ਯਹੋਵਾਹ ਨੂੰ ਆਪਣੇ ਬੰਧਨ ਦੀ ਰਾਖੀ ਤੇ ਇਸ ਨੂੰ ਮਜ਼ਬੂਤ ਕਰਨ ਦਿਓ
“ਜੇ ਕਰ ਯਹੋਵਾਹ ਹੀ ਸ਼ਹਿਰ ਦੀ ਰਾਖੀ ਨਾ ਕਰੇ, ਤਾਂ ਰਾਖੇ ਦਾ ਜਾਗਣਾ ਵਿਅਰਥ ਹੈ।”—ਜ਼ਬੂ. 127:1ਅ.
1, 2. (ੳ) 24,000 ਇਜ਼ਰਾਈਲੀ ਆਪਣੀ ਸ਼ਾਨਦਾਰ ਵਿਰਾਸਤ ਤੋਂ ਹੱਥ ਕਿਵੇਂ ਧੋ ਬੈਠੇ? (ਅ) ਇਹ ਪੁਰਾਣੀ ਘਟਨਾ ਸਾਡੇ ਲਈ ਇੰਨੀ ਮਾਅਨੇ ਕਿਉਂ ਰੱਖਦੀ ਹੈ?
ਇਜ਼ਰਾਈਲ ਕੌਮ ਜਦੋਂ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਹੀ ਵਾਲੀ ਸੀ, ਤਾਂ ਹਜ਼ਾਰਾਂ ਹੀ ਇਜ਼ਰਾਈਲੀ ਆਦਮੀਆਂ ਨੇ “ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ” ਕੀਤਾ। ਨਤੀਜੇ ਵਜੋਂ, ਯਹੋਵਾਹ ਨੇ 24,000 ਆਦਮੀਆਂ ਨੂੰ ਮਾਰ-ਮੁਕਾਇਆ। ਜ਼ਰਾ ਸੋਚੋ ਕਿ ਇਜ਼ਰਾਈਲੀਆਂ ਨੂੰ ਉਹ ਵਿਰਾਸਤ ਮਿਲਣ ਹੀ ਵਾਲੀ ਸੀ ਜਿਸ ਦੀ ਉਹ ਚਿਰਾਂ ਤੋਂ ਉਡੀਕ ਕਰ ਰਹੇ ਸਨ! ਪਰ ਹਰਾਮਕਾਰੀ ਦੇ ਫੰਦੇ ਵਿਚ ਫਸ ਕੇ ਉਹ ਇਸ ਵਿਰਾਸਤ ਤੋਂ ਹੱਥ ਧੋ ਬੈਠੇ।—ਗਿਣ. 25:1-5, 9.
2 ਤਬਾਹੀ ਦੀ ਇਹ ਮਿਸਾਲ ‘ਸਾਨੂੰ ਚੇਤਾਵਨੀ ਦੇਣ ਲਈ ਲਿਖੀ ਗਈ ਸੀ ਜਿਨ੍ਹਾਂ ਉੱਤੇ ਯੁਗਾਂ ਦੇ ਅੰਤ ਆ ਗਏ ਹਨ।’ (1 ਕੁਰਿੰ. 10:6-11) ਹੁਣ ‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਰਹਿ ਰਹੇ ਯਹੋਵਾਹ ਦੇ ਸੇਵਕ ਨਵੀਂ ਧਰਮੀ ਦੁਨੀਆਂ ਦੀ ਦਹਿਲੀਜ਼ ʼਤੇ ਖੜ੍ਹੇ ਹਨ। (2 ਤਿਮੋ. 3:1; 2 ਪਤ. 3:13) ਅਫ਼ਸੋਸ ਦੀ ਗੱਲ ਹੈ ਕਿ ਯਹੋਵਾਹ ਦੇ ਕੁਝ ਭਗਤ ਉਸ ਦੇ ਨੈਤਿਕ ਮਿਆਰਾਂ ʼਤੇ ਚੱਲਣ ਵਿਚ ਢਿੱਲੇ ਪੈ ਗਏ। ਇਸ ਕਰਕੇ ਉਹ ਹਰਾਮਕਾਰੀ ਕਰ ਬੈਠੇ ਜਿਸ ਦੇ ਉਨ੍ਹਾਂ ਨੂੰ ਬੁਰੇ ਅੰਜਾਮ ਭੁਗਤਣੇ ਪਏ। ਜੇ ਉਨ੍ਹਾਂ ਨੇ ਤੋਬਾ ਨਾ ਕੀਤੀ, ਤਾਂ ਉਹ ਭਵਿੱਖ ਵਿਚ ਮਿਲਣ ਵਾਲੀ ਹਮੇਸ਼ਾ ਦੀ ਜ਼ਿੰਦਗੀ ਤੋਂ ਹੱਥ ਧੋ ਬੈਠਣਗੇ।
3. ਵਿਆਹੇ ਲੋਕਾਂ ਨੂੰ ਯਹੋਵਾਹ ਤੋਂ ਸੇਧ ਅਤੇ ਰਾਖੀ ਦੀ ਕਿਉਂ ਲੋੜ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
3 ਅੱਜ ਦੁਨੀਆਂ ਉੱਤੇ ਸੈਕਸ ਦਾ ਭੂਤ ਸਵਾਰ ਹੋਣ ਕਰਕੇ ਪਤੀ-ਪਤਨੀ ਨੂੰ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖਣ ਲਈ ਯਹੋਵਾਹ ਤੋਂ ਸੇਧ ਅਤੇ ਰਾਖੀ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 127:1 ਪੜ੍ਹੋ।) ਅਸੀਂ ਇਸ ਗੱਲ ʼਤੇ ਚਰਚਾ ਕਰਾਂਗੇ ਕਿ ਪਤੀ-ਪਤਨੀ ਆਪਣੇ ਰਿਸ਼ਤੇ ਦੀ ਡੋਰ ਕਿਵੇਂ ਮਜ਼ਬੂਤ ਕਰ ਸਕਦੇ ਹਨ। ਉਹ ਆਪਣੇ ਦਿਲ ਦੀ ਰਾਖੀ ਕਰਨ, ਨਵੇਂ ਸੁਭਾਅ ਦੇ ਬਣਨ, ਚੰਗੀ ਤਰ੍ਹਾਂ ਗੱਲਬਾਤ ਕਰਨ ਅਤੇ ਵਿਆਹ ਦਾ ਹੱਕ ਪੂਰਾ ਕਰਨ ਦੁਆਰਾ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹਨ।
ਆਪਣੇ ਦਿਲ ਦੀ ਰਾਖੀ ਕਰੋ
4. ਕਈ ਮਸੀਹੀਆਂ ਨੇ ਕਿਨ੍ਹਾਂ ਗੱਲਾਂ ਕਰਕੇ ਹਰਾਮਕਾਰੀ ਕੀਤੀ?
4 ਇਕ ਮਸੀਹੀ ਅਨੈਤਿਕਤਾ ਦੇ ਫੰਦੇ ਵਿਚ ਕਿਵੇਂ ਫਸ ਸਕਦਾ ਹੈ? ਅਨੈਤਿਕਤਾ ਦੇ ਤਬਾਹਕੁਨ ਰਾਹ ʼਤੇ ਤੁਰਨ ਦਾ ਸਫ਼ਰ ਅੱਖਾਂ ਤੋਂ ਸ਼ੁਰੂ ਹੁੰਦਾ ਹੈ। ਯਿਸੂ ਨੇ ਦੱਸਿਆ: “ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।” (ਮੱਤੀ 5:27, 28; 2 ਪਤ. 2:14) ਹਰਾਮਕਾਰੀ ਕਰਨ ਵਾਲੇ ਬਹੁਤ ਸਾਰੇ ਮਸੀਹੀਆਂ ਨੇ ਯਹੋਵਾਹ ਦੇ ਮਿਆਰਾਂ ਦੀਆਂ ਧੱਜੀਆਂ ਇਸ ਲਈ ਉਡਾਈਆਂ ਕਿਉਂਕਿ ਉਨ੍ਹਾਂ ਨੇ ਪੋਰਨੋਗ੍ਰਾਫੀ ਦੇਖੀ, ਅਸ਼ਲੀਲ ਸਾਹਿੱਤ ਪੜ੍ਹਿਆ ਅਤੇ ਇੰਟਰਨੈੱਟ ਉੱਤੇ ਕਾਮੁਕ ਵੀਡੀਓ ਦੇਖੇ। ਹੋਰਾਂ ਨੇ ਕਾਮੁਕ ਫ਼ਿਲਮਾਂ, ਸਟੇਜ ਨਾਟਕ ਜਾਂ ਟੈਲੀਵਿਯਨ ਪ੍ਰੋਗ੍ਰਾਮ ਦੇਖੇ। ਕਈ ਨਾਈਟ ਕਲੱਬਾਂ ਵਿਚ ਗਏ ਅਤੇ ਉਨ੍ਹਾਂ ਨੇ ਉਹ ਸ਼ੋਅ ਦੇਖੇ ਜਿਨ੍ਹਾਂ ਵਿਚ ਡਾਂਸਰਾਂ ਹੌਲੀ-ਹੌਲੀ ਕੱਪੜੇ ਉਤਾਰਦੀਆਂ ਹਨ ਜਾਂ ਉਹ ਕਾਮੁਕ ਤਰੀਕੇ ਨਾਲ ਕੀਤੀ ਜਾਂਦੀ ਮਾਲਸ਼ ਵਾਲੇ ਪਾਰਲਰਾਂ ਵਿਚ ਗਏ ਹਨ।
5. ਸਾਨੂੰ ਆਪਣੇ ਦਿਲ ਦੀ ਰਾਖੀ ਕਰਨ ਦੀ ਕਿਉਂ ਲੋੜ ਹੈ?
5 ਕਈ ਇਸ ਲਈ ਹਰਾਮਕਾਰੀ ਕਰਦੇ ਹਨ ਕਿਉਂਕਿ ਉਹ ਗ਼ੈਰ-ਮਰਦ ਜਾਂ ਔਰਤ ਨਾਲ ਨਜ਼ਦੀਕੀਆਂ ਵਧਾ ਲੈਂਦੇ ਹਨ। ਇਸ ਦੁਨੀਆਂ ਵਿਚ ਸੰਜਮ ਦੀ ਘਾਟ ਹੈ ਅਤੇ ਇਹ ਹਰ ਤਰ੍ਹਾਂ ਦੇ ਅਨੈਤਿਕ ਕੰਮਾਂ ਤੋਂ ਖ਼ੁਸ਼ ਹੁੰਦੀ ਹੈ। ਇਸ ਲਈ ਇਸ ਵਿਚ ਰਹਿੰਦਿਆਂ ਆਸਾਨੀ ਨਾਲ ਸਾਡੇ ਧੋਖੇਬਾਜ਼ ਦਿਲ ਵਿਚ ਕਿਸੇ ਗ਼ੈਰ ਲਈ ਰੋਮਾਂਟਿਕ ਇੱਛਾਵਾਂ ਪੈਦਾ ਹੋ ਸਕਦੀਆਂ ਹਨ। (ਯਿਰਮਿਯਾਹ 17:9, 10 ਪੜ੍ਹੋ।) ਯਿਸੂ ਨੇ ਕਿਹਾ: “ਇਹ ਗੱਲਾਂ ਦਿਲ ਵਿੱਚੋਂ ਨਿਕਲਦੀਆਂ ਹਨ: ਭੈੜੀ ਸੋਚ, ਕਤਲ, ਆਪਣੇ ਜੀਵਨ ਸਾਥੀ ਤੋਂ ਇਲਾਵਾ ਦੂਸਰਿਆਂ ਨਾਲ ਨਾਜਾਇਜ਼ ਸੰਬੰਧ, ਹਰਾਮਕਾਰੀਆਂ।”—ਮੱਤੀ 15:19.
6, 7. (ੳ) ਧੋਖੇਬਾਜ਼ ਦਿਲ ਇਕ ਇਨਸਾਨ ਨੂੰ ਕਿਹੜੇ ਪਾਪ ਦੇ ਰਾਹ ʼਤੇ ਲਿਜਾ ਸਕਦਾ ਹੈ? (ਅ) ਯਹੋਵਾਹ ਖ਼ਿਲਾਫ਼ ਪਾਪ ਕਰਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
6 ਜਦੋਂ ਇਕ-ਦੂਜੇ ਵੱਲ ਆਕਰਸ਼ਿਤ ਲੋਕਾਂ ਦੇ ਧੋਖੇਬਾਜ਼ ਦਿਲ ਵਿਚ ਗ਼ਲਤ ਇੱਛਾਵਾਂ ਜੜ੍ਹ ਫੜ ਲੈਂਦੀਆਂ ਹਨ, ਤਾਂ ਉਹ ਇਕ-ਦੂਜੇ ਨਾਲ ਅਜਿਹੀਆਂ ਗੱਲਾਂ ਕਰਨ ਲੱਗ ਪੈਂਦੇ ਹਨ ਜਿਹੜੀਆਂ ਸਿਰਫ਼ ਉਨ੍ਹਾਂ ਨੂੰ ਆਪਣੇ ਜੀਵਨ ਸਾਥੀ ਨੂੰ ਹੀ ਦੱਸਣੀਆਂ ਚਾਹੀਦੀਆਂ ਹਨ। ਫਿਰ ਉਹ ਇਕ-ਦੂਜੇ ਨਾਲ ਅਕਸਰ ਸਮਾਂ ਬਿਤਾਉਣ ਦੇ ਬਹਾਨੇ ਲੱਭਦੇ ਹਨ ਅਤੇ ਜਦੋਂ ਉਹ ਇਕ-ਦੂਜੇ ਨੂੰ ਮਿਲਦੇ ਹਨ, ਤਾਂ ਉਹ ਦਿਖਾਉਂਦੇ ਹਨ ਜਿਵੇਂ ਕਿ ਉਹ ਅਚਾਨਕ ਹੀ ਮਿਲੇ ਹੋਣ। ਜਦੋਂ ਉਹ ਇਕ-ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ, ਤਾਂ ਉਨ੍ਹਾਂ ਲਈ ਸਹੀ ਰਾਹ ʼਤੇ ਚੱਲਣਾ ਔਖਾ ਹੋ ਜਾਂਦਾ ਹੈ। ਉਹ ਜਿੰਨਾ ਜ਼ਿਆਦਾ ਪਾਪ ਦੇ ਰਾਹ ʼਤੇ ਤੁਰਦੇ ਜਾਂਦੇ ਹਨ, ਉੱਨਾ ਜ਼ਿਆਦਾ ਉਨ੍ਹਾਂ ਲਈ ਇਸ ਰਾਹ ਤੋਂ ਮੁੜਨਾ ਔਖਾ ਬਣਦਾ ਜਾਂਦਾ ਹੈ, ਭਾਵੇਂ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਜੋ ਕਰ ਰਹੇ ਹਨ, ਉਹ ਗ਼ਲਤ ਹੈ।—ਕਹਾ. 7:21, 22.
7 ਉਹ ਉਦੋਂ ਯਹੋਵਾਹ ਦੇ ਮਿਆਰਾਂ ਨੂੰ ਪੂਰੀ ਤਰ੍ਹਾਂ ਭੁੱਲ ਜਾਂਦੇ ਹਨ ਜਦੋਂ ਉਨ੍ਹਾਂ ਦੀਆਂ ਗ਼ਲਤ ਇੱਛਾਵਾਂ ਅਤੇ ਗੱਲਾਂ-ਬਾਤਾਂ ਹੱਥ ਫੜਨ, ਚੁੰਮਣ, ਪਲੋਸਣ ਅਤੇ ਕਾਮੁਕ ਤਰੀਕੇ ਨਾਲ ਇਕ-ਦੂਜੇ ਨੂੰ ਛੋਹਣ ਵਿਚ ਬਦਲ ਜਾਂਦੀਆਂ ਹਨ। ਇਹ ਸਭ ਕੁਝ ਆਪਣੇ ਜੀਵਨ ਸਾਥੀ ਨਾਲ ਹੀ ਕੀਤਾ ਜਾਣਾ ਚਾਹੀਦਾ ਹੈ। ਅਖ਼ੀਰ ਉਹ “ਆਪਣੀ ਇੱਛਾ ਦੇ ਬਹਿਕਾਵੇ ਵਿਚ ਆ” ਜਾਂਦੇ ਹਨ। ਜਦੋਂ ਇਹ ਇੱਛਾ ਅੰਦਰ ਹੀ ਅੰਦਰ ਪਲ਼ ਜਾਂਦੀ ਹੈ, ਤਾਂ ਇਹ “ਪਾਪ ਨੂੰ ਜਨਮ ਦਿੰਦੀ ਹੈ” ਯਾਨੀ ਉਹ ਹਰਾਮਕਾਰੀ ਕਰ ਬੈਠਦੇ ਹਨ। (ਯਾਕੂ. 1:14, 15) ਕਿੰਨੀ ਦੁੱਖ ਦੀ ਗੱਲ! ਉਹ ਯਹੋਵਾਹ ਖ਼ਿਲਾਫ਼ ਇਹ ਪਾਪ ਕਰਨ ਤੋਂ ਬਚ ਸਕਦੇ ਸਨ ਜੇ ਉਹ ਯਹੋਵਾਹ ਨੂੰ ਆਪਣੇ ਵਿਆਹ ਦੇ ਪਵਿੱਤਰ ਰਿਸ਼ਤੇ ਲਈ ਆਦਰ ਵਧਾਉਣ ਦਿੰਦੇ। ਪਰ ਕਿਵੇਂ?
ਯਹੋਵਾਹ ਦੇ ਨੇੜੇ ਰਹੋ
8. ਅਸੀਂ ਯਹੋਵਾਹ ਨਾਲ ਦੋਸਤੀ ਕਰ ਕੇ ਅਨੈਤਿਕਤਾ ਤੋਂ ਕਿਵੇਂ ਬਚ ਸਕਦੇ ਹਾਂ?
8 ਜ਼ਬੂਰਾਂ ਦੀ ਪੋਥੀ 97:10 ਪੜ੍ਹੋ। ਅਸੀਂ ਯਹੋਵਾਹ ਨਾਲ ਦੋਸਤੀ ਕਰ ਕੇ ਅਨੈਤਿਕਤਾ ਤੋਂ ਬਚ ਸਕਦੇ ਹਾਂ। ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਗੁਣਾਂ ਬਾਰੇ ਸਿੱਖਦੇ ਹਾਂ, ਉੱਦਾਂ-ਉੱਦਾਂ ਅਸੀਂ ‘ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰਨ ਅਤੇ ਪਿਆਰ ਕਰਨ’ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਰ੍ਹਾਂ ਕਰ ਕੇ ‘ਹਰਾਮਕਾਰੀ ਅਤੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ’ ਤੋਂ ਦੂਰ ਰਹਿਣ ਦਾ ਸਾਡਾ ਇਰਾਦਾ ਪੱਕਾ ਹੋਵੇਗਾ। (ਅਫ਼. 5:1-4) ਵਿਆਹੇ ਜੋੜੇ ਜਾਣਦੇ ਹਨ ਕਿ “ਹਰਾਮਕਾਰਾਂ ਅਤੇ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ,” ਇਸ ਲਈ ਉਹ ਵਿਆਹ ਨੂੰ ਆਦਰਯੋਗ ਸਮਝਣ ਅਤੇ ਵਿਆਹ ਦਾ ਵਿਛਾਉਣਾ ਬੇਦਾਗ਼ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਨ।—ਇਬ. 13:4.
9. (ੳ) ਯੂਸੁਫ਼ ਅਨੈਤਿਕ ਕੰਮ ਕਰਨ ਤੋਂ ਕਿਵੇਂ ਦੂਰ ਰਿਹਾ? (ਅ) ਯੂਸੁਫ਼ ਦੀ ਮਿਸਾਲ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?
9 ਪਰਮੇਸ਼ੁਰ ਦੇ ਕੁਝ ਵਫ਼ਾਦਾਰ ਸੇਵਕਾਂ ਨੇ ਕੰਮ ਤੋਂ ਬਾਅਦ ਆਪਣੇ ਨਾਲ ਕੰਮ ਕਰਨ ਵਾਲੇ ਕਿਸੇ ਆਦਮੀ ਜਾਂ ਤੀਵੀਂ ਨਾਲ ਸਮਾਂ ਬਿਤਾ ਕੇ ਨੈਤਿਕ ਮਿਆਰਾਂ ਦੀ ਉਲੰਘਣਾ ਕੀਤੀ ਹੈ। ਕੰਮ ਦੇ ਸਮੇਂ ਦੌਰਾਨ ਵੀ ਅਨੈਤਿਕ ਕੰਮ ਕਰਨ ਦਾ ਲਾਲਚ ਆ ਸਕਦਾ ਹੈ। ਯੂਸੁਫ਼ ਨਾਂ ਦੇ ਇਕ ਸੋਹਣੇ-ਸੁਨੱਖੇ ਨੌਜਵਾਨ ਨੂੰ ਕੰਮ ਦੀ ਥਾਂ ʼਤੇ ਅਹਿਸਾਸ ਹੋਇਆ ਸੀ ਕਿ ਉਸ ਦੇ ਮਾਲਕ ਦੀ ਪਤਨੀ ਉਸ ʼਤੇ ਮਰਦੀ ਸੀ। ਹਰ ਰੋਜ਼ ਉਸ ਤੀਵੀਂ ਨੇ ਉਸ ਨੂੰ ਬਹਿਕਾਉਣ ਦੀ ਕੋਸ਼ਿਸ਼ ਕੀਤੀ। ਅਖ਼ੀਰ “ਉਸ ਨੇ ਉਸ ਦਾ ਕੱਪੜਾ ਫੜ ਕੇ ਆਖਿਆ, ਮੇਰੇ ਨਾਲ ਲੇਟ।” ਪਰ ਯੂਸੁਫ਼ ਕਿਸੇ-ਨਾ-ਕਿਸੇ ਤਰੀਕੇ ਨਾਲ ਉੱਥੋਂ ਦੌੜ ਗਿਆ। ਕਿਹੜੀ ਗੱਲ ਨੇ ਇਨ੍ਹਾਂ ਹਾਲਾਤਾਂ ਵਿਚ ਯੂਸੁਫ਼ ਦੀ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ? ਉਸ ਨੇ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਉਹ ਪਰਮੇਸ਼ੁਰ ਨਾਲੋਂ ਆਪਣਾ ਰਿਸ਼ਤਾ ਟੁੱਟਣ ਨਹੀਂ ਦੇਵੇਗਾ ਜਿਸ ਕਰਕੇ ਉਹ ਵਫ਼ਾਦਾਰ ਰਿਹਾ ਤੇ ਉਸ ਨੇ ਆਪਣੀ ਪਵਿੱਤਰਤਾ ਭੰਗ ਨਹੀਂ ਹੋਣ ਦਿੱਤੀ। ਇਸ ਕਰਕੇ ਉਸ ਦੀ ਨੌਕਰੀ ਚਲੀ ਗਈ ਅਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ, ਪਰ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ। (ਉਤ. 39:1-12; 41:38-43) ਭਾਵੇਂ ਅਸੀਂ ਕੰਮ ਦੀ ਥਾਂ ʼਤੇ ਹੋਈਏ ਜਾਂ ਕਿਤੇ ਹੋਰ, ਸਾਨੂੰ ਅਜਿਹੇ ਹਾਲਾਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਵਿਚ ਅਸੀਂ ਕਿਸੇ ਗ਼ੈਰ-ਮਰਦ ਜਾਂ ਔਰਤ ਨਾਲ ਗ਼ਲਤ ਕੰਮ ਕਰਨ ਲਈ ਲਲਚਾਏ ਜਾ ਸਕਦੇ ਹਾਂ।
ਨਵੇਂ ਸੁਭਾਅ ਦੇ ਬਣੋ
10. ਵਿਆਹੁਤਾ ਰਿਸ਼ਤੇ ਦੀ ਰਾਖੀ ਕਰਨ ਵਿਚ ਨਵਾਂ ਸੁਭਾਅ ਕਿਵੇਂ ਮਦਦ ਕਰਦਾ ਹੈ?
10 ਨਵਾਂ ਸੁਭਾਅ ‘ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਹੈ ਅਤੇ ਇਹ ਸੱਚੀ ਧਾਰਮਿਕਤਾ ਤੇ ਵਫ਼ਾਦਾਰੀ ਦੀਆਂ ਮੰਗਾਂ ਮੁਤਾਬਕ ਹੈ।’ ਇਸ ਸੁਭਾਅ ਦੇ ਬਣਨ ਵਾਲੇ ਵਿਆਹੇ ਲੋਕ ਅਨੈਤਿਕ ਕੰਮ ਕਰਨ ਤੋਂ ਬਚੇ ਰਹਿਣਗੇ। (ਅਫ਼. 4:24) ਨਵੇਂ ਸੁਭਾਅ ਦੇ ਬਣ ਕੇ ਅਸੀਂ “ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ, ਬੁਰੀ ਇੱਛਾ ਅਤੇ ਲੋਭ” ਖ਼ਿਲਾਫ਼ ਲੜਨ ਦੁਆਰਾ ਆਪਣੇ ਸਰੀਰ ਦੇ ਅੰਗਾਂ ਨੂੰ ‘ਵੱਢ ਸੁੱਟਦੇ’ ਹਾਂ। (ਕੁਲੁੱਸੀਆਂ 3:5, 6 ਪੜ੍ਹੋ।) “ਵੱਢ ਸੁੱਟੋ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਗ਼ਲਤ ਇੱਛਾਵਾਂ ਨਾਲ ਲੜਨ ਲਈ ਸਾਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਅਸੀਂ ਇੱਦਾਂ ਦੀ ਕਿਸੇ ਵੀ ਚੀਜ਼ ਤੋਂ ਦੂਰ ਰਹਾਂਗੇ ਜੋ ਕਿਸੇ ਗ਼ੈਰ ਲਈ ਸਾਡੇ ਦਿਲ ਵਿਚ ਗ਼ਲਤ ਇੱਛਾ ਜਗਾ ਸਕਦੀ ਹੈ। (ਅੱਯੂ. 31:1) ਜਦੋਂ ਅਸੀਂ ਪਰਮੇਸ਼ੁਰ ਦੀ ਇੱਛਾ ਮੁਤਾਬਕ ਜ਼ਿੰਦਗੀ ਜੀਉਂਦੇ ਹਾਂ, ਤਾਂ ਅਸੀਂ ‘ਬੁਰਾਈ ਨਾਲ ਨਫ਼ਰਤ ਕਰਨੀ’ ਅਤੇ ‘ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖਣਾ’ ਸਿੱਖਦੇ ਹਾਂ।—ਰੋਮੀ. 12:2, 9.
11. ਨਵਾਂ ਸੁਭਾਅ ਵਿਆਹੁਤਾ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਕਰ ਸਕਦਾ ਹੈ?
11 ਜਦੋਂ ਪਤੀ-ਪਤਨੀ ਨਵੇਂ ਸੁਭਾਅ ਦੇ ਬਣਦੇ ਹਨ, ਤਾਂ ਉਹ ਯਹੋਵਾਹ ਦੇ ਗੁਣਾਂ ਦੀ ਰੀਸ ਕਰਦੇ ਹਨ। (ਕੁਲੁ. 3:10) ਜਦੋਂ ਉਹ “ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ” ਵਰਗੇ ਗੁਣ ਦਿਖਾਉਂਦੇ ਹਨ, ਤਾਂ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਤੇ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ। (ਕੁਲੁ. 3:12) ਨਾਲੇ ਉਨ੍ਹਾਂ ਦੋਹਾਂ ਵਿਚ ਏਕਤਾ ਹੁੰਦੀ ਹੈ ਜਦੋਂ ਉਹ ‘ਮਸੀਹ ਦੀ ਸ਼ਾਂਤੀ ਨੂੰ ਆਪਣੇ ਦਿਲਾਂ ਉੱਤੇ ਰਾਜ ਕਰਨ’ ਦਿੰਦੇ ਹਨ। (ਕੁਲੁ. 3:15) “ਪਿਆਰ” ਹੋਣ ਕਰਕੇ ਪਤੀ-ਪਤਨੀ ਇਕ-ਦੂਜੇ ਦੀ ਇੱਜ਼ਤ ਕਰਨ ਅਤੇ ਇਕ-ਦੂਜੇ ਦਾ ਧਿਆਨ ਰੱਖਣ ਵਿਚ ‘ਪਹਿਲ ਕਰਦੇ ਹਨ।’—ਰੋਮੀ. 12:10.
12. ਤੁਹਾਡੇ ਖ਼ਿਆਲ ਵਿਚ ਵਿਆਹੁਤਾ ਜੀਵਨ ਨੂੰ ਖ਼ੁਸ਼ਹਾਲ ਬਣਾਉਣ ਲਈ ਕਿਹੜੇ ਗੁਣ ਦਿਖਾਉਣ ਦੀ ਲੋੜ ਹੈ?
12 ਜਦੋਂ ਇਕ ਜੋੜੇ ਨੂੰ ਪੁੱਛਿਆ ਗਿਆ ਕਿ ਵਿਆਹੁਤਾ ਜੀਵਨ ਨੂੰ ਖ਼ੁਸ਼ਹਾਲ ਬਣਾਉਣ ਵਿਚ ਕਿਹੜੇ ਗੁਣ ਯੋਗਦਾਨ ਪਾਉਂਦੇ ਹਨ, ਤਾਂ ਸਿਡ ਨੇ ਕਿਹਾ: “ਪਿਆਰ ਹੋਣਾ ਸਭ ਤੋਂ ਜ਼ਰੂਰੀ ਹੈ ਜੋ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਨਾਲੇ ਨਰਮਾਈ ਹੋਣੀ ਵੀ ਬਹੁਤ ਜ਼ਰੂਰੀ ਹੈ।” ਉਸ ਦੀ ਪਤਨੀ ਸੋਨੀਆ ਸਹਿਮਤ ਹੁੰਦੀ ਹੋਈ ਅੱਗੇ ਕਹਿੰਦੀ ਹੈ: “ਦਇਆ ਹੋਣੀ ਬਹੁਤ ਜ਼ਰੂਰੀ ਹੈ। ਨਾਲੇ ਅਸੀਂ ਨਿਮਰਤਾ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਹੈ, ਭਾਵੇਂ ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ।”
ਚੰਗੀ ਤਰ੍ਹਾਂ ਗੱਲਬਾਤ ਕਰੋ
13. ਵਿਆਹੁਤਾ ਬੰਧਨ ਨੂੰ ਮਜ਼ਬੂਤ ਕਰਨ ਲਈ ਕੀ ਕਰਨਾ ਜ਼ਰੂਰੀ ਹੈ ਤੇ ਕਿਉਂ?
13 ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਚੰਗੀ ਗੱਲਬਾਤ ਕਰਨੀ ਜ਼ਰੂਰੀ ਹੈ। ਕਿੰਨੇ ਅਫ਼ਸੋਸ ਦੀ ਗੱਲ ਹੈ ਜਦੋਂ ਪਤੀ ਜਾਂ ਪਤਨੀ ਆਪਣੇ ਜੀਵਨ ਸਾਥੀ ਨਾਲ ਉੱਨੇ ਆਦਰ ਨਾਲ ਗੱਲ ਨਹੀਂ ਕਰਦੇ ਜਿੰਨੇ ਆਦਰ ਨਾਲ ਉਹ ਅਜਨਬੀਆਂ ਜਾਂ ਆਪਣੇ ਪਾਲਤੂ ਜਾਨਵਰਾਂ ਨਾਲ ਗੱਲ ਕਰਦੇ ਹਨ। ਜਦੋਂ ਪਤੀ-ਪਤਨੀ “ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ” ਕਰਦੇ ਹਨ, ਤਾਂ ਉਨ੍ਹਾਂ ਦੇ ਵਿਆਹੁਤਾ ਬੰਧਨ ਦੀਆਂ ਤੰਦਾਂ ਕਮਜ਼ੋਰ ਹੁੰਦੀਆਂ ਹਨ। (ਅਫ਼. 4:31) ਹਮੇਸ਼ਾ ਨੁਕਤਾਚੀਨੀ ਜਾਂ ਚੁੱਭਵੀਆਂ ਗੱਲਾਂ ਕਰਨ ਦੀ ਬਜਾਇ ਉਨ੍ਹਾਂ ਨੂੰ ਪਿਆਰ ਤੇ ਹਮਦਰਦੀ ਭਰੀਆਂ ਗੱਲਾਂ ਨਾਲ ਆਪਣੇ ਵਿਆਹੁਤਾ ਰਿਸ਼ਤੇ ਵਿਚ ਮਿਠਾਸ ਲਿਆਉਣੀ ਚਾਹੀਦੀ ਹੈ।—ਅਫ਼. 4:32.
14. ਸਾਨੂੰ ਕੀ ਨਹੀਂ ਕਰਨਾ ਚਾਹੀਦਾ?
14 ਬਾਈਬਲ ਕਹਿੰਦੀ ਹੈ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ।” (ਉਪ. 3:7) ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਚੁੱਪ ਵੱਟ ਲੈਣੀ ਚਾਹੀਦੀ ਹੈ ਕਿਉਂਕਿ ਚੰਗੇ ਵਿਆਹੁਤਾ ਰਿਸ਼ਤੇ ਲਈ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਜਰਮਨੀ ਤੋਂ ਇਕ ਪਤਨੀ ਕਹਿੰਦੀ ਹੈ, “ਅਜਿਹੇ ਹਾਲਾਤਾਂ ਵਿਚ ਚੁੱਪ ਵੱਟ ਲੈਣ ਨਾਲ ਤੁਹਾਡੇ ਜੀਵਨ ਸਾਥੀ ਨੂੰ ਠੇਸ ਪਹੁੰਚ ਸਕਦੀ ਹੈ।” ਪਰ ਉਹ ਅੱਗੇ ਕਹਿੰਦੀ ਹੈ: “ਭਾਵੇਂ ਕਿ ਤਣਾਅ ਵਿਚ ਹੁੰਦਿਆਂ ਸ਼ਾਂਤ ਰਹਿਣਾ ਹਮੇਸ਼ਾ ਸੌਖਾ ਨਹੀਂ ਹੁੰਦਾ, ਫਿਰ ਵੀ ਮਨ ਦੀ ਭੜਾਸ ਕੱਢਣੀ ਚੰਗੀ ਗੱਲ ਨਹੀਂ ਹੈ। ਤੁਸੀਂ ਬਿਨਾਂ ਸੋਚੇ-ਸਮਝੇ ਕੋਈ ਅਜਿਹੀ ਗੱਲ ਕਹਿ ਦਿੰਦੇ ਜਾਂ ਅਜਿਹਾ ਕੁਝ ਕਰ ਦਿੰਦੇ ਹੋ ਜਿਸ ਨਾਲ ਤੁਹਾਡੇ ਜੀਵਨ ਸਾਥੀ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੈ ਤੇ ਇਸ ਨਾਲ ਗੱਲ ਹੋਰ ਵਿਗੜ ਜਾਂਦੀ ਹੈ।” ਇਕ-ਦੂਜੇ ʼਤੇ ਚਿਲਾਉਣ ਜਾਂ ਮੂੰਹ ਵੱਟ ਲੈਣ ਨਾਲ ਪਤੀ-ਪਤਨੀ ਦੀਆਂ ਸਮੱਸਿਆਵਾਂ ਸੁਲਝਦੀਆਂ ਨਹੀਂ। ਇਸ ਲਈ ਉਹ ਆਪਣੇ ਵਿਆਹੁਤਾ ਬੰਧਨ ਨੂੰ ਮਜ਼ਬੂਤ ਕਰਨ ਲਈ ਮਤਭੇਦਾਂ ਨੂੰ ਫਟਾਫਟ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਨ੍ਹਾਂ ਵਿਚ ਝਗੜਾ ਨਾ ਹੋਵੇ।
15. ਚੰਗੀ ਤਰ੍ਹਾਂ ਗੱਲ ਕਰਨ ਨਾਲ ਵਿਆਹੁਤਾ ਰਿਸ਼ਤਾ ਕਿਵੇਂ ਮਜ਼ਬੂਤ ਹੁੰਦਾ ਹੈ?
15 ਜਦੋਂ ਪਤੀ-ਪਤਨੀ ਸਮਾਂ ਕੱਢ ਕੇ ਇਕ-ਦੂਜੇ ਨੂੰ ਆਪਣਾ ਦੁੱਖ-ਸੁੱਖ ਤੇ ਆਪਣੇ ਵਿਚਾਰ ਦੱਸਦੇ ਹਨ, ਤਾਂ ਉਨ੍ਹਾਂ ਦਾ ਵਿਆਹੁਤਾ ਬੰਧਨ ਮਜ਼ਬੂਤ ਹੁੰਦਾ ਹੈ। ਤੁਹਾਡੇ ਗੱਲ ਕਰਨ ਦਾ ਲਹਿਜਾ ਉੱਨਾ ਹੀ ਜ਼ਰੂਰੀ ਹੈ ਜਿੰਨੀ ਤੁਹਾਡੀ ਗੱਲ। ਇਸ ਲਈ ਕੋਸ਼ਿਸ਼ ਕਰੋ ਕਿ ਮੁਸ਼ਕਲ ਹਾਲਾਤਾਂ ਵਿਚ ਵੀ ਤੁਹਾਡੇ ਗੱਲ ਕਰਨ ਦੇ ਲਹਿਜੇ ਅਤੇ ਤੁਹਾਡੇ ਲਫ਼ਜ਼ਾਂ ਤੋਂ ਪਿਆਰ ਝਲਕੇ। ਇਸ ਤਰ੍ਹਾਂ ਤੁਹਾਡੇ ਜੀਵਨ ਸਾਥੀ ਲਈ ਤੁਹਾਡੀ ਗੱਲ ਸੁਣਨੀ ਆਸਾਨ ਹੋਵੇਗੀ। (ਕੁਲੁੱਸੀਆਂ 4:6 ਪੜ੍ਹੋ।) ਪਤੀ-ਪਤਨੀ ਨੂੰ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ‘ਲੋੜ ਅਨੁਸਾਰ ਉਹੀ ਕਹਿਣਾ’ ਚਾਹੀਦਾ ਜਿਸ ਨਾਲ ਜੀਵਨ ਸਾਥੀ ਦਾ ‘ਹੌਸਲਾ ਵਧੇ ਅਤੇ ਉਸ ਨੂੰ ਫ਼ਾਇਦਾ ਹੋਵੇ।’—ਅਫ਼. 4:29.
ਪਤੀ-ਪਤਨੀ ਚੰਗੀ ਤਰ੍ਹਾਂ ਗੱਲਬਾਤ ਕਰ ਕੇ ਆਪਣਾ ਬੰਧਨ ਮਜ਼ਬੂਤ ਕਰ ਸਕਦੇ ਹਨ (ਪੈਰਾ 15 ਦੇਖੋ)
ਵਿਆਹ ਦਾ ਹੱਕ ਪੂਰਾ ਕਰੋ
16, 17. ਇਹ ਕਿਉਂ ਜ਼ਰੂਰੀ ਹੈ ਕਿ ਵਿਆਹੁਤਾ ਜੋੜੇ ਇਕ-ਦੂਜੇ ਦੀਆਂ ਜਜ਼ਬਾਤੀ ਤੇ ਸਰੀਰਕ ਲੋੜਾਂ ਨੂੰ ਸਮਝਣ?
16 ਵਿਆਹੁਤਾ ਜੋੜੇ ਉਦੋਂ ਵੀ ਆਪਣੇ ਬੰਧਨ ਨੂੰ ਮਜ਼ਬੂਤ ਕਰਦੇ ਹਨ ਜਦੋਂ ਉਹ ਆਪਣੀਆਂ ਲੋੜਾਂ ਦੀ ਬਜਾਇ ਆਪਣੇ ਜੀਵਨ ਸਾਥੀ ਦੀਆਂ ਲੋੜਾਂ ਨੂੰ ਪਹਿਲ ਦਿੰਦੇ ਹਨ। (ਫ਼ਿਲਿ. 2:3, 4) ਪਤੀ-ਪਤਨੀ ਨੂੰ ਇਕ-ਦੂਜੇ ਦੀਆਂ ਜਜ਼ਬਾਤੀ ਅਤੇ ਜਿਨਸੀ ਲੋੜਾਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ।—1 ਕੁਰਿੰਥੀਆਂ 7:3, 4 ਪੜ੍ਹੋ।
17 ਅਫ਼ਸੋਸ ਦੀ ਗੱਲ ਹੈ ਕਿ ਕੁਝ ਪਤੀ-ਪਤਨੀ ਇਕ-ਦੂਜੇ ਲਈ ਪਿਆਰ ਜ਼ਾਹਰ ਨਹੀਂ ਕਰਦੇ ਜਾਂ ਜਿਨਸੀ ਸੰਬੰਧ ਨਹੀਂ ਰੱਖਦੇ ਅਤੇ ਕੁਝ ਆਦਮੀ ਤਾਂ ਪਿਆਰ ਦਿਖਾਉਣ ਨੂੰ ਮਰਦਾਨਗੀ ਨਹੀਂ ਸਮਝਦੇ। ਬਾਈਬਲ ਕਹਿੰਦੀ ਹੈ: “ਪਤੀਓ, ਆਪਣੀਆਂ ਪਤਨੀਆਂ ਨਾਲ ਸਮਝਦਾਰੀ ਨਾਲ ਵੱਸੋ।” (1 ਪਤ. 3:7) ਪਤੀ ਨੂੰ ਸਮਝਣ ਦੀ ਲੋੜ ਹੈ ਕਿ ਵਿਆਹ ਦੇ ਹੱਕ ਵਿਚ ਸਿਰਫ਼ ਜਿਨਸੀ ਸੰਬੰਧ ਸ਼ਾਮਲ ਨਹੀਂ ਹਨ। ਪਤਨੀ ਜਿਨਸੀ ਸੰਬੰਧਾਂ ਦਾ ਤਾਂ ਹੀ ਆਨੰਦ ਮਾਣੇਗੀ ਜੇ ਪਤੀ ਹਰ ਵੇਲੇ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ। ਜੇ ਉਹ ਦੋਵੇਂ ਜਣੇ ਇਕ-ਦੂਜੇ ਨੂੰ ਪਿਆਰ ਕਰਦੇ ਹਨ, ਤਾਂ ਉਨ੍ਹਾਂ ਲਈ ਇਕ-ਦੂਜੇ ਦੀਆਂ ਜਜ਼ਬਾਤੀ ਤੇ ਸਰੀਰਕ ਲੋੜਾਂ ਪੂਰੀਆਂ ਕਰਨੀਆਂ ਆਸਾਨ ਹੋਣਗੀਆਂ।
18. ਪਤੀ-ਪਤਨੀ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਿਵੇਂ ਕਰ ਸਕਦੇ ਹਨ?
18 ਹਾਲਾਂਕਿ ਆਪਣੇ ਜੀਵਨ ਸਾਥੀ ਨਾਲ ਬੇਵਫ਼ਾਈ ਕਰਨ ਦਾ ਸਾਡੇ ਕੋਲ ਕੋਈ ਬਹਾਨਾ ਨਹੀਂ ਹੈ, ਫਿਰ ਵੀ ਪਿਆਰ ਦੀ ਘਾਟ ਕਰਕੇ ਪਤੀ ਜਾਂ ਪਤਨੀ ਕਿਸੇ ਗ਼ੈਰ ਤੋਂ ਪਿਆਰ ਭਾਲਦੇ ਹਨ ਜਾਂ ਉਨ੍ਹਾਂ ਨਾਲ ਜਿਨਸੀ ਸੰਬੰਧ ਰੱਖਦੇ ਹਨ। (ਕਹਾ. 5:18; ਉਪ. 9:9) ਇਸ ਲਈ ਬਾਈਬਲ ਵਿਆਹੇ ਜੋੜਿਆਂ ਨੂੰ ਹੱਲਾਸ਼ੇਰੀ ਦਿੰਦੀ ਹੈ: “ਦੋਵੇਂ ਇਕ-ਦੂਜੇ ਨੂੰ [ਵਿਆਹ ਦੇ] ਹੱਕ ਤੋਂ ਵਾਂਝਾ ਨਾ ਰੱਖਣ, . . . ਇਹ ਤੁਹਾਡੀ ਦੋਵਾਂ ਦੀ ਰਜ਼ਾਮੰਦੀ ਨਾਲ ਥੋੜ੍ਹੇ ਸਮੇਂ ਲਈ ਹੀ ਹੋਣਾ ਚਾਹੀਦਾ ਹੈ।” ਕਿਉਂ? “ਤਾਂਕਿ ਤੁਹਾਡੇ ਵਿਚ ਸੰਜਮ ਦੀ ਘਾਟ ਆ ਜਾਣ ਕਰਕੇ ਸ਼ੈਤਾਨ ਤੁਹਾਨੂੰ ਫੰਦੇ ਵਿਚ ਨਾ ਫਸਾ ਲਵੇ।” (1 ਕੁਰਿੰ. 7:5) ਕਿੰਨੀ ਦੁੱਖ ਦੀ ਗੱਲ ਹੋਵੇਗੀ ਜੇ ਪਤੀ-ਪਤਨੀ ਸ਼ੈਤਾਨ ਨੂੰ ਆਪਣੀ “ਸੰਜਮ ਦੀ ਘਾਟ” ਦਾ ਫ਼ਾਇਦਾ ਉਠਾਉਣ ਦੇਣਗੇ ਜਿਸ ਨਾਲ ਉਹ ਹਰਾਮਕਾਰੀ ਦੇ ਫੰਦੇ ਵਿਚ ਫਸ ਸਕਦੇ ਹਨ! ਪਰ ਜਦੋਂ ਜੀਵਨ ਸਾਥੀ ‘ਆਪਣਾ ਹੀ ਫ਼ਾਇਦਾ ਨਹੀਂ ਸੋਚਦਾ, ਸਗੋਂ ਹਮੇਸ਼ਾ ਦੂਸਰੇ ਦੇ ਭਲੇ ਬਾਰੇ ਸੋਚਦਾ’ ਹੈ ਅਤੇ ਵਿਆਹ ਦਾ ਹੱਕ ਮਜਬੂਰੀ ਨਾਲ ਨਹੀਂ, ਸਗੋਂ ਪਿਆਰ ਹੋਣ ਕਰਕੇ ਪੂਰਾ ਕਰਦਾ ਹੈ, ਤਾਂ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ।—1 ਕੁਰਿੰ. 10:24.
ਆਪਣੇ ਰਿਸ਼ਤੇ ਦੀ ਰਾਖੀ ਕਰਦੇ ਰਹੋ
19. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਅਤੇ ਕਿਉਂ?
19 ਅਸੀਂ ਨਵੀਂ ਧਰਮੀ ਦੁਨੀਆਂ ਦੀ ਦਹਿਲੀਜ਼ ʼਤੇ ਖੜ੍ਹੇ ਹਾਂ। ਇਸ ਕਰਕੇ ਗ਼ਲਤ ਇੱਛਾਵਾਂ ਅੱਗੇ ਹਾਰ ਮੰਨਣਾ ਸਾਡੇ ਲਈ ਉੱਨਾ ਹੀ ਤਬਾਹਕੁਨ ਹੋਵੇਗਾ ਜਿੰਨਾ ਮੋਆਬ ਦੇ ਮੈਦਾਨ ਵਿਚ 24,000 ਇਜ਼ਰਾਈਲੀਆਂ ਲਈ ਹੋਇਆ ਸੀ। ਉਸ ਸ਼ਰਮਨਾਕ ਤੇ ਦੁਖਦਾਈ ਘਟਨਾ ਬਾਰੇ ਦੱਸਣ ਤੋਂ ਬਾਅਦ ਪਰਮੇਸ਼ੁਰ ਦਾ ਬਚਨ ਖ਼ਬਰਦਾਰ ਕਰਦਾ ਹੈ: “ਜਿਹੜਾ ਸੋਚਦਾ ਹੈ ਕਿ ਉਹ ਖੜ੍ਹਾ ਹੈ, ਖ਼ਬਰਦਾਰ ਰਹੇ ਕਿ ਉਹ ਕਿਤੇ ਡਿਗ ਨਾ ਪਵੇ।” (1 ਕੁਰਿੰ. 10:12) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਤੇ ਆਪਣੇ ਜੀਵਨ ਸਾਥੀ ਦੇ ਵਫ਼ਾਦਾਰ ਰਹਿ ਕੇ ਆਪਣਾ ਬੰਧਨ ਮਜ਼ਬੂਤ ਰੱਖੀਏ। (ਮੱਤੀ 19:5, 6) ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ‘ਪੂਰੀ ਕੋਸ਼ਿਸ਼ ਕਰਨ’ ਦੀ ਲੋੜ ਹੈ ਤਾਂਕਿ ਅਸੀਂ ‘ਅਖ਼ੀਰ ਵਿਚ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਦਾਗ਼, ਨਿਰਦੋਸ਼ ਅਤੇ ਸ਼ਾਂਤੀ ਨਾਲ ਰਹਿਣ ਵਾਲੇ ਪਾਏ ਜਾਈਏ।’—2 ਪਤ. 3:13, 14.