ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w16 ਦਸੰਬਰ ਸਫ਼ੇ 3-7
  • “ਮੈਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ ਕੀਤਾ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਮੈਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ ਕੀਤਾ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮੈਂ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ
  • ਵਿਦੇਸ਼ ਵਿਚ ਪ੍ਰਚਾਰ ਕਰਨਾ
  • ਨਵੀਆਂ ਜ਼ਿੰਮੇਵਾਰੀਆਂ ਕਰਕੇ ਹੋਰ ਬਦਲਾਅ
  • ਮੈਂ ਅਜੇ ਵੀ ਬਦਲਾਅ ਕਰ ਰਿਹਾ ਹਾਂ
  • ਮਾਲਕ ਦੇ ਪਿੱਛੇ-ਪਿੱਛੇ ਜਾਣ ਲਈ ਚੀਜ਼ਾਂ ਨੂੰ ਛੱਡਣਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਯਹੋਵਾਹ ਬਾਰੇ ਸਿੱਖ ਕੇ ਅਤੇ ਸਿਖਾ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਮੈਂ ਯਹੋਵਾਹ ਦੀ ਇੱਛਾ ਪੂਰੀ ਕਰਨੀ ਸਿੱਖੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਪਰਮੇਸ਼ੁਰ ਨੇ ਕਈ ਤਰੀਕਿਆਂ ਨਾਲ ਸਾਡੇ ʼਤੇ ਅਪਾਰ ਕਿਰਪਾ ਕੀਤੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
w16 ਦਸੰਬਰ ਸਫ਼ੇ 3-7

ਜੀਵਨੀ

“ਮੈਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ ਕੀਤਾ”

ਡੈਨਟਨ ਹੌਪਕਿਨਸਨ ਦੀ ਜ਼ਬਾਨੀ

ਡੈਨਟਨ ਹੌਪਕਿਨਸਨ ਜਵਾਨੀ ਵਿਚ

“ਜੇ ਤੂੰ ਬਪਤਿਸਮਾ ਲਿਆ, ਤਾਂ ਮੈਂ ਤੈਨੂੰ ਛੱਡ ਦੇਣਾ।” 1941 ਵਿਚ ਮੇਰੇ ਪਾਪਾ ਨੇ ਇਹ ਧਮਕੀ ਮੇਰੇ ਮੰਮੀ ਜੀ ਨੂੰ ਦਿੱਤੀ ਸੀ। ਪਾਪਾ ਦੀ ਧਮਕੀ ਦੇ ਬਾਵਜੂਦ ਵੀ ਮੰਮੀ ਜੀ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਪਾਪਾ ਦੀ ਧਮਕੀ ਫੋਕੀ ਨਹੀਂ ਸੀ। ਉਹ ਸੱਚ-ਮੁੱਚ ਸਾਨੂੰ ਛੱਡ ਗਏ। ਮੈਂ ਉਸ ਵੇਲੇ ਸਿਰਫ਼ ਅੱਠਾਂ ਸਾਲਾਂ ਦਾ ਸੀ।

ਪਾਪਾ ਦੇ ਸਾਨੂੰ ਛੱਡ ਕੇ ਜਾਣ ਤੋਂ ਪਹਿਲਾਂ ਹੀ ਮੇਰੇ ਅੰਦਰ ਬਾਈਬਲ ਬਾਰੇ ਜਾਣਨ ਦੀ ਇੱਛਾ ਸੀ। ਮੰਮੀ ਜੀ ਨੂੰ ਕਿਤਿਓਂ ਬਾਈਬਲ-ਆਧਾਰਿਤ ਕਿਤਾਬਾਂ ਮਿਲ ਗਈਆਂ। ਮੈਂ ਇਨ੍ਹਾਂ ਕਿਤਾਬਾਂ ਵਿਚ ਖੁੱਭ ਗਿਆ ਕਿਉਂਕਿ ਇਨ੍ਹਾਂ ਦੀਆਂ ਗੱਲਾਂ, ਖ਼ਾਸ ਕਰਕੇ ਤਸਵੀਰਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਸਨ। ਪਾਪਾ ਨਹੀਂ ਚਾਹੁੰਦੇ ਸਨ ਕਿ ਮੰਮੀ ਜੀ ਮੇਰੇ ਨਾਲ ਬਾਈਬਲ ਦੀਆਂ ਗੱਲਾਂ ਕਰਨ। ਪਰ ਮੈਂ ਬਾਈਬਲ ਬਾਰੇ ਜਾਣਨਾ ਚਾਹੁੰਦਾ ਸੀ ਅਤੇ ਬਹੁਤ ਸਵਾਲ ਪੁੱਛਦਾ ਸੀ। ਸੋ ਜਦੋਂ ਪਾਪਾ ਘਰ ਨਹੀਂ ਹੁੰਦੇ ਸਨ, ਉਦੋਂ ਮੰਮੀ ਜੀ ਮੇਰੇ ਨਾਲ ਸਟੱਡੀ ਕਰਦੇ ਸਨ। ਇਸ ਕਰਕੇ ਮੈਂ ਵੀ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ। ਮੈਂ 1943 ਵਿਚ ਦਸਾਂ ਸਾਲਾਂ ਦੀ ਉਮਰ ਵਿਚ ਬਲੈਕਪੂਲ, ਇੰਗਲੈਂਡ ਵਿਚ ਬਪਤਿਸਮਾ ਲੈ ਲਿਆ।

ਮੈਂ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ

ਉਸ ਸਮੇਂ ਤੋਂ ਬਾਅਦ, ਮੈਂ ਤੇ ਮੰਮੀ ਜੀ ਲਗਾਤਾਰ ਇਕੱਠੇ ਪ੍ਰਚਾਰ ʼਤੇ ਜਾਣ ਲੱਗੇ। ਲੋਕਾਂ ਨੂੰ ਬਾਈਬਲ ਬਾਰੇ ਦੱਸਣ ਲਈ ਅਸੀਂ ਤਵਿਆਂ ਵਾਲਾ ਰਿਕਾਰਡ ਪਲੇਅਰ ਵਰਤਦੇ ਸੀ। ਇਹ ਇਕ ਵੱਡੇ ਜਿਹੇ ਅਟੈਚੀ ਵਿਚ ਹੁੰਦਾ ਸੀ ਜਿਸ ਦਾ ਭਾਰ ਲਗਭਗ 4.5 ਕਿਲੋ (10 ਪੌਂਡ) ਸੀ। ਸੋਚੋ, ਇੰਨੀ ਛੋਟੀ ਉਮਰ ਵਿਚ ਮੇਰੇ ਲਈ ਇਸ ਭਾਰੀ ਅਟੈਚੀ ਨੂੰ ਸੜਕਾਂ ʼਤੇ ਘੜੀਸਣਾ ਕਿੰਨਾ ਔਖਾ ਸੀ!

ਮੈਂ 14 ਸਾਲਾਂ ਦਾ ਸੀ ਜਦੋਂ ਮੈਂ ਪਾਇਨੀਅਰਿੰਗ ਕਰਨੀ ਚਾਹੁੰਦਾ ਸੀ। ਮੰਮੀ ਜੀ ਨੇ ਕਿਹਾ ਕਿ ਮੈਂ ਪਹਿਲਾਂ ਸਫ਼ਰੀ ਨਿਗਾਹਬਾਨ ਨਾਲ ਗੱਲ ਕਰਾਂ। ਸਫ਼ਰੀ ਨਿਗਾਹਬਾਨ ਨੇ ਮੈਨੂੰ ਸੁਝਾਅ ਦਿੱਤਾ ਕਿ ਮੈਂ ਪਹਿਲਾਂ ਕੋਈ ਕੰਮ ਸਿੱਖ ਲਵਾਂ ਤਾਂਕਿ ਪਾਇਨੀਅਰਿੰਗ ਕਰਦਿਆਂ ਮੈਂ ਆਪਣਾ ਗੁਜ਼ਾਰਾ ਖ਼ੁਦ ਤੋਰ ਸਕਾਂ। ਮੈਂ ਉਸ ਦੀ ਗੱਲ ਮੰਨੀ। ਦੋ ਸਾਲ ਕੰਮ ਕਰਨ ਤੋਂ ਬਾਅਦ ਮੈਂ ਇਕ ਹੋਰ ਸਫ਼ਰੀ ਨਿਗਾਹਬਾਨ ਨਾਲ ਪਾਇਨੀਅਰਿੰਗ ਕਰਨ ਬਾਰੇ ਗੱਲ ਕੀਤੀ। ਉਸ ਨੇ ਕਿਹਾ: “ਇਹ ਬਹੁਤ ਵਧੀਆ ਫ਼ੈਸਲਾ ਹੈ।”

ਇਸ ਲਈ ਅਪ੍ਰੈਲ 1949 ਵਿਚ ਮੈਂ ਤੇ ਮੰਮੀ ਜੀ ਨੇ ਆਪਣੇ ਕਿਰਾਏ ʼਤੇ ਲਏ ਘਰ ਦਾ ਕੁਝ ਫਰਨੀਚਰ ਵੇਚ ਦਿੱਤਾ ਅਤੇ ਕੁਝ ਚੀਜ਼ਾਂ ਲੋਕਾਂ ਨੂੰ ਉੱਦਾਂ ਹੀ ਦੇ ਦਿੱਤੀਆਂ। ਇਸ ਤੋਂ ਬਾਅਦ ਅਸੀਂ ਮੈਨਚੈੱਸਟਰ ਸ਼ਹਿਰ ਦੇ ਮਿਡਲਟਨ ਕਸਬੇ ਵਿਚ ਪਾਇਨੀਅਰਿੰਗ ਕਰਨ ਚਲੇ ਗਏ। ਚਾਰ ਮਹੀਨੇ ਬਾਅਦ ਮੈਂ ਅਤੇ ਇਕ ਹੋਰ ਭਰਾ ਨੇ ਇਕੱਠੇ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕੀਤਾ। ਸ਼ਾਖ਼ਾ ਦਫ਼ਤਰ ਨੇ ਸਾਨੂੰ ਸੁਝਾਅ ਦਿੱਤਾ ਕਿ ਅਸੀਂ ਇਰਲਮ ਇਲਾਕੇ ਦੀ ਇਕ ਨਵੀਂ ਮੰਡਲੀ ਵਿਚ ਜਾ ਕੇ ਸੇਵਾ ਕਰੀਏ। ਮੰਮੀ ਜੀ ਕਿਸੇ ਹੋਰ ਮੰਡਲੀ ਵਿਚ ਇਕ ਭੈਣ ਨਾਲ ਪਾਇਨੀਅਰਿੰਗ ਕਰਨ ਲੱਗ ਪਏ।

ਭਾਵੇਂ ਮੈਂ ਸਿਰਫ਼ 17 ਸਾਲਾਂ ਦਾ ਸੀ, ਫਿਰ ਵੀ ਮੈਨੂੰ ਅਤੇ ਮੇਰੇ ਸਾਥੀ ਨੂੰ ਮੰਡਲੀ ਦੀਆਂ ਸਭਾਵਾਂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਕਿਉਂ? ਕਿਉਂਕਿ ਉਸ ਨਵੀਂ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲਣ ਲਈ ਬਹੁਤ ਘੱਟ ਭਰਾ ਸਨ। ਬਾਅਦ ਵਿਚ ਮੈਨੂੰ ਬਕਸਟਨ ਦੀ ਛੋਟੀ ਜਿਹੀ ਮੰਡਲੀ ਵਿਚ ਭੇਜਿਆ ਗਿਆ ਜਿਸ ਨੂੰ ਮਦਦ ਦੀ ਲੋੜ ਸੀ। ਮੈਂ ਹਮੇਸ਼ਾ ਯਾਦ ਰੱਖਿਆ ਹੈ ਕਿ ਛੋਟੇ ਹੁੰਦਿਆਂ ਤੋਂ ਜੋ ਵੀ ਮੈਨੂੰ ਸਿਖਲਾਈ ਮਿਲੀ, ਉਸ ਨੇ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿੰਮੇਵਾਰੀਆਂ ਸੰਭਾਲਣ ਵਿਚ ਮੇਰੀ ਮਦਦ ਕੀਤੀ।

ਮੈਂ 1951 ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਜਾਣ ਲਈ ਫਾਰਮ ਭਰਿਆ। ਪਰ ਦਸੰਬਰ 1952 ਵਿਚ ਮੈਨੂੰ ਫ਼ੌਜ ਵਿਚ ਭਰਤੀ ਹੋਣ ਲਈ ਬੁਲਾਇਆ ਗਿਆ। ਮੈਂ ਅਦਾਲਤ ਵਿਚ ਧਰਮ ਦੇ ਪ੍ਰਚਾਰਕ ਦੇ ਆਧਾਰ ʼਤੇ ਫ਼ੌਜ ਵਿਚ ਭਰਤੀ ਨਾ ਹੋਣ ਦੀ ਛੋਟ ਮੰਗੀ। ਪਰ ਮੇਰੀ ਮੰਗ ਪੂਰੀ ਕਰਨ ਦੀ ਬਜਾਇ ਅਦਾਲਤ ਨੇ ਮੈਨੂੰ ਛੇ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ। ਉੱਥੇ ਹੀ ਮੈਨੂੰ ਗਿਲਿਅਡ ਦੀ 22ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਸੋ ਜੁਲਾਈ 1953 ਵਿਚ ਮੈਂ ਨਿਊਯਾਰਕ ਜਾਣ ਲਈ ਜੋਰਜਿਕ ਨਾਂ ਦੇ ਜਹਾਜ਼ ਵਿਚ ਸਵਾਰ ਹੋਇਆ।

1953 ਵਿਚ ਡੈਨਟਨ ਹੌਪਕਿਨਸਨ ਅਤੇ ਹੋਰ ਜਣੇ ਜਨਤਕ ਭਾਸ਼ਣਾਂ ਦੀ ਮਸ਼ਹੂਰੀ ਕਰਦਿਆਂ

1953 ਵਿਚ ਭੈਣਾਂ-ਭਰਾਵਾਂ ਨਾਲ ਰੋਚਸਟਰ, ਨਿਊਯਾਰਕ ਵਿਚ ਜਨਤਕ ਭਾਸ਼ਣਾਂ ਦੀ ਮਸ਼ਹੂਰੀ ਕਰਦਿਆਂ

ਉੱਥੇ ਪਹੁੰਚ ਕੇ ਮੈਂ 1953 ਵਿਚ ਨਵਾਂ ਸੰਸਾਰ ਸਮਾਜ ਨਾਂ ਦੇ ਸੰਮੇਲਨ ਵਿਚ ਹਾਜ਼ਰ ਹੋ ਸਕਿਆ। ਫਿਰ ਮੈਂ ਨਿਊਯਾਰਕ ਦੇ ਸਾਊਥ ਲੈਂਸਿੰਗ ਸ਼ਹਿਰ ਜਾਣ ਲਈ ਗੱਡੀ ਫੜੀ। ਪਹਿਲਾਂ ਸਾਊਥ ਲੈਂਸਿੰਗ ਵਿਚ ਗਿਲਿਅਡ ਸਕੂਲ ਹੁੰਦਾ ਸੀ। ਜੇਲ੍ਹ ਵਿੱਚੋਂ ਹੁਣੇ-ਹੁਣੇ ਰਿਹਾ ਹੋਣ ਕਰਕੇ ਮੇਰੇ ਕੋਲ ਬਹੁਤ ਥੋੜ੍ਹੇ ਪੈਸੇ ਸਨ। ਸਾਊਥ ਲੈਂਸਿੰਗ ਸਟੇਸ਼ਨ ʼਤੇ ਪਹੁੰਚ ਕੇ ਮੈਂ ਗਿਲਿਅਡ ਸਕੂਲ ਜਾਣ ਲਈ ਬੱਸ ਫੜੀ। ਪਰ ਮੇਰੇ ਕੋਲ ਬੱਸ ਦਾ ਕਿਰਾਇਆ ਦੇਣ ਜੋਗੇ ਵੀ ਪੈਸੇ ਨਹੀਂ ਸਨ, ਉਹ ਵੀ ਮੈਂ ਕਿਸੇ ਤੋਂ ਉਧਾਰੇ ਲਏ।

ਵਿਦੇਸ਼ ਵਿਚ ਪ੍ਰਚਾਰ ਕਰਨਾ

ਕਿਸੇ ਹੋਰ ਦੇਸ਼ ਵਿਚ ਜਾ ਕੇ “ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ” ਗਿਲਿਅਡ ਸਕੂਲ ਨੇ ਸਾਨੂੰ ਬਹੁਤ ਵਧੀਆ ਸਿਖਲਾਈ ਦਿੱਤੀ। (1 ਕੁਰਿੰ. 9:22) ਮੈਨੂੰ, ਪੌਲ ਬਰੂਨ ਅਤੇ ਰੇਮੰਡ ਲੀਚ ਨੂੰ ਫ਼ਿਲਪੀਨ ਭੇਜਿਆ ਗਿਆ। ਸਾਨੂੰ ਵੀਜ਼ੇ ਮਿਲਣ ਤਕ ਕਈ ਮਹੀਨੇ ਇੰਤਜ਼ਾਰ ਕਰਨਾ ਪਿਆ। ਫਿਰ ਅਸੀਂ ਸਮੁੰਦਰੀ ਜਹਾਜ਼ ਰਾਹੀਂ ਰੋਟਰਡਮ ਤੋਂ ਭੂਮੱਧ ਸਾਗਰ, ਸੁਏਜ਼ ਨਹਿਰ, ਹਿੰਦ ਮਹਾਂਸਾਗਰ, ਮਲੇਸ਼ੀਆ ਅਤੇ ਹਾਂਗ ਕਾਂਗ ਗਏ। ਅਸੀਂ 47 ਦਿਨਾਂ ਤਕ ਸਮੁੰਦਰੀ ਸਫ਼ਰ ਕੀਤਾ। ਅਖ਼ੀਰ ਅਸੀਂ 19 ਨਵੰਬਰ 1954 ਨੂੰ ਫ਼ਿਲਪੀਨ ਦੀ ਰਾਜਧਾਨੀ ਮਨੀਲਾ ਪਹੁੰਚੇ।

1954 ਵਿਚ ਡੈਨਟਨ ਹੌਪਕਿਨਸਨ ਤੇ ਰੇਮੰਡ ਲੀਚ ਸਮੁੰਦਰੀ ਜਹਾਜ਼ ’ਤੇ

ਮੈਂ ਤੇ ਰੇਮੰਡ ਲੀਚ ਨੇ ਫ਼ਿਲਪੀਨ ਜਾਣ ਲਈ 47 ਦਿਨਾਂ ਦਾ ਸਮੁੰਦਰੀ ਸਫ਼ਰ ਕੀਤਾ

ਨਵੇਂ ਲੋਕ, ਨਵਾਂ ਦੇਸ਼ ਅਤੇ ਨਵੀਂ ਭਾਸ਼ਾ ਹੋਣ ਕਰਕੇ ਸਾਨੂੰ ਆਪਣੇ ਆਪ ਵਿਚ ਕਾਫ਼ੀ ਬਦਲਾਅ ਕਰਨੇ ਪਏ। ਪਰ ਜਿੱਥੇ ਸਾਨੂੰ ਕਜ਼ੌਨ ਸ਼ਹਿਰ ਦੀ ਮੰਡਲੀ ਵਿਚ ਸੇਵਾ ਕਰਨ ਲਈ ਭੇਜਿਆ ਗਿਆ, ਉੱਥੇ ਜ਼ਿਆਦਾਤਰ ਲੋਕ ਅੰਗ੍ਰੇਜ਼ੀ ਬੋਲਦੇ ਸਨ। ਇਸ ਲਈ ਛੇ ਮਹੀਨਿਆਂ ਬਾਅਦ ਵੀ ਸਾਨੂੰ ਟਾਗਾਲੋਗ ਭਾਸ਼ਾ ਦੇ ਸਿਰਫ਼ ਦੋ-ਚਾਰ ਹੀ ਸ਼ਬਦ ਆਉਂਦੇ ਸਨ। ਪਰ ਜਿੱਥੇ ਸਾਨੂੰ ਜ਼ਿੰਮੇਵਾਰੀ ਮਿਲਣ ਵਾਲੀ ਸੀ, ਉੱਥੇ ਸਾਨੂੰ ਟਾਗਾਲੋਗ ਸਿੱਖਣੀ ਹੀ ਪੈਣੀ ਸੀ।

ਇਕ ਦਿਨ ਮਈ 1955 ਵਿਚ ਅਸੀਂ ਪ੍ਰਚਾਰ ਤੋਂ ਘਰ ਆਏ। ਅਸੀਂ ਦੇਖਿਆ ਕਿ ਸਾਡੇ ਕਮਰੇ ਵਿਚ ਮੇਰੇ ਅਤੇ ਭਰਾ ਲੀਚ ਲਈ ਕੁਝ ਚਿੱਠੀਆਂ ਸਨ। ਸਾਨੂੰ ਪਤਾ ਲੱਗਾ ਕਿ ਸਾਨੂੰ ਦੋਨਾਂ ਨੂੰ ਸਫ਼ਰੀ ਨਿਗਾਹਬਾਨ ਬਣਾ ਦਿੱਤਾ ਗਿਆ ਸੀ। ਮੈਂ ਸਿਰਫ਼ 22 ਸਾਲਾਂ ਦਾ ਸੀ। ਪਰ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰ ਕੇ ਮੈਨੂੰ “ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ” ਹੋਰ ਵੀ ਮੌਕੇ ਮਿਲਣੇ ਸਨ।

ਡੈਨਟਨ ਹੌਪਕਿਨਸਨ ਜਨਤਕ ਭਾਸ਼ਣ ਦਿੰਦਿਆਂ

ਬਾਈਕੋਲ ਭਾਸ਼ਾ ਦੇ ਸਰਕਟ ਸੰਮੇਲਨ ʼਤੇ ਜਨਤਕ ਭਾਸ਼ਣ ਦਿੰਦਿਆਂ

ਮਿਸਾਲ ਲਈ, ਸਫ਼ਰੀ ਨਿਗਾਹਬਾਨ ਵਜੋਂ ਮੈਂ ਪਿੰਡ ਦੀ ਇਕ ਦੁਕਾਨ ਸਾਮ੍ਹਣੇ ਆਪਣਾ ਪਹਿਲਾ ਜਨਤਕ ਭਾਸ਼ਣ ਦਿੱਤਾ। ਮੈਨੂੰ ਜਲਦੀ ਪਤਾ ਲੱਗ ਗਿਆ ਕਿ ਉਸ ਜ਼ਮਾਨੇ ਵਿਚ ਫ਼ਿਲਪੀਨ ਦੇ ਭੈਣ-ਭਰਾ ਮੰਨਦੇ ਸਨ ਕਿ ਜਨਤਕ ਭਾਸ਼ਣ ਬਾਹਰ ਕਿਸੇ ਜਨਤਕ ਥਾਂ ʼਤੇ ਹੀ ਦਿੱਤਾ ਜਾਣਾ ਚਾਹੀਦਾ ਸੀ। ਮੰਡਲੀਆਂ ਦੇ ਦੌਰੇ ਕਰਦਿਆਂ ਮੈਂ ਅਲੱਗ-ਅਲੱਗ ਜਨਤਕ ਥਾਵਾਂ ʼਤੇ ਭਾਸ਼ਣ ਦਿੰਦਾ ਸੀ, ਜਿਵੇਂ ਕਿ ਬਾਜ਼ਾਰਾਂ, ਨਗਰਪਾਲਿਕਾ ਦੇ ਹਾਲਾਂ ਸਾਮ੍ਹਣੇ, ਬਾਸਕਟਬਾਲ ਖੇਡਣ ਵਾਲੀ ਜਗ੍ਹਾ, ਪਾਰਕਾਂ ਅਤੇ ਕਈ ਵਾਰ ਸੜਕਾਂ ਦੇ ਕੋਨਿਆਂ ʼਤੇ। ਇਕ ਵਾਰ ਸਾਨ ਪਾਬਲੋ ਸ਼ਹਿਰ ਵਿਚ ਹੁੰਦਿਆਂ ਮੈਂ ਬਾਜ਼ਾਰ ਵਿਚ ਭਾਸ਼ਣ ਨਹੀਂ ਦੇ ਸਕਿਆ ਕਿਉਂਕਿ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ। ਸੋ ਮੈਂ ਮੰਡਲੀ ਦੇ ਜ਼ਿੰਮੇਵਾਰ ਭਰਾਵਾਂ ਨੂੰ ਸੁਝਾਅ ਦਿੱਤਾ ਕਿ ਕਿਉਂ ਨਾ ਕਿੰਗਡਮ ਹਾਲ ਵਿਚ ਭਾਸ਼ਣ ਦਿੱਤਾ ਜਾਵੇ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਬਾਅਦ ਵਿਚ ਭਰਾਵਾਂ ਨੇ ਮੈਨੂੰ ਕਿਹਾ ਕਿ ਇਹ ਜਨਤਕ ਭਾਸ਼ਣ ਨਹੀਂ ਸੀ ਕਿਉਂਕਿ ਇਹ ਕਿਸੇ ਜਨਤਕ ਥਾਂ ʼਤੇ ਨਹੀਂ ਦਿੱਤਾ ਗਿਆ ਸੀ।

ਮੈਂ ਮੰਡਲੀਆਂ ਦਾ ਦੌਰਾ ਕਰਦਿਆਂ ਹਮੇਸ਼ਾ ਭੈਣਾਂ-ਭਰਾਵਾਂ ਦੇ ਘਰ ਠਹਿਰਦਾ ਸੀ। ਚਾਹੇ ਘਰ ਛੋਟੇ ਸਨ, ਪਰ ਬਹੁਤ ਸਾਫ਼ ਹੁੰਦੇ ਸਨ। ਜ਼ਿਆਦਾਤਰ ਭੈਣਾਂ-ਭਰਾਵਾਂ ਦੇ ਘਰ ਮੰਜੇ ਨਹੀਂ ਸੀ ਹੁੰਦੇ, ਇਸ ਲਈ ਮੈਂ ਲੱਕੜੀ ਦੇ ਫ਼ਰਸ਼ ʼਤੇ ਚਟਾਈ ʼਤੇ ਸੌਂਦਾ ਸੀ। ਉਸ ਵੇਲੇ ਗੁਸਲਖ਼ਾਨੇ ਨਹੀਂ ਹੁੰਦੇ ਸਨ ਜਿਸ ਕਰਕੇ ਮੈਨੂੰ ਬਾਹਰ ਨਹਾਉਣਾ ਸਿੱਖਣਾ ਪਿਆ। ਮੈਂ ਜੀਪਨੀ (ਜੀਪ ਵਰਗੀ ਬੱਸ) ਅਤੇ ਬੱਸ ʼਤੇ ਸਫ਼ਰ ਕਰਦਾ ਸੀ। ਟਾਪੂਆਂ ʼਤੇ ਜਾਣ ਲਈ ਕਈ ਵਾਰ ਮੈਂ ਕਿਸ਼ਤੀ ਰਾਹੀਂ ਸਫ਼ਰ ਕਰਦਾ ਸੀ। ਮੈਨੂੰ ਯਹੋਵਾਹ ਦੀ ਸੇਵਾ ਕਰਦਿਆਂ ਇੰਨੇ ਸਾਲ ਹੋ ਗਏ ਹਨ, ਪਰ ਮੈਂ ਕਦੀ ਵੀ ਆਪਣੀ ਗੱਡੀ ਨਹੀਂ ਲਈ।

ਪ੍ਰਚਾਰ ਕਰ ਕੇ ਅਤੇ ਅਲੱਗ-ਅਲੱਗ ਮੰਡਲੀਆਂ ਵਿਚ ਜਾਣ ਕਰ ਕੇ ਮੈਂ ਟਾਗਾਲੋਗ ਭਾਸ਼ਾ ਸਿੱਖ ਸਕਿਆ। ਮੈਂ ਭਾਸ਼ਾ ਸਿੱਖਣ ਲਈ ਕੋਈ ਖ਼ਾਸ ਸਿਖਲਾਈ ਨਹੀਂ ਲਈ। ਜਦੋਂ ਮੈਂ ਭੈਣਾਂ-ਭਰਾਵਾਂ ਨਾਲ ਪ੍ਰਚਾਰ ʼਤੇ ਜਾਂਦਾ ਸੀ ਅਤੇ ਸਭਾਵਾਂ ਵਿਚ ਹੁੰਦਾ ਸੀ, ਤਾਂ ਮੈਂ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਸੀ। ਇੱਦਾਂ ਕਰਨ ਨਾਲ ਮੈਂ ਟਾਗਾਲੋਗ ਭਾਸ਼ਾ ਸਿੱਖ ਸਕਿਆ। ਟਾਗਾਲੋਗ ਭਾਸ਼ਾ ਸਿੱਖਣ ਵਿਚ ਭੈਣਾਂ-ਭਰਾਵਾਂ ਨੇ ਮੇਰੀ ਬਹੁਤ ਮਦਦ ਕੀਤੀ। ਮੈਂ ਉਨ੍ਹਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹ ਮੇਰੇ ਨਾਲ ਧੀਰਜ ਨਾਲ ਪੇਸ਼ ਆਉਂਦੇ ਸਨ ਅਤੇ ਮੇਰੀਆਂ ਗ਼ਲਤੀਆਂ ਸੁਧਾਰਦੇ ਸਨ।

ਸਮੇਂ ਦੇ ਬੀਤਣ ਨਾਲ ਮੈਨੂੰ ਹੋਰ ਜ਼ਿੰਮੇਵਾਰੀਆਂ ਮਿਲੀਆਂ ਅਤੇ ਇਨ੍ਹਾਂ ਕਰਕੇ ਮੈਨੂੰ ਆਪਣੇ ਵਿਚ ਹੋਰ ਬਦਲਾਅ ਕਰਨੇ ਪਏ। 1956 ਵਿਚ ਹੋਏ ਫ਼ਿਲਪੀਨ ਦੇ ਕੌਮਾਂਤਰੀ ਸੰਮੇਲਨ ʼਤੇ ਭਰਾ ਨੇਥਨ ਨੌਰ ਆਏ। ਮੈਨੂੰ ਅਧਿਕਾਰੀਆਂ, ਨਿਊਜ਼ ਮੀਡੀਆ ਵਗੈਰਾ ਨਾਲ ਸੰਪਰਕ ਕਰਨ ਦੀ ਜ਼ਿੰਮੇਵਾਰੀ ਮਿਲੀ। ਮੈਂ ਇਹ ਕੰਮ ਪਹਿਲਾਂ ਕਦੇ ਨਹੀਂ ਕੀਤਾ ਸੀ, ਪਰ ਦੂਜੇ ਭਰਾਵਾਂ ਨੇ ਮੇਰੀ ਮਦਦ ਕੀਤੀ। ਇਕ ਸਾਲ ਦੇ ਅੰਦਰ-ਅੰਦਰ ਇਕ ਹੋਰ ਕੌਮਾਂਤਰੀ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਅਤੇ ਵਰਲਡ ਹੈੱਡ-ਕੁਆਰਟਰ ਤੋਂ ਭਰਾ ਫਰੈਡਰਿਕ ਫ਼ਰਾਂਜ਼ ਆਏ। ਸੰਮੇਲਨ ਦੇ ਨਿਗਾਹਬਾਨ ਵਜੋਂ ਸੇਵਾ ਕਰਦਿਆਂ ਮੈਨੂੰ ਭਰਾ ਫ਼ਰਾਂਜ਼ ਦੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਉਹ ਦੂਜਿਆਂ ਦੇ ਹਾਲਾਤਾਂ ਮੁਤਾਬਕ ਢਲ਼ ਜਾਂਦੇ ਸਨ। ਉੱਥੇ ਦੇ ਭੈਣਾਂ-ਭਰਾਵਾਂ ਨੂੰ ਇਹ ਗੱਲ ਬਹੁਤ ਵਧੀਆ ਲੱਗੀ ਕਿ ਭਰਾ ਫ਼ਰਾਂਜ਼ ਨੇ ਫ਼ਿਲਪੀਨ ਦੇਸ਼ ਦੀ ਰਵਾਇਤੀ ਕਮੀਜ਼ (ਬਾਰੌਂਗ ਟਾਗਾਲੋਗ) ਪਾ ਕੇ ਜਨਤਕ ਭਾਸ਼ਣ ਦਿੱਤਾ।

ਜਦੋਂ ਮੈਨੂੰ ਡਿਸਟ੍ਰਿਕਟ ਓਵਰਸੀਅਰ ਦੀ ਜ਼ਿੰਮੇਵਾਰੀ ਮਿਲੀ, ਤਾਂ ਮੈਂ ਆਪਣੇ ਵਿਚ ਹੋਰ ਬਦਲਾਅ ਕੀਤੇ। ਉਸ ਵੇਲੇ ਅਸੀਂ ਜ਼ਿਆਦਾਤਰ ਨਵੀਂ ਦੁਨੀਆਂ ਵਿਚ ਖ਼ੁਸ਼ੀਆਂ ਨਾਂ ਦਾ ਵੀਡੀਓ ਜਨਤਕ ਥਾਵਾਂ ʼਤੇ ਦਿਖਾਉਂਦੇ ਸੀ। ਕਦੇ-ਕਦੇ ਕੀੜੇ-ਮਕੌੜੇ ਸਾਨੂੰ ਬਹੁਤ ਤੰਗ ਕਰਦੇ ਸਨ। ਉਹ ਵੀਡੀਓ ਦਿਖਾਉਣ ਵਾਲੇ ਪ੍ਰੋਜੈਕਟਰ ਦੀ ਰੋਸ਼ਨੀ ਵੱਲ ਖਿੱਚੇ ਆਉਂਦੇ ਸਨ ਅਤੇ ਪ੍ਰੋਜੈਕਟਰ ਵਿਚ ਫਸ ਜਾਂਦੇ ਸਨ। ਬਾਅਦ ਵਿਚ ਪ੍ਰੋਜੈਕਟਰ ਨੂੰ ਸਾਫ਼ ਕਰਨਾ ਬਹੁਤ ਔਖਾ ਹੁੰਦਾ ਸੀ। ਬਾਹਰ ਵੀਡੀਓ ਦਿਖਾਉਣ ਦਾ ਪ੍ਰਬੰਧ ਕਰਨਾ ਸੌਖਾ ਨਹੀਂ ਸੀ। ਪਰ ਸਾਨੂੰ ਉਦੋਂ ਬਹੁਤ ਵਧੀਆ ਲੱਗਦਾ ਸੀ, ਜਦੋਂ ਲੋਕ ਯਹੋਵਾਹ ਦੇ ਦੁਨੀਆਂ ਭਰ ਦੇ ਸੰਗਠਨ ਬਾਰੇ ਸਿੱਖ ਕੇ ਖ਼ੁਸ਼ ਹੁੰਦੇ ਸਨ।

ਕੈਥੋਲਿਕ ਚਰਚ ਦੇ ਪਾਦਰੀ ਅਧਿਕਾਰੀਆਂ ਉੱਤੇ ਜ਼ੋਰ ਪਾਉਂਦੇ ਸਨ ਕਿ ਉਹ ਸਾਨੂੰ ਸੰਮੇਲਨ ਕਰਨ ਦੀ ਇਜਾਜ਼ਤ ਨਾ ਦੇਣ। ਨਾਲੇ ਜਦੋਂ ਵੀ ਅਸੀਂ ਕਿਸੇ ਚਰਚ ਲਾਗੇ ਜਨਤਕ ਭਾਸ਼ਣ ਦਿੰਦੇ ਸੀ, ਤਾਂ ਉਹ ਆਪਣੇ ਚਰਚ ਦੀਆਂ ਘੰਟੀਆਂ ਵਜਾਉਣੀਆਂ ਸ਼ੁਰੂ ਕਰ ਦਿੰਦੇ ਸਨ ਤਾਂਕਿ ਦੂਜਿਆਂ ਨੂੰ ਸਾਡੀ ਆਵਾਜ਼ ਨਾ ਸੁਣੇ। ਫਿਰ ਵੀ ਤਰੱਕੀ ਹੁੰਦੀ ਗਈ ਅਤੇ ਅੱਜ ਉਨ੍ਹਾਂ ਚਰਚਾਂ ਦੇ ਲਾਗੇ-ਲਾਗੇ ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹ ਹਨ।

ਨਵੀਆਂ ਜ਼ਿੰਮੇਵਾਰੀਆਂ ਕਰਕੇ ਹੋਰ ਬਦਲਾਅ

1959 ਵਿਚ ਮੈਨੂੰ ਇਕ ਚਿੱਠੀ ਆਈ ਜਿਸ ਵਿਚ ਮੈਨੂੰ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਇੱਥੇ ਸੇਵਾ ਕਰ ਕੇ ਮੈਂ ਹੋਰ ਵੀ ਬਹੁਤ ਕੁਝ ਸਿੱਖਿਆ। ਬਾਅਦ ਵਿਚ ਮੈਨੂੰ ਹੋਰ ਦੇਸ਼ਾਂ ਦੇ ਸ਼ਾਖ਼ਾ ਦਫ਼ਤਰਾਂ ਦਾ ਦੌਰਾ (ਜ਼ੋਨ ਵਿਜ਼ਿਟ) ਕਰਨ ਲਈ ਕਿਹਾ ਗਿਆ। ਇਕ ਦੌਰੇ ਦੌਰਾਨ ਮੈਂ ਜੈੱਨਟ ਡੂਮੌਨਡ ਨੂੰ ਮਿਲਿਆ ਜੋ ਥਾਈਲੈਂਡ ਵਿਚ ਇਕ ਮਿਸ਼ਨਰੀ ਵਜੋਂ ਸੇਵਾ ਕਰ ਰਹੀ ਸੀ। ਅਸੀਂ ਕੁਝ ਚਿਰ ਇਕ-ਦੂਜੇ ਨੂੰ ਚਿੱਠੀਆਂ ਲਿਖਦੇ ਰਹੇ ਅਤੇ ਫਿਰ ਬਾਅਦ ਵਿਚ ਸਾਡਾ ਵਿਆਹ ਹੋ ਗਿਆ। ਸਾਨੂੰ ਹੁਣ ਇਕੱਠਿਆਂ ਯਹੋਵਾਹ ਦੀ ਸੇਵਾ ਕਰਦਿਆਂ 51 ਸਾਲ ਹੋ ਗਏ ਹਨ। ਇਹ ਸਾਲ ਬਹੁਤ ਹੀ ਖ਼ੁਸ਼ੀਆਂ ਭਰੇ ਰਹੇ ਹਨ।

ਡੈਨਟਨ ਅਤੇ ਜੈੱਨਟ ਹੌਪਕਿਨਸਨ ਫ਼ਿਲਪੀਨ ਦੇ ਇਕ ਟਾਪੂ ’ਤੇ

ਜੈੱਨਟ ਨਾਲ ਫ਼ਿਲਪੀਨ ਦੇ ਇਕ ਟਾਪੂ ʼਤੇ

ਇਹ ਮੇਰੇ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਹੈ ਕਿ ਮੈਂ 33 ਦੇਸ਼ਾਂ ਵਿਚ ਯਹੋਵਾਹ ਦੇ ਲੋਕਾਂ ਨੂੰ ਮਿਲਣ ਜਾ ਸਕਿਆ। ਸ਼ੁਰੂ ਤੋਂ ਹੀ ਜ਼ਿੰਮੇਵਾਰੀਆਂ ਸੰਭਾਲਦਿਆਂ ਜੋ ਵੀ ਮੈਂ ਸਿੱਖਿਆ, ਉਸ ਲਈ ਮੈਂ ਯਹੋਵਾਹ ਦਾ ਬਹੁਤ ਧੰਨਵਾਦੀ ਹਾਂ। ਇਸ ਸਿਖਲਾਈ ਕਰਕੇ ਮੈਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰ ਸਕਿਆ। ਅਲੱਗ-ਅਲੱਗ ਦੇਸ਼ਾਂ ਵਿਚ ਜਾਣ ਕਰਕੇ ਮੇਰਾ ਲੋਕਾਂ ਪ੍ਰਤੀ ਰਵੱਈਆ ਬਦਲਿਆ ਅਤੇ ਮੈਂ ਦੇਖਿਆ ਕਿ ਯਹੋਵਾਹ ਹਰ ਤਰ੍ਹਾਂ ਦੇ ਲੋਕਾਂ ਨੂੰ ਪਿਆਰ ਕਰਦਾ ਹੈ।—ਰਸੂ. 10:34, 35.

ਡੈਨਟਨ ਅਤੇ ਜੈੱਨਟ ਹੌਪਕਿਨਸਨ ਇਕ ਔਰਤ ਨੂੰ ਪ੍ਰਚਾਰ ਕਰਦਿਆਂ

ਅਸੀਂ ਬਾਕਾਇਦਾ ਪ੍ਰਚਾਰ ʼਤੇ ਜਾਂਦੇ ਹਾਂ

ਮੈਂ ਅਜੇ ਵੀ ਬਦਲਾਅ ਕਰ ਰਿਹਾ ਹਾਂ

ਫ਼ਿਲਪੀਨ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਸੇਵਾ ਕਰਦਿਆਂ ਮੈਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ! ਜਦੋਂ ਮੈਂ ਇੱਥੇ ਆ ਕੇ ਸੇਵਾ ਕਰਨੀ ਸ਼ੁਰੂ ਕੀਤੀ ਸੀ, ਉਦੋਂ ਤੋਂ ਲੈ ਕੇ ਅੱਜ ਤਕ ਭੈਣਾਂ-ਭਰਾਵਾਂ ਦੀ ਗਿਣਤੀ ਵਿਚ ਲਗਭਗ 10 ਗੁਣਾ ਵਾਧਾ ਹੋਇਆ ਹੈ। ਮੈਂ ਤੇ ਜੈੱਨਟ ਅਜੇ ਵੀ ਇਕੱਠੇ ਫ਼ਿਲਪੀਨ ਦੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰ ਰਹੇ ਹਾਂ ਜੋ ਕਜ਼ੌਨ ਸ਼ਹਿਰ ਵਿਚ ਹੈ। ਭਾਵੇਂ ਮੈਨੂੰ ਹੁਣ ਹੋਰ ਦੇਸ਼ ਵਿਚ ਸੇਵਾ ਕਰਦਿਆਂ 60 ਤੋਂ ਜ਼ਿਆਦਾ ਸਾਲ ਹੋ ਗਏ ਹਨ, ਪਰ ਮੈਨੂੰ ਅਜੇ ਵੀ ਯਹੋਵਾਹ ਦੀ ਮਰਜ਼ੀ ਮੁਤਾਬਕ ਆਪਣੇ ਵਿਚ ਬਦਲਾਅ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ। ਮਿਸਾਲ ਲਈ, ਹਾਲ ਹੀ ਵਿਚ ਸਾਡੇ ਸੰਗਠਨ ਨੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ, ਇਸ ਲਈ ਸਾਨੂੰ ਵੀ ਇਨ੍ਹਾਂ ਮੁਤਾਬਕ ਆਪਣੇ ਵਿਚ ਬਦਲਾਅ ਕਰਨ ਦੀ ਲੋੜ ਹੈ।

ਡੈਨਟਨ ਅਤੇ ਜੈੱਨਟ ਹੌਪਕਿਨਸਨ ਇਕ ਛੋਟੀ ਕੁੜੀ ਨਾਲ ਗੱਲ ਕਰਦਿਆਂ

ਪ੍ਰਚਾਰਕਾਂ ਦੀ ਗਿਣਤੀ ਵਿਚ ਵਾਧਾ ਹੋਣ ਕਰਕੇ ਸਾਨੂੰ ਖ਼ੁਸ਼ੀ ਮਿਲਦੀ ਹੈ

ਅਸੀਂ ਯਹੋਵਾਹ ਦਾ ਕਹਿਣਾ ਮੰਨਣ ਦੀ ਹਰ ਕੋਸ਼ਿਸ਼ ਕੀਤੀ ਹੈ। ਇੱਦਾਂ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੀ ਹੈ। ਅਸੀਂ ਆਪਣੇ ਵਿਚ ਬਦਲਾਅ ਕਰਨ ਦੇ ਨਾਲ-ਨਾਲ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਵੀ ਪੂਰੀ ਵਾਹ ਲਾਈ। ਜਦੋਂ ਤਕ ਯਹੋਵਾਹ ਦੀ ਮਰਜ਼ੀ ਹੈ, ਉਦੋਂ ਤਕ ਅਸੀਂ “ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ” ਦਾ ਪੱਕਾ ਇਰਾਦਾ ਕੀਤਾ ਹੋਇਆ ਹੈ।

ਡੈਨਟਨ ਅਤੇ ਜੈੱਨਟ ਹੌਪਕਿਨਸਨ ਇਕ ਛੋਟੀ ਕੁੜੀ ਨਾਲ ਗੱਲ ਕਰਦਿਆਂ

ਅਸੀਂ ਅਜੇ ਵੀ ਕਜ਼ੌਨ ਸ਼ਹਿਰ ਵਿਚ ਬੈਥਲ ਸੇਵਾ ਕਰ ਰਹੇ ਹਾਂ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ