ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w15 7/1 ਸਫ਼ੇ 6-8
  • ਕੀ ਅੰਤ ਨੇੜੇ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਅੰਤ ਨੇੜੇ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦੁਨੀਆਂ ਦੇ ਇਤਿਹਾਸ ਦਾ ਇਕ ਖ਼ਾਸ ਸਮਾਂ
  • ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
  • ਬਾਈਬਲ ਕੀ ਕਹਿੰਦੀ ਹੈ?
    ਜਾਗਰੂਕ ਬਣੋ!—2017
  • ਦੁਨੀਆਂ ਦੇ ਹਾਲਾਤ ਕੀ ਮਾਅਨੇ ਰੱਖਦੇ ਹਨ?
    ਜਾਗਦੇ ਰਹੋ!
  • ਕੀ ਇਸ ਦੁਸ਼ਟ ਦੁਨੀਆਂ ਦਾ ਅੰਤ ਸੱਚ-ਮੁੱਚ ਨੇੜੇ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
w15 7/1 ਸਫ਼ੇ 6-8

ਮੁੱਖ ਪੰਨੇ ਤੋਂ

ਕੀ ਅੰਤ ਨੇੜੇ ਹੈ?

ਕੀ ਰੱਬ ਇਨਸਾਨਾਂ ਨੂੰ ਇਕ-ਦੂਜੇ ʼਤੇ ਹਕੂਮਤ ਕਰੀ ਜਾਣ ਦੇਵੇਗਾ ਅਤੇ ਮਨੁੱਖਜਾਤੀ ਦੇ ਭਵਿੱਖ ਨੂੰ ਖ਼ਤਰੇ ਵਿਚ ਪਿਆ ਰਹਿਣ ਦੇਵੇਗਾ? ਬਿਲਕੁਲ ਨਹੀਂ। ਜਿੱਦਾਂ ਅਸੀਂ ਦੇਖ ਚੁੱਕੇ ਹਾਂ ਕਿ ਉਹ ਜ਼ਰੂਰ ਦਖ਼ਲ ਦੇਵੇਗਾ ਅਤੇ ਉਨ੍ਹਾਂ ਦੁੱਖਾਂ ਅਤੇ ਜ਼ਿਆਦਤੀਆਂ ਨੂੰ ਖ਼ਤਮ ਕਰ ਦੇਵੇਗਾ ਜਿਨ੍ਹਾਂ ਦਾ ਸਾਮ੍ਹਣਾ ਇਨਸਾਨ ਸਦੀਆਂ ਤੋਂ ਕਰਦੇ ਆ ਰਹੇ ਹਨ। ਇਨਸਾਨਾਂ ਅਤੇ ਧਰਤੀ ਦਾ ਸਿਰਜਣਹਾਰ ਚਾਹੁੰਦਾ ਹੈ ਕਿ ਤੁਸੀਂ ਜਾਣ ਲਓ ਕਿ ਉਸ ਦੇ ਕਦਮ ਚੁੱਕਣ ਦਾ ਸਮਾਂ ਨੇੜੇ ਆ ਰਿਹਾ ਹੈ। ਰੱਬ ਇਹ ਜ਼ਰੂਰੀ ਜਾਣਕਾਰੀ ਕਿਵੇਂ ਦਿੰਦਾ ਹੈ?

ਜ਼ਰਾ ਇਸ ਮਿਸਾਲ ʼਤੇ ਗੌਰ ਕਰੋ: ਜਦੋਂ ਤੁਸੀਂ ਕਾਰ ਰਾਹੀਂ ਸਫ਼ਰ ਕਰਦੇ ਹੋ, ਤਾਂ ਤੁਸੀਂ ਸ਼ਾਇਦ ਨਕਸ਼ਾ ਵਗੈਰਾ ਦੇਖੋ ਜਾਂ ਉਸ ਥਾਂ ਬਾਰੇ ਇੰਟਰਨੈੱਟ ਤੋਂ ਹੋਰ ਜਾਣਕਾਰੀ ਲਓ। ਫਿਰ ਜਦ ਤੁਸੀਂ ਸਫ਼ਰ ਕਰਦੇ ਹੋ ਅਤੇ ਰਾਹ ਵਿਚ ਲੱਗੇ ਬੋਰਡ ਵਗੈਰਾ ਤੁਹਾਡੇ ਨਕਸ਼ੇ ਅਤੇ ਹੋਰ ਜਾਣਕਾਰੀ ਨਾਲ ਮੇਲ ਖਾਂਦੇ ਹਨ, ਤਾਂ ਤੁਹਾਨੂੰ ਯਕੀਨ ਹੋ ਜਾਂਦਾ ਹੈ ਕਿ ਤੁਹਾਡੀ ਮੰਜ਼ਲ ਨਜ਼ਦੀਕ ਆ ਰਹੀ ਹੈ। ਇਸੇ ਤਰ੍ਹਾਂ ਰੱਬ ਨੇ ਵੀ ਆਪਣਾ ਬਚਨ ਦਿੱਤਾ ਹੈ ਜਿਸ ਵਿਚ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਅਤੇ ਲੋਕਾਂ ਦੇ ਰਵੱਈਏ ਬਾਰੇ ਦੱਸਿਆ ਗਿਆ ਹੈ। ਜਿਸ-ਜਿਸ ਸਮੇਂ ਬਾਰੇ ਜੋ-ਜੋ ਦੱਸਿਆ ਗਿਆ ਸੀ, ਉਹ ਸਭ ਸੱਚ ਸਾਬਤ ਹੋ ਰਿਹਾ ਹੈ। ਇਸ ਕਰਕੇ ਸਾਨੂੰ ਯਕੀਨ ਹੈ ਕਿ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਦ ਅੰਤ ਬਹੁਤ ਨੇੜੇ ਹੈ।

ਬਾਈਬਲ ਸਮਝਾਉਂਦੀ ਹੈ ਕਿ ਦੁਨੀਆਂ ਨੇ ਇਕ ਖ਼ਾਸ ਸਮੇਂ ʼਤੇ ਪਹੁੰਚਣਾ ਸੀ ਜਿਸ ਦਾ ਅੰਜਾਮ ਇਸ ਦੁਨੀਆਂ ਦਾ ਨਾਸ਼ ਹੋਵੇਗਾ। ਉਸ ਸਮੇਂ ਦੁਨੀਆਂ ਭਰ ਵਿਚ ਇਸ ਤਰ੍ਹਾਂ ਦੇ ਹਾਲਾਤ ਅਤੇ ਘਟਨਾਵਾਂ ਹੋਣੀਆਂ ਸਨ ਜੋ ਮਨੁੱਖਜਾਤੀ ਦੇ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਸੀ ਹੋਈਆਂ। ਰੱਬ ਦੇ ਬਚਨ ਵਿਚ ਦੱਸੀਆਂ ਇਨ੍ਹਾਂ ਕੁਝ ਗੱਲਾਂ ʼਤੇ ਧਿਆਨ ਦਿਓ।

1. ਦੁਨੀਆਂ ਭਰ ਵਿਚ ਉਥਲ-ਪੁਥਲ ਮੱਤੀ ਦੇ 24ਵੇਂ ਅਧਿਆਇ ਵਿਚ ਇਕ ਭਵਿੱਖਬਾਣੀ ਦਰਜ ਹੈ ਜਿਸ ਵਿਚ ਧਰਤੀ ʼਤੇ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ। ਇਹ ਘਟਨਾਵਾਂ “ਯੁਗ ਦੇ ਆਖ਼ਰੀ ਸਮੇਂ ਦੀ” ਨਿਸ਼ਾਨੀ ਹੋਣੀਆਂ ਸਨ। ਇਹ ਨਿਸ਼ਾਨੀ ਪੂਰੀ ਹੋਣ ਤੋਂ ਬਾਅਦ “ਅੰਤ ਆਵੇਗਾ।” (ਆਇਤਾਂ 3, 14) ਇਨ੍ਹਾਂ ਗੱਲਾਂ ਵਿਚ ਵੱਡੀਆਂ-ਵੱਡੀਆਂ ਲੜਾਈਆਂ ਹੋਣੀਆਂ, ਕਾਲ਼ ਪੈਣੇ, ਥਾਂ-ਥਾਂ ਭੁਚਾਲ਼ ਆਉਣੇ, ਬੁਰਾਈ ਦਾ ਵੱਧ ਜਾਣਾ, ਪਿਆਰ ਦੀ ਕਮੀ ਹੋਣੀ ਅਤੇ ਧਾਰਮਿਕ ਆਗੂਆਂ ਦੁਆਰਾ ਲੋਕਾਂ ਨੂੰ ਚਲਾਕੀ ਨਾਲ ਕੁਰਾਹੇ ਪਾਉਣਾ ਸ਼ਾਮਲ ਹੈ। (ਆਇਤਾਂ 6-26) ਇਹ ਗੱਲ ਸੱਚ ਹੈ ਕਿ ਸਦੀਆਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਮੇਂ-ਸਮੇਂ ʼਤੇ ਹੁੰਦੀਆਂ ਆਈਆਂ ਹਨ। ਪਰ ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਇਹ ਸਾਰੀਆਂ ਗੱਲਾਂ ਇੱਕੋ ਸਮੇਂ ʼਤੇ ਪੂਰੀਆਂ ਹੋ ਰਹੀਆਂ ਹਨ। ਇਨ੍ਹਾਂ ਦੇ ਨਾਲ-ਨਾਲ ਅੱਗੇ ਦੱਸੀਆਂ ਤਿੰਨ ਗੱਲਾਂ ਵੀ ਹੋ ਰਹੀਆਂ ਹਨ।

2. ਲੋਕਾਂ ਦਾ ਰਵੱਈਆ ਬਾਈਬਲ ਕਹਿੰਦੀ ਹੈ ਕਿ ‘ਆਖ਼ਰੀ ਦਿਨਾਂ’ ਯਾਨੀ ਦੁਨੀਆਂ ਦੇ ਅੰਤ ਤੋਂ ਪਹਿਲਾਂ ਲੋਕਾਂ ਦਾ ਰਵੱਈਆ ਬਹੁਤ ਵਿਗੜ ਜਾਵੇਗਾ। ਅਸੀਂ ਪੜ੍ਹਦੇ ਹਾਂ: “ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, ਨਾਸ਼ੁਕਰੇ, ਵਿਸ਼ਵਾਸਘਾਤੀ, ਨਿਰਮੋਹੀ, ਕਿਸੇ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਦੂਜਿਆਂ ਨੂੰ ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਪਿਆਰ ਨਾ ਕਰਨ ਵਾਲੇ, ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।” (2 ਤਿਮੋਥਿਉਸ 3:1-4) ਹਾਂ, ਇਹ ਸੱਚ ਹੈ ਕਿ ਇਕ-ਦੂਜੇ ਦਾ ਆਦਰ ਨਾ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਪਰ ‘ਆਖ਼ਰੀ ਦਿਨਾਂ’ ਵਿਚ ਇਹ ਇੰਨਾ ਜ਼ਿਆਦਾ ਵੱਧ ਜਾਵੇਗਾ ਕਿ ਇਹ ਸਮੇਂ “ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।” ਕੀ ਤੁਸੀਂ ਲੋਕਾਂ ਦੇ ਸੁਭਾਅ ਨੂੰ ਬਦ ਤੋਂ ਬਦਤਰ ਹੁੰਦਾ ਦੇਖਿਆ ਹੈ?

3. ਧਰਤੀ ਨੂੰ ਤਬਾਹ ਕੀਤਾ ਜਾ ਰਿਹਾ ਹੈ ਬਾਈਬਲ ਕਹਿੰਦੀ ਹੈ ਕਿ ਰੱਬ “ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ” ਕਰੇਗਾ। (ਪ੍ਰਕਾਸ਼ ਦੀ ਕਿਤਾਬ 11:18) ਨੂਹ ਦੇ ਜ਼ਮਾਨੇ ਬਾਰੇ ਵੀ ਇਸੇ ਤਰ੍ਹਾਂ ਕਿਹਾ ਗਿਆ ਸੀ: “ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ। ਤਾਂ ਪਰਮੇਸ਼ੁਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਬਿਗੜੀ ਹੋਈ ਸੀ।” ਇਸ ਲਈ ਰੱਬ ਨੇ ਉਨ੍ਹਾਂ ਵਿਗੜੇ ਹੋਏ ਲੋਕਾਂ ਬਾਰੇ ਕਿਹਾ: ‘ਮੈਂ ਉਨ੍ਹਾਂ ਨੂੰ ਨਾਸ ਕਰਾਂਗਾ।’ (ਉਤਪਤ 6:11-13) ਲੋਕੀ ਕਿਨ੍ਹਾਂ ਤਰੀਕਿਆਂ ਨਾਲ ਧਰਤੀ ਨੂੰ ਤਬਾਹ ਕਰ ਰਹੇ ਹਨ? ਕੀ ਤੁਸੀਂ ਇਸ ਦੇ ਸਬੂਤ ਦੇਖੇ ਹਨ ਕਿ ਇਹ ਧਰਤੀ ਹਿੰਸਾ ਨਾਲ ਭਰਦੀ ਜਾ ਰਹੀ ਹੈ? ਅੱਜ ਇਨਸਾਨ ਇਤਿਹਾਸ ਦੇ ਖ਼ਾਸ ਸਮੇਂ ʼਤੇ ਪਹੁੰਚ ਗਏ ਹਨ। ਉਹ ਕਿਵੇਂ? ਉਨ੍ਹਾਂ ਕੋਲ ਧਰਤੀ ਨੂੰ ਤਬਾਹ ਕਰਨ ਅਤੇ ਇਸ ਵਿਚ ਰਹਿੰਦੇ ਇਨਸਾਨਾਂ ਨੂੰ ਨਾਸ਼ ਕਰਨ ਦੀ ਕਾਬਲੀਅਤ ਹੈ। ਉਹ ਹਥਿਆਰਾਂ ਨਾਲ ਲੈਸ ਹਨ। ਧਰਤੀ ਇਕ ਹੋਰ ਤਰੀਕੇ ਨਾਲ ਵੀ ਤਬਾਹ ਕੀਤੀ ਜਾ ਰਹੀ ਹੈ। ਇਨਸਾਨਾਂ ਦੀ ਲਾਪਰਵਾਹੀ ਕਰਕੇ ਹਵਾ, ਜੀਵ-ਜੰਤੂ, ਪੇੜ-ਪੌਦੇ ਅਤੇ ਸਮੁੰਦਰ ਵਗੈਰਾ ਨੂੰ ਹੌਲੀ-ਹੌਲੀ ਨੁਕਸਾਨ ਹੋ ਰਿਹਾ ਹੈ।

ਆਪਣੇ ਆਪ ਤੋਂ ਪੁੱਛੋ: ‘100 ਤੋਂ ਜ਼ਿਆਦਾ ਸਾਲ ਪਹਿਲਾਂ, ਕੀ ਇਨਸਾਨਾਂ ਕੋਲ ਆਪਣੇ-ਆਪ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਤਾਕਤ ਸੀ?’ ਪਰ ਹੁਣ ਇਨਸਾਨਾਂ ਕੋਲ ਇਹ ਤਾਕਤ ਹੈ ਕਿਉਂਕਿ ਉਨ੍ਹਾਂ ਨੇ ਨਵੇਂ-ਨਵੇਂ ਹਥਿਆਰ ਇਕੱਠੇ ਕਰ ਲਏ ਹਨ ਅਤੇ ਉਹ ਵਾਤਾਵਰਣ ਨੂੰ ਖ਼ਰਾਬ ਕਰ ਰਹੇ ਹਨ। ਤਕਨਾਲੋਜੀ ਵਿਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਨੂੰ ਵਰਤ ਕੇ ਜਿਹੜੇ ਨਤੀਜੇ ਨਿਕਲ ਸਕਦੇ ਹਨ, ਲੱਗਦਾ ਹੈ ਕਿ ਇਨਸਾਨ ਉਨ੍ਹਾਂ ਨੂੰ ਸਮਝ ਨਹੀਂ ਪਾ ਰਹੇ ਜਾਂ ਇਨ੍ਹਾਂ ਨੂੰ ਕੰਟ੍ਰੋਲ ਨਹੀਂ ਕਰ ਪਾ ਰਹੇ। ਪਰ ਧਰਤੀ ਦਾ ਕੀ ਹੋਵੇਗਾ? ਇਹ ਫ਼ੈਸਲਾ ਕਰਨ ਦਾ ਹੱਕ ਇਨਸਾਨਾਂ ਕੋਲ ਨਹੀਂ ਹੈ। ਇਸ ਤੋਂ ਪਹਿਲਾਂ ਕਿ ਉਹ ਧਰਤੀ ਤੋਂ ਸਭ ਕੁਝ ਖ਼ਤਮ ਕਰ ਦੇਣ, ਪਰਮੇਸ਼ੁਰ ਧਰਤੀ ਨੂੰ ਤਬਾਹ ਕਰਨ ਵਾਲਿਆਂ ਦਾ ਸਰਬਨਾਸ਼ ਕਰ ਦੇਵੇਗਾ। ਇਹ ਉਸ ਦਾ ਵਾਅਦਾ ਹੈ!

4. ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਅੰਤ ਦੀ ਇਕ ਹੋਰ ਨਿਸ਼ਾਨੀ ਵਿਚ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਕ ਅਜਿਹਾ ਕੰਮ ਕੀਤਾ ਜਾਵੇਗਾ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।” (ਮੱਤੀ 24:14) ਇਹ ਪ੍ਰਚਾਰ ਦਾ ਕੰਮ ਸਦੀਆਂ ਤੋਂ ਸਮੇਂ-ਸਮੇਂ ʼਤੇ ਕੀਤੇ ਜਾਂਦੇ ਹੋਰ ਧਾਰਮਿਕ ਪ੍ਰਚਾਰਾਂ ਨਾਲੋਂ ਕਾਫ਼ੀ ਵੱਖਰਾ ਹੋਣਾ ਸੀ। ਆਖ਼ਰੀ ਦਿਨਾਂ ਦੌਰਾਨ ਇਕ ਖ਼ਾਸ ਸੰਦੇਸ਼ ʼਤੇ ਜ਼ੋਰ ਦਿੱਤਾ ਜਾ ਰਿਹਾ ਹੈ: ‘ਰਾਜ ਦੀ ਖ਼ੁਸ਼ ਖ਼ਬਰੀ।’ ਕੀ ਤੁਸੀਂ ਅਜਿਹੇ ਕਿਸੇ ਧਾਰਮਿਕ ਗਰੁੱਪ ਨੂੰ ਜਾਣਦੇ ਹੋ ਜੋ ਇਹ ਖ਼ਾਸ ਸੰਦੇਸ਼ ਦੇ ਰਿਹਾ ਹੈ? ਜੇ ਲੱਗਦਾ ਵੀ ਹੈ ਕਿ ਕੋਈ ਗਰੁੱਪ ਇਸ ਤਰ੍ਹਾਂ ਕਰ ਰਿਹਾ ਹੈ, ਤਾਂ ਕੀ ਉਹ ਸਿਰਫ਼ ਕਿਸੇ ਇਕ ਖ਼ਾਸ ਇਲਾਕੇ ਵਿਚ ਹੀ ਅਜਿਹਾ ਕਰ ਰਿਹਾ ਹੈ ਜਾਂ ਉਸ ਨੇ “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ” ਕੀਤਾ ਹੈ?

ਯਹੋਵਾਹ ਦੇ ਦੋ ਗਵਾਹ ਸਮੁੰਦਰ ਕੰਢੇ ਪ੍ਰਚਾਰ ਕਰਦੇ ਹੋਏ; ਉਹ ਇਕ ਆਦਮੀ ਨਾਲ ਬਾਈਬਲ ਦੀ ਇਕ ਆਇਤ ਸਾਂਝੀ ਕਰਦੇ ਹੋਏ

ਦੁਨੀਆਂ ਭਰ ਵਿਚ ਸੈਂਕੜੇ ਭਾਸ਼ਾਵਾਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ

www.jw.org ਵੈੱਬਸਾਈਟ ਮੁੱਖ ਤੌਰ ਤੇ ‘ਰਾਜ ਦੀ ਖ਼ੁਸ਼ ਖ਼ਬਰੀ’ ਉੱਤੇ ਜ਼ੋਰ ਦਿੰਦੀ ਹੈ। ਇਸ ਸਾਈਟ ʼਤੇ 700 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪ੍ਰਕਾਸ਼ਨ ਪਾਏ ਗਏ ਹਨ ਜੋ ਇਹ ਸੰਦੇਸ਼ ਦਿੰਦੇ ਹਨ। ਕੀ ਤੁਸੀਂ ਕਿਸੇ ਹੋਰ ਗਰੁੱਪ ਜਾਂ ਸੰਗਠਨ ਨੂੰ ਜਾਣਦੇ ਹੋ ਜੋ ਦੁਨੀਆਂ ਭਰ ਵਿਚ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ʼਤੇ ਇੰਨਾ ਜ਼ੋਰ ਦਿੰਦਾ ਹੈ? ਇੰਟਰਨੈੱਟ ਆਉਣ ਤੋਂ ਬਹੁਤ ਸਮਾਂ ਪਹਿਲਾਂ ਹੀ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਜਾਣੇ ਜਾਂਦੇ ਆਏ ਹਨ। 1939 ਤੋਂ ਪਹਿਰਾਬੁਰਜ ਮੈਗਜ਼ੀਨ ਦੇ ਪਹਿਲੇ ਸਫ਼ੇ ʼਤੇ “ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ” ਸ਼ਬਦ ਲਿਖੇ ਗਏ ਹਨ। ਧਰਮਾਂ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਯਹੋਵਾਹ ਦੇ ਗਵਾਹਾਂ ਦੁਆਰਾ ਕੀਤਾ ਜਾ ਰਿਹਾ ਪ੍ਰਚਾਰ ਦਾ ਕੰਮ “ਇੰਨੇ ਜ਼ੋਰਾਂ-ਸ਼ੋਰਾ ਨਾਲ ਅਤੇ ਪੂਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ ਜਿਸ ਦਾ ਮੁਕਾਬਲਾ ਕੋਈ ਹੋਰ ਕੰਮ ਨਹੀਂ ਕਰ ਸਕਦਾ।” ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਇਸ ਗੱਲ ʼਤੇ ਜ਼ੋਰ ਦਿੰਦੇ ਹਨ ਕਿ ਬਹੁਤ ਜਲਦ ਪਰਮੇਸ਼ੁਰ ਆਪਣੇ ਰਾਜ ਰਾਹੀਂ ‘ਅੰਤ ਲਿਆਵੇਗਾ।’

ਦੁਨੀਆਂ ਦੇ ਇਤਿਹਾਸ ਦਾ ਇਕ ਖ਼ਾਸ ਸਮਾਂ

ਕੀ ਤੁਸੀਂ ਗੌਰ ਕੀਤਾ ਕਿ ਇਸ ਲੇਖ ਵਿਚ ਦੱਸੀਆਂ ਬਾਈਬਲ ਦੀਆਂ ਇਹ ਚਾਰੇ ਗੱਲਾਂ ਤੁਹਾਡੀ ਜ਼ਿੰਦਗੀ ਦੌਰਾਨ ਪੂਰੀਆਂ ਹੋ ਰਹੀਆਂ ਹਨ? 100 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਇਹ ਮੈਗਜ਼ੀਨ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਬਾਰੇ ਦੱਸਦਾ ਆ ਰਿਹਾ ਹੈ ਜਿਨ੍ਹਾਂ ਤੋਂ ਲੋਕ ਖ਼ੁਦ ਦੇਖ ਸਕਦੇ ਹਨ ਕਿ ਅੰਤ ਨੇੜੇ ਆ ਰਿਹਾ ਹੈ। ਪਰ ਕੁਝ ਆਲੋਚਕ ਇਸ ਗੱਲ ਨਾਲ ਸਹਿਮਤ ਨਹੀਂ ਹਨ। ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਇਨ੍ਹਾਂ ਘਟਨਾਵਾਂ ਬਾਰੇ ਸਾਰਿਆਂ ਦੀ ਆਪੋ-ਆਪਣੀ ਰਾਇ ਹੁੰਦੀ ਹੈ ਅਤੇ ਰਿਪੋਰਟਾਂ ਦੇ ਅੰਕੜਿਆਂ ਵਿਚ ਫੇਰ-ਬਦਲ ਕੀਤਾ ਜਾ ਸਕਦਾ ਹੈ। ਉਹ ਇਹ ਵੀ ਦਾਅਵਾ ਕਰਦੇ ਹਨ ਕਿ ਹੁਣ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਖ਼ਬਰ ਲੈਣੀ ਆਸਾਨ ਹੈ ਜਿਸ ਕਾਰਨ ਲੱਗ ਸਕਦਾ ਹੈ ਕਿ ਦੁਨੀਆਂ ਦੇ ਹਾਲਾਤ ਹੋਰ ਤੋਂ ਹੋਰ ਖ਼ਰਾਬ ਹੁੰਦੇ ਜਾ ਰਹੇ ਹਨ। ਫਿਰ ਵੀ ਇਸ ਗੱਲ ਦੇ ਢੇਰਾਂ ਹੀ ਸਬੂਤ ਹਨ ਕਿ ਅਸੀਂ ਮਨੁੱਖੀ ਇਤਿਹਾਸ ਦੇ ਇਕ ਖ਼ਾਸ ਸਮੇਂ ਦੇ ਅੰਤ ʼਤੇ ਪਹੁੰਚ ਗਏ ਹਾਂ।

ਕਈ ਮਾਹਰ ਮਹਿਸੂਸ ਕਰਦੇ ਹਨ ਕਿ ਅਸੀਂ ਉਸ ਸਮੇਂ ਵੱਲ ਵੱਧ ਰਹੇ ਹਾਂ ਜਦ ਧਰਤੀ ʼਤੇ ਬਹੁਤ ਵੱਡੇ-ਵੱਡੇ ਬਦਲਾਅ ਹੋਣਗੇ। ਮਿਸਾਲ ਲਈ, 2014 ਵਿਚ ਕੁਝ ਵਿਗਿਆਨੀਆਂ ਨੇ ਸੰਯੁਕਤ ਰਾਸ਼ਟਰ ਨੂੰ ਚੇਤਾਵਨੀ ਦਿੰਦੇ ਹੋਏ ਰਿਪੋਰਟ ਵਿਚ ਕੁਝ ਖ਼ਤਰਿਆਂ ਬਾਰੇ ਦੱਸਿਆ ਜਿਨ੍ਹਾਂ ਕਾਰਨ ਇਨਸਾਨਜਾਤ ਦੀ ਹੋਂਦ ਖ਼ਤਮ ਹੋ ਸਕਦੀ ਹੈ। ਉਨ੍ਹਾਂ ਵਿਗਿਆਨੀਆਂ ਨੇ ਕਿਹਾ: “ਅਸੀਂ ਇਨ੍ਹਾਂ ਖ਼ਤਰਿਆਂ ਦੀ ਧਿਆਨ ਨਾਲ ਸਟੱਡੀ ਕੀਤੀ ਹੈ ਅਤੇ ਇਸ ਨਤੀਜੇ ʼਤੇ ਪਹੁੰਚੇ ਹਾਂ ਕਿ ਤਕਨਾਲੋਜੀ ਨਾਲ ਪੂਰੀ ਇਨਸਾਨੀਅਤ ਦੇ ਖ਼ਤਮ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।” ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੈ ਕਿ ਅਸੀਂ ਮਨੁੱਖੀ ਇਤਿਹਾਸ ਦੇ ਇਕ ਖ਼ਾਸ ਸਮੇਂ ʼਤੇ ਪਹੁੰਚ ਗਏ ਹਾਂ। ਇਸ ਮੈਗਜ਼ੀਨ ਦੇ ਪ੍ਰਕਾਸ਼ਕਾਂ ਅਤੇ ਇਸ ਨੂੰ ਪੜ੍ਹਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਕੋਈ ਸ਼ੱਕ ਨਹੀਂ ਕਿ ਇਹ ਖ਼ਾਸ ਸਮੇਂ ਦੇ ਆਖ਼ਰੀ ਦਿਨ ਹਨ ਅਤੇ ਅੰਤ ਬਹੁਤ ਨਜ਼ਦੀਕ ਹੈ। ਪਰ ਭਵਿੱਖ ਤੋਂ ਡਰਨ ਦੀ ਬਜਾਇ ਤੁਸੀਂ ਖ਼ੁਸ਼ ਹੋ ਸਕਦੇ ਹੋ। ਕਿਉਂ? ਕਿਉਂਕਿ ਤੁਸੀਂ ਅੰਤ ਵਿੱਚੋਂ ਬਚ ਸਕਦੇ ਹੋ! (w15-E 05/01)

ਸਰਬਨਾਸ਼ ਬਾਰੇ ਭਵਿੱਖਬਾਣੀ ਕਰਨ ਵਾਲੇ?

ਯਹੋਵਾਹ ਦੇ ਗਵਾਹ ਸਰਬਨਾਸ਼ ਬਾਰੇ ਭਵਿੱਖਬਾਣੀ ਕਰਨ ਵਾਲੇ ਲੋਕ ਨਹੀਂ ਹਨ। ਉਹ ਸੌ ਤੋਂ ਜ਼ਿਆਦਾ ਸਾਲਾਂ ਤੋਂ ਲੋਕਾਂ ਨਾਲ ਭਵਿੱਖ ਬਾਰੇ ਇਕ ਚੰਗੀ ਖ਼ਬਰ ਸਾਂਝੀ ਕਰ ਰਹੇ ਹਨ। ਮਿਸਾਲ ਲਈ, 1958 ਵਿਚ ਹੋਏ ਉਨ੍ਹਾਂ ਦੇ ਵੱਡੇ ਸੰਮੇਲਨ ਵਿਚ ਇਕ ਭਾਸ਼ਣ ਦਿੱਤਾ ਗਿਆ ਸੀ: “ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ—ਕੀ ਦੁਨੀਆਂ ਦਾ ਅੰਤ ਨੇੜੇ ਹੈ?” ਉਸ ਵਿਚ ਦੱਸਿਆ ਗਿਆ ਸੀ ਕਿ “ਪਰਮੇਸ਼ੁਰ ਦਾ ਰਾਜ ਧਰਤੀ ਨੂੰ ਤਬਾਹ ਨਹੀਂ ਕਰੇਗਾ, ਸਗੋਂ ਸ਼ੈਤਾਨ ਦੀ ਦੁਨੀਆਂ ਨੂੰ ਖ਼ਤਮ ਕਰੇਗਾ। ਪਰਮੇਸ਼ੁਰ ਦਾ ਰਾਜ ਧਰਤੀ ਨੂੰ ਅੱਗ ਨਾਲ ਭਸਮ ਨਹੀਂ ਕਰੇਗਾ, ਸਗੋਂ ਧਰਤੀ ʼਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ, ਜਿੱਦਾਂ ਸਵਰਗ ਵਿਚ ਹੁੰਦੀ ਹੈ। ਇਸ ਕਰਕੇ ਰੱਬ ਦੀ ਬਣਾਈ ਇਸ ਧਰਤੀ ਨੂੰ ਬਚਾਇਆ ਜਾਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਇਸ ਨੂੰ ਹਮੇਸ਼ਾ ਬਚਾ ਕੇ ਰੱਖੇਗਾ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ