ਇਹ ਦਰਦ ਥੋੜ੍ਹਾ-ਬਹੁਤਾ ਘੱਟ ਜਾਵੇਗਾ।”

ਸੋ ਚਾਰਲਜ਼ ਨੇ ਇਹ ਦਰਦ ਭਰਿਆ ਸਮਾਂ ਕਿਵੇਂ ਕੱਟਿਆ? ਉਸ ਨੇ ਕਿਹਾ, “ਮੈਂ ਹਰ ਦਿਨ ਗਮ ਸਹਿਣ ਲਈ ਯਹੋਵਾਹ ਦਾ ਸਹਾਰਾ ਲਿਆ।” ਚਾਹੇ ਚਾਰਲਜ਼ ਦਾ ਦਰਦ ਰਾਤੋ-ਰਾਤ ਨਹੀਂ ਮਿਟਿਆ, ਪਰ ਉਹ ਆਪਣੇ ਦੁੱਖ ਵਿਚ ਡੁੱਬਿਆ ਨਹੀਂ ਰਿਹਾ। ਜੇ ਤੁਹਾਡੇ ਸਾਥੀ ਦੀ ਮੌਤ ਹੋਈ ਹੈ, ਤਾਂ ਆਪਣਾ ਗਮ ਸਹਿਣ ਲਈ ਹਰ ਰੋਜ਼ ਯਹੋਵਾਹ ਦਾ ਸਹਾਰਾ ਲਓ। ਤੁਸੀਂ ਨਹੀਂ ਜਾਣਦੇ ਕਿ ਹਰ ਨਵੇਂ ਦਿਨ ਤੁਹਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ ਜਾਂ ਕਿੱਥੋਂ ਹੱਲਾਸ਼ੇਰੀ ਮਿਲੇਗੀ।

ਯਹੋਵਾਹ ਦਾ ਇਹ ਕਦੀ ਮਕਸਦ ਨਹੀਂ ਸੀ ਕਿ ਇਨਸਾਨ ਮਰਨ, ਸਗੋਂ ਮੌਤ “ਸ਼ੈਤਾਨ ਦੇ ਕੰਮਾਂ” ਵਿੱਚੋਂ ਇਕ ਹੈ। (1 ਯੂਹੰ. 3:8; ਰੋਮੀ. 6:23) ਸ਼ੈਤਾਨ ਮੌਤ ਦਾ ਡਰ ਇਸਤੇਮਾਲ ਕਰ ਕੇ ਲੋਕਾਂ ਨੂੰ ਗ਼ੁਲਾਮੀ ਵਿਚ ਰੱਖਦਾ ਹੈ ਤੇ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਦਿੰਦਾ। (ਇਬ. 2:14, 15) ਸ਼ੈਤਾਨ ਖ਼ੁਸ਼ ਹੁੰਦਾ ਹੈ ਜਦ ਕੋਈ ਸੋਚਦਾ ਹੈ ਕਿ ਉਸ ਨੂੰ ਨਾ ਹੁਣ ਤੇ ਨਾ ਹੀ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਸੱਚੀ ਖ਼ੁਸ਼ੀ ਮਿਲੇਗੀ। ਜੀਵਨ ਸਾਥੀ ਦੀ ਮੌਤ ਕਰਕੇ ਜੋ ਪੀੜ ਹੁੰਦੀ ਹੈ ਉਹ ਆਦਮ ਦੇ ਪਾਪ ਤੇ ਸ਼ੈਤਾਨ ਦੀ ਬਗਾਵਤ ਦਾ ਨਤੀਜਾ ਹੈ। (ਰੋਮੀ. 5:12) ਯਹੋਵਾਹ ਸ਼ੈਤਾਨ ਵੱਲੋਂ ਕੀਤਾ ਹਰ ਨੁਕਸਾਨ ਭਰੇਗਾ ਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਅੱਜ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਡਰ ਤੋਂ ਆਜ਼ਾਦ ਕੀਤਾ ਗਿਆ ਹੈ। ਇਨ੍ਹਾਂ ਵਿਚ ਤੁਹਾਡੇ ਵਰਗੇ ਲੋਕ ਵੀ ਹਨ ਜਿਨ੍ਹਾਂ ਦੇ ਜੀਵਨ ਸਾਥੀ ਮੌਤ ਦੀ ਨੀਂਦ ਸੌਂ ਗਏ ਹਨ।

ਨਵੀਂ ਦੁਨੀਆਂ ਵਿਚ ਜਿਨ੍ਹਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਉਨ੍ਹਾਂ ਦੀ ਜ਼ਿੰਦਗੀ ਵਿਚ ਕਈ ਤਬਦੀਲੀਆਂ ਆਉਣਗੀਆਂ। ਇਨਸਾਨਾਂ ਦੇ ਰਿਸ਼ਤੇ-ਨਾਤਿਆਂ ਵਿਚ ਵੀ ਤਬਦੀਲੀਆਂ ਆਉਣਗੀਆਂ। ਮਿਸਾਲ ਲਈ, ਜਦੋਂ ਕਿਸੇ ਦੇ ਮਾਪਿਆਂ, ਦਾਦਾ-ਦਾਦੀ, ਨਾਨਾ-ਨਾਨੀ ਤੇ ਹੋਰ ਪੜਦਾਦਿਆਂ ਨੂੰ ਮੌਤ ਦੇ ਪੰਜੇ ਤੋਂ ਛੁਡਾਇਆ ਜਾਵੇਗਾ, ਤਾਂ ਉਹ ਆਪਣੇ ਬੱਚਿਆਂ, ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਦੇ ਨਾਲ-ਨਾਲ ਮੁਕੰਮਲ ਬਣ ਜਾਣਗੇ। ਕੋਈ ਵੀ ਬੁੱਢਾ ਨਹੀਂ ਹੋਵੇਗਾ। ਨਵੀਆਂ ਪੀੜ੍ਹੀਆਂ ਸ਼ਾਇਦ ਆਪਣੇ ਵੱਡ-ਵਡੇਰਿਆਂ ਨੂੰ ਅੱਜ ਨਾਲੋਂ ਵੱਖਰੇ ਨਜ਼ਰੀਏ ਤੋਂ ਦੇਖਣ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਇਹ ਸਾਰੀਆਂ ਤਬਦੀਲੀਆਂ ਮਨੁੱਖਜਾਤੀ ਦੇ ਫ਼ਾਇਦੇ ਲਈ ਹੋਣਗੀਆਂ।

ਦੁਬਾਰਾ ਜੀਉਂਦੇ ਕੀਤੇ ਜਾਣ ਵਾਲੇ ਲੋਕਾਂ ਬਾਰੇ ਸ਼ਾਇਦ ਸਾਡੇ ਮਨ ਵਿਚ ਬਹੁਤ ਸਾਰੇ ਸਵਾਲ ਹੋਣ। ਮਿਸਾਲ ਲਈ, ਉਨ੍ਹਾਂ ਦਾ ਕੀ ਹੋਵੇਗਾ ਜਿਨ੍ਹਾਂ ਦੇ ਦੋ ਜਾਂ ਜ਼ਿਆਦਾ ਜੀਵਨ ਸਾਥੀ ਗੁਜ਼ਰ ਚੁੱਕੇ ਹਨ? ਸਦੂਕੀਆਂ ਨੇ ਯਿਸੂ ਨੂੰ ਇਕ ਤੀਵੀਂ ਬਾਰੇ ਸਵਾਲ ਪੁੱਛਿਆ ਸੀ ਜਿਸ ਦੇ ਇਕ-ਇਕ ਕਰ ਕੇ ਸੱਤਾਂ ਪਤੀਆਂ ਦੀ ਮੌਤ ਹੋ ਗਈ ਸੀ। (ਲੂਕਾ 20:27-33) ਜਦ ਅਜਿਹੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਨ੍ਹਾਂ ਦਾ ਆਪਸ ਵਿਚ ਕੀ ਰਿਸ਼ਤਾ ਹੋਵੇਗਾ? ਸਾਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ ਅਤੇ ਇਸ ਬਾਰੇ ਅੰਦਾਜ਼ਾ ਲਾਉਣ ਜਾਂ ਚਿੰਤਾ ਕਰਨ ਦਾ ਕੋਈ ਫ਼ਾਇਦਾ ਨਹੀਂ। ਇਸ ਸਮੇਂ ਸਾਨੂੰ ਪਰਮੇਸ਼ੁਰ ʼਤੇ ਭਰੋਸਾ ਰੱਖਣ ਦੀ ਲੋੜ ਹੈ। ਇਕ ਗੱਲ ਪੱਕੀ ਹੈ, ਯਹੋਵਾਹ ਭਵਿੱਖ ਵਿਚ ਜੋ ਵੀ ਕਰੇਗਾ, ਸਾਡੇ ਭਲੇ ਲਈ ਕਰੇਗਾ। ਇਸ ਲਈ ਸਾਨੂੰ ਭਵਿੱਖ ਬਾਰੇ ਸੋਚ ਕੇ ਡਰਨ ਦੀ ਲੋੜ ਨਹੀਂ, ਬਲਕਿ ਅਸੀਂ ਉਸ ਸਮੇਂ ਦੀ ਖ਼ੁਸ਼ੀ ਨਾਲ ਉਡੀਕ ਕਰ ਸਕਦੇ ਹਾਂ।

ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਤੋਂ ਦਿਲਾਸਾ ਪਾਓ

ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਸਿਖਾਉਂਦਾ ਹੈ ਕਿ ਸਾਡੇ ਅਜ਼ੀਜ਼ ਦੁਬਾਰਾ ਜੀਉਂਦੇ ਕੀਤੇ ਜਾਣਗੇ। ਬਾਈਬਲ ਵਿਚ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ। ਇਨ੍ਹਾਂ ਨੂੰ ਪੜ੍ਹ ਕੇ ਸਾਨੂੰ ਗਾਰੰਟੀ ਮਿਲਦੀ ਹੈ ਕਿ “ਕਬਰਾਂ ਵਿਚ ਪਏ ਸਾਰੇ ਲੋਕ [ਯਿਸੂ] ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” (ਯੂਹੰ. 5:28, 29) ਉਸ ਸਮੇਂ ਖ਼ੁਸ਼ੀ ਦੇ ਮਾਰੇ ਸਾਡੇ ਪੈਰ ਜ਼ਮੀਨ ʼਤੇ ਨਹੀਂ ਲੱਗਣਗੇ ਜਦ ਅਸੀਂ ਮੌਤ ਦੀਆਂ ਜ਼ੰਜੀਰਾਂ ਤੋਂ ਛੁਡਾਏ ਗਏ ਲੋਕਾਂ ਨੂੰ ਮਿਲਾਂਗੇ। ਦੂਜੇ ਪਾਸੇ, ਅਸੀਂ ਉਨ੍ਹਾਂ ਲੋਕਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਜਿਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ।

ਜਿੱਦਾਂ-ਜਿੱਦਾਂ ਲੱਖਾਂ-ਕਰੋੜਾਂ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ, ਉੱਦਾਂ-ਉੱਦਾਂ ਧਰਤੀ ʼਤੇ ਚਾਰੇ ਪਾਸੇ ਖ਼ੁਸ਼ੀ ਫੈਲ ਜਾਵੇਗੀ ਜੋ ਪਹਿਲਾਂ ਕਦੀ ਨਹੀਂ ਦੇਖੀ ਗਈ। (ਮਰ. 5:39-42; ਪ੍ਰਕਾ. 20:13) ਭਵਿੱਖ ਵਿਚ ਹੋਣ ਵਾਲੇ ਇਸ ਕਰਿਸ਼ਮੇ ਬਾਰੇ ਸੋਚ ਕੇ ਉਨ੍ਹਾਂ ਸਾਰਿਆਂ ਨੂੰ ਕਿੰਨਾ ਦਿਲਾਸਾ ਮਿਲਦਾ ਹੈ ਜਿਨ੍ਹਾਂ ਦੇ ਅਜ਼ੀਜ਼ ਮੌਤ ਦੀ ਪਕੜ ਵਿਚ ਹਨ।

ਜਦ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਕੀ ਕਿਸੇ ਕੋਲ ਉਦਾਸ ਹੋਣ ਦਾ ਕਾਰਨ ਹੋਵੇਗਾ? ਨਹੀਂ। ਇਸ ਦੇ ਉਲਟ, ਯਸਾਯਾਹ 25:8 ਵਿਚ ਬਾਈਬਲ ਕਹਿੰਦੀ ਹੈ ਕਿ ਯਹੋਵਾਹ “ਮੌਤ ਨੂੰ ਸਦਾ ਲਈ ਝੱਫ ਲਵੇਗਾ।” ਮੌਤ ਅਤੇ ਇਸ ਦੇ ਬੁਰੇ ਅੰਜਾਮਾਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ। ਯਸਾਯਾਹ ਦੀ ਭਵਿੱਖਬਾਣੀ ਅੱਗੇ ਕਹਿੰਦੀ ਹੈ: “ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।” ਆਪਣੇ ਜੀਵਨ ਸਾਥੀ ਦੀ ਮੌਤ ਕਾਰਨ ਤੁਹਾਨੂੰ ਹੁਣ ਜੋ ਵੀ ਉਦਾਸੀ ਹੁੰਦੀ ਹੈ, ਮੁਰਦਿਆਂ ਨੂੰ ਜੀਉਂਦੇ ਕੀਤੇ ਜਾਣ ਤੋਂ ਬਾਅਦ ਇਹ ਉਦਾਸੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ!

ਕੋਈ ਵੀ ਇਨਸਾਨ ਪੂਰੀ ਤਰ੍ਹਾਂ ਨਹੀਂ ਸਮਝਦਾ ਕਿ ਪਰਮੇਸ਼ੁਰ ਆਪਣੀ ਨਵੀਂ ਦੁਨੀਆਂ ਵਿਚ ਕੀ ਕੁਝ ਕਰੇਗਾ। ਯਹੋਵਾਹ ਕਹਿੰਦਾ ਹੈ: “ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ।” (ਯਸਾ. 55:9) ਮਰੇ ਹੋਏ ਲੋਕਾਂ ਦੇ ਜੀਉਂਦੇ ਕੀਤੇ ਜਾਣ ਬਾਰੇ ਯਿਸੂ ਦਾ ਵਾਅਦਾ ਸਾਨੂੰ ਅਬਰਾਹਾਮ ਵਾਂਗ ਯਹੋਵਾਹ ʼਤੇ ਭਰੋਸਾ ਰੱਖਣ ਦਾ ਮੌਕਾ ਦਿੰਦਾ ਹੈ। ਸੋ ਹੁਣ ਮਸੀਹੀਆਂ ਲਈ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਦੁਬਾਰਾ ਜੀਉਂਦੇ ਕੀਤੇ ਗਏ ਲੋਕਾਂ ਦੇ ਨਾਲ-ਨਾਲ ਨਵੀਂ ਦੁਨੀਆਂ ਵਿਚ “ਜ਼ਿੰਦਗੀ ਪਾਉਣ ਦੇ ਯੋਗ ਗਿਣੇ” ਜਾਵਾਂਗੇ।​—ਲੂਕਾ 20:35.

ਉਮੀਦ ਦੀ ਕਿਰਨ

ਭਵਿੱਖ ਬਾਰੇ ਪਰੇਸ਼ਾਨ ਨਾ ਹੋਵੋ, ਸਗੋਂ ਉਮੀਦ ਰੱਖੋ। ਕਈ ਲੋਕਾਂ ਕੋਲ ਭਵਿੱਖ ਬਾਰੇ ਕੋਈ ਉਮੀਦ ਨਹੀਂ ਹੈ, ਪਰ ਯਹੋਵਾਹ ਸਾਨੂੰ ਵਧੀਆ ਉਮੀਦ ਦਿੰਦਾ ਹੈ। ਅਸੀਂ ਨਹੀਂ ਜਾਣਦੇ ਕਿ ਯਹੋਵਾਹ ਸਾਡੀਆਂ ਲੋੜਾਂ ਅਤੇ ਇੱਛਾਵਾਂ ਕਿਵੇਂ ਪੂਰੀਆਂ ਕਰੇਗਾ, ਪਰ ਸਾਨੂੰ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਉਹ ਆਪਣੇ ਵਾਅਦੇ ਪੂਰੇ ਕਰੇਗਾ ਜਾਂ ਨਹੀਂ। ਪੌਲੁਸ ਰਸੂਲ ਨੇ ਲਿਖਿਆ: “ਕੀ ਉਸ ਚੀਜ਼ ਦੀ ਉਮੀਦ ਕਰਨ ਦੀ ਲੋੜ ਹੁੰਦੀ ਹੈ ਜਿਹੜੀ ਚੀਜ਼ ਮਿਲ ਜਾਂਦੀ ਹੈ? ਜੋ ਚੀਜ਼ ਮਿਲ ਜਾਂਦੀ ਹੈ, ਉਸ ਚੀਜ਼ ਦੀ ਉਮੀਦ ਖ਼ਤਮ ਹੋ ਜਾਂਦੀ ਹੈ। ਪਰ ਜੇ ਅਸੀਂ ਉਸ ਚੀਜ਼ ਦੀ ਉਮੀਦ ਰੱਖਦੇ ਹਾਂ, ਜਿਹੜੀ ਸਾਨੂੰ ਨਹੀਂ ਮਿਲੀ ਹੈ, ਤਾਂ ਅਸੀਂ ਦੁੱਖ ਸਹਿੰਦੇ ਹੋਏ ਉਸ ਉਮੀਦ ਦੇ ਪੂਰਾ ਹੋਣ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਾਂ।” (ਰੋਮੀ. 8:24, 25) ਪਰਮੇਸ਼ੁਰ ਦੇ ਵਾਅਦਿਆਂ ʼਤੇ ਪੱਕਾ ਭਰੋਸਾ ਰੱਖਣ ਨਾਲ ਸਾਨੂੰ ਦੁੱਖ ਸਹਿਣ ਦੀ ਤਾਕਤ ਮਿਲੇਗੀ। ਜੇ ਤੁਸੀਂ ਧੀਰਜ ਰੱਖੋਗੇ, ਤਾਂ ਭਵਿੱਖ ਵਿਚ ਯਹੋਵਾਹ “ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ।” ਉਹ “ਸਾਰੇ ਜੀਆਂ ਦੀ ਇੱਛਿਆ ਪੂਰੀ” ਕਰੇਗਾ।​—ਜ਼ਬੂ. 37:4, ERV; 145:16; ਲੂਕਾ 21:19.

ਯਹੋਵਾਹ ਦੇ ਵਾਅਦੇ ʼਤੇ ਭਰੋਸਾ ਰੱਖੋ ਕਿ ਇਕ ਦਿਨ ਖ਼ੁਸ਼ੀਆਂ ਦੀ ਬਹਾਰ ਆਵੇਗੀ

ਜਦੋਂ ਯਿਸੂ ਦੀ ਮੌਤ ਦਾ ਸਮਾਂ ਨੇੜੇ ਆਇਆ, ਤਾਂ ਉਸ ਦੇ ਚੇਲੇ ਉਦਾਸ ਤੇ ਪਰੇਸ਼ਾਨ ਹੋ ਗਏ। ਯਿਸੂ ਨੇ ਉਨ੍ਹਾਂ ਨੂੰ ਦਿਲਾਸਾ ਦਿੰਦੇ ਹੋਏ ਕਿਹਾ: “ਤੁਹਾਡੇ ਦਿਲ ਨਾ ਘਬਰਾਉਣ। ਪਰਮੇਸ਼ੁਰ ਉੱਤੇ ਨਿਹਚਾ ਕਰੋ ਅਤੇ ਮੇਰੇ ਉੱਤੇ ਵੀ ਨਿਹਚਾ ਕਰੋ।” ਉਸ ਨੇ ਇਹ ਵੀ ਕਿਹਾ: “ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ। ਮੈਂ ਤੁਹਾਡੇ ਕੋਲ ਆਵਾਂਗਾ।” (ਯੂਹੰ. 14:1-4, 18, 27) ਕਈ ਸਦੀਆਂ ਤੋਂ ਯਿਸੂ ਦੇ ਚੁਣੇ ਹੋਏ ਚੇਲਿਆਂ ਨੂੰ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਉਮੀਦ ਅਤੇ ਦੁੱਖ ਸਹਿਣ ਦੀ ਤਾਕਤ ਮਿਲ ਰਹੀ ਹੈ। ਇਸੇ ਤਰ੍ਹਾਂ ਜਿਹੜੇ ਲੋਕ ਆਪਣੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਦੇਖਣ ਲਈ ਤਰਸਦੇ ਹਨ, ਉਨ੍ਹਾਂ ਕੋਲ ਨਿਰਾਸ਼ ਹੋਣ ਦਾ ਕੋਈ ਕਾਰਨ ਨਹੀਂ ਹੈ। ਅਸੀਂ ਪੱਕੀ ਉਮੀਦ ਰੱਖ ਸਕਦੇ ਹਾਂ ਕਿ ਯਹੋਵਾਹ ਅਤੇ ਉਸ ਦਾ ਪੁੱਤਰ ਉਨ੍ਹਾਂ ਨੂੰ ਨਹੀਂ ਤਿਆਗਣਗੇ।

a ਨਾਂ ਬਦਲੇ ਗਏ ਹਨ।

ਸੋਗ ਮਨਾਉਣ ਵਾਲਿਆਂ ਨੂੰ ਹੌਸਲਾ ਦਿਓ

ਕਿਸੇ ਮਸੀਹੀ ਦੇ ਜੀਵਨ ਸਾਥੀ ਦੀ ਮੌਤ ਹੋਣ ਤੋਂ ਬਾਅਦ ਕਈ ਜਣੇ ਕੁਝ ਸਮੇਂ ਲਈ ਉਸ ਦੇ ਘਰ ਜਾ ਕੇ ਦਿਲਾਸਾ ਦਿੰਦੇ ਤੇ ਮਦਦ ਕਰਦੇ ਹਨ। ਇਕ ਵਿਧਵਾ ਭੈਣ ਨੂੰ ਚੰਗਾ ਲੱਗੇਗਾ ਜੇ ਉਸ ਦਾ ਪਰਿਵਾਰ ਤੇ ਸਹੇਲੀਆਂ ਉਸ ਨੂੰ ਮਿਲਣ ਆਉਣ। ਪਰ ਉਸ ਦਾ ਦਰਦ ਰਾਤੋ-ਰਾਤ ਨਹੀਂ ਮਿਟੇਗਾ, ਇਸ ਲਈ ਉਸ ਨੂੰ ਕਾਫ਼ੀ ਸਮੇਂ ਤਕ ਹੌਸਲੇ ਤੇ ਮਦਦ ਦੀ ਲੋੜ ਪਵੇਗੀ। ਬਾਈਬਲ ਕਹਿੰਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”​—ਕਹਾ. 17:17.

ਤੁਸੀਂ ਸੋਗ ਮਨਾ ਰਹੇ ਵਿਅਕਤੀ ਨਾਲ ਕਿਵੇਂ ਪੇਸ਼ ਆ ਸਕਦੇ ਹੋ? ਬਾਈਬਲ ਸਲਾਹ ਦਿੰਦੀ ਹੈ: “ਤੁਸੀਂ ਸਾਰੇ ਜਣੇ ਇੱਕੋ ਜਿਹੀ ਸੋਚ ਰੱਖੋ, ਤੁਸੀਂ ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦਿਓ, ਭਰਾਵਾਂ ਨਾਲ ਪਿਆਰ ਰੱਖੋ, ਇਕ-ਦੂਜੇ ਲਈ ਹਮਦਰਦੀ ਦਿਖਾਓ।” (1 ਪਤ. 3:8) ਆਪਣੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਕਾਫ਼ੀ ਸਮੇਂ ਤਕ ਸ਼ਾਇਦ ਇਕ ਮਸੀਹੀ ਠੀਕ ਨਾ ਹੋਵੇ ਤੇ ਉਦਾਸ ਰਹੇ। ਇਸ ਲਈ ਜੇ ਅਸੀਂ ਉਸ ਨੂੰ ਪੁੱਛੀਏ, “ਕੀ ਹਾਲ ਹੈ?” ਜਾਂ “ਕੀ ਤੁਸੀਂ ਠੀਕ ਹੋ?” ਤਾਂ ਉਸ ਨੂੰ ਸ਼ਾਇਦ ਚੰਗਾ ਨਾ ਲੱਗੇ। ਉਹ ਸ਼ਾਇਦ ਸੋਚੇ, ‘ਤੁਹਾਨੂੰ ਕੀ ਪਤਾ ਕਿ ਮੇਰੇ ʼਤੇ ਕੀ ਬੀਤ ਰਹੀ ਹੈ?’ ਜਾਂ ‘ਮੈਂ ਇਸ ਵੇਲੇ ਕਿਵੇਂ ਠੀਕ ਹੋ ਸਕਦਾ?’ ਬਿਹਤਰ ਹੋਵੇਗਾ ਜੇ ਤੁਸੀਂ ਦਿਲੋਂ ਕੁਝ ਅਜਿਹਾ ਕਹੋ: “ਤੁਹਾਨੂੰ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ” ਜਾਂ “ਮੰਡਲੀ ਵਿਚ ਤੁਹਾਨੂੰ ਦੇਖ ਕੇ ਮੇਰਾ ਹੌਸਲਾ ਵਧਦਾ ਹੈ।”

ਤੁਸੀਂ ਸੋਗ ਮਨਾ ਰਹੇ ਵਿਅਕਤੀ ਨੂੰ ਆਪਣੇ ਘਰ ਚਾਹ-ਪਾਣੀ ਜਾਂ ਰੋਟੀ ਤੇ ਬੁਲਾ ਸਕਦੇ ਹੋ ਜਾਂ ਉਸ ਨੂੰ ਬਾਹਰ ਕਿਤੇ ਲਿਜਾ ਸਕਦੇ ਹੋ। ਜਦ ਮਾਰਕੋਸ ਦੀ ਪਤਨੀ ਦੀ ਮੌਤ ਹੋਈ, ਤਾਂ ਉਸ ਦੇ ਦੋਸਤ ਉਸ ਨੂੰ ਮਿਲਣ ਤੇ ਹੌਸਲਾ ਦੇਣ ਆਏ। ਉਨ੍ਹਾਂ ਨੇ ਕਾਹਦੇ ਬਾਰੇ ਗੱਲਬਾਤ ਕੀਤੀ? ਮਾਰਕੋਸ ਦੱਸਦਾ ਹੈ: “ਉਨ੍ਹਾਂ ਨੇ ਮੇਰੀਆਂ ਮੁਸ਼ਕਲਾਂ ਬਾਰੇ ਘੱਟ ਤੇ ਦਿਲਾਸਾ ਦੇਣ ਵਾਲੀਆਂ ਜ਼ਿਆਦਾ ਗੱਲਾਂ ਕੀਤੀਆਂ।” ਨੀਨਾ ਨਾਂ ਦੀ ਵਿਧਵਾ ਕਹਿੰਦੀ ਹੈ: “ਮੰਡਲੀ ਦੇ ਭੈਣ-ਭਰਾ ਅਜਿਹੀ ਕੋਈ ਗੱਲ ਨਹੀਂ ਕਹਿੰਦੇ ਜਿਸ ਨਾਲ ਮੈਨੂੰ ਦੁੱਖ ਲੱਗੇ। ਕਈ ਵਾਰ ਉਹ ਕੁਝ ਕਹੇ ਬਗੈਰ ਮੇਰੇ ਨਾਲ ਸਮਾਂ ਗੁਜ਼ਾਰਦੇ ਹਨ।”

ਜੇ ਕੋਈ ਆਪਣੇ ਜੀਵਨ ਸਾਥੀ ਦੀ ਮੌਤ ਬਾਰੇ ਗੱਲ ਕਰਨੀ ਚਾਹੁੰਦਾ ਹੈ, ਤਾਂ ਚੁੱਪ-ਚਾਪ ਬੈਠ ਕੇ ਧਿਆਨ ਨਾਲ ਸੁਣੋ। ਬੇਵਜ੍ਹਾ ਸਵਾਲ ਨਾ ਪੁੱਛੋ। ਉਸ ਵਿਚ ਨੁਕਸ ਨਾ ਕੱਢੋ। ਇਸ ਬਾਰੇ ਸਲਾਹ ਦੇਣ ਦੀ ਕੋਈ ਲੋੜ ਨਹੀਂ ਕਿ ਉਸ ਨੂੰ ਕਿੱਦਾਂ ਜਾਂ ਕਿੰਨੇ ਚਿਰ ਲਈ ਸੋਗ ਮਨਾਉਣਾ ਚਾਹੀਦਾ ਹੈ। ਜੇ ਕੋਈ ਇਕੱਲਾ ਸਮਾਂ ਬਿਤਾਉਣਾ ਚਾਹੁੰਦਾ ਹੈ, ਤਾਂ ਬੁਰਾ ਨਾ ਮਨਾਓ, ਤੁਸੀਂ ਕਿਸੇ ਹੋਰ ਸਮੇਂ ਉਸ ਨੂੰ ਮਿਲਣ ਆ ਸਕਦੇ ਹੋ। ਆਪਣੇ ਪਿਆਰ ਦਾ ਸਬੂਤ ਦਿੰਦੇ ਰਹੋ।​—ਯੂਹੰ. 13:34, 35.

ਕੀ ਤੁਹਾਡੇ ਮਨ ਵਿਚ ਭਵਿੱਖ ਬਾਰੇ ਸਵਾਲ ਹਨ?

ਇਹ ਸੋਚਣਾ ਕੁਦਰਤੀ ਗੱਲ ਹੈ ਕਿ ਯਹੋਵਾਹ ਦੇ ਵਾਅਦੇ ਕਿੱਦਾਂ ਪੂਰੇ ਹੋਣਗੇ। ਪਰਮੇਸ਼ੁਰ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਸ ਦੇ ਘਰ ਇਕ ਪੁੱਤਰ ਪੈਦਾ ਹੋਵੇਗਾ ਤੇ ਅਬਰਾਹਾਮ ਇਸ ਵਾਅਦੇ ਬਾਰੇ ਅਕਸਰ ਸੋਚਦਾ ਹੁੰਦਾ ਸੀ। ਯਹੋਵਾਹ ਨੇ ਉਸ ਨੂੰ ਧੀਰਜ ਰੱਖਣ ਲਈ ਕਿਹਾ ਤੇ ਉਸ ਵਫ਼ਾਦਾਰ ਆਦਮੀ ਨੇ ਪਰਮੇਸ਼ੁਰ ਦਾ ਵਾਅਦਾ ਪੂਰਾ ਹੁੰਦਾ ਦੇਖਿਆ।​—ਉਤ. 15:2-5; ਇਬ. 6:10-15.

ਜਦ ਯਾਕੂਬ ਨੂੰ ਆਪਣੇ ਪੁੱਤਰ ਯੂਸੁਫ਼ ਦੀ ਮੌਤ ਦੀ ਝੂਠੀ ਖ਼ਬਰ ਮਿਲੀ, ਤਾਂ ਉਹ ਬਹੁਤ ਦੁਖੀ ਹੋਇਆ। ਸਾਲਾਂ ਬਾਅਦ ਵੀ ਉਸ ਨੂੰ ਆਪਣੇ ਪੁੱਤਰ ਦੀ ਬਹੁਤ ਯਾਦ ਆਉਂਦੀ ਹੁੰਦੀ ਸੀ ਤੇ ਅਖ਼ੀਰ ਉਸ ਨੇ ਯੂਸੁਫ਼ ਨੂੰ ਫਿਰ ਕਦੀ ਜੀਉਂਦਾ ਦੇਖਣ ਦੀ ਆਸ ਛੱਡ ਦਿੱਤੀ। ਪਰ ਯਹੋਵਾਹ ਨੇ ਯਾਕੂਬ ਨੂੰ ਉਹ ਬਰਕਤ ਦਿੱਤੀ ਜਿਸ ਬਾਰੇ ਉਸ ਨੇ ਕਦੀ ਸੋਚਿਆ ਵੀ ਨਹੀਂ ਸੀ। ਯਾਕੂਬ ਨਾ ਸਿਰਫ਼ ਯੂਸੁਫ਼ ਨੂੰ ਦੁਬਾਰਾ ਮਿਲਿਆ, ਸਗੋਂ ਉਸ ਨੂੰ ਯੂਸੁਫ਼ ਦੇ ਬੱਚਿਆਂ ਨੂੰ ਮਿਲਣ ਦੀ ਵੀ ਖ਼ੁਸ਼ੀ ਹੋਈ। ਯਾਕੂਬ ਨੇ ਕਿਹਾ: “ਮੈਨੂੰ ਤਾਂ ਤੇਰਾ ਮੂੰਹ ਵੇਖਣ ਦੀ ਆਸ਼ਾ ਨਹੀਂ ਸੀ ਪਰ ਵੇਖ ਤੇਰੀ ਅੰਸ ਵੀ ਪਰਮੇਸ਼ੁਰ ਨੇ ਮੈਨੂੰ ਵਿਖਾਲ ਦਿੱਤੀ ਹੈ।”​—ਉਤ. 37:33-35; 48:11.

ਅਸੀਂ ਇਨ੍ਹਾਂ ਗੱਲਾਂ ਤੋਂ ਕੀ ਸਿੱਖ ਸਕਦੇ ਹਾਂ? ਪਹਿਲੀ ਗੱਲ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਆਪਣੀ ਮਰਜ਼ੀ ਪੂਰੀ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ। ਦੂਜੀ ਗੱਲ, ਜੇ ਅਸੀਂ ਪ੍ਰਾਰਥਨਾ ਕਰੀਏ ਤੇ ਯਹੋਵਾਹ ਦੀ ਮਰਜ਼ੀ ਮੁਤਾਬਕ ਚੱਲੀਏ, ਤਾਂ ਉਹ ਸਾਡੀ ਹੁਣ ਦੇਖ-ਭਾਲ ਕਰੇਗਾ ਅਤੇ ਭਵਿੱਖ ਵਿਚ ਸਾਡੀ ਹਰ ਲੋੜ ਤੇ ਇੱਛਾ ਪੂਰੀ ਕਰੇਗਾ। ਪੌਲੁਸ ਨੇ ਲਿਖਿਆ: “ਪਰਮੇਸ਼ੁਰ ਦੀ ਸ਼ਕਤੀ ਸਾਡੇ ਅੰਦਰ ਕੰਮ ਕਰ ਰਹੀ ਹੈ ਤੇ ਉਹ ਇਸੇ ਸ਼ਕਤੀ ਨੂੰ ਵਰਤ ਕੇ ਸਾਡੀਆਂ ਮੰਗਾਂ ਅਤੇ ਸੋਚਾਂ ਤੋਂ ਵੀ ਕਿਤੇ ਵੱਧ ਸਾਡੇ ਲਈ ਕਰ ਸਕਦਾ ਹੈ। ਮੰਡਲੀ ਅਤੇ ਯਿਸੂ ਮਸੀਹ ਦੁਆਰਾ ਪਰਮੇਸ਼ੁਰ ਦੀ ਮਹਿਮਾ ਪੀੜ੍ਹੀਓ-ਪੀੜ੍ਹੀ ਹਮੇਸ਼ਾ ਹੁੰਦੀ ਰਹੇ। ਆਮੀਨ।”​—ਅਫ਼. 3:20, 21.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ