ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w16 ਦਸੰਬਰ ਸਫ਼ੇ 29-31
  • ਨਿਮਰ ਸੁਭਾਅ ਬੁੱਧੀਮਾਨੀ ਦਾ ਰਾਹ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਿਮਰ ਸੁਭਾਅ ਬੁੱਧੀਮਾਨੀ ਦਾ ਰਾਹ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਨਿਮਰ ਸੁਭਾਅ​—ਬੁੱਧੀਮਾਨੀ ਦਾ ਰਾਹ
  • ਨਰਮਾਈ—ਇਸ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਮੈਂ ਆਪਣੇ ਗੁੱਸੇ ਨੂੰ ਕੰਟ੍ਰੋਲ ਵਿਚ ਕਿਵੇਂ ਰੱਖਾਂ?
    ਜਾਗਰੂਕ ਬਣੋ!—2010
  • “ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ?”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਨਰਮਾਈ ਤੁਹਾਡੀ ਕਮਜ਼ੋਰੀ ਨਹੀਂ, ਤਾਕਤ ਹੈ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
w16 ਦਸੰਬਰ ਸਫ਼ੇ 29-31
ਇਕ ਨਰਸ ਗੁੱਸੇਖ਼ੋਰ ਔਰਤ ਨਾਲ ਗੱਲ ਕਰਦੀ ਹੋਈ

ਨਿਮਰ ਸੁਭਾਅ ਬੁੱਧੀਮਾਨੀ ਦਾ ਰਾਹ

ਅਨਟੋਨੀਆ ਨਾਂ ਦੀ ਨਰਸ ਨੇ ਘਰ ਦੀ ਘੰਟੀ ਵਜਾਈ। ਇਕ ਅੱਧਖੜ ਉਮਰ ਦੀ ਔਰਤ ਨੇ ਦਰਵਾਜ਼ਾ ਖੋਲ੍ਹਿਆ। ਉਹ ਔਰਤ ਅਨਟੋਨੀਆ ਨੂੰ ਟੁੱਟ ਕੇ ਪਈ ਕਿਉਂਕਿ ਉਸ ਦਾ ਕਹਿਣਾ ਸੀ ਕਿ ਅਨਟੋਨੀਆ ਉਸ ਦੀ ਬਜ਼ੁਰਗ ਮਾਂ ਦੀ ਦੇਖ-ਭਾਲ ਕਰਨ ਲਈ ਸਮੇਂ ʼਤੇ ਨਹੀਂ ਪਹੁੰਚੀ। ਪਰ ਅਨਟੋਨੀਆ ਤਾਂ ਸਮੇਂ ਸਿਰ ਪਹੁੰਚੀ ਸੀ। ਅਨਟੋਨੀਆ ਨੇ ਉਸ ਔਰਤ ਤੋਂ ਦਿਲੋਂ ਮਾਫ਼ੀ ਮੰਗੀ ਕਿਉਂਕਿ ਸ਼ਾਇਦ ਸਮੇਂ ਦਾ ਭੁਲੇਖਾ ਪਿਆ ਸੀ।

ਜਦੋਂ ਅਨਟੋਨੀਆ ਦੁਬਾਰਾ ਉਸ ਔਰਤ ਦੇ ਘਰ ਗਈ, ਤਾਂ ਉਹ ਔਰਤ ਫਿਰ ਗੁੱਸੇ ਨਾਲ ਭੜਕ ਗਈ। ਅਨਟੋਨੀਆ ਨੇ ਇਸ ਵਾਰੀ ਕੀ ਕੀਤਾ? ਉਹ ਕਹਿੰਦੀ ਹੈ: “ਮੇਰੇ ਲਈ ਇਸ ਵਾਰ ਸ਼ਾਂਤ ਰਹਿਣਾ ਬਹੁਤ ਮੁਸ਼ਕਲ ਸੀ। ਮੇਰੇ ਨਾਲ ਇੱਦਾਂ ਗੱਲ ਕਰਨ ਦਾ ਉਸ ਦਾ ਕੋਈ ਹੱਕ ਨਹੀਂ ਸੀ।” ਪਰ ਅਨਟੋਨੀਆ ਨੇ ਦੁਬਾਰਾ ਮਾਫ਼ੀ ਮੰਗੀ ਅਤੇ ਉਸ ਔਰਤ ਨੂੰ ਕਿਹਾ ਕਿ ਉਹ ਉਸ ਦਾ ਦੁੱਖ ਸਮਝ ਸਕਦੀ ਸੀ।

ਜੇ ਤੁਸੀਂ ਅਨਟੋਨੀਆ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ? ਕੀ ਤੁਸੀਂ ਨਿਮਰਤਾ ਨਾਲ ਪੇਸ਼ ਆਉਂਦੇ? ਕੀ ਤੁਹਾਡੇ ਲਈ ਆਪਣੇ ਗੁੱਸੇ ʼਤੇ ਕਾਬੂ ਰੱਖਣਾ ਔਖਾ ਹੁੰਦਾ? ਬਿਨਾਂ ਸ਼ੱਕ ਇੱਦਾਂ ਦੇ ਹਾਲਾਤਾਂ ਵਿਚ ਸ਼ਾਂਤ ਰਹਿਣਾ ਬਹੁਤ ਮੁਸ਼ਕਲ ਹੁੰਦਾ ਹੈ। ਜਦੋਂ ਅਸੀਂ ਕਿਸੇ ਗੱਲੋਂ ਪਰੇਸ਼ਾਨ ਹੁੰਦੇ ਹਾਂ ਜਾਂ ਕੋਈ ਜਾਣ-ਬੁੱਝ ਕੇ ਸਾਨੂੰ ਗੁੱਸਾ ਚੜ੍ਹਾਉਂਦਾ ਹੈ, ਤਾਂ ਉਸ ਵੇਲੇ ਨਿਮਰ ਰਹਿਣਾ ਬਹੁਤ ਔਖਾ ਹੋ ਸਕਦਾ ਹੈ।

ਪਰ ਬਾਈਬਲ ਮਸੀਹੀਆਂ ਨੂੰ ਨਿਮਰ ਬਣਨ ਦੀ ਹੱਲਾਸ਼ੇਰੀ ਦਿੰਦੀ ਹੈ। ਦਰਅਸਲ ਪਰਮੇਸ਼ੁਰ ਦੇ ਬਚਨ ਵਿਚ ਨਿਮਰਤਾ ਅਤੇ ਬੁੱਧੀ ਦਾ ਗੂੜ੍ਹਾ ਸੰਬੰਧ ਜੋੜਿਆ ਗਿਆ ਹੈ। ਯਾਕੂਬ ਨੇ ਪੁੱਛਿਆ: “ਤੁਹਾਡੇ ਵਿੱਚੋਂ ਕਿਹੜਾ ਬੁੱਧੀਮਾਨ ਅਤੇ ਸਮਝਦਾਰ ਹੈ? ਜਿਹੜਾ ਹੈ, ਉਹ ਆਪਣੇ ਚੰਗੇ ਚਾਲ-ਚਲਣ ਰਾਹੀਂ ਦਿਖਾਵੇ ਕਿ ਉਹ ਸਾਰੇ ਕੰਮ ਨਰਮਾਈ ਨਾਲ ਕਰਦਾ ਹੈ ਕਿਉਂਕਿ ਬੁੱਧ ਉਸ ਵਿਚ ਨਰਮਾਈ ਪੈਦਾ ਕਰਦੀ ਹੈ।” (ਯਾਕੂ. 3:13) ਅਸੀਂ ਕਿੱਦਾਂ ਜਾਣ ਸਕਦੇ ਹਾਂ ਕਿ ਨਰਮਾਈ ਸਵਰਗੋਂ ਮਿਲੀ ਬੁੱਧ ਦਾ ਸਬੂਤ ਹੈ? ਨਾਲੇ ਅਸੀਂ ਇਹ ਪਰਮੇਸ਼ੁਰੀ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ?

ਨਿਮਰ ਸੁਭਾਅ​—ਬੁੱਧੀਮਾਨੀ ਦਾ ਰਾਹ

ਨਿਮਰ ਸੁਭਾਅ ਗੁੱਸੇ ਦੀ ਅੱਗ ਨੂੰ ਠੰਢਾ ਕਰ ਦਿੰਦਾ ਹੈ। “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।”​—ਕਹਾ. 15:1.

ਗੁੱਸੇ ਵਿਚ ਭੜਕਣ ਕਰਕੇ ਗੱਲ ਪਹਿਲਾਂ ਨਾਲੋਂ ਜ਼ਿਆਦਾ ਵਿਗੜ ਸਕਦੀ ਹੈ। ਇਹ ਤਾਂ ਬਲ਼ਦੀ ʼਤੇ ਤੇਲ ਪਾਉਣ ਦੇ ਬਰਾਬਰ ਹੈ। (ਕਹਾ. 26:21) ਇਸ ਦੇ ਉਲਟ, ਨਿਮਰਤਾ ਨਾਲ ਜਵਾਬ ਦੇ ਕੇ ਮਾਹੌਲ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਇੱਥੋਂ ਤਕ ਕਿ ਦੂਜੇ ਵਿਅਕਤੀ ਦਾ ਗੁੱਸਾ ਵੀ ਠੰਢਾ ਕੀਤਾ ਜਾ ਸਕਦਾ ਹੈ।

ਅਨਟੋਨੀਆ ਨੇ ਆਪਣੀ ਅੱਖੀਂ ਇਹ ਗੱਲ ਹੁੰਦਿਆਂ ਦੇਖੀ। ਅਨਟੋਨੀਆ ਦਾ ਨਰਮ ਜਵਾਬ ਸੁਣ ਕੇ ਉਹ ਔਰਤ ਰੋਣ ਲੱਗ ਪਈ। ਉਸ ਨੇ ਅਨਟੋਨੀਆ ਨੂੰ ਦੱਸਿਆ ਕਿ ਉਹ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਕਰਕੇ ਦੁੱਖਾਂ ਵਿਚ ਡੁੱਬੀ ਹੋਈ ਸੀ। ਅਨਟੋਨੀਆ ਨੇ ਉਸ ਨੂੰ ਬਹੁਤ ਵਧੀਆ ਗਵਾਹੀ ਦਿੱਤੀ ਅਤੇ ਬਾਈਬਲ ਸਟੱਡੀ ਸ਼ੁਰੂ ਕੀਤੀ। ਉਹ ਸਿਰਫ਼ ਇਸ ਲਈ ਇੱਦਾਂ ਕਰ ਸਕੀ ਕਿਉਂਕਿ ਉਹ ਸ਼ਾਂਤੀ ਅਤੇ ਨਿਮਰਤਾ ਨਾਲ ਪੇਸ਼ ਆਈ।

ਨਿਮਰ ਸੁਭਾਅ ਕਰਕੇ ਖ਼ੁਸ਼ੀਆਂ। “ਖ਼ੁਸ਼ ਹਨ ਨਰਮ ਸੁਭਾਅ ਵਾਲੇ; ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ।”​—ਮੱਤੀ 5:5.

ਨਰਮ ਸੁਭਾਅ ਵਾਲੇ ਲੋਕ ਖ਼ੁਸ਼ ਕਿਉਂ ਰਹਿੰਦੇ ਹਨ? ਸੱਚਾਈ ਵਿਚ ਆਉਣ ਤੋਂ ਪਹਿਲਾਂ ਬਹੁਤ ਸਾਰੇ ਲੋਕ ਗੁੱਸੇਖ਼ੋਰ ਸਨ। ਪਰ ਨਿਮਰਤਾ ਨੂੰ ਕੱਪੜਿਆਂ ਵਾਂਗ ਪਾ ਕੇ ਉਹ ਅੱਜ ਬਹੁਤ ਖ਼ੁਸ਼ ਹਨ। ਉਨ੍ਹਾਂ ਦੀ ਜ਼ਿੰਦਗੀ ਸੁਧਰ ਗਈ ਹੈ ਅਤੇ ਉਹ ਇਕ ਸੁਨਹਿਰੇ ਭਵਿੱਖ ਦੀ ਉਡੀਕ ਕਰ ਰਹੇ ਹਨ। (ਕੁਲੁ. 3:12) ਅਡੋਲਫੋ ਨਾਂ ਦਾ ਭਰਾ ਸਪੇਨ ਵਿਚ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰ ਰਿਹਾ ਹੈ। ਆਓ ਆਪਾਂ ਦੇਖੀਏ ਕਿ ਸੱਚਾਈ ਵਿਚ ਆਉਣ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਕਿਹੋ ਜਿਹੀ ਸੀ।

ਅਡੋਲਫੋ ਦੱਸਦਾ ਹੈ: “ਮੇਰੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਸੀ। ਮੈਂ ਅਕਸਰ ਆਪਣਾ ਆਪਾ ਖੋਹ ਦਿੰਦਾ ਸੀ। ਮੈਂ ਮਾਰ-ਕੁਟਾਈ ʼਤੇ ਉਤਰ ਆਉਂਦਾ ਸੀ ਜਿਸ ਕਰਕੇ ਮੇਰੇ ਕੁਝ ਦੋਸਤ ਮੇਰੇ ਤੋਂ ਦੂਰ-ਦੂਰ ਰਹਿਣ ਲੱਗ ਪਏ। ਫਿਰ ਮੇਰੀ ਜ਼ਿੰਦਗੀ ਵਿਚ ਇਕ ਬੁਰੀ ਘਟਨਾ ਵਾਪਰੀ। ਇਕ ਲੜਾਈ ਵਿਚ ਛੇ ਵਾਰੀ ਮੇਰੇ ʼਤੇ ਵਾਰ ਕੀਤਾ ਗਿਆ। ਬਹੁਤ ਖ਼ੂਨ ਵਹਿਣ ਕਰਕੇ ਮੈਂ ਮਸਾਂ-ਮਸਾਂ ਬਚਿਆ।”

ਪਰ ਹੁਣ ਅਡੌਲਫੋ ਆਪਣੀ ਕਹਿਣੀ ਅਤੇ ਕਰਨੀ ਦੁਆਰਾ ਦੂਜਿਆਂ ਨੂੰ ਨਿਮਰ ਬਣਨਾ ਸਿਖਾਉਂਦਾ ਹੈ। ਬਹੁਤ ਸਾਰੇ ਲੋਕ ਉਸ ਦੇ ਵਧੀਆ ਅਤੇ ਨਰਮ ਸੁਭਾਅ ਕਰਕੇ ਉਸ ਵੱਲ ਖਿੱਚੇ ਗਏ ਹਨ। ਅਡੌਲਫੋ ਦੱਸਦਾ ਹੈ ਕਿ ਉਹ ਆਪਣੇ ਵਿਚ ਤਬਦੀਲੀਆਂ ਕਰ ਕੇ ਬਹੁਤ ਖ਼ੁਸ਼ ਹੈ। ਨਾਲੇ ਉਹ ਯਹੋਵਾਹ ਦਾ ਸ਼ੁਕਰਗੁਜ਼ਾਰ ਹੈ ਕਿ ਯਹੋਵਾਹ ਨੇ ਉਸ ਦੀ ਨਿਮਰ ਬਣਨ ਵਿਚ ਮਦਦ ਕੀਤੀ।

ਨਿਮਰ ਸੁਭਾਅ ਯਹੋਵਾਹ ਨੂੰ ਖ਼ੁਸ਼ ਕਰਦਾ ਹੈ। “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।”​—ਕਹਾ. 27:11.

ਯਹੋਵਾਹ ਦਾ ਦੁਸ਼ਮਣ ਸ਼ੈਤਾਨ ਉਸ ਨੂੰ ਮਿਹਣੇ ਮਾਰਦਾ ਹੈ। ਸ਼ੈਤਾਨ ਦੇ ਮਿਹਣਿਆਂ ਕਰਕੇ ਪਰਮੇਸ਼ੁਰ ਕੋਲ ਉਸ ʼਤੇ ਗੁੱਸੇ ਹੋਣ ਦਾ ਜਾਇਜ਼ ਕਾਰਨ ਹੈ, ਪਰ ਬਾਈਬਲ ਦੱਸਦੀ ਹੈ ਕਿ ਯਹੋਵਾਹ ‘ਕਰੋਧ ਵਿੱਚ ਧੀਰਜ’ ਰੱਖਦਾ ਹੈ। (ਕੂਚ 34:6) ਜਦੋਂ ਅਸੀਂ ਯਹੋਵਾਹ ਵਾਂਗ ਕਰੋਧ ਵਿਚ ਧੀਰਜ ਅਤੇ ਨਰਮ ਸੁਭਾਅ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਬੁੱਧੀਮਾਨੀ ਦੇ ਰਾਹ ʼਤੇ ਚੱਲ ਰਹੇ ਹੁੰਦੇ ਹਾਂ। ਇਹ ਰਾਹ ਯਹੋਵਾਹ ਦੇ ਦਿਲ ਨੂੰ ਬਹੁਤ ਖ਼ੁਸ਼ ਕਰਦਾ ਹੈ।​—ਅਫ਼. 5:1.

ਅੱਜ ਦੁਨੀਆਂ ਦਾ ਮਾਹੌਲ ਬਹੁਤ ਹੀ ਬੁਰਾ ਹੈ। ਸ਼ਾਇਦ ਸਾਡਾ ਉਨ੍ਹਾਂ ਲੋਕਾਂ ਨਾਲ ਵਾਹ ਪਵੇ ਜੋ “ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ . . . ਦੂਜਿਆਂ ਨੂੰ ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ” ਹਨ। (2 ਤਿਮੋ. 3:2, 3) ਪਰ ਫਿਰ ਵੀ ਇਕ ਮਸੀਹੀ ਨੂੰ ਆਪਣੇ ਵਿਚ ਨਿਮਰ ਸੁਭਾਅ ਪੈਦਾ ਕਰਦੇ ਰਹਿਣਾ ਚਾਹੀਦਾ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਯਾਦ ਕਰਵਾਉਂਦਾ ਹੈ ਕਿ “ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ ਇਨਸਾਨ . . . ਸ਼ਾਂਤੀ-ਪਸੰਦ, ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ” ਹੁੰਦਾ ਹੈ। (ਯਾਕੂ. 3:17) ਆਪਣੀ ਸ਼ਾਂਤੀ ਬਣਾਈ ਰੱਖ ਕੇ ਅਤੇ ਆਪਣੀ ਗੱਲ ʼਤੇ ਅੜੇ ਨਾ ਰਹਿ ਕੇ ਅਸੀਂ ਦਿਖਾ ਸਕਦੇ ਹਾਂ ਕਿ ਸਾਨੂੰ ਪਰਮੇਸ਼ੁਰੀ ਬੁੱਧ ਮਿਲੀ ਹੈ। ਇਸ ਤਰ੍ਹਾਂ ਦੀ ਬੁੱਧ ਸਾਨੂੰ ਉਦੋਂ ਵੀ ਨਿਮਰ ਸੁਭਾਅ ਬਣਾਈ ਰੱਖਣ ਲਈ ਪ੍ਰੇਰਿਤ ਕਰੇਗੀ ਜਦੋਂ ਕੋਈ ਜਾਣ-ਬੁੱਝ ਕੇ ਸਾਨੂੰ ਗੁੱਸਾ ਚੜ੍ਹਾਉਂਦਾ ਹੈ। ਨਾਲੇ ਅਸੀਂ ਅਸੀਮ ਬੁੱਧ ਦੇ ਸੋਮੇ ਯਹੋਵਾਹ ਦੇ ਹੋਰ ਵੀ ਨੇੜੇ ਜਾਵਾਂਗੇ।

ਨਿਮਰ ਸੁਭਾਅ ਕਿਵੇਂ ਪੈਦਾ ਕਰੀਏ?

ਮੰਨ ਲਓ ਕੋਈ ਤੁਹਾਡੇ ਨਾਲ ਰੁੱਖੇ ਜਾਂ ਨਾਜਾਇਜ਼ ਢੰਗ ਨਾਲ ਪੇਸ਼ ਆਉਂਦਾ ਹੈ। ਉਸ ਵੇਲੇ ਕਿਹੜੀਆਂ ਗੱਲਾਂ ਆਪਣੇ ਜਜ਼ਬਾਤਾਂ ʼਤੇ ਕਾਬੂ ਪਾਉਣ ਦੇ ਨਾਲ-ਨਾਲ ਉਸ ਤਰੀਕੇ ਨਾਲ ਪੇਸ਼ ਆਉਣ ਵਿਚ ਤੁਹਾਡੀ ਮਦਦ ਕਰਨਗੀਆਂ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ? ਕਿਉਂ ਨਾ ਅੱਗੇ ਦਿੱਤੇ ਵਧੀਆ ਅਸੂਲਾਂ ʼਤੇ ਸੋਚ-ਵਿਚਾਰ ਕਰੋ?

  1. 1 “ਦੁਨੀਆਂ ਦੀ ਸੋਚ ਨੂੰ ਕਬੂਲ” ਨਾ ਕਰੋ।​—1 ਕੁਰਿੰ. 2:12. ਬਹੁਤ ਸਾਰੇ ਲੋਕ ਨਿਮਰਤਾ ਨੂੰ ਕਮਜ਼ੋਰੀ ਸਮਝਦੇ ਹਨ। ਉਹ ਕਹਿੰਦੇ ਹਨ ਕਿ ਤਾਕਤਵਰ ਹੋਣ ਲਈ ਇਕ ਇਨਸਾਨ ਨੂੰ ਅੜਬ ਅਤੇ ਗੁੱਸੇਖ਼ੋਰ ਹੋਣਾ ਚਾਹੀਦਾ ਹੈ। ਇਹ ਪਰਮੇਸ਼ੁਰੀ ਸੋਚ ਨਹੀਂ, ਸਗੋਂ ਦੁਨਿਆਵੀ ਸੋਚ ਹੈ। ਦਰਅਸਲ, ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਨਿਮਰ ਸੁਭਾਅ ਵਾਲਾ ਇਨਸਾਨ ਬਹੁਤ ਤਾਕਤਵਰ ਹੁੰਦਾ ਹੈ। “ਧੀਰਜ ਨਾਲ ਹਾਕਮ ਰਾਜੀ ਹੋ ਜਾਂਦਾ ਹੈ, ਅਤੇ ਕੋਮਲ ਰਸਨਾ ਹੱਡੀ ਨੂੰ ਵੀ ਭੰਨ ਸੁੱਟਦੀ ਹੈ।”​—ਕਹਾ. 25:15.

    ਸੋਚ-ਵਿਚਾਰ ਕਰਨ ਲਈ ਸਵਾਲ:

    ਕੀ ਮੈਂ ਨਿਮਰ ਸੁਭਾਅ ਨੂੰ ਆਪਣੀ ਤਾਕਤ ਸਮਝਦਾ ਹਾਂ ਜਾਂ ਕਮਜ਼ੋਰੀ?

    ਕੀ ਮੈਂ ‘ਸਰੀਰ ਦੇ ਕੰਮਾਂ’ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ, ਜਿਵੇਂ ਗੁੱਸੇ ਵਿਚ ਭੜਕਣਾ ਅਤੇ ਝਗੜਾ ਕਰਨਾ?​—ਗਲਾ. 5:19, 20.

  2. 2 ਸੋਚ-ਵਿਚਾਰ ਕਰਨ ਲਈ ਸਮਾਂ ਕੱਢੋ। “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦੇ ਮੂੰਹੋਂ ਬੁਰੀਆਂ ਗੱਪਾਂ ਉੱਛਲਦੀਆਂ ਹਨ।” (ਕਹਾ. 15:28) ਗੁੱਸੇ ਵਿਚ ਅਸੀਂ ਸ਼ਾਇਦ ਅਜਿਹਾ ਕੁਝ ਕਹਿ ਦੇਈਏ ਜਿਸ ਦਾ ਸਾਨੂੰ ਬਾਅਦ ਵਿਚ ਪਛਤਾਵਾ ਹੋਵੇ। ਪਰ ਬੋਲਣ ਤੋਂ ਪਹਿਲਾਂ ਸੋਚ-ਵਿਚਾਰ ਕਰ ਕੇ ਅਸੀਂ ਨਿਮਰਤਾ ਨਾਲ ਜਵਾਬ ਦੇ ਸਕਾਂਗੇ ਅਤੇ ਦੂਸਰੇ ਵੀ ਸਾਡੇ ਨਾਲ ਨਿਮਰਤਾ ਨਾਲ ਪੇਸ਼ ਆਉਣਗੇ।

    ਸੋਚ-ਵਿਚਾਰ ਕਰਨ ਲਈ ਸਵਾਲ:

    ਗੁੱਸੇ ਵਿਚ ਭੜਕਣ ਦੀ ਮੇਰੀ ਆਦਤ ਦਾ ਮੇਰੇ ਉੱਤੇ ਕੀ ਅਸਰ ਪੈਂਦਾ ਹੈ?

    ਕੀ ਮੈਂ ਸ਼ਾਂਤੀ ਬਣਾਈ ਰੱਖਣ ਲਈ ਆਪਣੇ ਨਾਲ ਹੋ ਰਹੇ ਅਨਿਆਂ ਨੂੰ ਨਜ਼ਰਅੰਦਾਜ਼ ਕਰ ਸਕਦਾ ਹਾਂ?​—ਕਹਾ. 19:11.

  3. 3 ਬਾਕਾਇਦਾ ਪ੍ਰਾਰਥਨਾ ਕਰੋ। ਬ੍ਰਹਿਮੰਡ ਦੀ ਸਭ ਤੋਂ ਸ਼ਕਤੀਸ਼ਾਲੀ ਤਾਕਤ, ਪਵਿੱਤਰ ਸ਼ਕਤੀ, ਲਈ ਪ੍ਰਾਰਥਨਾ ਕਰੋ। (ਲੂਕਾ 11:13) ਯਾਦ ਰੱਖੋ ਕਿ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਨਰਮਾਈ ਅਤੇ ਸੰਜਮ ਵਰਗੇ ਗੁਣ ਪੈਦਾ ਹੁੰਦੇ ਹਨ। ਅਡੌਲਫੋ ਯਾਦ ਕਰਦਾ ਹੈ: “ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਕਰਨ ਨਾਲ ਮੇਰੀ ਬਹੁਤ ਮਦਦ ਹੋਈ, ਖ਼ਾਸ ਕਰਕੇ ਜਦੋਂ ਹਾਲਾਤ ਬਹੁਤ ਔਖੇ ਹੁੰਦੇ ਸਨ।” ਇਸੇ ਤਰ੍ਹਾਂ ਜੇ ਅਸੀਂ “ਪ੍ਰਾਰਥਨਾ ਕਰਨ ਵਿਚ ਲੱਗੇ” ਰਹਾਂਗੇ, ਤਾਂ ਯਹੋਵਾਹ ਪਵਿੱਤਰ ਸ਼ਕਤੀ ਲਈ ਕੀਤੀਆਂ ਸਾਡੀਆਂ ਬੇਨਤੀਆਂ ਦਾ ਵੀ ਜਵਾਬ ਦੇਵੇਗਾ।​—ਰੋਮੀ. 12:12.

    ਸੋਚ-ਵਿਚਾਰ ਕਰਨ ਲਈ ਸਵਾਲ:

    ਕੀ ਮੈਂ ਯਹੋਵਾਹ ਨੂੰ ਬਾਕਾਇਦਾ ਪ੍ਰਾਰਥਨਾ ਕਰਦਾ ਹਾਂ ਕਿ ਉਹ ਮੇਰੇ ਦਿਲ ਅਤੇ ਇਰਾਦਿਆਂ ਦੀ ਜਾਂਚ ਕਰੇ?

    ਕੀ ਮੈਂ ਉਸ ਤੋਂ ਪਵਿੱਤਰ ਸ਼ਕਤੀ ਅਤੇ ਬੁੱਧ ਮੰਗਦਾ ਹਾਂ ਤਾਂਕਿ ਮੈਂ ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਕੰਮ ਕਰ ਸਕਾਂ?​—ਜ਼ਬੂ. 139:23, 24; ਯਾਕੂ. 1:5.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ