ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w22 ਜੂਨ ਸਫ਼ੇ 26-28
  • ‘ਦਇਆ ਦੇ ਕਾਨੂੰਨ’ ਮੁਤਾਬਕ ਚੱਲਦੇ ਰਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਦਇਆ ਦੇ ਕਾਨੂੰਨ’ ਮੁਤਾਬਕ ਚੱਲਦੇ ਰਹੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਦਇਆ ਦਾ ਕਾਨੂੰਨ” ਤੁਹਾਡੀ ਬੋਲੀ ਵਿਚ ਹੋਵੇ
  • ਭਲੇ ਕੰਮਾਂ ਦਾ ਦੂਜਿਆਂ ʼਤੇ ਚੰਗਾ ਅਸਰ
  • ਪਰਮੇਸ਼ੁਰ ਵਾਂਗ ਦੂਜਿਆਂ ਨਾਲ ਦਇਆ ਨਾਲ ਪੇਸ਼ ਆਓ
  • ਸਾਨੂੰ ਕਿਨ੍ਹਾਂ ਨਾਲ ਦਇਆ ਨਾਲ ਪੇਸ਼ ਆਉਣਾ ਚਾਹੀਦਾ ਹੈ?
  • ਬੇਰਹਿਮ ਦੁਨੀਆਂ ਵਿਚ ਦਿਆਲੂ ਬਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਦਇਆ—ਕਹਿਣੀ ਅਤੇ ਕਰਨੀ ਰਾਹੀਂ ਦਿਖਾਇਆ ਜਾਣ ਵਾਲਾ ਗੁਣ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਪਰਮੇਸ਼ੁਰ ਦੇ ਲੋਕਾਂ ਨੂੰ ਦਿਆਲੂ ਬਣਨਾ ਚਾਹੀਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਪਰਮੇਸ਼ੁਰ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰੀ ਦਿਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
w22 ਜੂਨ ਸਫ਼ੇ 26-28
ਤਸਵੀਰਾਂ: 1. ਇਕ ਜਵਾਨ ਭਰਾ ਇਕ ਬਜ਼ੁਰਗ ਭਰਾ ਲਈ ਖਾਣ-ਪੀਣ ਦੀਆਂ ਚੀਜ਼ਾਂ ਲੈ ਕੇ ਆਇਆ ਹੈ। 2. ਇਕ ਜੋੜਾ ਇਕ ਪਰਿਵਾਰ ਦੀ ਘਰ ਬਦਲਣ ਵੇਲੇ ਸਾਮਾਨ ਪੈਕ ਕਰਨ ਵਿਚ ਮਦਦ ਕਰਦਾ ਹੋਇਆ। 3. ਇਕ ਜੋੜਾ ਇਕ ਬਜ਼ੁਰਗ ਭੈਣ ਦੇ ਘਰ ਅੱਗੋਂ ਪੱਤੇ ਇਕੱਠੇ ਕਰਦਾ ਹੋਇਆ।

‘ਦਇਆ ਦੇ ਕਾਨੂੰਨ’ ਮੁਤਾਬਕ ਚੱਲਦੇ ਰਹੋ

ਲੀਸਾa ਦੱਸਦੀ ਹੈ ਕਿ ਉਸ ਨੇ ਕਿਹੜੀ ਗੱਲ ਕਰਕੇ ਸੱਚਾਈ ਸਿੱਖਣੀ ਸ਼ੁਰੂ ਕੀਤੀ। ਉਹ ਕਹਿੰਦੀ ਹੈ: “ਭੈਣਾਂ-ਭਰਾਵਾਂ ਦੇ ਪਿਆਰ ਤੇ ਦਇਆ ਦਾ ਮੇਰੇ ʼਤੇ ਸਭ ਤੋਂ ਜ਼ਿਆਦਾ ਅਸਰ ਪਿਆ।” ਐਨ ਨਾਲ ਵੀ ਬਿਲਕੁਲ ਇਸੇ ਤਰ੍ਹਾਂ ਹੋਇਆ। ਉਹ ਮੰਨਦੀ ਹੈ: “ਸ਼ੁਰੂ-ਸ਼ੁਰੂ ਵਿਚ ਮੈਂ ਬਾਈਬਲ ਦੀਆਂ ਗੱਲਾਂ ਕਰਕੇ ਨਹੀਂ, ਸਗੋਂ ਗਵਾਹਾਂ ਦੇ ਪਿਆਰ ਕਰਕੇ ਸੱਚਾਈ ਵੱਲ ਖਿੱਚੀ ਆਈ।” ਚਾਹੇ ਹੁਣ ਇਨ੍ਹਾਂ ਦੋਵਾਂ ਭੈਣਾਂ ਨੂੰ ਬਾਈਬਲ ਪੜ੍ਹ ਕੇ ਅਤੇ ਇਸ ʼਤੇ ਸੋਚ-ਵਿਚਾਰ ਕਰ ਕੇ ਖ਼ੁਸ਼ੀ ਹੁੰਦੀ ਹੈ, ਪਰ ਭੈਣਾਂ-ਭਰਾਵਾਂ ਦੇ ਪਿਆਰ ਦਾ ਇਨ੍ਹਾਂ ʼਤੇ ਜ਼ਬਰਦਸਤ ਅਸਰ ਪਿਆ ਸੀ।

ਦੂਜਿਆਂ ਦੇ ਦਿਲਾਂ ਨੂੰ ਛੂਹਣ ਲਈ ਅਸੀਂ ਦਇਆ ਨਾਲ ਕਿਵੇਂ ਪੇਸ਼ ਆ ਸਕਦੇ ਹਾਂ? ਆਪਣੀ ਬੋਲੀ ਅਤੇ ਕੰਮਾਂ ਰਾਹੀਂ। ਆਓ ਆਪਾਂ ਦੇਖੀਏ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ ਅਤੇ ਸਾਨੂੰ ਕਿਨ੍ਹਾਂ ਨਾਲ ਦਇਆ ਨਾਲ ਪੇਸ਼ ਆਉਣਾ ਚਾਹੀਦਾ ਹੈ।

“ਦਇਆ ਦਾ ਕਾਨੂੰਨ” ਤੁਹਾਡੀ ਬੋਲੀ ਵਿਚ ਹੋਵੇ

ਕਹਾਉਤਾਂ ਅਧਿਆਇ 31 ਵਿਚ ਦੱਸੀ ਗੁਣਵਾਨ ਪਤਨੀ ਆਪਣੀ ਬੋਲੀ ਵਿਚ “ਦਇਆ ਦਾ ਕਾਨੂੰਨ” ਰੱਖਦੀ ਹੈ। (ਕਹਾ. 31:26) ਇਸ “ਕਾਨੂੰਨ” ਕਰਕੇ ਉਹ ਧਿਆਨ ਰੱਖਦੀ ਹੈ ਕਿ ਉਹ ਕਿਸ ਲਹਿਜੇ ਵਿਚ ਗੱਲ ਕਰਦੀ ਹੈ ਅਤੇ ਕਿਹੜੇ ਸ਼ਬਦ ਵਰਤਦੀ ਹੈ। ਨਾ ਸਿਰਫ਼ ਮਾਂ ਨੂੰ, ਸਗੋਂ ਪਿਤਾ ਨੂੰ ਵੀ ਇਸ “ਕਾਨੂੰਨ” ਨੂੰ ਮੰਨਣਾ ਚਾਹੀਦਾ ਹੈ। ਬਹੁਤ ਸਾਰੇ ਮਾਪਿਆਂ ਨੂੰ ਪਤਾ ਹੈ ਕਿ ਜੇ ਉਹ ਆਪਣੇ ਬੱਚਿਆਂ ਨਾਲ ਰੁੱਖੇ ਤਰੀਕੇ ਨਾਲ ਗੱਲ ਕਰਨਗੇ, ਤਾਂ ਇਸ ਦਾ ਉਨ੍ਹਾਂ ਦੇ ਬੱਚਿਆਂ ʼਤੇ ਬੁਰਾ ਅਸਰ ਪੈ ਸਕਦਾ ਹੈ ਅਤੇ ਉਹ ਉਨ੍ਹਾਂ ਦੀ ਗੱਲ ਨਹੀਂ ਸੁਣਨਗੇ। ਇਸ ਲਈ ਜੇ ਮਾਪੇ ਚਾਹੁੰਦੇ ਹਨ ਕਿ ਬੱਚੇ ਉਨ੍ਹਾਂ ਦੀ ਗੱਲ ਸੁਣਨ, ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ।

ਚਾਹੇ ਤੁਹਾਡੇ ਬੱਚੇ ਹਨ ਜਾਂ ਨਹੀਂ, ਫਿਰ ਵੀ ਤੁਸੀਂ ‘ਦਇਆ ਦੇ ਕਾਨੂੰਨ’ ਉੱਤੇ ਚੱਲਣਾ ਕਿਵੇਂ ਸਿੱਖ ਸਕਦੇ ਹੋ? ਇਸ ਦਾ ਜਵਾਬ ਕਹਾਉਤਾਂ 31:26 ਤੋਂ ਮਿਲਦਾ ਹੈ ਜਿਸ ਵਿਚ ਲਿਖਿਆ ਹੈ: “ਉਹ ਬੁੱਧ ਨਾਲ ਮੂੰਹ ਖੋਲ੍ਹਦੀ ਹੈ।” ਇਸ ਦਾ ਮਤਲਬ ਹੈ ਕਿ ਸਾਨੂੰ ਬੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕਹਾਂਗੇ ਅਤੇ ਕਿਸ ਲਹਿਜੇ ਵਿਚ ਕਹਾਂਗੇ। ਸਾਨੂੰ ਆਪਣੇ ਆਪ ਨੂੰ ਅਕਸਰ ਇਹ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਜੋ ਵੀ ਕਹਿਣ ਜਾ ਰਿਹਾ ਹਾਂ, ਉਸ ਨਾਲ ਸਾਮ੍ਹਣੇ ਵਾਲੇ ਦਾ ਗੁੱਸਾ ਭੜਕੇਗਾ ਜਾਂ ਉਹ ਸ਼ਾਂਤ ਹੋ ਜਾਵੇਗਾ?’ (ਕਹਾ. 15:1) ਜੀ ਹਾਂ, ਬੋਲਣ ਤੋਂ ਪਹਿਲਾਂ ਸੋਚਣਾ ਸਮਝਦਾਰੀ ਦੀ ਗੱਲ ਹੈ।

ਕਹਾਉਤਾਂ ਦੀ ਕਿਤਾਬ ਦੀ ਇਕ ਹੋਰ ਆਇਤ ਵਿਚ ਲਿਖਿਆ ਹੈ: “ਬਿਨਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਵਿੰਨ੍ਹਦੀਆਂ ਹਨ।” (ਕਹਾ. 12:18) ਜਦੋਂ ਅਸੀਂ ਇਸ ਗੱਲ ʼਤੇ ਧਿਆਨ ਦਿੰਦੇ ਹਾਂ ਕਿ ਸਾਡੇ ਸ਼ਬਦਾਂ ਦਾ ਜਾਂ ਸਾਡੇ ਗੱਲ ਕਰਨ ਦੇ ਤਰੀਕੇ ਦਾ ਦੂਜਿਆਂ ʼਤੇ ਕੀ ਅਸਰ ਪੈਂਦਾ ਹੈ, ਤਾਂ ਅਸੀਂ ਆਪਣੀ ਜ਼ਬਾਨ ʼਤੇ ਕਾਬੂ ਰੱਖ ਪਾਉਂਦੇ ਹਾਂ। ਜੀ ਹਾਂ, “ਦਇਆ ਦਾ ਕਾਨੂੰਨ” ਲਾਗੂ ਕਰਨ ਨਾਲ ਅਸੀਂ ਨਾ ਤਾਂ ਕੌੜੇ ਸ਼ਬਦ ਬੋਲਦੇ ਹਾਂ ਅਤੇ ਨਾ ਹੀ ਰੁੱਖੇ ਤਰੀਕੇ ਨਾਲ ਗੱਲ ਕਰਦੇ ਹਾਂ। (ਅਫ਼. 4:31, 32) ਇਸ ਕਾਨੂੰਨ ਕਰਕੇ ਅਸੀਂ ਗ਼ਲਤ ਸੋਚਣ ਅਤੇ ਬੋਲਣ ਦੀ ਬਜਾਇ ਪਿਆਰ ਨਾਲ ਤੇ ਸਹੀ ਤਰੀਕੇ ਨਾਲ ਗੱਲ ਕਰਦੇ ਹਾਂ। ਇਸ ਬਾਰੇ ਅਸੀਂ ਯਹੋਵਾਹ ਤੋਂ ਸਿੱਖ ਸਕਦੇ ਹਾਂ। ਜਦੋਂ ਉਸ ਦਾ ਸੇਵਕ ਏਲੀਯਾਹ ਬਹੁਤ ਡਰਿਆ ਹੋਇਆ ਸੀ, ਤਾਂ ਉਸ ਨੇ ਆਪਣਾ ਇਕ ਦੂਤ ਭੇਜ ਕੇ ਉਸ ਨੂੰ ਹੌਸਲਾ ਦਿੱਤਾ। ਬਾਈਬਲ ਵਿਚ ਲਿਖਿਆ ਹੈ ਕਿ ਉਸ ਨੇ ਏਲੀਯਾਹ ਨਾਲ “ਧੀਮੀ ਤੇ ਨਰਮ ਆਵਾਜ਼” ਨਾਲ ਗੱਲ ਕੀਤੀ। (1 ਰਾਜ. 19:12) ਪਰ ਪਿਆਰ ਨਾਲ ਗੱਲ ਕਰਨ ਦੇ ਨਾਲ-ਨਾਲ ਸਾਨੂੰ ਦੂਜਿਆਂ ਦਾ ਭਲਾ ਵੀ ਕਰਨਾ ਚਾਹੀਦਾ ਹੈ। ਆਓ ਦੇਖੀਏ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ।

ਭਲੇ ਕੰਮਾਂ ਦਾ ਦੂਜਿਆਂ ʼਤੇ ਚੰਗਾ ਅਸਰ

ਯਹੋਵਾਹ ਦੀ ਰੀਸ ਕਰ ਕੇ ਅਸੀਂ ਸਿਰਫ਼ ਪਿਆਰ ਨਾਲ ਗੱਲ ਹੀ ਨਹੀਂ ਕਰਦੇ, ਸਗੋਂ ਭਲੇ ਕੰਮ ਵੀ ਕਰਦੇ ਹਾਂ। (ਅਫ਼. 4:32; 5:1, 2) ਲੀਸਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਦੱਸਦੀ ਹੈ ਕਿ ਗਵਾਹਾਂ ਨੇ ਕਿਵੇਂ ਉਸ ਦੀ ਮਦਦ ਕੀਤੀ। ਉਹ ਕਹਿੰਦੀ ਹੈ: “ਜਦੋਂ ਸਾਡੇ ਪਰਿਵਾਰ ਨੂੰ ਇਕ ਦਮ ਘਰ ਖਾਲੀ ਕਰਨੀ ਲਈ ਕਿਹਾ ਗਿਆ, ਤਾਂ ਦੋ ਗਵਾਹ ਜੋੜਿਆਂ ਨੇ ਆਪਣੇ ਕੰਮ ਤੋਂ ਛੁੱਟੀ ਲੈ ਕੇ ਸਾਮਾਨ ਪੈਕ ਕਰਨ ਵਿਚ ਸਾਡੀ ਮਦਦ ਕੀਤੀ। ਉਸ ਵੇਲੇ ਤਾਂ ਮੈਂ ਬਾਈਬਲ ਸਟੱਡੀ ਵੀ ਨਹੀਂ ਕਰਦੀ ਸੀ!” ਉਨ੍ਹਾਂ ਦੀ ਦਇਆ ਅਤੇ ਭਲਾਈ ਕਰਕੇ ਹੀ ਉਸ ਨੇ ਪੂਰੇ ਦਿਲੋਂ ਸੱਚਾਈ ਬਾਰੇ ਸਿੱਖਣਾ ਸ਼ੁਰੂ ਕੀਤਾ।

ਐਨ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਵੀ ਗਵਾਹਾਂ ਦੇ ਪਿਆਰ ਤੇ ਪਰਵਾਹ ਲਈ ਬਹੁਤ ਸ਼ੁਕਰਗੁਜ਼ਾਰ ਹੈ। ਉਹ ਦੱਸਦੀ ਹੈ: “ਦੁਨੀਆਂ ਦੇ ਲੋਕਾਂ ਦੇ ਰਵੱਈਏ ਕਰਕੇ ਮੈਂ ਬਹੁਤ ਜ਼ਿਆਦਾ ਸ਼ੱਕੀ ਹੋ ਗਈ ਸੀ। ਮੈਨੂੰ ਲੋਕਾਂ ʼਤੇ ਭਰੋਸਾ ਕਰਨਾ ਔਖਾ ਲੱਗਦਾ ਸੀ। ਜਦੋਂ ਮੈਂ ਗਵਾਹਾਂ ਨੂੰ ਮਿਲੀ, ਤਾਂ ਮੈਨੂੰ ਉਨ੍ਹਾਂ ਦੇ ਇਰਾਦਿਆਂ ʼਤੇ ਵੀ ਸ਼ੱਕ ਹੁੰਦਾ ਸੀ। ਮੈਂ ਸੋਚਦੀ ਸੀ, ‘ਇਹ ਲੋਕ ਮੇਰੇ ਵਿਚ ਇੰਨੀ ਜ਼ਿਆਦਾ ਦਿਲਚਸਪੀ ਕਿਉਂ ਲੈਂਦੇ ਹਨ?’ ਪਰ ਮੈਨੂੰ ਬਾਈਬਲ ਸਟੱਡੀ ਕਰਾਉਣ ਵਾਲੀ ਭੈਣ ਮੇਰੀ ਦਿਲੋਂ ਪਰਵਾਹ ਕਰਦੀ ਸੀ ਜਿਸ ਕਰਕੇ ਮੈਂ ਉਸ ʼਤੇ ਭਰੋਸਾ ਕਰਨ ਲੱਗ ਪਈ।” ਇਸ ਦਾ ਕੀ ਚੰਗਾ ਨਤੀਜਾ ਨਿਕਲਿਆ? ਉਹ ਦੱਸਦੀ ਹੈ: “ਜੋ ਗੱਲਾਂ ਮੈਂ ਸਿੱਖ ਰਹੀ ਸੀ, ਉਨ੍ਹਾਂ ʼਤੇ ਮੈਂ ਜ਼ਿਆਦਾ ਧਿਆਨ ਦੇਣ ਲੱਗ ਪਈ।”

ਜ਼ਰਾ ਧਿਆਨ ਦਿਓ ਕਿ ਗਵਾਹਾਂ ਦੇ ਪਿਆਰ ਅਤੇ ਭਲੇ ਕੰਮਾਂ ਦਾ ਲੀਸਾ ਅਤੇ ਐਨ ʼਤੇ ਚੰਗਾ ਅਸਰ ਪਿਆ। ਇਸ ਕਰਕੇ ਉਹ ਸੱਚਾਈ ਸਿੱਖਣ ਲੱਗ ਪਈਆਂ ਅਤੇ ਉਹ ਯਹੋਵਾਹ ਤੇ ਉਸ ਦੇ ਲੋਕਾਂ ʼਤੇ ਭਰੋਸਾ ਕਰਨ ਲੱਗ ਪਈਆਂ।

ਪਰਮੇਸ਼ੁਰ ਵਾਂਗ ਦੂਜਿਆਂ ਨਾਲ ਦਇਆ ਨਾਲ ਪੇਸ਼ ਆਓ

ਕੁਝ ਲੋਕ ਆਪਣੇ ਪਾਲਣ-ਪੋਸ਼ਣ ਜਾਂ ਸਭਿਆਚਾਰ ਕਰਕੇ ਦੂਜਿਆਂ ਨਾਲ ਹੱਸ ਕੇ ਅਤੇ ਪਿਆਰ ਨਾਲ ਗੱਲ ਕਰਦੇ ਹਨ। ਜਾਂ ਕਈਆਂ ਦਾ ਸੁਭਾਅ ਹੀ ਇੱਦਾਂ ਦਾ ਹੁੰਦਾ ਹੈ। ਇਹ ਵਧੀਆ ਗੱਲ ਹੈ, ਪਰ ਪਰਮੇਸ਼ੁਰ ਵਾਂਗ ਦਇਆ ਨਾਲ ਪੇਸ਼ ਆਉਣ ਲਈ ਇੰਨਾ ਹੀ ਕਾਫ਼ੀ ਨਹੀਂ ਹੈ।​—ਰਸੂ. 28:2 ਵਿਚ ਨੁਕਤਾ ਦੇਖੋ।

ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਦਇਆ ਦਾ ਗੁਣ ਪੈਦਾ ਕੀਤਾ ਜਾ ਸਕਦਾ ਹੈ। (ਗਲਾ. 5:22, 23) ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਸੋਚਾਂ ਅਤੇ ਕੰਮਾਂ ʼਤੇ ਪਵਿੱਤਰ ਸ਼ਕਤੀ ਨੂੰ ਅਸਰ ਕਰਨ ਦੇਈਏ। ਇੱਦਾਂ ਕਰ ਕੇ ਅਸੀਂ ਯਹੋਵਾਹ ਤੇ ਯਿਸੂ ਵਾਂਗ ਦਇਆ ਨਾਲ ਪੇਸ਼ ਆ ਸਕਦੇ ਹਾਂ। ਨਾਲੇ ਮਸੀਹੀ ਹੋਣ ਕਰਕੇ ਅਸੀਂ ਦੂਜਿਆਂ ਵਿਚ ਦਿਲੋਂ ਦਿਲਚਸਪੀ ਲੈਂਦੇ ਹਾਂ। ਇਸ ਲਈ ਅਸੀਂ ਯਹੋਵਾਹ ਅਤੇ ਲੋਕਾਂ ਨਾਲ ਪਿਆਰ ਹੋਣ ਕਰਕੇ ਦਇਆ ਨਾਲ ਪੇਸ਼ ਆਉਂਦੇ ਹਾਂ। ਇੱਦਾਂ ਕਰ ਕੇ ਅਸੀਂ ਦਿਲੋਂ ਦੂਜਿਆਂ ਦਾ ਭਲਾ ਕਰਦੇ ਹਾਂ ਤੇ ਪਿਆਰ ਨਾਲ ਪੇਸ਼ ਆਉਂਦੇ ਹਾਂ ਜਿਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੁੰਦੀ ਹੈ।

ਸਾਨੂੰ ਕਿਨ੍ਹਾਂ ਨਾਲ ਦਇਆ ਨਾਲ ਪੇਸ਼ ਆਉਣਾ ਚਾਹੀਦਾ ਹੈ?

ਅਸੀਂ ਅਕਸਰ ਉਨ੍ਹਾਂ ਲੋਕਾਂ ਦੇ ਸ਼ੁਕਰਗੁਜ਼ਾਰ ਹੁੰਦੇ ਹਾਂ ਜਾਂ ਉਨ੍ਹਾਂ ਨਾਲ ਦਇਆ ਨਾਲ ਪੇਸ਼ ਆਉਂਦੇ ਹਾਂ ਜੋ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਹਨ ਜਾਂ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ। (2 ਸਮੂ. 2:6; ਕੁਲੁ. 3:15) ਪਰ ਉਦੋਂ ਕੀ ਜੇ ਸਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਸਾਡੀ ਦਇਆ ਦੇ ਲਾਇਕ ਨਹੀਂ ਹੈ?

ਜ਼ਰਾ ਗੌਰ ਕਰੋ: ਯਹੋਵਾਹ ਸਾਰਿਆਂ ʼਤੇ ਅਪਾਰ ਕਿਰਪਾ ਕਰਦਾ ਹੈ, ਚਾਹੇ ਕੋਈ ਵੀ ਇਸ ਦੇ ਲਾਇਕ ਨਹੀਂ ਹੈ। ਉਸ ਦਾ ਬਚਨ ਸਾਨੂੰ ਇਹ ਗੁਣ ਦਿਖਾਉਣ ਬਾਰੇ ਇਕ ਖ਼ਾਸ ਗੱਲ ਸਿਖਾਉਂਦਾ ਹੈ। ਮਸੀਹੀ ਯੂਨਾਨੀ ਲਿਖਤਾਂ ਵਿਚ “ਅਪਾਰ ਕਿਰਪਾ” ਸ਼ਬਦ ਬਹੁਤ ਵਾਰ ਵਰਤਿਆ ਗਿਆ ਹੈ। ਪਰਮੇਸ਼ੁਰ ਸਾਡੇ ʼਤੇ ਅਪਾਰ ਕਿਰਪਾ ਕਿਵੇਂ ਕਰਦਾ ਹੈ?

ਯਹੋਵਾਹ ਨੇ ਸਾਰੇ ਇਨਸਾਨਾਂ ਨੂੰ ਜੀਉਂਦੇ ਰਹਿਣ ਲਈ ਜ਼ਰੂਰੀ ਚੀਜ਼ਾਂ ਦਿੱਤੀਆਂ ਹਨ। (ਮੱਤੀ 5:45) ਭਾਵੇਂ ਇਨਸਾਨ ਯਹੋਵਾਹ ਨੂੰ ਜਾਣਦੇ ਵੀ ਨਹੀਂ ਸਨ, ਫਿਰ ਵੀ ਉਸ ਨੇ ਉਨ੍ਹਾਂ ʼਤੇ ਦਇਆ ਕੀਤੀ। (ਅਫ਼. 2:4, 5, 8) ਉਦਾਹਰਣ ਲਈ, ਉਸ ਨੇ ਆਪਣੇ ਸਭ ਤੋਂ ਪਿਆਰੇ ਤੇ ਇਕਲੌਤੇ ਪੁੱਤਰ ਨੂੰ ਸਾਰੇ ਇਨਸਾਨਾਂ ਲਈ ਵਾਰ ਦਿੱਤਾ। ਪੌਲੁਸ ਰਸੂਲ ਨੇ ਲਿਖਿਆ ਕਿ “ਪਰਮੇਸ਼ੁਰ ਨੇ ਆਪਣੀ ਅਪਾਰ ਕਿਰਪਾ ਸਦਕਾ” ਰਿਹਾਈ ਦੀ ਕੀਮਤ ਵਜੋਂ ਆਪਣੇ ਪੁੱਤਰ ਦੀ ਕੁਰਬਾਨੀ ਦੇ ਦਿੱਤੀ। (ਅਫ਼. 1:7) ਇਸ ਤੋਂ ਇਲਾਵਾ, ਚਾਹੇ ਅਸੀਂ ਪਾਪ ਕਰਦੇ ਹਾਂ ਅਤੇ ਯਹੋਵਾਹ ਨੂੰ ਨਿਰਾਸ਼ ਕਰਦੇ ਹਾਂ, ਫਿਰ ਵੀ ਉਹ ਸਾਨੂੰ ਸੇਧ ਦਿੰਦਾ ਅਤੇ ਸਿਖਾਉਂਦਾ ਹੈ। ਪਰਮੇਸ਼ੁਰ ਦੀਆਂ ਗੱਲਾਂ ਅਤੇ ਹਿਦਾਇਤਾਂ “ਮੀਂਹ ਦੀ ਫੁਹਾਰ” ਵਾਂਗ ਹਨ। (ਬਿਵ. 32:2) ਪਰਮੇਸ਼ੁਰ ਦੀ ਦਇਆ ਦਾ ਮੁੱਲ ਅਸੀਂ ਕਦੇ ਵੀ ਨਹੀਂ ਦੇ ਸਕਦੇ। ਸੱਚ ਤਾਂ ਇਹ ਹੈ ਕਿ ਯਹੋਵਾਹ ਦੀ ਅਪਾਰ ਕਿਰਪਾ ਤੋਂ ਬਿਨਾਂ ਸਾਡੇ ਕੋਲ ਭਵਿੱਖ ਲਈ ਕੋਈ ਉਮੀਦ ਹੀ ਨਹੀਂ ਹੋਣੀ ਸੀ।​—1 ਪਤ. 1:13 ਵਿਚ ਨੁਕਤਾ ਦੇਖੋ।

ਸੱਚ-ਮੁੱਚ, ਯਹੋਵਾਹ ਦੀ ਦਇਆ ਸਾਡੇ ਲਈ ਬਹੁਤ ਅਨਮੋਲ ਹੈ ਅਤੇ ਇਹ ਸਾਨੂੰ ਦੂਜਿਆਂ ਨਾਲ ਦਇਆ ਨਾਲ ਪੇਸ਼ ਆਉਣ ਲਈ ਉਕਸਾਉਂਦੀ ਹੈ। ਇਸ ਕਰਕੇ ਸਾਨੂੰ ਸਿਰਫ਼ ਕੁਝ ਖ਼ਾਸ ਲੋਕਾਂ ʼਤੇ ਹੀ ਨਹੀਂ, ਸਗੋਂ ਯਹੋਵਾਹ ਦੀ ਰੀਸ ਕਰਦਿਆਂ ਹਰ ਰੋਜ਼ ਸਾਰਿਆਂ ʼਤੇ ਦਇਆ ਕਰਨੀ ਚਾਹੀਦੀ ਹੈ। (1 ਥੱਸ. 5:15) ਜਦੋਂ ਅਸੀਂ ਬਾਕਾਇਦਾ ਦਇਆ ਕਰਦੇ ਹਾਂ, ਤਾਂ ਅਸੀਂ ਆਪਣੇ ਘਰਦਿਆਂ, ਮਸੀਹੀ ਭੈਣਾਂ-ਭਰਾਵਾਂ, ਗੁਆਂਢੀਆਂ ਅਤੇ ਹੋਰ ਲੋਕਾਂ ਲਈ ਸਰਦੀਆਂ ਦੇ ਦਿਨਾਂ ਵਿਚ ਬਲ਼ਦੀ ਅੱਗ ਦੇ ਨਿੱਘ ਵਾਂਗ ਹੁੰਦੇ ਹਾਂ।

ਜ਼ਰਾ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਮੰਡਲੀ ਦੇ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਸੋਚੋ ਜਿਨ੍ਹਾਂ ਨੂੰ ਤੁਹਾਡੇ ਪਿਆਰ ਭਰੇ ਸ਼ਬਦਾਂ ਅਤੇ ਭਲੇ ਕੰਮਾਂ ਨਾਲ ਫ਼ਾਇਦਾ ਹੋਵੇਗਾ। ਸ਼ਾਇਦ ਤੁਹਾਡੀ ਮੰਡਲੀ ਵਿਚ ਕਿਸੇ ਭੈਣ ਜਾਂ ਭਰਾ ਨੂੰ ਖ਼ਰੀਦਾਰੀ ਜਾਂ ਘਰ ਦੇ ਹੋਰ ਕੰਮਾਂ ਲਈ ਤੁਹਾਡੀ ਮਦਦ ਦੀ ਲੋੜ ਹੋਵੇ। ਨਾਲੇ ਜਦੋਂ ਤੁਸੀਂ ਪ੍ਰਚਾਰ ਵਿਚ ਕਿਸੇ ਵਿਅਕਤੀ ਨੂੰ ਮਿਲਦੇ ਹੋ ਜਿਸ ਨੂੰ ਮਦਦ ਦੀ ਲੋੜ ਹੈ, ਤਾਂ ਕੀ ਤੁਸੀਂ ਉਸ ਦੀ ਮਦਦ ਕਰ ਸਕਦੇ ਹੋ?

ਆਓ ਆਪਾਂ ਯਹੋਵਾਹ ਦੀ ਰੀਸ ਕਰਦਿਆਂ ਆਪਣੀ ਬੋਲੀ ਅਤੇ ਕੰਮਾਂ ਰਾਹੀਂ ‘ਦਇਆ ਦੇ ਕਾਨੂੰਨ’ ਮੁਤਾਬਕ ਚੱਲਦੇ ਰਹੀਏ।

a ਕੁਝ ਨਾਂ ਬਦਲੇ ਗਏ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ