ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w17 ਮਾਰਚ ਸਫ਼ੇ 18-22
  • ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਆਸਾ ਨੇ “ਪੂਰੇ ਦਿਲ” ਨਾਲ ਯਹੋਵਾਹ ਦੀ ਸੇਵਾ ਕੀਤੀ
  • ਯਹੋਸ਼ਾਫਾਟ ਨੇ ਯਹੋਵਾਹ ਨੂੰ ਭਾਲਿਆ
  • ਹਿਜ਼ਕੀਯਾਹ ਸਹੀ ਕੰਮ ਕਰਦਾ ਰਿਹਾ
  • ਯੋਸੀਯਾਹ ਯਹੋਵਾਹ ਦੇ ਹੁਕਮ ਮੰਨਦਾ ਰਿਹਾ
  • ਦਿਲੋਂ ਯਹੋਵਾਹ ਦੀ ਸੇਵਾ ਕਰੋ
  • ਕੀ ਤੁਸੀਂ ਲਿਖੀਆਂ ਗੱਲਾਂ ʼਤੇ ਦਿਲੋਂ ਚੱਲਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • “ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਸ਼ਾਂਤੀ ਦੇ ਸਮੇਂ ਦੌਰਾਨ ਸਮਝਦਾਰੀ ਵਰਤੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਯਹੋਵਾਹ ਸਾਡੇ ਨੇੜੇ ਕਿਵੇਂ ਆਉਂਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
w17 ਮਾਰਚ ਸਫ਼ੇ 18-22
ਆਸਾ, ਯਹੋਸ਼ਾਫਾਟ, ਹਿਜ਼ਕੀਯਾਹ ਅਤੇ ਯੋਸੀਯਾਹ

ਆਸਾ, ਯਹੋਸ਼ਾਫਾਟ, ਹਿਜ਼ਕੀਯਾਹ, ਯੋਸੀਯਾਹ

ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ

“ਹੇ ਯਹੋਵਾਹ, ਮੈਂ ਤੇਰੀ ਮਿੰਨਤ ਕਰਦਾ ਹਾਂ ਚੇਤੇ ਕਰ ਭਈ ਮੈਂ ਕਿਵੇਂ ਵਫਾਦਾਰੀ ਨਾਲ ਤੇ ਪੂਰੇ ਦਿਲ ਨਾਲ ਤੇਰੇ ਹਜ਼ੂਰ ਚੱਲਦਾ ਰਿਹਾ ਹਾਂ।”​—2 ਰਾਜ. 20:3.

ਗੀਤ: 52, 32

ਤੁਸੀਂ ਕੀ ਜਵਾਬ ਦਿਓਗੇ?

  • ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਕੀ ਮਤਲਬ ਹੈ?

  • ਤੁਸੀਂ ਇਸ ਗੱਲ ਤੋਂ ਕੀ ਸਿੱਖਿਆ ਕਿ ਯਹੋਵਾਹ ਯਹੂਦਾਹ ਦੇ ਚਾਰ ਰਾਜਿਆਂ ਤੋਂ ਖ਼ੁਸ਼ ਸੀ?

  • ਤੁਸੀਂ ਇਨ੍ਹਾਂ ਚਾਰ ਰਾਜਿਆਂ ਵਿੱਚੋਂ ਕਿਸ ਦੀ ਰੀਸ ਕਰਨੀ ਚਾਹੋਗੇ ਅਤੇ ਕਿਉਂ?

1-3. “ਪੂਰੇ ਦਿਲ” ਨਾਲ ਯਹੋਵਾਹ ਦੀ ਭਗਤੀ ਕਰਨ ਦਾ ਕੀ ਮਤਲਬ ਹੈ? ਇਕ ਮਿਸਾਲ ਦਿਓ।

ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਗ਼ਲਤੀਆਂ ਕਰਦੇ ਹਾਂ। ਪਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਰਿਹਾਈ ਦੀ ਕੀਮਤ ਦਿੱਤੀ ਅਤੇ ਉਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ। ਇਸ ਲਈ ਜੇ ਅਸੀਂ ਨਿਮਰ ਅਤੇ ਤੋਬਾ ਕਰਨ ਵਾਲੇ ਹਾਂ, ਤਾਂ ਅਸੀਂ ਪਰਮੇਸ਼ੁਰ ਤੋਂ ਮਾਫ਼ੀ ਮੰਗ ਸਕਦੇ ਹਾਂ। ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ “ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ” ਵਰਤਦਾ। (ਜ਼ਬੂ. 103:10) ਪਰ ਸਾਨੂੰ “ਪੱਕੇ ਮਨ ਨਾਲ” ਉਸ ਦੀ ਸੇਵਾ ਕਰਨੀ ਚਾਹੀਦੀ ਹੈ। (1 ਇਤ. 28:9) ਨਾਮੁਕੰਮਲ ਹੋਣ ਦੇ ਬਾਵਜੂਦ ਵੀ ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ?

2 ਇਹ ਗੱਲ ਸਮਝਣ ਲਈ ਅਸੀਂ ਰਾਜਾ ਆਸਾ ਅਤੇ ਰਾਜਾ ਅਮਸਯਾਹ ਦੀ ਤੁਲਨਾ ਕਰ ਸਕਦੇ ਹਾਂ। ਦੋਵੇਂ ਰਾਜਿਆਂ ਨੇ ਚੰਗੇ ਕੰਮ ਕੀਤੇ, ਪਰ ਨਾਮੁਕੰਮਲ ਹੋਣ ਕਰਕੇ ਗ਼ਲਤੀਆਂ ਵੀ ਕੀਤੀਆਂ। ਪਰ ਬਾਈਬਲ ਦੱਸਦੀ ਹੈ ਕਿ “ਆਸਾ ਦਾ ਮਨ ਸਾਰੀ ਉਮਰ ਸੰਪੂਰਨ ਰਿਹਾ।” (2 ਇਤ. 15:16, 17; 25:1, 2; ਕਹਾ. 17:3) ਉਸ ਨੇ ਹਮੇਸ਼ਾ ਯਹੋਵਾਹ ਨੂੰ ਖ਼ੁਸ਼ ਕਰਨ ਅਤੇ “ਪੂਰੇ ਦਿਲ” ਨਾਲ ਉਸ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ। (1 ਇਤ. 28:9) ਪਰ ਅਮਸਯਾਹ ਨੇ “ਪੂਰੇ ਦਿਲ” ਨਾਲ ਯਹੋਵਾਹ ਦੀ ਸੇਵਾ ਨਹੀਂ ਕੀਤੀ। ਪਰਮੇਸ਼ੁਰ ਦੇ ਦੁਸ਼ਮਣਾਂ ਨੂੰ ਹਰਾਉਣ ਤੋਂ ਬਾਅਦ ਉਹ ਉਨ੍ਹਾਂ ਦੀਆਂ ਮੂਰਤੀਆਂ ਚੁੱਕ ਲਿਆਇਆ ਅਤੇ ਪੂਜਣ ਲੱਗ ਪਿਆ।​—2 ਇਤ. 25:11-16.

3 ਜਿਹੜਾ ਵਿਅਕਤੀ “ਪੂਰੇ ਦਿਲ” ਨਾਲ ਯਹੋਵਾਹ ਦੀ ਸੇਵਾ ਕਰਦਾ ਹੈ, ਉਹ ਪਰਮੇਸ਼ੁਰ ਨੂੰ ਬੇਹੱਦ ਪਿਆਰ ਕਰਦਾ ਹੈ ਅਤੇ ਹਮੇਸ਼ਾ ਉਸ ਦੀ ਭਗਤੀ ਕਰਨੀ ਚਾਹੁੰਦਾ ਹੈ। ਜਦੋਂ ਬਾਈਬਲ ਵਿਚ “ਦਿਲ” ਦਾ ਜ਼ਿਕਰ ਆਉਂਦਾ ਹੈ, ਤਾਂ ਇਹ ਅਕਸਰ ਸਾਡੇ ਅੰਦਰਲੇ ਇਨਸਾਨ ਨੂੰ ਦਰਸਾਉਂਦਾ ਹੈ। ਇਸ ਵਿਚ ਸਾਡੀਆਂ ਇੱਛਾਵਾਂ, ਸੋਚਾਂ, ਸੁਭਾਅ, ਰਵੱਈਆ, ਕਾਬਲੀਅਤਾਂ ਤੇ ਟੀਚੇ ਸ਼ਾਮਲ ਹਨ। ਨਾਮੁਕੰਮਲ ਹੋਣ ਦੇ ਬਾਵਜੂਦ ਵੀ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰ ਸਕਦੇ ਹਾਂ। ਅਸੀਂ ਯਹੋਵਾਹ ਦੀ ਭਗਤੀ ਮਜਬੂਰੀ ਨਾਲ ਜਾਂ ਇਕ ਆਦਤ ਵਜੋਂ ਨਹੀਂ, ਸਗੋਂ ਦਿਲੋਂ ਕਰਦੇ ਹਾਂ।​—2 ਇਤ. 19:9.

4. ਅਸੀਂ ਹੁਣ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?

4 ਅਸੀਂ ਰਾਜਾ ਆਸਾ ਅਤੇ ਯਹੂਦਾਹ ਦੇ ਤਿੰਨ ਹੋਰ ਵਫ਼ਾਦਾਰ ਰਾਜਿਆਂ ਦੀਆਂ ਜ਼ਿੰਦਗੀਆਂ ʼਤੇ ਗੌਰ ਕਰਾਂਗੇ। ਇੱਦਾਂ ਅਸੀਂ ਹੋਰ ਚੰਗੀ ਤਰ੍ਹਾਂ ਸਮਝ ਸਕਾਂਗੇ ਕਿ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦਾ ਕੀ ਮਤਲਬ ਹੈ। ਇਹ ਰਾਜੇ ਸਨ, ਯਹੋਸ਼ਾਫਾਟ, ਹਿਜ਼ਕੀਯਾਹ ਅਤੇ ਯੋਸੀਯਾਹ। ਭਾਵੇਂ ਕਿ ਇਨ੍ਹਾਂ ਚਾਰਾਂ ਰਾਜਿਆਂ ਨੇ ਗ਼ਲਤੀਆਂ ਕੀਤੀਆਂ, ਪਰ ਫਿਰ ਵੀ ਯਹੋਵਾਹ ਇਨ੍ਹਾਂ ਤੋਂ ਖ਼ੁਸ਼ ਸੀ। ਉਸ ਨੇ ਦੇਖਿਆ ਕਿ ਉਨ੍ਹਾਂ ਨੇ ਪੂਰੇ ਦਿਲ ਨਾਲ ਉਸ ਦੀ ਸੇਵਾ ਕੀਤੀ। ਯਹੋਵਾਹ ਨੇ ਉਨ੍ਹਾਂ ਬਾਰੇ ਇੱਦਾਂ ਦਾ ਨਜ਼ਰੀਆ ਕਿਉਂ ਰੱਖਿਆ ਅਤੇ ਅਸੀਂ ਇਨ੍ਹਾਂ ਰਾਜਿਆਂ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਾਂ?

ਆਸਾ ਨੇ “ਪੂਰੇ ਦਿਲ” ਨਾਲ ਯਹੋਵਾਹ ਦੀ ਸੇਵਾ ਕੀਤੀ

5. ਰਾਜਾ ਬਣਨ ਤੋਂ ਬਾਅਦ ਆਸਾ ਨੇ ਕੀ ਕੀਤਾ?

5 ਇਜ਼ਰਾਈਲ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ, ਇਜ਼ਰਾਈਲ ਦਾ ਦਸ-ਗੋਤੀ ਰਾਜ ਅਤੇ ਯਹੂਦਾਹ ਦਾ ਦੋ-ਗੋਤੀ ਰਾਜ। ਆਸਾ ਯਹੂਦਾਹ ਦਾ ਤੀਜਾ ਰਾਜਾ ਬਣਿਆ। ਯਹੂਦਾਹ ਦਾ ਰਾਜਾ ਬਣਨ ਤੋਂ ਬਾਅਦ ਆਸਾ ਨੇ ਆਪਣੇ ਰਾਜ ਵਿੱਚੋਂ ਝੂਠੀ ਭਗਤੀ ਅਤੇ ਅਨੈਤਿਕਤਾ ਨੂੰ ਖ਼ਤਮ ਕਰਨ ਦਾ ਪੱਕਾ ਇਰਾਦਾ ਕੀਤਾ। ਉਸ ਨੇ ਮੂਰਤੀਆਂ ਨੂੰ ਭੰਨ ਸੁੱਟਿਆ ਅਤੇ “ਗਾਂਡੂਆਂ” ਯਾਨੀ ਪੂਜਾ-ਸਥਾਨਾਂ ਵਿਚ ਔਰਤਾਂ ਵਾਂਗ ਵੇਸਵਾਗਿਰੀ ਕਰਨ ਵਾਲੇ ਆਦਮੀਆਂ ਨੂੰ ਕੱਢ ਦਿੱਤਾ। ਇੱਥੋਂ ਤਕ ਕਿ ਆਸਾ ਨੇ ਆਪਣੀ ਦਾਦੀ ਮਆਕਾਹ ਨੂੰ “ਦਾਦੀ ਰਾਣੀ ਤੋਂ ਹਟਾ ਦਿੱਤਾ ਕਿਉਂ ਜੋ ਉਸ ਨੇ ਅਸ਼ੇਰਾਹ ਦੇਵੀ ਦੀ ਇੱਕ ਅੱਤ ਘਿਣਾਉਣੀ ਮੂਰਤ ਬਣਾਈ।” (1 ਰਾਜ. 15:11-13) ਆਸਾ ਨੇ ਲੋਕਾਂ ਨੂੰ ਵੀ “ਪਰਮੇਸ਼ੁਰ ਦੀ ਭਾਲਣਾ ਕਰਨ ਅਤੇ ਬਿਵਸਥਾ ਅਤੇ ਹੁਕਮਨਾਮੇ ਨੂੰ ਮੰਨਣ” ਦੀ ਹੱਲਾਸ਼ੇਰੀ ਦਿੱਤੀ। ਆਸਾ ਨੇ ਪੂਰੀ ਵਾਹ ਲਾ ਕੇ ਦੂਜਿਆਂ ਦੀ ਮਦਦ ਕੀਤੀ ਤਾਂਕਿ ਉਹ ਯਹੋਵਾਹ ਦੀ ਸੇਵਾ ਕਰ ਸਕਣ।​—2 ਇਤ. 14:4.

6. ਕੂਸ਼ੀਆਂ ਦੁਆਰਾ ਯਹੂਦਾਹ ʼਤੇ ਹਮਲਾ ਕਰਨ ʼਤੇ ਆਸਾ ਨੇ ਕੀ ਕੀਤਾ?

6 ਆਸਾ ਦੇ ਪਹਿਲੇ ਦਸ ਸਾਲਾਂ ਦੇ ਰਾਜ ਦੌਰਾਨ ਕੋਈ ਯੁੱਧ ਨਹੀਂ ਲੜਿਆ ਗਿਆ। ਫਿਰ ਕੂਸ਼ੀ ਦਸ ਲੱਖ ਫ਼ੌਜੀਆਂ ਅਤੇ ਤਿੰਨ ਸੌ ਰਥਾਂ ਨਾਲ ਯਹੂਦਾਹ ਦੇ ਖ਼ਿਲਾਫ਼ ਲੜਨ ਆਏ। (2 ਇਤ. 14:1, 6, 9, 10) ਆਸਾ ਨੇ ਕੀ ਕੀਤਾ? ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਆਪਣੇ ਲੋਕਾਂ ਦੀ ਮਦਦ ਜ਼ਰੂਰ ਕਰੇਗਾ। ਇਸ ਲਈ ਆਸਾ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਯੁੱਧ ਜਿੱਤਣ ਵਿਚ ਉਹ ਉਨ੍ਹਾਂ ਦੀ ਮਦਦ ਕਰੇ। (2 ਇਤਹਾਸ 14:11 ਪੜ੍ਹੋ।) ਕਦੀ-ਕਦਾਈਂ ਯਹੋਵਾਹ ਨੇ ਬੇਵਫ਼ਾ ਇਜ਼ਰਾਈਲੀ ਰਾਜਿਆਂ ਨੂੰ ਵੀ ਦੁਸ਼ਮਣਾਂ ਖ਼ਿਲਾਫ਼ ਜਿੱਤ ਦਿਵਾਈ ਤਾਂਕਿ ਸਾਰੇ ਦੇਖ ਸਕਣ ਕਿ ਉਹੀ ਸੱਚਾ ਪਰਮੇਸ਼ੁਰ ਹੈ। (1 ਰਾਜ. 20:13, 26-30) ਪਰ ਇਸ ਵਾਰ ਯਹੋਵਾਹ ਨੇ ਆਪਣੇ ਲੋਕਾਂ ਦੀ ਇਸ ਲਈ ਮਦਦ ਕੀਤੀ ਕਿਉਂਕਿ ਆਸਾ ਨੇ ਪਰਮੇਸ਼ੁਰ ʼਤੇ ਭਰੋਸਾ ਰੱਖਿਆ ਸੀ। ਯਹੋਵਾਹ ਨੇ ਆਸਾ ਦੀ ਪ੍ਰਾਰਥਨਾ ਸੁਣੀ ਅਤੇ ਉਹ ਯੁੱਧ ਜਿੱਤ ਗਏ। (2 ਇਤ. 14:12, 13) ਪਰ ਬਾਅਦ ਵਿਚ ਆਸਾ ਨੇ ਯਹੋਵਾਹ ਤੋਂ ਮਦਦ ਮੰਗਣ ਦੀ ਬਜਾਇ ਸੀਰੀਆ ਤੋਂ ਮਦਦ ਮੰਗ ਕੇ ਗੰਭੀਰ ਗ਼ਲਤੀ ਕੀਤੀ। (1 ਰਾਜ. 15:16-22) ਫਿਰ ਵੀ ਯਹੋਵਾਹ ਨੂੰ ਪਤਾ ਸੀ ਕਿ ਆਸਾ ਉਸ ਨੂੰ ਪਿਆਰ ਕਰਦਾ ਸੀ। ਆਸਾ ਨੇ ਪੂਰੀ ਜ਼ਿੰਦਗੀ ਯਹੋਵਾਹ ਦੀ ਦਿਲੋਂ ਸੇਵਾ ਕੀਤੀ। ਅਸੀਂ ਰਾਜਾ ਆਸਾ ਦੀ ਵਧੀਆ ਮਿਸਾਲ ਦੀ ਰੀਸ ਕਿਵੇਂ ਕਰ ਸਕਦੇ ਹਾਂ?​—1 ਰਾਜ. 15:14.

7, 8. ਤੁਸੀਂ ਆਸਾ ਦੀ ਰੀਸ ਕਿਵੇਂ ਕਰ ਸਕਦੇ ਹੋ?

7 ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ ਕਿ ਨਹੀਂ? ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਮੁਸ਼ਕਲਾਂ ਵਿਚ ਵੀ ਯਹੋਵਾਹ ਦਾ ਕਹਿਣਾ ਮੰਨਾਂਗਾ? ਕੀ ਮੈਂ ਮੰਡਲੀ ਨੂੰ ਸ਼ੁੱਧ ਰੱਖਣ ਦਾ ਪੱਕਾ ਇਰਾਦਾ ਕੀਤਾ ਹੈ?’ ਜ਼ਰਾ ਸੋਚੋ ਕਿ ਆਸਾ ਨੂੰ ਆਪਣੀ ਦਾਦੀ ਨੂੰ ਉਸ ਦੀ ਸ਼ਾਹੀ ਪਦਵੀ ਤੋਂ ਹਟਾਉਣ ਲਈ ਕਿੰਨੀ ਹਿੰਮਤ ਦੀ ਲੋੜ ਸੀ। ਕਈ ਵਾਰ ਸ਼ਾਇਦ ਤੁਹਾਨੂੰ ਵੀ ਆਸਾ ਵਾਂਗ ਹਿੰਮਤ ਦਿਖਾਉਣ ਦੀ ਲੋੜ ਪਵੇ। ਮਿਸਾਲ ਲਈ ਉਦੋਂ ਕੀ, ਜੇ ਤੁਹਾਡਾ ਕੋਈ ਕਰੀਬੀ ਦੋਸਤ ਜਾਂ ਪਰਿਵਾਰ ਦਾ ਕੋਈ ਮੈਂਬਰ ਪਾਪ ਕਰ ਬੈਠੇ, ਪਰ ਤੋਬਾ ਨਾ ਕਰਨ ਕਰਕੇ ਉਸ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਵੇ? ਕੀ ਤੁਸੀਂ ਉਸ ਨਾਲ ਸੰਗਤੀ ਨਾ ਕਰਨ ਦਾ ਪੱਕਾ ਇਰਾਦਾ ਕਰੋਗੇ? ਤੁਹਾਡਾ ਦਿਲ ਤੁਹਾਨੂੰ ਕੀ ਕਰਨ ਲਈ ਕਹੇਗਾ?

8 ਆਸਾ ਦੀ ਤਰ੍ਹਾਂ ਕਈ ਵਾਰ ਸਾਨੂੰ ਵੀ ਲੱਗੇ ਕਿ ਸਾਰੇ ਸਾਡੇ ਖ਼ਿਲਾਫ਼ ਹਨ। ਸ਼ਾਇਦ ਤੁਹਾਡੇ ਨਾਲ ਪੜ੍ਹਨ ਵਾਲੇ ਜਾਂ ਅਧਿਆਪਕ ਤੁਹਾਡਾ ਮਜ਼ਾਕ ਉਡਾਉਣ ਕਿਉਂਕਿ ਤੁਸੀਂ ਯਹੋਵਾਹ ਦੇ ਗਵਾਹ ਹੋ। ਜਾਂ ਸ਼ਾਇਦ ਤੁਹਾਡੇ ਨਾਲ ਕੰਮ ਕਰਨ ਵਾਲੇ ਸੋਚਣ ਕਿ ਤੁਸੀਂ ਬੇਵਕੂਫ਼ ਹੋ ਕਿਉਂਕਿ ਤੁਸੀਂ ਸੰਮੇਲਨਾਂ ʼਤੇ ਜਾਣ ਲਈ ਛੁੱਟੀ ਲੈਂਦੇ ਹੋ ਜਾਂ ਅਕਸਰ ਓਵਰ ਟਾਈਮ ਨਹੀਂ ਕਰਦੇ। ਇਸ ਤਰ੍ਹਾਂ ਦੇ ਹਾਲਾਤਾਂ ਵਿਚ ਆਸਾ ਵਾਂਗ ਯਹੋਵਾਹ ʼਤੇ ਭਰੋਸਾ ਰੱਖੋ। ਯਹੋਵਾਹ ਨੂੰ ਪ੍ਰਾਰਥਨਾ ਕਰੋ, ਹਿੰਮਤ ਰੱਖੋ ਅਤੇ ਸਹੀ ਕੰਮ ਕਰਦੇ ਰਹੋ। ਯਾਦ ਰੱਖੋ ਕਿ ਯਹੋਵਾਹ ਨੇ ਆਸਾ ਨੂੰ ਹਿੰਮਤ ਦਿੱਤੀ ਸੀ ਅਤੇ ਉਹ ਤੁਹਾਨੂੰ ਵੀ ਹਿੰਮਤ ਦੇਵੇਗਾ।

9. ਪ੍ਰਚਾਰ ਕਰਦਿਆਂ ਅਸੀਂ ਯਹੋਵਾਹ ਨੂੰ ਖ਼ੁਸ਼ ਕਿਵੇਂ ਕਰ ਸਕਦੇ ਹਾਂ?

9 ਆਸਾ ਨੇ ਸਿਰਫ਼ ਆਪਣੇ ਬਾਰੇ ਹੀ ਨਹੀਂ ਸੋਚਿਆ, ਸਗੋਂ ਉਸ ਨੇ ਦੂਜਿਆਂ ਨੂੰ ‘ਯਹੋਵਾਹ ਪਰਮੇਸ਼ੁਰ ਨੂੰ ਭਾਲਣ’ ਦੀ ਹੱਲਾਸ਼ੇਰੀ ਦਿੱਤੀ। ਯਹੋਵਾਹ ਦੀ ਸੇਵਾ ਕਰਨ ਵਿਚ ਅਸੀਂ ਵੀ ਦੂਜਿਆਂ ਦੀ ਮਦਦ ਕਰਦੇ ਹਾਂ। ਜਦੋਂ ਅਸੀਂ ਦੂਜਿਆਂ ਨਾਲ ਪਰਮੇਸ਼ੁਰ ਬਾਰੇ ਗੱਲ ਕਰਦੇ ਹਾਂ, ਤਾਂ ਉਹ ਦੇਖਦਾ ਹੈ। ਪਰਮੇਸ਼ੁਰ ਨਾਲ ਪਿਆਰ ਅਤੇ ਲੋਕਾਂ ਤੇ ਉਨ੍ਹਾਂ ਦੀ ਭਵਿੱਖ ਦੀ ਪਰਵਾਹ ਹੋਣ ਕਰਕੇ ਅਸੀਂ ਪ੍ਰਚਾਰ ਕਰਦੇ ਹਾਂ। ਯਹੋਵਾਹ ਇਹ ਦੇਖ ਕੇ ਕਿੰਨਾ ਖ਼ੁਸ਼ ਹੁੰਦਾ ਹੋਣਾ!

ਯਹੋਸ਼ਾਫਾਟ ਨੇ ਯਹੋਵਾਹ ਨੂੰ ਭਾਲਿਆ

10, 11. ਅਸੀਂ ਯਹੋਸ਼ਾਫਾਟ ਦੀ ਰੀਸ ਕਿਵੇਂ ਕਰ ਸਕਦੇ ਹਾਂ?

10 ਯਹੋਸ਼ਾਫਾਟ “ਆਪਣੇ ਪਿਤਾ ਆਸਾ ਦੇ ਰਾਹ ਵਿੱਚ ਚੱਲਦਾ ਰਿਹਾ।” (2 ਇਤ. 20:31, 32) ਕਿਵੇਂ? ਆਪਣੇ ਪਿਤਾ ਵਾਂਗ ਯਹੋਸ਼ਾਫਾਟ ਨੇ ਲੋਕਾਂ ਨੂੰ ਯਹੋਵਾਹ ਦੀ ਭਗਤੀ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੱਤੀ। ਉਸ ਨੇ ਯਹੂਦਾਹ ਦੇ ਸ਼ਹਿਰਾਂ ਨੂੰ ਆਦਮੀ ਘੱਲੇ ਤਾਂਕਿ ਉਹ ਲੋਕਾਂ ਨੂੰ “ਯਹੋਵਾਹ ਦੀ ਬਿਵਸਥਾ ਦੀ ਪੋਥੀ” ਤੋਂ ਸਿਖਾ ਸਕਣ। (2 ਇਤ. 17:7-10) ਇੱਥੋਂ ਤਕ ਕਿ ਉਹ ਉੱਤਰੀ ਇਜ਼ਰਾਈਲ ਦੇ ਦਸ-ਗੋਤੀ ਰਾਜ ਵਿਚ ਯਾਨੀ ਇਫ਼ਰਾਈਮ ਦੇ ਪਹਾੜਾਂ ਵਿਚ ਵੱਸਦੇ ਲੋਕਾਂ ਕੋਲ ਵੀ ਗਿਆ ਤਾਂਕਿ ਉਨ੍ਹਾਂ ਨੂੰ “ਪਰਮੇਸ਼ੁਰ ਯਹੋਵਾਹ ਵੱਲ” ਮੋੜਿਆ ਲਿਆ ਸਕੇ। (2 ਇਤ. 19:4) ਯਹੋਸ਼ਾਫਾਟ “ਆਪਣੇ ਸਾਰੇ ਦਿਲ ਨਾਲ ਯਹੋਵਾਹ ਦਾ ਚਾਹਵੰਦ ਰਿਹਾ।”​—2 ਇਤ. 22:9.

11 ਅੱਜ ਯਹੋਵਾਹ ਚਾਹੁੰਦਾ ਹੈ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਉਸ ਬਾਰੇ ਸਿਖਾਇਆ ਜਾਵੇ। ਅਸੀਂ ਸਾਰੇ ਜਣੇ ਇਸ ਕੰਮ ਵਿਚ ਹਿੱਸਾ ਲੈ ਸਕਦੇ ਹਾਂ। ਕੀ ਤੁਸੀਂ ਹਰ ਮਹੀਨੇ ਇਸ ਕੰਮ ਵਿਚ ਹਿੱਸਾ ਲੈਂਦੇ ਹੋ? ਕੀ ਤੁਸੀਂ ਦੂਜਿਆਂ ਨੂੰ ਬਾਈਬਲ ਬਾਰੇ ਸਿਖਾਉਣਾ ਚਾਹੋਗੇ ਤਾਂਕਿ ਉਹ ਵੀ ਯਹੋਵਾਹ ਦੀ ਭਗਤੀ ਕਰਨ ਸਕਣ? ਕੀ ਤੁਸੀਂ ਇਸ ਮਾਮਲੇ ਬਾਰੇ ਪ੍ਰਾਰਥਨਾ ਕੀਤੀ ਹੈ? ਜੇ ਤੁਸੀਂ ਕੋਸ਼ਿਸ਼ ਕਰਦੇ ਹੋ, ਤਾਂ ਸਟੱਡੀ ਸ਼ੁਰੂ ਕਰਾਉਣ ਵਿਚ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ। ਕੀ ਤੁਸੀਂ ਆਪਣੇ ਵਿਹਲੇ ਸਮੇਂ ਵਿਚ ਵੀ ਕਿਸੇ ਨਾਲ ਸਟੱਡੀ ਕਰਨ ਲਈ ਤਿਆਰ ਹੋ? ਯਹੋਸ਼ਾਫਾਟ ਨੇ ਯਹੋਵਾਹ ਦੀ ਸੇਵਾ ਦੁਬਾਰਾ ਤੋਂ ਸ਼ੁਰੂ ਕਰਨ ਵਿਚ ਦੂਜਿਆਂ ਦੀ ਮਦਦ ਕੀਤੀ। ਅਸੀਂ ਵੀ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਨਾਲੇ ਬਜ਼ੁਰਗ ਆਪਣੇ ਇਲਾਕੇ ਵਿਚ ਰਹਿੰਦੇ ਛੇਕੇ ਗਏ ਵਿਅਕਤੀਆਂ ਦੀ ਮਦਦ ਕਰਨ ਲਈ ਇਸ ਲਈ ਜਾਂਦੇ ਹਨ ਕਿਉਂਕਿ ਸ਼ਾਇਦ ਉਨ੍ਹਾਂ ਨੇ ਬੁਰੇ ਕੰਮ ਕਰਨੇ ਛੱਡ ਦਿੱਤੇ ਹੋਣ।

12, 13. (ੳ) ਜਦੋਂ ਯਹੋਸ਼ਾਫਾਟ ਡਰਿਆ ਹੋਇਆ ਸੀ, ਤਾਂ ਉਸ ਨੇ ਕੀ ਕੀਤਾ? (ਅ) ਸਾਨੂੰ ਯਹੋਸ਼ਾਫਾਟ ਦੀ ਮਿਸਾਲ ʼਤੇ ਕਿਉਂ ਚੱਲਣਾ ਚਾਹੀਦਾ ਹੈ?

12 ਜਦੋਂ ਇਕ ਵੱਡੀ ਫ਼ੌਜ ਯਹੂਦਾਹ ਦੇ ਵਿਰੁੱਧ ਲੜਨ ਆਈ, ਤਾਂ ਆਪਣੇ ਪਿਤਾ ਆਸਾ ਵਾਂਗ ਯਹੋਸ਼ਾਫਾਟ ਨੇ ਯਹੋਵਾਹ ʼਤੇ ਭਰੋਸਾ ਰੱਖਿਆ। (2 ਇਤਹਾਸ 20:2-4 ਪੜ੍ਹੋ।) ਉਸ ਨੇ ਯਹੋਵਾਹ ਤੋਂ ਮਦਦ ਮੰਗੀ ਚਾਹੇ ਉਹ ਥੋੜ੍ਹਾ ਡਰਿਆ ਹੋਇਆ ਸੀ। ਪ੍ਰਾਰਥਨਾ ਵਿਚ ਉਸ ਨੇ ਇਹ ਗੱਲ ਮੰਨੀ ਕਿ ਉਹ ਦੁਸ਼ਮਣਾਂ ਨੂੰ ਹਰਾ ਨਹੀਂ ਸਕਦਾ। ਉਸ ਨੇ ਇਹ ਵੀ ਕਿਹਾ ਕਿ ਉਹ ਅਤੇ ਉਸ ਦੇ ਲੋਕ ਨਹੀਂ ਜਾਣਦੇ ਕਿ ਉਹ ਕੀ ਕਰਨ। ਯਹੋਸ਼ਾਫਾਟ ਨੂੰ ਜ਼ਰਾ ਵੀ ਸ਼ੱਕ ਨਹੀਂ ਸੀ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰੇਗਾ। ਉਸ ਨੇ ਕਿਹਾ: “ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ।”​—2 ਇਤ. 20:12.

13 ਯਹੋਸ਼ਾਫਾਟ ਵਾਂਗ ਕਈ ਵਾਰ ਸ਼ਾਇਦ ਸਾਨੂੰ ਪਤਾ ਨਾ ਲੱਗੇ ਕਿ ਅਸੀਂ ਕਿਸੇ ਮੁਸ਼ਕਲ ਵਿਚ ਕੀ ਕਰੀਏ ਅਤੇ ਸ਼ਾਇਦ ਅਸੀਂ ਡਰ ਵੀ ਜਾਈਏ। (2 ਕੁਰਿੰ. 4:8, 9) ਪਰ ਯਾਦ ਰੱਖੋ ਕਿ ਯਹੋਸ਼ਾਫਾਟ ਨੇ ਕੀ ਕੀਤਾ ਸੀ। ਉਸ ਨੇ ਸਾਰੇ ਲੋਕਾਂ ਸਾਮ੍ਹਣੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਦੱਸਿਆ ਕਿ ਉਹ ਕਿੰਨੇ ਲਾਚਾਰ ਹਨ। (2 ਇਤ. 20:5) ਪਰਿਵਾਰ ਦੇ ਮੁਖੀ ਯਹੋਸ਼ਾਫਾਟ ਦੀ ਰੀਸ ਕਰ ਸਕਦੇ ਹਨ। ਯਹੋਵਾਹ ਤੋਂ ਮਦਦ ਮੰਗੋ ਕਿ ਉਹ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਮੁਸ਼ਕਲ ਦਾ ਸਾਮ੍ਹਣਾ ਕਰਨ ਅਤੇ ਉਸ ਦਾ ਹੱਲ ਕਰਨ ਵਿਚ ਮਦਦ ਕਰੇ। ਆਪਣੇ ਪਰਿਵਾਰ ਦੇ ਸਾਮ੍ਹਣੇ ਇਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਕਰਨ ਵਿਚ ਸ਼ਰਮ ਮਹਿਸੂਸ ਨਾ ਕਰੋ। ਇਸ ਤੋਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਤੁਸੀਂ ਯਹੋਵਾਹ ʼਤੇ ਕਿੰਨਾ ਭਰੋਸਾ ਰੱਖਦੇ ਹੋ। ਉਸ ਨੇ ਯਹੋਸ਼ਾਫਾਟ ਦੀ ਮਦਦ ਕੀਤੀ ਸੀ ਤੇ ਉਹ ਤੁਹਾਡੀ ਵੀ ਮਦਦ ਕਰੇਗਾ।

ਹਿਜ਼ਕੀਯਾਹ ਸਹੀ ਕੰਮ ਕਰਦਾ ਰਿਹਾ

14, 15. ਹਿਜ਼ਕੀਯਾਹ ਨੇ ਪਰਮੇਸ਼ੁਰ ʼਤੇ ਪੂਰੀ ਤਰ੍ਹਾਂ ਭਰੋਸਾ ਕਿਵੇਂ ਦਿਖਾਇਆ?

14 ਰਾਜਾ ਹਿਜ਼ਕੀਯਾਹ “ਯਹੋਵਾਹ ਦੇ ਨਾਲ ਚਿੰਬੜਿਆ ਰਿਹਾ,” ਭਾਵੇਂ ਕਿ ਉਸ ਦੇ ਪਿਤਾ ਨੇ ਮੂਰਤੀ-ਪੂਜਾ ਕੀਤੀ। ਅਤੇ ਉਸ ਦੇ ਸਾਮ੍ਹਣੇ ਚੰਗੀ ਮਿਸਾਲ ਨਹੀਂ ਰੱਖੀ। ਹਿਜ਼ਕੀਯਾਹ ਨੇ “ਉੱਚਿਆਂ ਥਾਵਾਂ ਨੂੰ ਹਟਾ ਦਿੱਤਾ ਅਰ ਥੰਮ੍ਹਾਂ ਦੇ ਟੁੱਕੜੇ ਟੁੱਕੜੇ ਕਰ ਦਿੱਤੇ ਅਰ ਟੁੰਡਾਂ ਨੂੰ ਵੱਢ ਸੁੱਟਿਆ ਅਰ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਾਇਆ ਸੀ ਚਕਨਾ ਚੂਰ ਕਰ ਦਿੱਤਾ” ਕਿਉਂਕਿ ਲੋਕ ਪਿੱਤਲ ਦੇ ਸੱਪ ਦੀ ਪੂਜਾ ਕਰਨ ਲੱਗ ਪਏ ਸਨ। ਹਿਜ਼ਕੀਯਾਹ ਉਨ੍ਹਾਂ “ਹੁਕਮਾਂ ਨੂੰ ਮੰਨਦਾ ਰਿਹਾ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ।”​—2 ਰਾਜ. 18:1-6.

15 ਹਿਜ਼ਕੀਯਾਹ ਦੇ ਰਾਜ ਵਿਚ ਸ਼ਕਤੀਸ਼ਾਲੀ ਅੱਸ਼ੂਰੀ ਫ਼ੌਜ ਨੇ ਯਹੂਦਾਹ ʼਤੇ ਹਮਲਾ ਕਰ ਦਿੱਤਾ ਅਤੇ ਯਰੂਸ਼ਲਮ ਨੂੰ ਨਾਸ਼ ਕਰਨ ਦੀ ਧਮਕੀ ਦਿੱਤੀ। ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੋਵਾਹ ਦਾ ਮਜ਼ਾਕ ਉਡਾਇਆ ਅਤੇ ਹਿਜ਼ਕੀਯਾਹ ਨੂੰ ਗੋਡੇ ਟੇਕਣ ਲਈ ਕਿਹਾ। ਇਸ ਔਖੇ ਸਮੇਂ ਵਿਚ ਹਿਜ਼ਕੀਯਾਹ ਨੇ ਯਹੋਵਾਹ ʼਤੇ ਦਿਲੋਂ ਭਰੋਸਾ ਰੱਖਿਆ ਅਤੇ ਮਦਦ ਲਈ ਉਸ ਨੂੰ ਪ੍ਰਾਰਥਨਾ ਕੀਤੀ। ਉਹ ਜਾਣਦਾ ਸੀ ਕਿ ਯਹੋਵਾਹ ਅੱਸ਼ੂਰੀਆਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ ਅਤੇ ਆਪਣੇ ਲੋਕਾਂ ਨੂੰ ਬਚਾ ਸਕਦਾ ਹੈ। (ਯਸਾਯਾਹ 37:15-20 ਪੜ੍ਹੋ।) ਯਹੋਵਾਹ ਨੇ ਹਿਜ਼ਕੀਯਾਹ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਅਤੇ ਇਕ ਦੂਤ ਦੁਆਰਾ ਅੱਸ਼ੂਰੀਆਂ ਦੇ 1,85,000 ਫ਼ੌਜੀਆਂ ਨੂੰ ਮਾਰ ਮੁਕਾਇਆ।​—ਯਸਾ. 37:36, 37.

16, 17. ਤੁਸੀਂ ਹਿਜ਼ਕੀਯਾਹ ਦੀ ਰੀਸ ਕਿਵੇਂ ਕਰ ਸਕਦੇ ਹੋ?

16 ਬਾਅਦ ਵਿਚ ਹਿਜ਼ਕੀਯਾਹ ਬੀਮਾਰ ਹੋ ਗਿਆ ਅਤੇ ਮਰਨ ਕਿਨਾਰੇ ਪਹੁੰਚ ਗਿਆ। ਇਸ ਮੁਸ਼ਕਲ ਘੜੀ ਵਿਚ ਉਸ ਨੇ ਯਹੋਵਾਹ ਅੱਗੇ ਤਰਲੇ ਕੀਤੇ ਕਿ ਉਹ ਉਸ ਦੀ ਵਫ਼ਾਦਾਰੀ ਨੂੰ ਚੇਤੇ ਕਰੇ ਅਤੇ ਉਸ ਦੀ ਮਦਦ ਕਰੇ। (2 ਰਾਜਿਆਂ 20:1-3 ਪੜ੍ਹੋ।) ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ ਅਤੇ ਉਸ ਨੂੰ ਠੀਕ ਕੀਤਾ। ਸਾਨੂੰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਅੱਜ ਅਸੀਂ ਇਹ ਆਸ ਨਹੀਂ ਰੱਖ ਸਕਦੇ ਕਿ ਪਰਮੇਸ਼ੁਰ ਚਮਤਕਾਰ ਕਰ ਕੇ ਸਾਡੀ ਬੀਮਾਰੀ ਨੂੰ ਠੀਕ ਕਰੇਗਾ ਜਾਂ ਸਾਡੀ ਉਮਰ ਲੰਬੀ ਕਰੇਗਾ। ਪਰ ਹਿਜ਼ਕੀਯਾਹ ਵਾਂਗ ਅਸੀਂ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਾਂ। ਅਸੀਂ ਉਸ ਨੂੰ ਕਹਿ ਸਕਦੇ ਹਾਂ: “ਹੇ ਯਹੋਵਾਹ, ਮੈਂ ਤੇਰੀ ਮਿੰਨਤ ਕਰਦਾ ਹਾਂ ਚੇਤੇ ਕਰ ਭਈ ਮੈਂ ਕਿਵੇਂ ਵਫਾਦਾਰੀ ਨਾਲ ਤੇ ਪੂਰੇ ਦਿਲ ਨਾਲ ਤੇਰੇ ਹਜ਼ੂਰ ਚੱਲਦਾ ਰਿਹਾ ਹਾਂ।” ਕੀ ਤੁਸੀਂ ਭਰੋਸਾ ਰੱਖਦੇ ਹੋ ਕਿ ਯਹੋਵਾਹ ਹਮੇਸ਼ਾ ਤੁਹਾਡੀ ਦੇਖ-ਭਾਲ ਕਰੇਗਾ, ਉਦੋਂ ਵੀ ਜਦੋਂ ਤੁਸੀਂ ਬੀਮਾਰ ਹੋਵੋ?​—ਜ਼ਬੂ. 41:3.

17 ਅਸੀਂ ਹੋਰ ਕਿਹੜੀਆਂ ਗੱਲਾਂ ਵਿਚ ਹਿਜ਼ਕੀਯਾਹ ਦੀ ਰੀਸ ਕਰ ਸਕਦੇ ਹਾਂ? ਸ਼ਾਇਦ ਕੋਈ ਚੀਜ਼ ਸਾਡੇ ਅਤੇ ਯਹੋਵਾਹ ਵਿਚ ਆ ਰਹੀ ਹੋਵੇ ਜਾਂ ਸਾਡਾ ਸਮਾਂ ਯਹੋਵਾਹ ਦੀ ਸੇਵਾ ਵਿਚ ਲੱਗਣ ਦੀ ਬਜਾਇ ਹੋਰ ਕੰਮਾਂ ਵਿਚ ਲੱਗ ਰਿਹਾ ਹੋਵੇ। ਮਿਸਾਲ ਲਈ, ਅੱਜ ਬਹੁਤ ਸਾਰੇ ਲੋਕ ਇਨਸਾਨਾਂ ਦੀ ਪੂਜਾ ਕਰਦੇ ਹਨ। ਉਹ ਮਸ਼ਹੂਰ ਹਸਤੀਆਂ ਅਤੇ ਅਣਜਾਣ ਲੋਕਾਂ ਦੀ ਤਾਰੀਫ਼ ਕਰਦੇ ਹਨ। ਇਸ ਤਰ੍ਹਾਂ ਦੇ ਲੋਕਾਂ ਬਾਰੇ ਪੜ੍ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਦੇਖਣ ਲਈ ਬਹੁਤ ਸਾਰੇ ਲੋਕਾਂ ਆਪਣਾ ਕਾਫ਼ੀ ਸਮਾਂ ਲਾਉਂਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਜਾਂ ਇੰਟਰਨੈੱਟ ਦੇ ਜ਼ਰੀਏ ਲੋਕਾਂ ਨਾਲ ਗੱਲ ਕਰਦੇ ਹਨ। ਇਹ ਸੱਚ ਹੈ ਕਿ ਇੰਟਰਨੈੱਟ ਰਾਹੀਂ ਅਸੀਂ ਆਪਣੇ ਪਰਿਵਾਰ ਜਾਂ ਕਰੀਬੀ ਦੋਸਤਾਂ ਨਾਲ ਗੱਲਬਾਤ ਕਰਨ ਦਾ ਮਜ਼ਾ ਲੈਂਦੇ ਹਾਂ। ਪਰ ਸੋਸ਼ਲ ਮੀਡੀਆ ʼਤੇ ਅਸੀਂ ਆਪਣਾ ਕਾਫ਼ੀ ਸਮਾਂ ਬਰਬਾਦ ਕਰ ਸਕਦੇ ਹਾਂ। ਜੇ ਬਹੁਤ ਸਾਰੇ ਲੋਕ ਇੰਟਰਨੈੱਟ ʼਤੇ ਪਾਈਆਂ ਸਾਡੀਆਂ ਫੋਟੋਆਂ ਜਾਂ ਸਾਡੇ ਵੱਲੋਂ ਲਿਖੀਆਂ ਗੱਲਾਂ ਨੂੰ ਪਸੰਦ ਕਰਦੇ ਹਨ, ਤਾਂ ਸ਼ਾਇਦ ਅਸੀਂ ਘਮੰਡੀ ਬਣ ਜਾਈਏ। ਜਾਂ ਜੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਸਾਡੀਆਂ ਫੋਟੋਆਂ ਦੇਖਣੀਆਂ ਜਾਂ ਸਾਡੇ ਵੱਲੋਂ ਲਿਖੀਆਂ ਗੱਲਾਂ ਨੂੰ ਪੜ੍ਹਨਾ ਛੱਡ ਦਿੱਤਾ ਹੈ, ਤਾਂ ਸ਼ਾਇਦ ਅਸੀਂ ਗੁੱਸੇ ਹੋ ਜਾਈਏ। ਇਸ ਦੀ ਬਜਾਇ, ਸਾਨੂੰ ਪੌਲੁਸ ਰਸੂਲ, ਅਕੂਲਾ ਅਤੇ ਪ੍ਰਿਸਕਿੱਲਾ ਦੀ ਰੀਸ ਕਰਨੀ ਚਾਹੀਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਉਹ ਰੋਜ਼ ਲੋਕਾਂ ਦੇ ਹਰ ਛੋਟੇ-ਮੋਟੇ ਕੰਮਾਂ ਦੀ ਖ਼ਬਰ ਲੈਣ ਵਿਚ ਆਪਣਾ ਸਮਾਂ ਲਾਉਂਦੇ ਸਨ, ਖ਼ਾਸ ਕਰਕੇ ਜਿਹੜੇ ਯਹੋਵਾਹ ਦੀ ਸੇਵਾ ਨਹੀਂ ਕਰਦੇ ਸਨ? ਬਾਈਬਲ ਦੱਸਦੀ ਹੈ ਕਿ ਪੌਲੁਸ “ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰਨ” ਵਿਚ ਰੁੱਝਾ ਹੋਇਆ ਸੀ। ਅਕੂਲਾ ਅਤੇ ਪ੍ਰਿਸਕਿੱਲਾ ਪ੍ਰਚਾਰ ਕਰਨ ਅਤੇ ਦੂਜਿਆਂ ਨੂੰ ‘ਪਰਮੇਸ਼ੁਰ ਦੇ ਰਾਹ ਬਾਰੇ ਹੋਰ ਚੰਗੀ ਤਰ੍ਹਾਂ ਸਮਝਾਉਣ’ ਵਿਚ ਆਪਣਾ ਸਮਾਂ ਲਾਉਂਦੇ ਸਨ। (ਰਸੂ. 18:4, 5, 26) ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਲੋਕਾਂ ਨੂੰ ਤਾਂ ਨਹੀਂ ਪੂਜਦਾ? ਕੀ ਮੈਂ ਗ਼ੈਰ-ਜ਼ਰੂਰੀ ਕੰਮਾਂ ʼਤੇ ਹੱਦੋਂ ਵੱਧ ਸਮਾਂ ਤਾਂ ਨਹੀਂ ਲਾਉਂਦਾ?’​—ਅਫ਼ਸੀਆਂ 5:15, 16 ਪੜ੍ਹੋ।

ਯੋਸੀਯਾਹ ਯਹੋਵਾਹ ਦੇ ਹੁਕਮ ਮੰਨਦਾ ਰਿਹਾ

18, 19. ਅਸੀਂ ਯੋਸੀਯਾਹ ਵਾਂਗ ਕਿਵੇਂ ਬਣ ਸਕਦੇ ਹਾਂ?

18 ਹਿਜ਼ਕੀਯਾਹ ਦਾ ਪੜਪੋਤਾ ਰਾਜਾ ਯੋਸੀਯਾਹ ਵੀ “ਆਪਣੇ ਸਾਰੇ ਦਿਲ” ਨਾਲ ਯਹੋਵਾਹ ਦੇ ਹੁਕਮਾਂ ਨੂੰ ਮੰਨਦਾ ਸੀ। (2 ਇਤ. 34:31) ਜਦੋਂ ਉਹ ਨੌਜਵਾਨ ਸੀ, ਤਾਂ ਉਸ ਨੇ “ਦਾਊਦ ਦੇ ਪਰਮੇਸ਼ੁਰ” ਨੂੰ ਭਾਲਣਾ ਸ਼ੁਰੂ ਕੀਤਾ। 20 ਸਾਲਾਂ ਦੀ ਉਮਰ ਵਿਚ ਉਸ ਨੇ ਯਹੂਦਾਹ ਵਿੱਚੋਂ ਮੂਰਤੀ-ਪੂਜਾ ਖ਼ਤਮ ਕਰਨੀ ਸ਼ੁਰੂ ਕਰ ਦਿੱਤੀ। (2 ਇਤਹਾਸ 34:1-3 ਪੜ੍ਹੋ।) ਯਹੂਦਾਹ ਦੇ ਬਹੁਤ ਸਾਰੇ ਰਾਜਿਆਂ ਨਾਲੋਂ ਯੋਸੀਯਾਹ ਨੇ ਯਹੋਵਾਹ ਨੂੰ ਖ਼ੁਸ਼ ਕਰਨ ਦੀ ਜ਼ਿਆਦਾ ਕੋਸ਼ਿਸ਼ ਕੀਤੀ। ਇਕ ਦਿਨ ਮਹਾਂ ਪੁਜਾਰੀ ਨੂੰ ਮੰਦਰ ਵਿੱਚੋਂ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਲੱਭੀ। ਇਹ ਸ਼ਾਇਦ ਉਹ ਕਿਤਾਬ ਸੀ ਜੋ ਮੂਸਾ ਨੇ ਆਪਣੇ ਹੱਥਾਂ ਨਾਲ ਲਿਖੀ ਸੀ। ਜਦੋਂ ਯੋਸੀਯਾਹ ਦੇ ਸੈਕਟਰੀ ਨੇ ਇਸ ਨੂੰ ਰਾਜੇ ਸਾਮ੍ਹਣੇ ਪੜ੍ਹਿਆ, ਤਾਂ ਯੋਸੀਯਾਹ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਸੀ। ਉਸ ਨੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਦਿੱਤੀ। ਨਤੀਜੇ ਵਜੋਂ, ਯੋਸੀਯਾਹ ਦੇ ਜੀਉਂਦੇ ਜੀ ਲੋਕ “ਪਰਮੇਸ਼ੁਰ ਦੇ ਮਗਰ ਚੱਲਣ ਤੋਂ ਨਾ ਹਟੇ।”​—2 ਇਤ. 34:27, 33.

19 ਨੌਜਵਾਨੋ, ਯੋਸੀਯਾਹ ਵਾਂਗ ਛੋਟੀ ਉਮਰ ਤੋਂ ਹੀ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੋ। ਯੋਸੀਯਾਹ ਨੇ ਸ਼ਾਇਦ ਆਪਣੇ ਦਾਦੇ ਮਨੱਸ਼ਹ ਤੋਂ ਸਿੱਖਿਆ ਹੋਵੇ ਕਿ ਯਹੋਵਾਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ। ਤੁਸੀਂ ਵੀ ਆਪਣੇ ਪਰਿਵਾਰ ਅਤੇ ਮੰਡਲੀ ਦੇ ਬਿਰਧ ਮੈਂਬਰਾਂ ਤੋਂ ਸਿੱਖ ਸਕਦੇ ਹੋ। ਉਹ ਤੁਹਾਨੂੰ ਦੱਸ ਸਕਦੇ ਹਨ ਕਿ ਯਹੋਵਾਹ ਨੇ ਉਨ੍ਹਾਂ ਲਈ ਕਿਹੜੇ ਚੰਗੇ ਕੰਮ ਕੀਤੇ। ਨਾਲੇ ਯਾਦ ਕਰੋ ਕਿ ਯੋਸੀਯਾਹ ਨੇ ਕੀ ਕੀਤਾ ਜਦੋਂ ਉਸ ਨੇ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਸੁਣੀਆਂ। ਉਸ ਨੇ ਇਕਦਮ ਕਦਮ ਚੁੱਕੇ। ਬਾਈਬਲ ਪੜ੍ਹ ਕੇ ਤੁਸੀਂ ਵੀ ਸ਼ਾਇਦ ਯਹੋਵਾਹ ਦਾ ਕਹਿਣਾ ਮੰਨਣ ਦਾ ਆਪਣਾ ਇਰਾਦਾ ਹੋਰ ਪੱਕਾ ਕਰੋ। ਨਤੀਜੇ ਵਜੋਂ, ਯਹੋਵਾਹ ਨਾਲ ਤੁਹਾਡੀ ਦੋਸਤੀ ਗੂੜ੍ਹੀ ਹੋਵੇਗੀ ਅਤੇ ਤੁਸੀਂ ਜ਼ਿਆਦਾ ਖ਼ੁਸ਼ ਹੋਵੋਗੇ। ਫਿਰ ਤੁਸੀਂ ਦੂਜਿਆਂ ਨੂੰ ਯਹੋਵਾਹ ਬਾਰੇ ਦੱਸਣਾ ਚਾਹੋਗੇ। (2 ਇਤਹਾਸ 34:18, 19 ਪੜ੍ਹੋ।) ਬਾਈਬਲ ਪੜ੍ਹ ਕੇ ਤੁਹਾਨੂੰ ਸ਼ਾਇਦ ਇਸ ਗੱਲ ਦਾ ਵੀ ਅਹਿਸਾਸ ਹੋਵੇ ਕਿ ਤੁਸੀਂ ਹੋਰ ਵਧ-ਚੜ੍ਹ ਕੇ ਪਰਮੇਸ਼ੁਰ ਦੀ ਸੇਵਾ ਕਰ ਸਕਦੇ ਹੋ। ਜੇ ਹਾਂ, ਤਾਂ ਯੋਸੀਯਾਹ ਵਾਂਗ ਕਦਮ ਚੁੱਕਣ ਲਈ ਤਿਆਰ ਰਹੋ।

ਦਿਲੋਂ ਯਹੋਵਾਹ ਦੀ ਸੇਵਾ ਕਰੋ

20, 21. (ੳ) ਚਾਰ ਰਾਜਿਆਂ ਵਿਚ ਕਿਹੜੀਆਂ ਗੱਲਾਂ ਇੱਕੋ ਜਿਹੀਆਂ ਸਨ? (ਅ) ਅਸੀਂ ਅਗਲੇ ਲੇਖ ਵਿਚ ਕੀ ਚਰਚਾ ਕਰਾਂਗੇ?

20 ਅਸੀਂ ਯਹੂਦਾਹ ਦੇ ਇਨ੍ਹਾਂ ਚਾਰ ਰਾਜਿਆਂ ਤੋਂ ਕੀ ਸਿੱਖ ਸਕਦੇ ਹਾਂ ਜਿਨ੍ਹਾਂ ਨੇ ਦਿਲੋਂ ਯਹੋਵਾਹ ਦੀ ਸੇਵਾ ਕੀਤੀ? ਇਨ੍ਹਾਂ ਆਦਮੀਆਂ ਨੇ ਹਮੇਸ਼ਾ ਯਹੋਵਾਹ ਨੂੰ ਖ਼ੁਸ਼ ਕਰਨ ਅਤੇ ਉਸ ਦੀ ਭਗਤੀ ਕਰਨ ਦਾ ਪੱਕਾ ਇਰਾਦਾ ਕੀਤਾ ਸੀ। ਜਦੋਂ ਸ਼ਕਤੀਸ਼ਾਲੀ ਦੁਸ਼ਮਣ ਇਨ੍ਹਾਂ ਦੇ ਖ਼ਿਲਾਫ਼ ਆਏ, ਉਦੋਂ ਵੀ ਇਨ੍ਹਾਂ ਨੇ ਪਰਮੇਸ਼ੁਰ ʼਤੇ ਭਰੋਸਾ ਰੱਖਿਆ। ਸਭ ਤੋਂ ਅਹਿਮ ਗੱਲ ਇਹ ਹੈ ਕਿ ਯਹੋਵਾਹ ਨਾਲ ਪਿਆਰ ਹੋਣ ਕਰਕੇ ਇਨ੍ਹਾਂ ਨੇ ਉਸ ਦੀ ਸੇਵਾ ਕੀਤੀ।

21 ਭਾਵੇਂ ਕਿ ਇਨ੍ਹਾਂ ਰਾਜਿਆਂ ਨੇ ਗ਼ਲਤੀਆਂ ਕੀਤੀਆਂ, ਪਰ ਯਹੋਵਾਹ ਇਨ੍ਹਾਂ ਤੋਂ ਖ਼ੁਸ਼ ਸੀ। ਉਸ ਨੇ ਦੇਖਿਆ ਕਿ ਇਨ੍ਹਾਂ ਦੇ ਦਿਲਾਂ ਵਿਚ ਕੀ ਸੀ ਅਤੇ ਜਾਣਿਆ ਕਿ ਰਾਜੇ ਉਸ ਨੂੰ ਦਿਲੋਂ ਪਿਆਰ ਕਰਦੇ ਸਨ। ਅਸੀਂ ਵੀ ਨਾਮੁਕੰਮਲ ਹਾਂ ਅਤੇ ਗ਼ਲਤੀਆਂ ਕਰਦੇ ਹਾਂ। ਪਰ ਜਦੋਂ ਯਹੋਵਾਹ ਦੇਖਦਾ ਹੈ ਕਿ ਅਸੀਂ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਹਾਂ, ਤਾਂ ਉਹ ਖ਼ੁਸ਼ ਹੁੰਦਾ ਹੈ। ਅਗਲੇ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਇਨ੍ਹਾਂ ਰਾਜਿਆਂ ਦੀਆਂ ਗ਼ਲਤੀਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ