ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w18 ਨਵੰਬਰ ਸਫ਼ੇ 28-30
  • ਦਇਆ—ਕਹਿਣੀ ਅਤੇ ਕਰਨੀ ਰਾਹੀਂ ਦਿਖਾਇਆ ਜਾਣ ਵਾਲਾ ਗੁਣ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਇਆ—ਕਹਿਣੀ ਅਤੇ ਕਰਨੀ ਰਾਹੀਂ ਦਿਖਾਇਆ ਜਾਣ ਵਾਲਾ ਗੁਣ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਸਾਰਿਆਂ ʼਤੇ ਦਇਆ ਕਰਦਾ ਹੈ
  • ਯਿਸੂ​—ਦਇਆ ਦੀ ਸਭ ਤੋਂ ਵਧੀਆ ਮਿਸਾਲ
  • ਕੰਮਾਂ ਰਾਹੀਂ ਦਇਆ ਦਿਖਾਓ
  • ਦਇਆ ਕਿਵੇਂ ਪੈਦਾ ਕਰੀਏ?
  • ਦਇਆ ਦੂਜਿਆਂ ਨੂੰ ਆਪਣੇ ਵੱਲ ਖਿੱਚਦੀ ਹੈ
  • ਦਇਆ ਦਿਖਾਉਣ ਦੇ ਫ਼ਾਇਦੇ
  • ਪਰਮੇਸ਼ੁਰ ਦੇ ਲੋਕਾਂ ਨੂੰ ਦਿਆਲੂ ਬਣਨਾ ਚਾਹੀਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ‘ਦਇਆ ਦੇ ਕਾਨੂੰਨ’ ਮੁਤਾਬਕ ਚੱਲਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਬੇਰਹਿਮ ਦੁਨੀਆਂ ਵਿਚ ਦਿਆਲੂ ਬਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਪਰਮੇਸ਼ੁਰ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰੀ ਦਿਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
w18 ਨਵੰਬਰ ਸਫ਼ੇ 28-30

ਦਇਆ—ਕਹਿਣੀ ਅਤੇ ਕਰਨੀ ਰਾਹੀਂ ਦਿਖਾਇਆ ਜਾਣ ਵਾਲਾ ਗੁਣ

  • ਪਿਆਰ

  • ਖ਼ੁਸ਼ੀ

  • ਸ਼ਾਂਤੀ

  • ਸਹਿਣਸ਼ੀਲਤਾ

  • ਦਇਆ

  • ਭਲਾਈ

  • ਨਿਹਚਾ

  • ਨਰਮਾਈ

  • ਸੰਜਮ

ਦਇਆ ਦਿਖਾਉਣ ਨਾਲ ਕਿੰਨਾ ਹੀ ਹੌਸਲਾ ਤੇ ਦਿਲਾਸਾ ਮਿਲਦਾ ਹੈ! ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਕੋਈ ਸਾਡੀ ਪਰਵਾਹ ਕਰਦਾ ਹੈ, ਤਾਂ ਅਸੀਂ ਸ਼ੁਕਰਗੁਜ਼ਾਰ ਹੁੰਦੇ ਹਾਂ। ਸਾਰਿਆਂ ਨੂੰ ਵਧੀਆ ਲੱਗਦਾ ਹੈ ਜਦੋਂ ਕੋਈ ਉਨ੍ਹਾਂ ʼਤੇ ਦਇਆ ਕਰਦਾ ਹੈ। ਤਾਂ ਫਿਰ ਅਸੀਂ ਇਹ ਵਧੀਆ ਗੁਣ ਆਪਣੇ ਵਿਚ ਕਿਵੇਂ ਪੈਦਾ ਕਰ ਸਕਦੇ ਹਾਂ?

ਦਇਆ ਦਿਖਾਉਣ ਵਿਚ ਦੂਜਿਆਂ ਲਈ ਦਿਲੋਂ ਪਰਵਾਹ ਦਿਖਾਉਣੀ ਸ਼ਾਮਲ ਹੈ। ਦਇਆ ਦਾ ਗੁਣ ਸੱਚੇ ਦਿਲੋਂ ਦੂਜਿਆਂ ਨੂੰ ਕੁਝ ਕਹਿ ਕੇ ਜਾਂ ਉਨ੍ਹਾਂ ਲਈ ਕੁਝ ਕਰ ਕੇ ਦਿਖਾਇਆ ਜਾਂਦਾ ਹੈ, ਇਸ ਲਈ ਜੇ ਕੋਈ ਸਿਰਫ਼ ਉੱਪਰੋਂ-ਉੱਪਰੋਂ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਹੈ, ਤਾਂ ਇਹ ਅਸਲੀ ਦਇਆ ਨਹੀਂ ਹੈ। ਪਿਆਰ ਤੇ ਹਮਦਰਦੀ ਦੇ ਗੁਣ ਹੋਣ ਕਰਕੇ ਅਸੀਂ ਦੂਜਿਆਂ ਨੂੰ ਦਇਆ ਦਿਖਾਉਣ ਲਈ ਪ੍ਰੇਰਿਤ ਹੋਵਾਂਗੇ। ਇਸ ਤੋਂ ਵਧ, ਦਇਆ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਗੁਣ ਹੈ। ਇਸ ਲਈ ਹਰ ਮਸੀਹੀ ਨੂੰ ਇਹ ਗੁਣ ਪੈਦਾ ਕਰਨ ਲਈ ਕਿਹਾ ਗਿਆ ਹੈ। (ਗਲਾ. 5:22, 23) ਸਾਨੂੰ ਆਪਣੇ ਵਿਚ ਦਇਆ ਦਾ ਗੁਣ ਪੈਦਾ ਕਰਨਾ ਚਾਹੀਦਾ ਹੈ। ਸੋ ਆਓ ਆਪਾਂ ਦੇਖੀਏ ਕਿ ਯਹੋਵਾਹ ਤੇ ਉਸ ਦੇ ਪੁੱਤਰ ਨੇ ਇਹ ਗੁਣ ਕਿਵੇਂ ਦਿਖਾਇਆ ਅਤੇ ਅਸੀਂ ਉਨ੍ਹਾਂ ਦੀ ਮਿਸਾਲ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਯਹੋਵਾਹ ਸਾਰਿਆਂ ʼਤੇ ਦਇਆ ਕਰਦਾ ਹੈ

ਯਹੋਵਾਹ ਤਾਂ “ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਵੀ” ਦਇਆ ਕਰਦਾ ਹੈ ਅਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ। (ਲੂਕਾ 6:35) ਮਿਸਾਲ ਲਈ, ਯਹੋਵਾਹ “ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ʼਤੇ ਚਾੜ੍ਹਦਾ ਹੈ ਅਤੇ ਨੇਕ ਤੇ ਦੁਸ਼ਟ ਲੋਕਾਂ ʼਤੇ ਮੀਂਹ ਵਰ੍ਹਾਉਂਦਾ ਹੈ।” (ਮੱਤੀ 5:45) ਜਿਹੜੇ ਲੋਕ ਯਹੋਵਾਹ ਨੂੰ ਆਪਣਾ ਸ੍ਰਿਸ਼ਟੀਕਰਤਾ ਨਹੀਂ ਮੰਨਦੇ, ਉਹ ਵੀ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਫ਼ਾਇਦਾ ਲੈਂਦੇ ਹਨ ਅਤੇ ਕੁਝ ਹੱਦ ਤਕ ਖ਼ੁਸ਼ੀ ਪਾਉਂਦੇ ਹਨ।

ਯਹੋਵਾਹ ਨੇ ਆਦਮ ਤੇ ਹੱਵਾਹ ਲਈ ਜੋ ਕੀਤਾ, ਉਸ ਤੋਂ ਅਸੀਂ ਦਇਆ ਦੀ ਇਕ ਵਧੀਆ ਮਿਸਾਲ ਦੇਖ ਸਕਦੇ ਹਾਂ। ਪਾਪ ਕਰਨ ਤੋਂ ਥੋੜ੍ਹੀ ਦੇਰ ਬਾਅਦ, ਆਦਮ ਤੇ ਹੱਵਾਹ ਨੇ “ਫਗੂੜੀ ਦੇ ਪੱਤੇ ਸੀਉਂਕੇ ਆਪਣੇ ਲਈ ਤਹਿਮਦ ਬਣਾਏ।” ਪਰ ਯਹੋਵਾਹ ਜਾਣਦਾ ਸੀ ਕਿ ਉਨ੍ਹਾਂ ਨੂੰ ਅਦਨ ਦੇ ਬਾਗ਼ ਤੋਂ ਬਾਹਰ ਰਹਿਣ ਲਈ ਢੁਕਵੇਂ ਕੱਪੜੇ ਚਾਹੀਦੇ ਸਨ ਕਿਉਂਕਿ ਹੁਣ ਧਰਤੀ ਸਰਾਪੀ ਹੋਈ ਸੀ ਕਿ ਉਹ ‘ਕੰਡੇ ਅਰ ਕੰਡਿਆਲੇ ਉਗਾਵੇਗੀ।’ ਇਸ ਲਈ ਯਹੋਵਾਹ ਨੇ “ਚਮੜੇ ਦੇ ਚੋਲੇ ਬਣਾਕੇ” ਉਨ੍ਹਾਂ ʼਤੇ ਦਇਆ ਦਿਖਾਈ।​—ਉਤ. 3:7, 17, 18, 21.

ਭਾਵੇਂ ਯਹੋਵਾਹ “ਨੇਕ ਤੇ ਦੁਸ਼ਟ ਲੋਕਾਂ ʼਤੇ” ਦਇਆ ਕਰਦਾ ਹੈ, ਪਰ ਖ਼ਾਸ ਕਰਕੇ ਉਹ ਆਪਣੇ ਵਫ਼ਾਦਾਰ ਸੇਵਕਾਂ ʼਤੇ ਦਇਆ ਕਰਦਾ ਹੈ। ਮਿਸਾਲ ਲਈ, ਜ਼ਕਰਯਾਹ ਨਬੀ ਦੇ ਦਿਨਾਂ ਦੌਰਾਨ ਇਕ ਦੂਤ ਪਰੇਸ਼ਾਨ ਸੀ ਕਿਉਂਕਿ ਯਰੂਸ਼ਲਮ ਵਿਚ ਮੰਦਰ ਨੂੰ ਦੁਬਾਰਾ ਉਸਾਰੇ ਜਾਣ ਦਾ ਕੰਮ ਬੰਦ ਹੋ ਗਿਆ ਸੀ। ਯਹੋਵਾਹ ਨੇ ਇਸ ਦੂਤ ਦੀ ਗੱਲ ਸੁਣੀ ਅਤੇ ਉਸ ਨੂੰ “ਚੰਗੇ ਅਤੇ ਦਿਲਾਸੇ” ਭਰੇ ਸ਼ਬਦਾਂ ਨਾਲ ਜਵਾਬ ਦਿੱਤਾ। (ਜ਼ਕ. 1:12, 13) ਯਹੋਵਾਹ ਏਲੀਯਾਹ ਨਬੀ ਨਾਲ ਵੀ ਇਸੇ ਤਰ੍ਹਾਂ ਪੇਸ਼ ਆਇਆ। ਇਕ ਸਮੇਂ ʼਤੇ ਨਬੀ ਬਹੁਤ ਨਿਰਾਸ਼ ਸੀ ਅਤੇ ਉਸ ਨੇ ਯਹੋਵਾਹ ਤੋਂ ਮੌਤ ਮੰਗੀ। ਯਹੋਵਾਹ ਨੇ ਏਲੀਯਾਹ ਦੀਆਂ ਭਾਵਨਾਵਾਂ ਵੱਲ ਧਿਆਨ ਦਿੱਤਾ ਅਤੇ ਆਪਣਾ ਦੂਤ ਭੇਜ ਕੇ ਉਸ ਨੂੰ ਹੌਸਲਾ ਦਿੱਤਾ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਨਬੀ ਨੂੰ ਭਰੋਸਾ ਦਿਵਾਇਆ ਕਿ ਉਹ ਇਕੱਲਾ ਨਹੀਂ ਸੀ। ਹੌਸਲੇ ਭਰੇ ਸ਼ਬਦ ਸੁਣਨ ਅਤੇ ਲੋੜੀਂਦੀ ਮਦਦ ਮਿਲਣ ਤੋਂ ਬਾਅਦ ਏਲੀਯਾਹ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਤਿਆਰ ਹੋਇਆ। (1 ਰਾਜ. 19:1-18) ਪਰਮੇਸ਼ੁਰ ਦੇ ਸੇਵਕਾਂ ਵਿੱਚੋਂ ਕਿਸ ਨੇ ਸਭ ਤੋਂ ਜ਼ਿਆਦਾ ਯਹੋਵਾਹ ਦੇ ਇਸ ਸ਼ਾਨਦਾਰ ਗੁਣ ਦੀ ਰੀਸ ਕੀਤੀ?

ਯਿਸੂ​—ਦਇਆ ਦੀ ਸਭ ਤੋਂ ਵਧੀਆ ਮਿਸਾਲ

ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਹ ਦਇਆ ਤੇ ਪਰਵਾਹ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਸੀ। ਉਹ ਕਦੇ ਵੀ ਰੁੱਖੇ ਤੇ ਅੜਬ ਤਰੀਕੇ ਨਾਲ ਪੇਸ਼ ਨਹੀਂ ਆਉਂਦਾ ਸੀ। ਉਸ ਨੇ ਹਮਦਰਦੀ ਨਾਲ ਕਿਹਾ: “ਹੇ ਥੱਕੇ ਅਤੇ ਭਾਰ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ। . . . ਕਿਉਂਕਿ ਮੇਰਾ ਜੂਲਾ ਚੁੱਕਣਾ ਆਸਾਨ ਹੈ।” (ਮੱਤੀ 11:28-30) ਯਿਸੂ ਵਿਚ ਦਇਆ ਦਾ ਗੁਣ ਹੋਣ ਕਰਕੇ ਲੋਕ ਉਸ ਦੇ ਪਿੱਛੇ-ਪਿੱਛੇ ਜਾਂਦੇ ਸਨ। “ਤਰਸ” ਕਰਕੇ ਯਿਸੂ ਨੇ ਲੋਕਾਂ ਨੂੰ ਖਾਣਾ ਖਿਲਾਇਆ, ਬੀਮਾਰਾਂ ਨੂੰ ਠੀਕ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਬਾਰੇ “ਬਹੁਤ ਗੱਲਾਂ” ਸਿਖਾਈਆਂ।​—ਮਰ. 6:34; ਮੱਤੀ 14:14; 15:32-38.

ਯਿਸੂ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ ਤੇ ਉਨ੍ਹਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਸੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਦਇਆਵਾਨ ਸੀ। ਦਰਅਸਲ, ਚਾਹੇ ਯਿਸੂ ਲਈ ਉਨ੍ਹਾਂ ਦੀ ਗੱਲ ਪੂਰੀ ਕਰਨੀ ਔਖੀ ਹੁੰਦੀ ਸੀ, ਪਰ ਯਿਸੂ ਨੇ “ਪਿਆਰ ਨਾਲ” ਉਨ੍ਹਾਂ ਦਾ ਸੁਆਗਤ ਕੀਤਾ ਜੋ ਉਸ ਦੀ ਦਿਲੋਂ ਭਾਲ ਕਰਦੇ ਸਨ। (ਲੂਕਾ 9:10, 11) ਮਿਸਾਲ ਲਈ, ਉਸ ਨੇ ਇਕ ਡਰੀ ਹੋਈ ਤੀਵੀਂ ਨੂੰ ਝਿੜਕਿਆ ਨਹੀਂ ਭਾਵੇਂ ਕਿ ਕਾਨੂੰਨ ਅਨੁਸਾਰ ਉਹ ਤੀਵੀਂ ਲਹੂ ਵਹਿਣ ਕਰਕੇ ਅਸ਼ੁੱਧ ਸੀ ਤੇ ਉਸ ਨੇ ਠੀਕ ਹੋਣ ਦੀ ਉਮੀਦ ਨਾਲ ਯਿਸੂ ਦੇ ਕੱਪੜੇ ਨੂੰ ਛੋਹਿਆ ਸੀ। (ਲੇਵੀ. 15:25-28) 12 ਸਾਲਾਂ ਤੋਂ ਦੁੱਖ ਸਹਿ ਰਹੀ ਤੀਵੀਂ ਨਾਲ ਦਇਆ ਹੋਣ ਕਰਕੇ ਯਿਸੂ ਨੇ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਰਾਜੀ ਰਹਿ ਅਤੇ ਆਪਣੀ ਦਰਦਨਾਕ ਬੀਮਾਰੀ ਤੋਂ ਬਚੀ ਰਹਿ।” (ਮਰ. 5:25-34) ਦਇਆ ਦੀ ਕਿੰਨੀ ਹੀ ਵਧੀਆ ਮਿਸਾਲ!

ਕੰਮਾਂ ਰਾਹੀਂ ਦਇਆ ਦਿਖਾਓ

ਉੱਪਰ ਦਿੱਤੀਆਂ ਮਿਸਾਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਦਇਆ ਕੰਮਾਂ ਰਾਹੀਂ ਦਿਖਾਈ ਜਾਣੀ ਚਾਹੀਦੀ ਹੈ। ਯਿਸੂ ਨੇ ਇਹ ਗੱਲ ਦਿਆਲੂ ਸਾਮਰੀ ਦੀ ਮਿਸਾਲ ਦੇ ਕੇ ਵੀ ਸਮਝਾਈ। ਭਾਵੇਂ ਸਾਮਰੀਆਂ ਤੇ ਯਹੂਦੀਆਂ ਵਿਚ ਦੁਸ਼ਮਣੀ ਸੀ, ਪਰ ਮਿਸਾਲ ਵਿਚ ਦੱਸੇ ਸਾਮਰੀ ਆਦਮੀ ਨੇ ਉਸ ਆਦਮੀ ʼਤੇ ਦਇਆ ਕੀਤੀ ਜਿਸ ਨੂੰ ਲੁੱਟਿਆ ਗਿਆ ਸੀ ਤੇ ਕੁੱਟ-ਕੁੱਟ ਕੇ ਅਧਮੋਇਆ ਕਰ ਕੇ ਸੜਕ ʼਤੇ ਸੁੱਟ ਦਿੱਤਾ ਗਿਆ ਸੀ। ਦਇਆ ਹੋਣ ਕਰਕੇ ਸਾਮਰੀ ਉਸ ਦੀ ਮਦਦ ਕਰਨ ਲਈ ਪ੍ਰੇਰਿਤ ਹੋਇਆ। ਉਸ ਨੇ ਆਦਮੀ ਦੇ ਜ਼ਖ਼ਮਾਂ ʼਤੇ ਪੱਟੀਆਂ ਕੀਤੀਆਂ ਅਤੇ ਉਸ ਨੂੰ ਮੁਸਾਫਰਖ਼ਾਨੇ ਵਿਚ ਲੈ ਗਿਆ। ਫਿਰ ਸਾਮਰੀ ਆਦਮੀ ਨੇ ਮੁਸਾਫਰਖ਼ਾਨੇ ਦੇ ਮਾਲਕ ਨੂੰ ਜ਼ਖ਼ਮੀ ਦੀ ਦੇਖ-ਭਾਲ ਕਰਨ ਲਈ ਪੈਸੇ ਦਿੱਤੇ। ਨਾਲੇ ਕਿਹਾ ਕਿ ਜਿਹੜੇ ਹੋਰ ਪੈਸੇ ਲੱਗਣਗੇ, ਉਹ ਦੇ ਦੇਵੇਗਾ।​—ਲੂਕਾ 10:29-37.

ਚਾਹੇ ਦਇਆ ਅਕਸਰ ਕੰਮਾਂ ਰਾਹੀਂ ਦਿਖਾਈ ਜਾਂਦੀ ਹੈ, ਪਰ ਇਹ ਚੰਗੇ ਤੇ ਹੌਸਲੇ ਭਰੇ ਸ਼ਬਦਾਂ ਰਾਹੀਂ ਵੀ ਦਿਖਾਈ ਜਾ ਸਕਦੀ ਹੈ। ਬਾਈਬਲ ਦੱਸਦੀ ਹੈ ਕਿ “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” (ਕਹਾ. 12:25) ਦਇਆ ਤੇ ਭਲਾਈ ਦੇ ਗੁਣ ਹੋਣ ਕਰਕੇ ਅਸੀਂ ਦੂਜਿਆਂ ਨੂੰ ਹੌਸਲੇ ਭਰੇ ਸ਼ਬਦ ਕਹਾਂਗੇ।a ਇਸ ਕਰਕੇ ਉਹ ਹੋਰ ਜ਼ਿਆਦਾ ਖ਼ੁਸ਼ ਰਹਿ ਸਕਣਗੇ। ਸਾਡੇ ਪਿਆਰ ਭਰੇ ਸ਼ਬਦਾਂ ਤੋਂ ਪਤਾ ਲੱਗੇਗਾ ਕਿ ਅਸੀਂ ਉਨ੍ਹਾਂ ਦੀ ਪਰਵਾਹ ਕਰਦੇ ਹਾਂ। ਹੱਲਾਸ਼ੇਰੀ ਮਿਲਣ ਕਰਕੇ ਉਹ ਹੋਰ ਵਧੀਆ ਤਰੀਕੇ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਣਗੇ।​—ਕਹਾ. 16:24.

ਦਇਆ ਕਿਵੇਂ ਪੈਦਾ ਕਰੀਏ?

ਪਰਮੇਸ਼ੁਰ ਦੇ “ਸਰੂਪ” ʼਤੇ ਬਣਾਏ ਜਾਣ ਕਰਕੇ ਸਾਰੇ ਇਨਸਾਨਾਂ ਵਿਚ ਦਇਆ ਦਾ ਗੁਣ ਪੈਦਾ ਕਰਨ ਦੀ ਕਾਬਲੀਅਤ ਹੈ। (ਉਤ. 1:27) ਮਿਸਾਲ ਲਈ, ਰੋਮੀ ਫ਼ੌਜੀ ਅਫ਼ਸਰ ਯੂਲਿਉਸ ਦੀ ਨਿਗਰਾਨੀ ਅਧੀਨ ਪੌਲੁਸ ਰਸੂਲ ਨੂੰ ਰੋਮ ਲਿਜਾਇਆ ਗਿਆ। ਯੂਲਿਉਸ ਨੇ ਸੀਦੋਨ ਸ਼ਹਿਰ ਵਿਚ ਪੌਲੁਸ ਨਾਲ “ਚੰਗਾ ਸਲੂਕ ਕੀਤਾ ਅਤੇ ਉਸ ਨੂੰ ਆਪਣੇ ਦੋਸਤਾਂ-ਮਿੱਤਰਾਂ ਕੋਲ ਜਾਣ ਦੀ ਇਜਾਜ਼ਤ ਦਿੱਤੀ ਤਾਂਕਿ ਉਹ ਉਨ੍ਹਾਂ ਦੀ ਸੇਵਾ-ਟਹਿਲ ਦਾ ਆਨੰਦ ਮਾਣ ਸਕੇ।” (ਰਸੂ. 27:3) ਕੁਝ ਸਮੇਂ ਬਾਅਦ, ਮਾਲਟਾ ਵਿਚ ਪੌਲੁਸ ਤੇ ਹੋਰਨਾਂ ਦਾ ਜਹਾਜ਼ ਤੂਫ਼ਾਨ ਦੀ ਲਪੇਟ ਵਿਚ ਆ ਕੇ ਟੁੱਟ ਗਿਆ ਸੀ। ਉਸ ਸਮੇਂ ਮਾਲਟਾ ਦੇ ਲੋਕਾਂ ਨੇ ਪੌਲੁਸ ਤੇ ਹੋਰਨਾਂ ʼਤੇ “ਬੜੀ ਦਇਆ” ਦਿਖਾਈ। ਠੰਢ ਹੋਣ ਕਰਕੇ ਟਾਪੂ ਦੇ ਲੋਕਾਂ ਨੇ ਤਾਂ ਉਨ੍ਹਾਂ ਲਈ ਅੱਗ ਵੀ ਬਾਲ਼ੀ। (ਰਸੂ. 28:1, 2) ਭਾਵੇਂ ਉਨ੍ਹਾਂ ਦੇ ਕੰਮ ਤਾਰੀਫ਼ ਦੇ ਲਾਇਕ ਸਨ, ਪਰ ਦਿਆਲੂ ਵਿਅਕਤੀ ਬਣਨ ਲਈ ਸਾਨੂੰ ਸਿਰਫ਼ ਕਦੀ-ਕਦੀ ਹੀ ਦਇਆ ਨਹੀਂ ਦਿਖਾਉਣੀ ਚਾਹੀਦੀ।

ਯਹੋਵਾਹ ਨੂੰ ਪੂਰੀ ਤਰ੍ਹਾਂ ਖ਼ੁਸ਼ ਕਰਨ ਲਈ ਸਾਨੂੰ ਦਇਆ ਨੂੰ ਆਪਣੇ ਸੁਭਾਅ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਇਹ ਗੁਣ ਸਾਡੇ ਜੀਉਣ ਦੇ ਤਰੀਕੇ ਤੋਂ ਦਿਖਣਾ ਚਾਹੀਦਾ ਹੈ। ਇਸ ਕਰਕੇ ਯਹੋਵਾਹ ਸਾਨੂੰ ਕਹਿੰਦਾ ਹੈ ਕਿ ਅਸੀਂ ਦਇਆ ਨੂੰ “ਕੱਪੜਿਆਂ ਵਾਂਗ” ਪਹਿਨ ਲਈਏ। (ਕੁਲੁ. 3:12) ਪਰ ਇਹ ਸੱਚ ਹੈ ਕਿ ਹਮੇਸ਼ਾ ਇਹ ਗੁਣ ਦਿਖਾਉਣਾ ਸੌਖਾ ਨਹੀਂ ਹੁੰਦਾ। ਕਿਉਂ? ਸ਼ਾਇਦ ਸ਼ਰਮੀਲੇ ਸੁਭਾਅ ਦੇ ਹੋਣ ਕਰਕੇ, ਭਰੋਸੇ ਦੀ ਕਮੀ ਹੋਣ ਕਰਕੇ, ਵਿਰੋਧ ਹੋਣ ਕਰਕੇ ਜਾਂ ਸੁਆਰਥੀ ਇੱਛਾਵਾਂ ਹੋਣ ਕਰਕੇ ਅਸੀਂ ਇਹ ਗੁਣ ਨਾ ਦਿਖਾ ਸਕੀਏ। ਪਰ ਪਵਿੱਤਰ ਸ਼ਕਤੀ ʼਤੇ ਭਰੋਸਾ ਰੱਖ ਕੇ ਅਤੇ ਯਹੋਵਾਹ ਦੀ ਰੀਸ ਕਰ ਕੇ ਅਸੀਂ ਇਨ੍ਹਾਂ ਗੱਲਾਂ ʼਤੇ ਜਿੱਤ ਪਾ ਸਕਦੇ ਹਾਂ।​—1 ਕੁਰਿੰ. 2:12.

ਕੀ ਅਸੀਂ ਉਨ੍ਹਾਂ ਗੱਲਾਂ ਨੂੰ ਪਛਾਣ ਸਕਦੇ ਹਾਂ ਜਿਨ੍ਹਾਂ ਵਿਚ ਸਾਨੂੰ ਦਇਆ ਦਿਖਾਉਣ ਵਿਚ ਸੁਧਾਰ ਕਰਨ ਦੀ ਲੋੜ ਹੈ? ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਦਾ ਹਾਂ? ਕੀ ਮੈਂ ਦੂਜਿਆਂ ਦੀਆਂ ਲੋੜਾਂ ਵੱਲ ਧਿਆਨ ਦਿੰਦਾ ਹਾਂ? ਮੈਂ ਪਿਛਲੀ ਵਾਰ ਕਦੋਂ ਆਪਣੇ ਪਰਿਵਾਰ ਦੇ ਮੈਂਬਰ ਜਾਂ ਕਰੀਬੀ ਦੋਸਤ ਤੋਂ ਇਲਾਵਾ ਕਿਸੇ ʼਤੇ ਦਇਆ ਕੀਤੀ ਸੀ?’ ਫਿਰ ਅਸੀਂ ਟੀਚੇ ਰੱਖ ਸਕਦੇ ਹਾਂ, ਜਿਵੇਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਹੋਰ ਜ਼ਿਆਦਾ ਜਾਣਨਾ, ਖ਼ਾਸ ਕਰਕੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ। ਇਸ ਤਰ੍ਹਾਂ ਅਸੀਂ ਦੂਜਿਆਂ ਦੇ ਹਾਲਾਤਾਂ ਤੇ ਲੋੜਾਂ ਦਾ ਧਿਆਨ ਰੱਖ ਸਕਦੇ ਹਾਂ। ਫਿਰ ਸਾਨੂੰ ਉਨ੍ਹਾਂ ਤਰੀਕਿਆਂ ਨਾਲ ਦੂਜਿਆਂ ʼਤੇ ਦਇਆ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਦਾਂ ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਡੇ ʼਤੇ ਦਇਆ ਕਰਨ। (ਮੱਤੀ 7:12) ਇਸ ਤੋਂ ਇਲਾਵਾ, ਜੇ ਅਸੀਂ ਦਇਆ ਦਾ ਗੁਣ ਪੈਦਾ ਕਰਨ ਵਿਚ ਯਹੋਵਾਹ ਤੋਂ ਮਦਦ ਮੰਗਾਂਗੇ, ਤਾਂ ਉਹ ਜ਼ਰੂਰ ਸਾਡੀ ਮਦਦ ਕਰੇਗਾ।​—ਲੂਕਾ 11:13.

ਦਇਆ ਦੂਜਿਆਂ ਨੂੰ ਆਪਣੇ ਵੱਲ ਖਿੱਚਦੀ ਹੈ

ਜਦੋਂ ਪੌਲੁਸ ਨੇ ਦੱਸਿਆ ਕਿ ਕਿਹੜੀਆਂ ਗੱਲਾਂ ਕਰਕੇ ਉਸ ਦੀ ਪਛਾਣ ਪਰਮੇਸ਼ੁਰ ਦੇ ਸੇਵਕ ਵਜੋਂ ਹੋਈ, ਤਾਂ ਉਸ ਨੇ “ਦਇਆ” ਦੇ ਗੁਣ ਬਾਰੇ ਵੀ ਦੱਸਿਆ। (2 ਕੁਰਿੰ. 6:3-6) ਪੌਲੁਸ ਆਪਣੀ ਕਹਿਣੀ ਤੇ ਕਰਨੀ ਰਾਹੀਂ ਦੂਜਿਆਂ ਵਿਚ ਦਿਲੋਂ ਦਿਲਚਸਪੀ ਲੈਂਦਾ ਸੀ। ਇਸ ਲਈ ਲੋਕ ਉਸ ਵੱਲ ਖਿੱਚੇ ਆਉਂਦੇ ਸਨ। (ਰਸੂ. 28:30, 31) ਇਸੇ ਤਰ੍ਹਾਂ ਅਸੀਂ ਦਇਆ ਨਾਲ ਪੇਸ਼ ਆ ਕੇ ਦੂਜਿਆਂ ਨੂੰ ਸੱਚਾਈ ਵੱਲ ਖਿੱਚ ਸਕਦੇ ਹਾਂ। ਜਦੋਂ ਅਸੀਂ ਵਿਰੋਧ ਕਰਨ ਵਾਲਿਆਂ ਨਾਲ ਵੀ ਦਇਆ ਨਾਲ ਪੇਸ਼ ਆਉਂਦੇ ਹਾਂ, ਤਾਂ ਅਸੀਂ ਸ਼ਾਇਦ ਉਨ੍ਹਾਂ ਦੇ ਦਿਲਾਂ ਵਿੱਚੋਂ ਗੁੱਸਾ ਕੱਢ ਸਕੀਏ ਅਤੇ ਨਿਮਰਤਾ ਨਾਲ ਪੇਸ਼ ਆਉਣ ਵਿਚ ਉਨ੍ਹਾਂ ਦੀ ਮਦਦ ਕਰ ਸਕੀਏ। (ਰੋਮੀ. 12:20) ਸਮੇਂ ਦੇ ਬੀਤਣ ਨਾਲ, ਸ਼ਾਇਦ ਉਹ ਬਾਈਬਲ ਦਾ ਸੰਦੇਸ਼ ਸੁਣਨ ਲਈ ਵੀ ਤਿਆਰ ਹੋ ਜਾਣ।

ਬਿਨਾਂ ਸ਼ੱਕ, ਨਵੀਂ ਦੁਨੀਆਂ ਵਿਚ ਦੁਬਾਰਾ ਜੀਉਂਦੇ ਕੀਤੇ ਗਏ ਅਣਗਿਣਤ ਲੋਕ ਦਇਆ ਦਿਖਾਏ ਜਾਣ ਕਰਕੇ ਬਹੁਤ ਖ਼ੁਸ਼ ਹੋਣਗੇ, ਸ਼ਾਇਦ ਪਹਿਲੀ ਵਾਰ ਉਨ੍ਹਾਂ ʼਤੇ ਦਇਆ ਦਿਖਾਈ ਜਾਵੇ। ਸ਼ੁਕਰਗੁਜ਼ਾਰ ਹੋ ਕੇ ਉਹ ਵੀ ਦੂਜਿਆਂ ʼਤੇ ਦਇਆ ਦਿਖਾਉਣ ਲਈ ਪ੍ਰੇਰਿਤ ਹੋਣਗੇ। ਉਸ ਸਮੇਂ ਰਹਿ ਰਹੇ ਜਿਹੜੇ ਲੋਕ ਦਇਆ ਦਿਖਾਉਣ ਤੇ ਦੂਜਿਆਂ ਦੀ ਮਦਦ ਕਰਨ ਤੋਂ ਇਨਕਾਰ ਕਰਨਗੇ, ਉਹ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਨਹੀਂ ਰਹਿ ਸਕਣਗੇ। ਦੂਜੇ ਪਾਸੇ, ਜਿਨ੍ਹਾਂ ਨੂੰ ਪਰਮੇਸ਼ੁਰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ, ਉਹ ਇਕ-ਦੂਜੇ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆਉਣਗੇ। (ਜ਼ਬੂ. 37:9-11) ਕਿੰਨੀ ਹੀ ਸੁਰੱਖਿਅਤ ਤੇ ਸ਼ਾਂਤੀ ਭਰੀ ਦੁਨੀਆਂ ਹੋਵੇਗੀ! ਪਰ ਉਹ ਸ਼ਾਨਦਾਰ ਸਮਾਂ ਆਉਣ ਤੋਂ ਪਹਿਲਾਂ ਅੱਜ ਅਸੀਂ ਦਇਆ ਦਿਖਾ ਕੇ ਫ਼ਾਇਦੇ ਕਿਵੇਂ ਪਾ ਸਕਦੇ ਹਾਂ?

ਦਇਆ ਦਿਖਾਉਣ ਦੇ ਫ਼ਾਇਦੇ

ਬਾਈਬਲ ਦੱਸਦੀ ਹੈ: “ਦਿਆਲੂ ਮਨੁੱਖ ਆਪਣੀ ਜਾਨ ਦਾ ਭਲਾ ਕਰਦਾ ਹੈ।” (ਕਹਾ. 11:17) ਲੋਕ ਦਇਆਵਾਨ ਵਿਅਕਤੀ ਵੱਲ ਖਿੱਚੇ ਜਾਂਦੇ ਹਨ ਅਤੇ ਉਹ ਵੀ ਉਸ ਨਾਲ ਦਇਆ ਨਾਲ ਪੇਸ਼ ਆਉਂਦੇ ਹਨ। ਯਿਸੂ ਨੇ ਕਿਹਾ: “ਜਿਸ ਮਾਪ ਨਾਲ ਤੁਸੀਂ ਮਾਪ ਕੇ ਦੂਸਰਿਆਂ ਨੂੰ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਮਾਪ ਕੇ ਦੇਣਗੇ।” (ਲੂਕਾ 6:38) ਇਸ ਲਈ ਇਕ ਦਇਆਵਾਨ ਵਿਅਕਤੀ ਸੌਖਿਆਂ ਹੀ ਚੰਗੇ ਦੋਸਤ ਬਣਾ ਲੈਂਦਾ ਹੈ ਅਤੇ ਉਸ ਦੀ ਦੋਸਤੀ ਬਣੀ ਰਹਿੰਦੀ ਹੈ।

ਪੌਲੁਸ ਰਸੂਲ ਨੇ ਅਫ਼ਸੁਸ ਦੀ ਮੰਡਲੀ ਦੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ: “ਇਕ-ਦੂਜੇ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ, ਨਾਲੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ।” (ਅਫ਼. 4:32) ਜਦੋਂ ਮੰਡਲੀ ਦੇ ਸਾਰੇ ਭੈਣ-ਭਰਾ ਦਇਆ ਦਿਖਾਉਂਦੇ ਹਨ ਤੇ ਇਕ-ਦੂਜੇ ਦੀ ਮਦਦ ਕਰਦੇ ਹਨ, ਤਾਂ ਮੰਡਲੀ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਇਹ ਭੈਣ-ਭਰਾ ਕਦੇ ਵੀ ਦੂਜਿਆਂ ਨੂੰ ਰੁੱਖੇ ਸ਼ਬਦ ਕਹਿਣ, ਨੁਕਤਾਚੀਨੀ ਕਰਨ ਜਾਂ ਤਾਅਨੇ-ਮਿਹਣੇ ਦੇਣ ਬਾਰੇ ਸੋਚਦੇ ਵੀ ਨਹੀਂ ਹਨ। ਨੁਕਸਾਨਦੇਹ ਗੱਲਾਂ ਫੈਲਾਉਣ ਦੀ ਬਜਾਇ ਉਹ ਆਪਣੀਆਂ ਗੱਲਾਂ ਨਾਲ ਦੂਜਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। (ਕਹਾ. 12:18) ਨਤੀਜੇ ਵਜੋਂ, ਮੰਡਲੀ ਮਜ਼ਬੂਤ ਹੁੰਦੀ ਹੈ ਅਤੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਦੀ ਹੈ।

ਜੀ ਹਾਂ, ਦਇਆ ਕਹਿਣੀ ਤੇ ਕਰਨੀ ਰਾਹੀਂ ਦਿਖਾਈ ਜਾਂਦੀ ਹੈ। ਜਦੋਂ ਅਸੀਂ ਦਇਆ ਦਿਖਾਉਂਦੇ ਹਾਂ, ਤਾਂ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿਆਰ ਤੇ ਖੁੱਲ੍ਹ-ਦਿਲੀ ਦੀ ਰੀਸ ਕਰਦੇ ਹਾਂ। (ਅਫ਼. 5:1) ਨਤੀਜੇ ਵਜੋਂ, ਅਸੀਂ ਆਪਣੀਆਂ ਮੰਡਲੀਆਂ ਦੀ ਏਕਤਾ ਵਧਾਉਂਦੇ ਹਾਂ ਅਤੇ ਲੋਕ ਸ਼ੁੱਧ ਭਗਤੀ ਵੱਲ ਖਿੱਚੇ ਆਉਂਦੇ ਹਨ। ਸਾਡੀ ਦੁਆ ਹੈ ਕਿ ਅਸੀਂ ਹਮੇਸ਼ਾ ਦਇਆ ਦਿਖਾਉਣ ਵਾਲਿਆਂ ਵਜੋਂ ਜਾਣੇ ਜਾਈਏ!

a ਪਵਿੱਤਰ ਸ਼ਕਤੀ ਦੇ ਗੁਣਾਂ ਦੀ ਨੌਂ ਭਾਗਾਂ ਵਾਲੀ ਲੜੀ ਦੇ ਅਗਲੇ ਲੇਖ ਵਿਚ ਭਲਾਈ ਬਾਰੇ ਚਰਚਾ ਕੀਤੀ ਜਾਵੇਗੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ