ਅਪਾਰ ਕਿਰਪਾ ਰਾਹੀਂ ਤੁਹਾਨੂੰ ਆਜ਼ਾਦ ਕੀਤਾ ਗਿਆ
“ਤੁਸੀਂ . . . ਅਪਾਰ ਕਿਰਪਾ ਦੇ ਅਧੀਨ ਹੋ, ਇਸ ਲਈ, ਤੁਸੀਂ ਕਦੇ ਪਾਪ ਦੇ ਵੱਸ ਵਿਚ ਨਾ ਪਓ।”—ਰੋਮੀ. 6:14.
1, 2. ਰੋਮੀਆਂ 5:12 ਸਾਡੀ ਕਿਵੇਂ ਮਦਦ ਕਰਦਾ ਹੈ?
ਰੋਮੀਆਂ 5:12 ਕਹਿੰਦਾ ਹੈ: “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” ਅਸੀਂ ਇਸ ਆਇਤ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਬਾਈਬਲ ਬਾਰੇ ਸਿਖਾਉਂਦਿਆਂ ਅਕਸਰ ਇਸ ਨੂੰ ਵਰਤਦੇ ਹਾਂ।
2 ਇਸ ਆਇਤ ਨੂੰ ਬਹੁਤ ਵਾਰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿਚ ਵਰਤਿਆ ਗਿਆ ਹੈ। ਜਦੋਂ ਅਸੀਂ ਆਪਣੇ ਬੱਚਿਆਂ ਅਤੇ ਹੋਰਨਾਂ ਨਾਲ ਇਸ ਕਿਤਾਬ ਦੇ ਤੀਜੇ, ਪੰਜਵੇਂ ਅਤੇ ਛੇਵੇਂ ਅਧਿਆਇ ਦੀ ਸਟੱਡੀ ਕਰਦੇ ਹਾਂ, ਤਾਂ ਅਸੀਂ ਅਕਸਰ ਰੋਮੀਆਂ 5:12 ਪੜ੍ਹਦੇ ਹਾਂ। ਅਸੀਂ ਸ਼ਾਇਦ ਇਸ ਆਇਤ ਨੂੰ ਵਰਤ ਕੇ ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕਰੀਏ ਕਿ ਧਰਤੀ ਬਾਗ਼ ਵਰਗੀ ਕਿਉਂ ਨਹੀਂ ਹੈ, ਸਾਨੂੰ ਰਿਹਾਈ ਦੀ ਕੀਮਤ ਦੀ ਲੋੜ ਕਿਉਂ ਹੈ ਅਤੇ ਅਸੀਂ ਕਿਉਂ ਮਰਦੇ ਹਾਂ। ਪਰ ਇਹ ਆਇਤ ਸਾਡੀ ਸਾਰਿਆਂ ਦੀ ਵੀ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਹੋਰ ਜ਼ਿਆਦਾ ਕਦਰ ਕਰਨ ਵਿਚ ਮਦਦ ਕਰ ਸਕਦੀ ਹੈ। ਇਸ ਆਇਤ ਕਰਕੇ ਸਾਡਾ ਇਰਾਦਾ ਹੋਰ ਵੀ ਪੱਕਾ ਹੋ ਸਕਦਾ ਹੈ ਕਿ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰੀਏ ਅਤੇ ਉਸ ਦੇ ਵਾਅਦਿਆਂ ਉੱਤੇ ਭਰੋਸਾ ਰੱਖੀਏ।
3. ਸਾਨੂੰ ਆਪਣੇ ਬਾਰੇ ਕਿਹੜੀ ਗੱਲ ਯਾਦ ਰੱਖਣ ਦੀ ਲੋੜ ਹੈ?
3 ਅਫ਼ਸੋਸ ਦੀ ਗੱਲ ਹੈ ਕਿ ਅਸੀਂ ਸਾਰੇ ਪਾਪੀ ਹਾਂ। ਅਸੀਂ ਹਰ ਰੋਜ਼ ਗ਼ਲਤੀਆਂ ਕਰਦੇ ਹਾਂ। ਪਰ ਯਹੋਵਾਹ ਦਇਆ ਕਰਨ ਵਾਲਾ ਹੈ। ਉਹ ਜਾਣਦਾ ਹੈ ਕਿ ਅਸੀਂ ਪਾਪੀ ਹਾਂ ਅਤੇ ਉਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ। (ਜ਼ਬੂ. 103: 13, 14) ਯਿਸੂ ਨੇ ਸਾਨੂੰ ਕਿਹਾ ਸੀ ਕਿ ਸਾਨੂੰ ਪਰਮੇਸ਼ੁਰ ਤੋਂ ਆਪਣੇ ਪਾਪਾਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ। (ਲੂਕਾ 11:2-4) ਸੋ ਆਪਣੀਆਂ ਪਿਛਲੀਆਂ ਗ਼ਲਤੀਆਂ ਬਾਰੇ ਸੋਚਦੇ ਰਹਿਣ ਦਾ ਕੀ ਫ਼ਾਇਦਾ, ਜਦ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਹੀ ਦਿੱਤਾ ਹੈ? ਆਓ ਆਪਾਂ ਦੇਖੀਏ ਕਿ ਸਾਡੇ ਪਾਪੀ ਹੋਣ ਦੇ ਬਾਵਜੂਦ ਵੀ ਯਹੋਵਾਹ ਸਾਨੂੰ ਮਾਫ਼ ਕਰਨ ਲਈ ਕਿਉਂ ਤਿਆਰ ਹੈ।
ਅਪਾਰ ਕਿਰਪਾ ਰਾਹੀਂ ਮਾਫ਼ੀ
4, 5. (ੳ) ਕਿਹੜੀਆਂ ਗੱਲਾਂ ਸਾਡੀ ਰੋਮੀਆਂ 5:12 ਸਮਝਣ ਵਿਚ ਮਦਦ ਕਰਦੀਆਂ ਹਨ? (ਅ) “ਅਪਾਰ ਕਿਰਪਾ” ਦਾ ਕੀ ਮਤਲਬ ਹੈ?
4 ਰੋਮੀਆਂ ਦੀ ਕਿਤਾਬ, ਖ਼ਾਸ ਕਰਕੇ ਇਸ ਦਾ ਛੇਵਾਂ ਅਧਿਆਇ, ਸਾਡੀ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਸਾਡੇ ਪਾਪੀ ਹੋਣ ਦੇ ਬਾਵਜੂਦ ਵੀ ਯਹੋਵਾਹ ਸਾਨੂੰ ਮਾਫ਼ ਕਰਨ ਲਈ ਕਿਉਂ ਤਿਆਰ ਹੈ। ਰੋਮੀਆਂ ਦਾ ਤੀਜਾ ਅਧਿਆਇ ਕਹਿੰਦਾ ਹੈ ਕਿ “ਸਾਰਿਆਂ ਨੇ ਪਾਪ ਕੀਤਾ ਹੈ . . . , ਪਰ ਪਰਮੇਸ਼ੁਰ ਅਪਾਰ ਕਿਰਪਾ ਕਰ ਕੇ ਉਨ੍ਹਾਂ ਨੂੰ ਯਿਸੂ ਮਸੀਹ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਧਰਮੀ ਠਹਿਰਾਉਂਦਾ ਹੈ। ਇਹੀ ਵਰਦਾਨ ਹੈ ਜੋ ਪਰਮੇਸ਼ੁਰ ਉਨ੍ਹਾਂ ਨੂੰ ਦਿੰਦਾ ਹੈ।” (ਰੋਮੀ. 3:23, 24) ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਅਪਾਰ ਕਿਰਪਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਕਿ ਕਿਸੇ ʼਤੇ ਕਿਰਪਾ ਕਰਨੀ, ਪਰ ਬਦਲੇ ਵਿਚ ਕਿਸੇ ਚੀਜ਼ ਦੀ ਆਸ ਨਾ ਰੱਖਣੀ। ਇਸ ਨੂੰ ਨਾ ਤਾਂ ਖ਼ਰੀਦਿਆ ਜਾ ਸਕਦਾ ਹੈ ਤੇ ਨਾ ਹੀ ਕੋਈ ਇਸ ਦੇ ਲਾਇਕ ਹੈ।
5 ਇਕ ਵਿਦਵਾਨ ਨੇ ਸਮਝਾਇਆ ਕਿ ਜਦੋਂ ਬਾਈਬਲ ਵਿਚ ਪਰਮੇਸ਼ੁਰ ਜਾਂ ਮਸੀਹ ਦੀ ਅਪਾਰ ਕਿਰਪਾ ਬਾਰੇ ਗੱਲ ਕੀਤੀ ਜਾਂਦੀ ਹੈ, ਤਾਂ ਇਹ ਅਕਸਰ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਉਨ੍ਹਾਂ ਨੇ ਮਨੁੱਖਜਾਤੀ ਨੂੰ ਪਾਪ ਤੇ ਮੌਤ ਤੋਂ ਬਚਾਉਣ ਲਈ ਕੀ ਕੀਤਾ। ਇਸ ਲਈ ਪਵਿੱਤਰ ਬਾਈਬਲ—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ) ਵਿਚ ਉਸ ਯੂਨਾਨੀ ਸ਼ਬਦ ਦਾ ਅਨੁਵਾਦ “ਅਪਾਰ ਕਿਰਪਾ” ਕੀਤਾ ਗਿਆ ਹੈ। ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਨੇ ਸਾਡੇ ਉੱਤੇ ਅਪਾਰ ਕਿਰਪਾ ਕਿਵੇਂ ਕੀਤੀ ਅਤੇ ਇਸ ਦਾ ਅੱਜ ਸਾਨੂੰ ਕੀ ਫ਼ਾਇਦਾ ਹੁੰਦਾ ਹੈ। ਨਾਲੇ ਇਸ ਤੋਂ ਸਾਨੂੰ ਭਵਿੱਖ ਲਈ ਕੀ ਉਮੀਦ ਮਿਲਦੀ ਹੈ।
6. ਪਰਮੇਸ਼ੁਰ ਦੀ ਅਪਾਰ ਕਿਰਪਾ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੋ ਸਕਦਾ ਹੈ?
6 ਆਦਮ ਰਾਹੀਂ ‘ਪਾਪ ਅਤੇ ਮੌਤ ਦੁਨੀਆਂ ਵਿਚ ਆਈ।’ ਇਸ ਲਈ “ਇਕ ਆਦਮੀ ਦੇ ਗੁਨਾਹ ਕਰਕੇ ਮੌਤ ਨੇ ਉਸ ਰਾਹੀਂ ਰਾਜੇ ਵਜੋਂ ਰਾਜ ਕੀਤਾ।” ਪੌਲੁਸ ਨੇ ਅੱਗੇ ਕਿਹਾ ਕਿ ਪਰਮੇਸ਼ੁਰ ਨੇ “ਇਕ ਹੋਰ ਆਦਮੀ, ਯਿਸੂ ਮਸੀਹ ਰਾਹੀਂ” ਸਾਡੇ ਉੱਤੇ “ਬੇਹਿਸਾਬ ਅਪਾਰ ਕਿਰਪਾ” ਕੀਤੀ। (ਰੋਮੀ. 5:12, 15, 17) ਇਸ ਅਪਾਰ ਕਿਰਪਾ ਕਰਕੇ ਮਨੁੱਖਜਾਤੀ ਦਾ ਭਲਾ ਹੋਇਆ ਹੈ। “ਇਕ ਹੋਰ ਆਦਮੀ [ਯਿਸੂ] ਦੀ ਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਵੇਗਾ।” ਇਸ ਲਈ ਪਰਮੇਸ਼ੁਰ ਦੀ ਅਪਾਰ ਕਿਰਪਾ ਕਰਕੇ “ਯਿਸੂ ਮਸੀਹ ਰਾਹੀਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ” ਮਿਲ ਸਕਦੀ ਹੈ।—ਰੋਮੀ. 5:19, 21.
7. ਰਿਹਾਈ ਦੀ ਕੀਮਤ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਸਬੂਤ ਕਿਵੇਂ ਹੈ?
7 ਜ਼ਰਾ ਇਸ ਗੱਲ ਬਾਰੇ ਸੋਚੋ: ਕਿਸੇ ਨੇ ਯਹੋਵਾਹ ਨੂੰ ਮਜਬੂਰ ਨਹੀਂ ਕੀਤਾ ਸੀ ਕਿ ਉਹ ਆਪਣੇ ਪੁੱਤਰ ਦੀ ਕੁਰਬਾਨੀ ਦੇਵੇ। ਪਰ ਉਸ ਨੇ ਖ਼ੁਦ ਸਾਨੂੰ ਪਾਪ ਅਤੇ ਮੌਤ ਤੋਂ ਬਚਾਉਣ ਦਾ ਪ੍ਰਬੰਧ ਕਰ ਕੇ ਸਾਡੇ ਉੱਤੇ ਬੇਹਿਸਾਬ ਕਿਰਪਾ ਕੀਤੀ। ਕੋਈ ਵੀ ਇਨਸਾਨ ਪਰਮੇਸ਼ੁਰ ਅਤੇ ਯਿਸੂ ਦੀ ਅਪਾਰ ਕਿਰਪਾ ਦੇ ਲਾਇਕ ਨਹੀਂ ਹੈ। ਅਸੀਂ ਯਹੋਵਾਹ ਤੇ ਯਿਸੂ ਦੇ ਕਿੰਨੇ ਵੱਡੇ ਕਰਜ਼ਦਾਰ ਹਾਂ ਕਿ ਉਨ੍ਹਾਂ ਨੇ ਸਾਡੇ ਲਈ ਮਾਫ਼ੀ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਪ੍ਰਬੰਧ ਕੀਤਾ! ਆਓ ਆਪਾਂ ਆਪਣੇ ਜੀਉਣ ਦੇ ਢੰਗ ਤੋਂ ਦਿਖਾਈਏ ਕਿ ਅਸੀਂ ਪਰਮੇਸ਼ੁਰ ਦੀ ਅਪਾਰ ਕਿਰਪਾ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ!
ਪਰਮੇਸ਼ੁਰ ਦੀ ਅਪਾਰ ਕਿਰਪਾ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ
8. ਸਾਨੂੰ ਕਿਸ ਤਰ੍ਹਾਂ ਦੀ ਸੋਚ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ?
8 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਸਾਡੇ ਪਾਪਾਂ ਨੂੰ ਮਾਫ਼ ਕਰਨ ਲਈ ਤਿਆਰ ਹੈ, ਇੱਥੋਂ ਤਕ ਕਿ ਗੰਭੀਰ ਪਾਪਾਂ ਨੂੰ ਵੀ। ਪਰ ਸਾਨੂੰ ਕਦੇ ਵੀ ਯਹੋਵਾਹ ਦੀ ਅਪਾਰ ਕਿਰਪਾ ਨੂੰ ਗ਼ਲਤ ਕੰਮ ਕਰਨ ਦਾ ਬਹਾਨਾ ਨਹੀਂ ਬਣਾਉਣਾ ਚਾਹੀਦਾ। ਨਾਲੇ ਨਾ ਹੀ ਗ਼ਲਤੀ ਕਰ ਕੇ ਇਹ ਸੋਚਣਾ ਚਾਹੀਦਾ ਕਿ ‘ਕੋਈ ਨਹੀਂ, ਯਹੋਵਾਹ ਨੇ ਮਾਫ਼ ਕਰ ਹੀ ਦੇਣਾ।’ ਪਹਿਲੀ ਸਦੀ ਵਿਚ ਰਸੂਲਾਂ ਦੇ ਜੀਉਂਦੇ ਜੀ ਕੁਝ ਅਜਿਹੇ ਮਸੀਹੀ ਸਨ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਗ਼ਲਤ ਸੋਚ ਸੀ। (ਯਹੂਦਾਹ 4 ਪੜ੍ਹੋ।) ਸਾਨੂੰ ਵੀ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਗ਼ਲਤ ਸੋਚ ਕਿਤੇ ਸਾਡੇ ਮਨ ਵਿਚ ਪੁੰਗਰ ਨਾ ਜਾਵੇ ਜਾਂ ਕੋਈ ਹੋਰ ਸਾਡੇ ਮਨ ਵਿਚ ਇੱਦਾਂ ਦੇ ਖ਼ਿਆਲ ਨਾ ਪਾ ਦੇਵੇ।
9, 10. ਪੌਲੁਸ ਅਤੇ ਹੋਰ ਮਸੀਹੀਆਂ ਨੂੰ ਪਾਪ ਅਤੇ ਮੌਤ ਤੋਂ ਕਿਵੇਂ ਆਜ਼ਾਦ ਕਰਾਇਆ ਗਿਆ?
9 ਪਹਿਲੀ ਸਦੀ ਦੇ ਕੁਝ ਮਸੀਹੀ ਸੋਚਦੇ ਸਨ ਕਿ ਲਗਾਤਾਰ ਗ਼ਲਤੀਆਂ ਕਰਨ ਦੇ ਬਾਵਜੂਦ ਵੀ ਪਰਮੇਸ਼ੁਰ ਉਨ੍ਹਾਂ ਨੂੰ ਮਾਫ਼ ਕਰ ਦੇਵੇਗਾ। ਪਰ ਪੌਲੁਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਇੱਦਾਂ ਦੀ ਸੋਚ ਰੱਖਣੀ ਗ਼ਲਤ ਸੀ। ਨਾਲੇ ਉਸ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਸੋਚ ਆਪਣੇ ਮਨ ਵਿੱਚੋਂ ਕੱਢਣ ਕਿਉਂਕਿ ਉਨ੍ਹਾਂ ਨੇ “ਆਪਣੀ ਪਾਪੀ ਜ਼ਿੰਦਗੀ ਨੂੰ ਖ਼ਤਮ ਕਰ ਦਿੱਤਾ ਹੈ।” (ਰੋਮੀਆਂ 6:1, 2 ਪੜ੍ਹੋ।) ਇੱਥੇ ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ?
10 ਪਰਮੇਸ਼ੁਰ ਨੇ ਰਿਹਾਈ ਦੀ ਕੀਮਤ ਰਾਹੀਂ ਪਹਿਲੀ ਸਦੀ ਵਿਚ ਪੌਲੁਸ ਅਤੇ ਹੋਰ ਮਸੀਹੀਆਂ ਦੇ ਪਾਪ ਮਾਫ਼ ਕੀਤੇ ਸਨ। ਯਹੋਵਾਹ ਨੇ ਇਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣ ਕੇ ਆਪਣੇ ਪੁੱਤਰਾਂ ਵਜੋਂ ਕਬੂਲ ਕੀਤਾ। ਜੇ ਉਹ ਵਫ਼ਾਦਾਰ ਰਹਿੰਦੇ, ਤਾਂ ਉਨ੍ਹਾਂ ਨੇ ਮਸੀਹ ਨਾਲ ਸਵਰਗ ਵਿਚ ਰਾਜ ਕਰਨਾ ਸੀ। ਪਰ ਉਹ ਤਾਂ ਅਜੇ ਧਰਤੀ ʼਤੇ ਹੀ ਸਨ, ਤਾਂ ਉਨ੍ਹਾਂ ਨੇ ਕਿਸ ਮਾਅਨੇ ਵਿਚ “ਆਪਣੀ ਪਾਪੀ ਜ਼ਿੰਦਗੀ ਨੂੰ ਖ਼ਤਮ” ਕਰ ਦਿੱਤਾ ਸੀ? ਪੌਲੁਸ ਨੇ ਯਿਸੂ ਦੀ ਮਿਸਾਲ ਦੇ ਕੇ ਸਮਝਾਇਆ ਕਿ ਮਰਨ ਤੋਂ ਬਾਅਦ ਯਿਸੂ ਨੂੰ ਸਵਰਗ ਵਿਚ ਅਮਰ ਜ਼ਿੰਦਗੀ ਮਿਲੀ। ਇਸ ਲਈ “ਮੌਤ ਦਾ ਹੁਣ ਉਸ ਉੱਤੇ ਕੋਈ ਵੱਸ ਨਹੀਂ।” ਇਸੇ ਤਰ੍ਹਾਂ ਪੌਲੁਸ ਸਮਝਾ ਰਿਹਾ ਸੀ ਕਿ ਮਾਨੋ ਮਸੀਹੀ ਇਕ ਤਰੀਕੇ ਨਾਲ ਮਰ ਗਏ ਸਨ। ਉਨ੍ਹਾਂ ਨੇ ਹੁਣ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕੀਤੀ ਅਤੇ ਉਹ ਆਪਣੀਆਂ ਪਾਪੀ ਇੱਛਾਵਾਂ ਦੇ ਗ਼ੁਲਾਮ ਨਹੀਂ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਹਰ ਕੋਸ਼ਿਸ਼ ਕੀਤੀ। ਉਹ ਹੁਣ ‘ਪਾਪ ਦੇ ਮਾਮਲੇ ਵਿਚ ਮਰੇ ਹੋਏ ਸਨ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀਉਂਦੇ ਸਨ ਕਿਉਂਕਿ ਉਹ ਮਸੀਹ ਯਿਸੂ ਦੇ ਚੇਲੇ ਸਨ।’—ਰੋਮੀ. 6:9, 11.
11. ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਨੇ ਕਿਵੇਂ “ਆਪਣੀ ਪਾਪੀ ਜ਼ਿੰਦਗੀ ਨੂੰ ਖ਼ਤਮ ਕਰ ਦਿੱਤਾ ਹੈ”?
11 ਪਰ ਅੱਜ ਸਾਰੇ ਮਸੀਹੀਆਂ ਬਾਰੇ ਕੀ? ਅਸੀਂ ਕਿਵੇਂ “ਆਪਣੀ ਪਾਪੀ ਜ਼ਿੰਦਗੀ ਨੂੰ ਖ਼ਤਮ” ਕਰ ਦਿੱਤਾ ਹੈ? ਮਸੀਹੀ ਬਣਨ ਤੋਂ ਪਹਿਲਾਂ ਅਸੀਂ ਬਹੁਤ ਸਾਰੀਆਂ ਗ਼ਲਤੀਆਂ ਕਰਦੇ ਸੀ। ਪਰ ਸ਼ਾਇਦ ਸਾਨੂੰ ਅਹਿਸਾਸ ਨਹੀਂ ਸੀ ਕਿ ਯਹੋਵਾਹ ਸਾਡੇ ਕੰਮਾਂ ਬਾਰੇ ਕੀ ਸੋਚਦਾ ਸੀ। ਅਸੀਂ “ਅਸ਼ੁੱਧਤਾ ਅਤੇ ਬੁਰਾਈ ਦੇ ਗ਼ੁਲਾਮ” ਯਾਨੀ “ਪਾਪ ਦੇ ਗ਼ੁਲਾਮ” ਸੀ। (ਰੋਮੀ. 6:19, 20) ਪਰ ਜਦੋਂ ਅਸੀਂ ਸੱਚਾਈ ਸਿੱਖੀ, ਤਾਂ ਅਸੀਂ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕੀਤੀਆਂ ਅਤੇ ਪਰਮੇਸ਼ੁਰ ਨੂੰ ਸਮਰਪਣ ਕਰ ਕੇ ਬਪਤਿਸਮਾ ਲਿਆ। ਉਦੋਂ ਤੋਂ ਸਾਡੀ ਦਿਲੀ ਤਮੰਨਾ ਹੈ ਕਿ ਅਸੀਂ ਯਹੋਵਾਹ ਦੇ ਕਹਿਣੇ ਵਿਚ ਰਹੀਏ ਅਤੇ ਉਹੀ ਕੰਮ ਕਰੀਏ ਜਿਨ੍ਹਾਂ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ। ਸਾਨੂੰ “ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਕਰਾ ਲਿਆ ਗਿਆ” ਅਤੇ ਅਸੀਂ “ਧਾਰਮਿਕਤਾ ਦੇ ਗ਼ੁਲਾਮ ਬਣ ਗਏ।”—ਰੋਮੀ. 6:17, 18.
12. ਸਾਰਿਆਂ ਨੂੰ ਕਿਹੜਾ ਫ਼ੈਸਲਾ ਕਰਨਾ ਪੈਂਦਾ ਹੈ?
12 ਪਰ ਪੌਲੁਸ ਦੀ ਸਲਾਹ ਵੱਲ ਧਿਆਨ ਦਿਓ: “ਤੁਸੀਂ ਆਪਣੇ ਸਰੀਰਾਂ ਵਿਚ ਪਾਪ ਨੂੰ ਰਾਜੇ ਵਜੋਂ ਰਾਜ ਨਾ ਕਰਨ ਦਿਓ ਕਿ ਤੁਸੀਂ ਆਪਣੇ ਸਰੀਰਾਂ ਦੇ ਗ਼ੁਲਾਮ ਬਣ ਕੇ ਇਨ੍ਹਾਂ ਦੀਆਂ ਇੱਛਾਵਾਂ ਅਨੁਸਾਰ ਚੱਲੋ।” (ਰੋਮੀ. 6:12) ਅਸੀਂ ਜਾਂ ਤਾਂ ਆਪਣੀਆਂ ਪਾਪੀ ਇੱਛਾਵਾਂ ਦੇ ਗ਼ੁਲਾਮ ਬਣ ਸਕਦੇ ਹਾਂ ਜਾਂ ਅਸੀਂ ਇਨ੍ਹਾਂ ʼਤੇ ਕਾਬੂ ਪਾ ਸਕਦੇ ਹਾਂ। ਫ਼ੈਸਲਾ ਸਾਡੇ ਹੱਥ ਹੈ। ਸੋ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਆਪਣੀਆਂ ਗ਼ਲਤ ਇੱਛਾਵਾਂ ਨੂੰ ਇੰਨਾ ਵਧਣ ਦਿੰਦਾ ਹਾਂ ਕਿ ਉਹ ਮੇਰੇ ਉੱਤੇ ਹਾਵੀ ਹੋ ਜਾਂਦੀਆਂ ਹਨ? ਜਾਂ ਕੀ ਮੈਂ ਇਨ੍ਹਾਂ ਨੂੰ ਆਪਣੇ ਮਨ ਵਿੱਚੋਂ ਫ਼ੌਰਨ ਕੱਢ ਦਿੰਦਾ ਹਾਂ?’ ਜੇ ਅਸੀਂ ਸੱਚ-ਮੁੱਚ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਕਦਰ ਕਰਦੇ ਹਾਂ, ਤਾਂ ਅਸੀਂ ਉਸ ਨੂੰ ਖ਼ੁਸ਼ ਕਰਨ ਲਈ ਪੂਰਾ ਜ਼ੋਰ ਲਾਵਾਂਗੇ।
ਪਾਪ ਦੀ ਲੜਾਈ ʼਤੇ ਫਤਹਿ
13. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਸਹੀ ਕੰਮ ਕਰ ਸਕਦੇ ਹਾਂ?
13 ਪਹਿਲੀ ਸਦੀ ਵਿਚ ਕੁਰਿੰਥੁਸ ਸ਼ਹਿਰ ਦੇ ਕੁਝ ਲੋਕ ਚੋਰ, ਸਮਲਿੰਗੀ, ਹਰਾਮਕਾਰ, ਮੂਰਤੀ-ਪੂਜਕ ਅਤੇ ਸ਼ਰਾਬੀ ਸਨ। ਪਰ ਯਹੋਵਾਹ ਬਾਰੇ ਸਿੱਖ ਕੇ ਅਤੇ ਉਸ ਨਾਲ ਇਕ ਪਿਆਰ ਭਰਿਆ ਰਿਸ਼ਤਾ ਜੋੜ ਕੇ ਉਨ੍ਹਾਂ ਨੇ ਆਪਣੇ ਵਿਚ ਬਦਲਾਅ ਕੀਤੇ। ਉਹ ਆਪਣੇ ਪੁਰਾਣੇ ਕੰਮਾਂ ਤੋਂ ਸ਼ਰਮਿੰਦੇ ਸਨ। (ਰੋਮੀ. 6:21; 1 ਕੁਰਿੰ. 6:9-11) ਰੋਮ ਦੇ ਮਸੀਹੀਆਂ ਨੂੰ ਵੀ ਇੱਦਾਂ ਦੇ ਬਦਲਾਅ ਕਰਨ ਦੀ ਲੋੜ ਸੀ। ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਸਰੀਰ ਦੇ ਅੰਗਾਂ ਨੂੰ ਪਾਪ ਦੇ ਹਵਾਲੇ ਨਾ ਕਰੋ ਕਿ ਇਹ ਬੁਰਾਈ ਕਰਨ ਦਾ ਜ਼ਰੀਆ ਬਣ ਜਾਣ, ਸਗੋਂ ਜੀਉਂਦੇ ਕੀਤੇ ਗਏ ਇਨਸਾਨਾਂ ਵਜੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਹਵਾਲੇ ਕਰੋ, ਨਾਲੇ ਆਪਣੇ ਸਰੀਰ ਦੇ ਅੰਗਾਂ ਨੂੰ ਪਰਮੇਸ਼ੁਰ ਦੇ ਹਵਾਲੇ ਕਰੋ ਤਾਂਕਿ ਇਹ ਸਹੀ ਕੰਮ ਕਰਨ ਦਾ ਜ਼ਰੀਆ ਬਣ ਜਾਣ।” (ਰੋਮੀ. 6:13) ਪੌਲੁਸ ਨੂੰ ਪੂਰਾ ਭਰੋਸਾ ਸੀ ਕਿ ਉਹ ਸਹੀ ਕੰਮ ਕਰ ਸਕਦੇ ਸਨ ਅਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਤੋਂ ਫ਼ਾਇਦਾ ਲੈਂਦੇ ਰਹਿ ਸਕਦੇ ਸਨ।
14, 15. ਸਾਨੂੰ ਆਪਣੇ ਆਪ ਤੋਂ ਕੀ ਪੁੱਛਣਾ ਚਾਹੀਦਾ ਹੈ?
14 ਅੱਜ ਵੀ ਕੁਝ ਅਜਿਹੇ ਮਸੀਹੀ ਹਨ ਜੋ ਸੱਚਾਈ ਵਿਚ ਆਉਣ ਤੋਂ ਪਹਿਲਾਂ ਸ਼ਾਇਦ ਕੁਰਿੰਥੁਸ ਦੇ ਲੋਕਾਂ ਵਾਂਗ ਸਨ। ਪਰ ਯਹੋਵਾਹ ਬਾਰੇ ਜਾਣਨ ਤੋਂ ਬਾਅਦ ਉਹ ਬਦਲ ਗਏ ਅਤੇ “ਸ਼ੁੱਧ” ਕੀਤੇ ਗਏ। ਯਹੋਵਾਹ ਨੂੰ ਖ਼ੁਸ਼ ਕਰਨ ਲਈ ਅਸੀਂ ਸਾਰਿਆਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਬਦਲਾਅ ਕੀਤੇ ਹਨ। ਅੱਜ ਵੀ ਅਸੀਂ ਯਹੋਵਾਹ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰੀ ਦਿਖਾਉਣੀ ਚਾਹੁੰਦੇ ਹਾਂ। ਇਸ ਲਈ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਦੇ ਰਹਿਣ ਅਤੇ ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਕੰਮ ਕਰਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ।
15 ਹਾਂ, ਇਹ ਤਾਂ ਸੱਚ ਹੈ ਕਿ ਸਾਨੂੰ ਉਨ੍ਹਾਂ ਗੰਭੀਰ ਪਾਪਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਕੁਰਿੰਥੁਸ ਦੇ ਮਸੀਹੀ ਸੱਚਾਈ ਵਿਚ ਆਉਣ ਤੋਂ ਪਹਿਲਾਂ ਕਰਦੇ ਸਨ। ਅਸੀਂ ਇਹ ਸੋਚ ਰੱਖ ਕੇ ਪਾਪ ਨਹੀਂ ਕਰਦੇ ਰਹਿ ਸਕਦੇ ਕਿ ਯਹੋਵਾਹ ਸਾਡੇ ਉੱਤੇ ਅਪਾਰ ਕਿਰਪਾ ਕਰ ਕੇ ਸਾਨੂੰ ਮਾਫ਼ ਕਰ ਦੇਵੇਗਾ। ਪਰ ਉਨ੍ਹਾਂ ਪਾਪਾਂ ਬਾਰੇ ਕੀ ਜਿਨ੍ਹਾਂ ਨੂੰ ਕੁਝ ਲੋਕ ਸ਼ਾਇਦ ਛੋਟੇ-ਮੋਟੇ ਸਮਝਦੇ ਹਨ? ਕੀ ਅਸੀਂ ਹਰ ਕੰਮ ਵਿਚ ਯਹੋਵਾਹ ਦਾ ਕਹਿਣਾ ਮੰਨਦੇ ਹਾਂ?—ਰੋਮੀ. 6:14, 17.
16. ਸਾਨੂੰ ਕਿਵੇਂ ਪਤਾ ਹੈ ਕਿ ਸਾਨੂੰ ਉਨ੍ਹਾਂ ਪਾਪਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਦਾ ਜ਼ਿਕਰ 1 ਕੁਰਿੰਥੀਆਂ 6:9-11 ਵਿਚ ਨਹੀਂ ਕੀਤਾ ਗਿਆ?
16 ਪੌਲੁਸ ਰਸੂਲ ਬਾਰੇ ਸੋਚੋ। ਉਸ ਨੇ ਲਿਖਿਆ: “ਮੈਂ ਹੱਡ-ਮਾਸ ਦਾ ਇਨਸਾਨ ਹਾਂ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ। ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰਦਾ ਹਾਂ। ਕਿਉਂਕਿ ਜੋ ਕੰਮ ਮੈਂ ਕਰਨੇ ਚਾਹੁੰਦਾ ਹਾਂ, ਉਹ ਕੰਮ ਮੈਂ ਨਹੀਂ ਕਰਦਾ; ਪਰ ਜਿਨ੍ਹਾਂ ਕੰਮਾਂ ਨਾਲ ਮੈਂ ਨਫ਼ਰਤ ਕਰਦਾ ਹਾਂ, ਉਹੀ ਕੰਮ ਮੈਂ ਕਰਦਾ ਹਾਂ।” (ਰੋਮੀ. 7:14, 15) ਚਾਹੇ ਪੌਲੁਸ 1 ਕੁਰਿੰਥੀਆਂ 6:9-11 ਵਿਚ ਜ਼ਿਕਰ ਕੀਤੇ ਗਏ ਪਾਪ ਨਹੀਂ ਕਰ ਰਿਹਾ ਸੀ, ਫਿਰ ਵੀ ਉਸ ਨੇ ਕਿਹਾ ਕਿ ਉਹ ਪਾਪੀ ਸੀ। ਉਹ ਕੁਝ ਗ਼ਲਤ ਕੰਮਾਂ ਨਾਲ ਲੜ ਰਿਹਾ ਸੀ ਕਿਉਂਕਿ ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। (ਰੋਮੀਆਂ 7:21-23 ਪੜ੍ਹੋ।) ਆਓ ਆਪਾਂ ਪੌਲੁਸ ਦੀ ਰੀਸ ਕਰੀਏ ਅਤੇ ਯਹੋਵਾਹ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰੀਏ।
17. ਤੁਸੀਂ ਈਮਾਨਦਾਰ ਕਿਉਂ ਬਣਨਾ ਚਾਹੁੰਦੇ ਹੋ?
17 ਮਿਸਾਲ ਲਈ, ਅਸੀਂ ਜਾਣਦੇ ਹਾਂ ਕਿ ਯਹੋਵਾਹ ਦੀ ਸੇਵਾ ਕਰਨ ਲਈ ਈਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ। (ਕਹਾਉਤਾਂ 14:5; ਅਫ਼ਸੀਆਂ 4:25 ਪੜ੍ਹੋ।) ਅਸੀਂ ਸ਼ੈਤਾਨ ਵਾਂਗ ਨਹੀਂ ਬਣਨਾ ਚਾਹੁੰਦੇ ਜੋ “ਝੂਠ ਦਾ ਪਿਉ” ਹੈ। ਸਾਨੂੰ ਯਾਦ ਹੈ ਕਿ ਹਨਾਨਿਆ ਅਤੇ ਉਸ ਦੀ ਪਤਨੀ ਦੀ ਮੌਤ ਝੂਠ ਬੋਲਣ ਕਰਕੇ ਹੀ ਹੋਈ ਸੀ। ਇਸ ਲਈ ਅਸੀਂ ਝੂਠ ਨਹੀਂ ਬੋਲਦੇ। (ਯੂਹੰ. 8:44; ਰਸੂ. 5:1-11) ਪਰ ਈਮਾਨਦਾਰ ਹੋਣ ਦਾ ਸਿਰਫ਼ ਇਹੀ ਮਤਲਬ ਨਹੀਂ ਕਿ ਅਸੀਂ ਝੂਠ ਨਹੀਂ ਬੋਲਦੇ। ਜੇ ਅਸੀਂ ਸੱਚ-ਮੁੱਚ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਕਦਰ ਕਰਦੇ ਹਾਂ, ਤਾਂ ਅਸੀਂ ਹੋਰ ਗੱਲਾਂ ਵਿਚ ਵੀ ਈਮਾਨਦਾਰ ਰਹਾਂਗੇ।
18, 19. ਈਮਾਨਦਾਰ ਹੋਣ ਦਾ ਕੀ ਮਤਲਬ ਹੈ?
18 ਇਕ ਇਨਸਾਨ ਬਿਨਾਂ ਝੂਠ ਬੋਲੇ ਵੀ ਬੇਈਮਾਨ ਹੋ ਸਕਦਾ ਹੈ। ਮਿਸਾਲ ਲਈ, ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਤੁਸਾਂ ਚੋਰੀ ਨਾ ਕਰਨੀ, ਨਾ ਛਲ ਖੇਡਣਾ, ਨਾ ਆਪਸ ਵਿੱਚ ਝੂਠ ਬੋਲਨਾਂ।” ਯਹੋਵਾਹ ਨੇ ਇਹ ਮੰਗ ਕਿਉਂ ਰੱਖੀ? ਯਹੋਵਾਹ ਨੇ ਕਿਹਾ: “ਤੁਸੀਂ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਪਵਿੱਤ੍ਰ ਹਾਂ।” (ਲੇਵੀ. 19:2, 11) ਭਾਵੇਂ ਅਸੀਂ ਕਿਸੇ ਨਾਲ ਝੂਠ ਨਹੀਂ ਬੋਲਦੇ, ਪਰ ਜਦੋਂ ਅਸੀਂ ਉਸ ਨੂੰ ਅਜਿਹੀ ਗੱਲ ਦਾ ਯਕੀਨ ਕਰਾਉਂਦੇ ਹਾਂ ਜੋ ਸੱਚ ਨਹੀਂ ਹੈ, ਤਾਂ ਇਹ ਬੇਈਮਾਨੀ ਹੈ।
ਕੀ ਅਸੀਂ ਝੂਠ ਨਾ ਬੋਲਣ ਅਤੇ ਛਲ ਨਾ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ? (ਪੈਰਾ 19 ਦੇਖੋ)
19 ਮਿਸਾਲ ਲਈ, ਇਕ ਆਦਮੀ ਆਪਣੇ ਮਾਲਕ ਜਾਂ ਨਾਲ ਕੰਮ ਕਰਨ ਵਾਲਿਆਂ ਨੂੰ ਦੱਸਦਾ ਹੈ ਕਿ ਉਸ ਨੇ ਅੱਜ ਕੰਮ ਤੋਂ ਜਲਦੀ ਚਲੇ ਜਾਣਾ ਹੈ ਕਿਉਂਕਿ ਉਸ ਨੇ ਡਾਕਟਰ ਨੂੰ ਮਿਲਣਾ ਹੈ। ਪਰ ਉਸ ਦੇ ਜਲਦੀ ਜਾਣ ਦਾ ਕੋਈ ਹੋਰ ਕਾਰਨ ਹੈ। ਉਸ ਨੇ ਘੁੰਮਣ-ਫਿਰਨ ਜਾਣਾ ਹੈ ਜਿਸ ਕਰਕੇ ਉਹ ਕੰਮ ਤੋਂ ਛੇਤੀ ਜਾਣਾ ਚਾਹੁੰਦਾ ਹੈ। ਉਸ ਦੇ ਡਾਕਟਰ ਕੋਲ ਜਾਣ ਦਾ ਮਤਲਬ ਸਿਰਫ਼ ਦੁਕਾਨ ਤੋਂ ਦਵਾਈ ਲੈਣੀ ਹੈ ਜਾਂ ਹਸਪਤਾਲ ਦਾ ਕੋਈ ਬਿਲ ਭਰਨਾ ਹੈ। ਕੀ ਉਹ ਈਮਾਨਦਾਰ ਹੈ ਜਾਂ ਬੇਈਮਾਨ? ਉਸ ਨੇ ਲੋਕਾਂ ਨੂੰ ਅਜਿਹੀ ਗੱਲ ʼਤੇ ਯਕੀਨ ਕਰਾਇਆ ਜੋ ਸੱਚ ਨਹੀਂ ਹੈ। ਕਦੀ-ਕਦੀ ਲੋਕ ਆਪਣਾ ਕੰਮ ਕਰਾਉਣ ਜਾਂ ਸਜ਼ਾ ਤੋਂ ਬਚਣ ਲਈ ਝੂਠ ਬੋਲਦੇ ਹਨ। ਪਰ ਅਸੀਂ ਯਹੋਵਾਹ ਦਾ ਹੁਕਮ ਮੰਨਦੇ ਹਾਂ ਜਿਸ ਨੇ ਕਿਹਾ: ‘ਤੁਸਾਂ ਛਲ ਨਾ ਖੇਡਣਾ।’ ਅਸੀਂ ਉਹ ਕੰਮ ਕਰਨੇ ਚਾਹੁੰਦੇ ਹਾਂ ਜੋ ਸਹੀ ਅਤੇ ਪਵਿੱਤਰ ਹਨ।—ਰੋਮੀ. 6:19.
20, 21. ਜੇ ਅਸੀਂ ਪਰਮੇਸ਼ੁਰ ਦੀ ਕਿਰਪਾ ਲਈ ਵਾਕਈ ਸ਼ੁਕਰਗੁਜ਼ਾਰ ਹਾਂ, ਤਾਂ ਸਾਨੂੰ ਹੋਰ ਕਿਹੜੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ?
20 ਇਹ ਸੱਚ ਹੈ ਕਿ ਅਸੀਂ ਹਰਾਮਕਾਰੀ, ਸ਼ਰਾਬੀਪੁਣੇ ਅਤੇ ਹੋਰ ਗੰਭੀਰ ਪਾਪਾਂ ਤੋਂ ਦੂਰ ਰਹਿੰਦੇ ਹਾਂ। ਪਰ ਇਸ ਤੋਂ ਵੀ ਵੱਧ, ਅਸੀਂ ਉਨ੍ਹਾਂ ਸਾਰੇ ਕੰਮਾਂ ਤੋਂ ਵੀ ਦੂਰ ਰਹਿਣਾ ਚਾਹੁੰਦੇ ਹਾਂ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ। ਮਿਸਾਲ ਲਈ, ਅਸੀਂ ਨਾ ਸਿਰਫ਼ ਅਨੈਤਿਕ ਕੰਮਾਂ ਤੋਂ ਦੂਰ ਰਹਿੰਦੇ ਹਾਂ, ਸਗੋਂ ਹਰ ਤਰ੍ਹਾਂ ਦੇ ਗੰਦੇ ਮਨੋਰੰਜਨ ਤੋਂ ਵੀ ਦੂਰ ਰਹਿੰਦੇ ਹਾਂ। ਨਾਲੇ ਇਹ ਤਾਂ ਸਾਫ਼ ਹੈ ਕਿ ਅਸੀਂ ਸ਼ਰਾਬੀ ਨਹੀਂ ਹੁੰਦੇ, ਪਰ ਅਸੀਂ ਸ਼ਰਾਬੀ ਹੋਣ ਤੋਂ ਪਹਿਲਾਂ ਹੀ ਪੀਣੀ ਬੰਦ ਕਰ ਦਿੰਦੇ ਹਾਂ। ਸਾਨੂੰ ਸ਼ਾਇਦ ਇਸ ਤਰ੍ਹਾਂ ਦੇ ਫੰਦਿਆਂ ਤੋਂ ਬਚਣ ਲਈ ਬਹੁਤ ਜ਼ੋਰ ਲਾਉਣਾ ਪਵੇ, ਪਰ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ।
21 ਅਸੀਂ ਪੌਲੁਸ ਦੀ ਇਸ ਸਲਾਹ ʼਤੇ ਚੱਲਣ ਦਾ ਪੱਕਾ ਇਰਾਦਾ ਕੀਤਾ ਹੈ: “ਤੁਸੀਂ ਆਪਣੇ ਸਰੀਰਾਂ ਵਿਚ ਪਾਪ ਨੂੰ ਰਾਜੇ ਵਜੋਂ ਰਾਜ ਨਾ ਕਰਨ ਦਿਓ ਕਿ ਤੁਸੀਂ ਆਪਣੇ ਸਰੀਰਾਂ ਦੇ ਗ਼ੁਲਾਮ ਬਣ ਕੇ ਇਨ੍ਹਾਂ ਦੀਆਂ ਇੱਛਾਵਾਂ ਅਨੁਸਾਰ ਚੱਲੋ।” (ਰੋਮੀ. 6:12; 7:18-20) ਇਹ ਸੱਚ ਹੈ ਕਿ ਅਸੀਂ ਸਾਰੇ ਪਾਪਾਂ ਤੋਂ ਨਹੀਂ ਬਚ ਸਕਦੇ। ਪਰ ਜਦੋਂ ਅਸੀਂ ਹਰ ਤਰ੍ਹਾਂ ਦੇ ਪਾਪ ਖ਼ਿਲਾਫ਼ ਲੜਦੇ ਹਾਂ, ਤਾਂ ਅਸੀਂ ਪਰਮੇਸ਼ੁਰ ਅਤੇ ਮਸੀਹ ਵੱਲੋਂ ਦਿਖਾਈ ਗਈ ਅਪਾਰ ਕਿਰਪਾ ਲਈ ਵਾਕਈ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ।
22. ਜੇ ਅਸੀਂ ਪਰਮੇਸ਼ੁਰ ਦੀ ਅਪਾਰ ਕਿਰਪਾ ਲਈ ਵਾਕਈ ਸ਼ੁਕਰਗੁਜ਼ਾਰ ਹਾਂ, ਤਾਂ ਅਸੀਂ ਕਿਸ ਇਨਾਮ ਦੀ ਉਮੀਦ ਰੱਖ ਸਕਦੇ ਹਾਂ?
22 ਯਹੋਵਾਹ ਨੇ ਸਾਡੇ ਪਾਪ ਮਾਫ਼ ਕੀਤੇ ਹਨ ਅਤੇ ਲਗਾਤਾਰ ਮਾਫ਼ ਕਰਦਾ ਰਹਿ ਸਕਦਾ ਹੈ। ਅਸੀਂ ਪਰਮੇਸ਼ੁਰ ਦੀ ਅਪਾਰ ਕਿਰਪਾ ਲਈ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ! ਇਸ ਲਈ ਆਓ ਆਪਾਂ ਉਨ੍ਹਾਂ ਕੰਮਾਂ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰੀਏ ਜਿਨ੍ਹਾਂ ਨੂੰ ਪਰਮੇਸ਼ੁਰ ਗ਼ਲਤ ਕਹਿੰਦਾ ਹੈ, ਭਾਵੇਂ ਕਿ ਦੂਜਿਆਂ ਦੀਆਂ ਨਜ਼ਰਾਂ ਵਿਚ ਉਹ ਕੰਮ ਗ਼ਲਤ ਨਹੀਂ ਹਨ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਕਿਸ ਇਨਾਮ ਦੀ ਉਮੀਦ ਰੱਖ ਸਕਦੇ ਹਾਂ? ਪੌਲੁਸ ਨੇ ਕਿਹਾ: “ਹੁਣ ਤੁਹਾਨੂੰ ਪਾਪ ਤੋਂ ਆਜ਼ਾਦ ਕਰਾ ਲਿਆ ਗਿਆ ਹੈ ਅਤੇ ਪਰਮੇਸ਼ੁਰ ਦੇ ਗ਼ੁਲਾਮ ਬਣਨ ਕਰਕੇ ਤੁਸੀਂ ਜੋ ਫਲ ਪਾਉਂਦੇ ਹੋ, ਉਹ ਹੈ ਤੁਹਾਡੀ ਪਵਿੱਤਰ ਜ਼ਿੰਦਗੀ ਅਤੇ ਅਖ਼ੀਰ ਵਿਚ ਹਮੇਸ਼ਾ ਦੀ ਜ਼ਿੰਦਗੀ।”—ਰੋਮੀ. 6:22.