ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w17 ਸਤੰਬਰ ਸਫ਼ੇ 23-27
  • ‘ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ’
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਡੀ ਜ਼ਿੰਦਗੀ ਵਿਚ
  • ਪ੍ਰਚਾਰ ਦੇ ਕੰਮ ਵਿਚ
  • ਸਟੇਜ ਤੋਂ ਸਿਖਾਉਂਦਿਆਂ
  • ਬਾਈਬਲ ਪੜ੍ਹਾਈ ਤੋਂ ਪੂਰਾ-ਪੂਰਾ ਫ਼ਾਇਦਾ ਲਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਪਰਮੇਸ਼ੁਰੀ ਗੱਲਾਂ ʼਤੇ ਸੋਚ-ਵਿਚਾਰ ਕਰਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਬਾਈਬਲ ਪੜ੍ਹੋ ਤੇ ਪੂਰਾ ਫ਼ਾਇਦਾ ਉਠਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਪ੍ਰਚਾਰ ਵਿਚ ਪਰਮੇਸ਼ੁਰ ਦਾ ਬਚਨ ਵਰਤੋ
    ਸਾਡੀ ਰਾਜ ਸੇਵਕਾਈ—2015
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
w17 ਸਤੰਬਰ ਸਫ਼ੇ 23-27
ਇਕ ਆਦਮੀ ਇਕੱਲਾ ਬੈਠ ਕੇ ਸ਼ਰਾਬ ਪੀਂਦਾ ਹੋਇਆ; ਯਹੋਵਾਹ ਦੇ ਗਵਾਹ ਉਸ ਦੇ ਘਰ ਆ ਕੇ ਉਸ ਨੂੰ ਗਵਾਹੀ ਦਿੰਦੇ ਹੋਏ; ਉਹ ਆਦਮੀ ਸਭਾਵਾਂ ਵਿਚ ਆਇਆ

‘ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ’

“ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।”​—ਇਬ. 4:12.

ਗੀਤ: 37, 13

ਤੁਸੀਂ ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਨੂੰ ਕਿਵੇਂ ਕੰਮ ਕਰਨ ਦਿਓਗੇ . . .

  • ਆਪਣੀ ਜ਼ਿੰਦਗੀ ਵਿਚ?

  • ਪ੍ਰਚਾਰ ਦੇ ਕੰਮ ਵਿਚ?

  • ਸਟੇਜ ਤੋਂ ਸਿਖਾਉਣ ਵੇਲੇ?

1. ਤੁਹਾਨੂੰ ਪੂਰਾ ਵਿਸ਼ਵਾਸ ਕਿਉਂ ਹੈ ਕਿ ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਯਹੋਵਾਹ ਦੇ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਦਾ ਬਚਨ ਯਾਨੀ ਇਨਸਾਨਾਂ ਨੂੰ ਦਿੱਤਾ ਉਸ ਦਾ ਸੰਦੇਸ਼ “ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।” (ਇਬ. 4:12) ਅਸੀਂ ਆਪਣੀ ਅਤੇ ਦੂਸਰਿਆਂ ਦੀਆਂ ਜ਼ਿੰਦਗੀਆਂ ਤੋਂ ਸਾਫ਼ ਦੇਖ ਸਕਦੇ ਹਾਂ ਕਿ ਬਾਈਬਲ ਵਿਚ ਕਿੰਨੀ ਤਾਕਤ ਹੈ। ਯਹੋਵਾਹ ਦੇ ਗਵਾਹ ਬਣਨ ਤੋਂ ਪਹਿਲਾਂ ਕੁਝ ਲੋਕ ਚੋਰ, ਨਸ਼ੇੜੀ ਜਾਂ ਬਦਚਲਣ ਸਨ। ਚਾਹੇ ਕੁਝ ਲੋਕਾਂ ਕੋਲ ਪੈਸਾ ਜਾਂ ਸ਼ੌਹਰਤ ਸੀ, ਫਿਰ ਵੀ ਉਹ ਖਾਲੀਪਣ ਮਹਿਸੂਸ ਕਰਦੇ ਸਨ। (ਉਪ. 2:3-11) ਪਰ ਖ਼ੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਨਿਰਾਸ਼ ਲੋਕਾਂ ਨੂੰ ਸੇਧ ਅਤੇ ਆਸ ਮਿਲੀ। ਕਈ ਸਾਲਾਂ ਤੋਂ ਅਸੀਂ ਪਹਿਰਾਬੁਰਜ ਵਿਚ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦੇ ਲੜੀਵਾਰ ਲੇਖਾਂ ਵਿਚ ਇਸ ਤਰ੍ਹਾਂ ਦੇ ਤਜਰਬੇ ਪੜਦੇ ਆ ਰਹੇ ਹਾਂ। ਸਾਨੂੰ ਇਹ ਤਜਰਬੇ ਪੜ੍ਹ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਪਰ ਮਸੀਹੀ ਬਣਨ ਤੋਂ ਬਾਅਦ ਵੀ ਬਾਈਬਲ ਦੀ ਮਦਦ ਨਾਲ ਲੋਕਾਂ ਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਰਹਿਣ ਦੀ ਲੋੜ ਹੈ।

2. ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਨੇ ਪਹਿਲੀ ਸਦੀ ਦੇ ਲੋਕਾਂ ʼਤੇ ਕਿਵੇਂ ਅਸਰ ਪਾਇਆ?

2 ਕੀ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ ਜਦੋਂ ਲੋਕ ਸੱਚਾਈ ਜਾਣ ਕੇ ਆਪਣੀਆਂ ਜ਼ਿੰਦਗੀਆਂ ਬਦਲਦੇ ਹਨ? ਨਹੀਂ। ਕਿਉਂ? ਕਿਉਂਕਿ ਪਹਿਲੀ ਸਦੀ ਵਿਚ ਸਵਰਗੀ ਆਸ਼ਾ ਰੱਖਣ ਵਾਲੇ ਭੈਣਾਂ-ਭਰਾਵਾਂ ਨੇ ਵੀ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕੀਤੀਆਂ ਸਨ। (1 ਕੁਰਿੰਥੀਆਂ 6:9-11 ਪੜ੍ਹੋ।) ਪਰਮੇਸ਼ੁਰ ਦੇ ਰਾਜ ਦੇ ਵਾਰਸ ਨਾ ਬਣਨ ਵਾਲੇ ਲੋਕਾਂ ਬਾਰੇ ਗੱਲ ਕਰਨ ਤੋਂ ਬਾਅਦ ਪੌਲੁਸ ਨੇ ਕਿਹਾ ਕਿ “ਤੁਹਾਡੇ ਵਿੱਚੋਂ ਕੁਝ ਪਹਿਲਾਂ ਅਜਿਹੇ ਹੀ ਸਨ।” ਪਰ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਇਹ ਭੈਣ-ਭਰਾ ਆਪਣੇ ਆਪ ਨੂੰ ਬਦਲ ਸਕੇ। ਪਰ ਮਸੀਹੀ ਬਣਨ ਤੋਂ ਬਾਅਦ ਵੀ ਕੁਝ ਜਣਿਆਂ ਨੇ ਗੰਭੀਰ ਪਾਪ ਕੀਤੇ ਜਿਸ ਦਾ ਅਸਰ ਪਰਮੇਸ਼ੁਰ ਨਾਲ ਉਨ੍ਹਾਂ ਦੇ ਰਿਸ਼ਤੇ ʼਤੇ ਪਿਆ। ਮਿਸਾਲ ਲਈ, ਬਾਈਬਲ ਇਕ ਚੁਣੇ ਹੋਏ ਭਰਾ ਬਾਰੇ ਦੱਸਦੀ ਹੈ। ਇਸ ਭਰਾ ਨੂੰ ਮੰਡਲੀ ਵਿੱਚੋਂ ਛੇਕਿਆ ਗਿਆ ਸੀ। ਬਾਅਦ ਵਿਚ ਉਸ ਨੇ ਆਪਣੀ ਜ਼ਿੰਦਗੀ ਵਿਚ ਬਦਲਾਅ ਕੀਤੇ ਅਤੇ ਉਹ ਫਿਰ ਤੋਂ ਮਸੀਹੀ ਮੰਡਲੀ ਦਾ ਹਿੱਸਾ ਬਣ ਗਿਆ। (1 ਕੁਰਿੰ. 5:1-5; 2 ਕੁਰਿੰ. 2:5-8) ਸਾਨੂੰ ਇਹ ਗੱਲ ਜਾਣ ਕੇ ਬਹੁਤ ਹੌਸਲਾ ਮਿਲਦਾ ਹੈ ਕਿ ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਸਾਡੇ ਭੈਣ-ਭਰਾ ਆਪਣੀਆਂ ਜ਼ਿੰਦਗੀਆਂ ਬਦਲਦੇ ਹਨ।

3. ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ʼਤੇ ਚਰਚਾ ਕਰਾਂਗੇ?

3 ਪਰਮੇਸ਼ੁਰ ਦਾ ਬਚਨ ਬਹੁਤ ਸ਼ਕਤੀਸ਼ਾਲੀ ਹੈ। ਜੇ ਯਹੋਵਾਹ ਨੇ ਸਾਨੂੰ ਆਪਣਾ ਬਚਨ ਦਿੱਤਾ ਹੈ, ਤਾਂ ਕੀ ਸਾਨੂੰ ਇਸ ਨੂੰ ਚੰਗੀ ਤਰ੍ਹਾਂ ਇਸਤੇਮਾਲ ਨਹੀਂ ਕਰਨਾ ਚਾਹੀਦਾ? (2 ਤਿਮੋ. 2:15) ਇਸ ਲਈ ਅਸੀਂ ਇਸ ਲੇਖ ਵਿਚ ਚਰਚਾ ਕਰਾਂਗੇ ਕਿ ਅਸੀਂ ਪਰਮੇਸ਼ੁਰ ਦੇ ਬਚਨ ਦਾ ਚੰਗੀ ਤਰ੍ਹਾਂ ਇਸਤੇਮਾਲ ਕਿਵੇਂ ਕਰੀਏ ਤਾਂਕਿ ਉਸ ਦੀ ਸ਼ਕਤੀ (1) ਸਾਡੀ ਜ਼ਿੰਦਗੀ ʼਤੇ, (2) ਸਾਡੇ ਪ੍ਰਚਾਰ ʼਤੇ ਅਤੇ (3) ਸਟੇਜ ਤੋਂ ਸਿਖਾਉਣ ਵੇਲੇ ਅਸਰ ਪਾਵੇ। ਅਸੀਂ ਜੋ ਸਿੱਖਾਂਗੇ ਉਸ ਨਾਲ ਸਾਡੀ ਮਦਦ ਹੋਵੇਗੀ ਕਿ ਅਸੀਂ ਆਪਣੇ ਸਵਰਗੀ ਪਿਤਾ ਲਈ ਪਿਆਰ ਤੇ ਸ਼ਰਧਾ ਦਿਖਾ ਸਕੀਏ, ਜੋ ਹਮੇਸ਼ਾ ਸਾਡੇ ਲਾਭ ਲਈ ਸਾਨੂੰ ਸਿੱਖਿਆ ਦਿੰਦਾ ਹੈ।​—ਯਸਾ. 48:17.

ਸਾਡੀ ਜ਼ਿੰਦਗੀ ਵਿਚ

4. (ੳ) ਅਸੀਂ ਕੀ ਕਰ ਸਕਦੇ ਹਾਂ ਤਾਂਕਿ ਪਰਮੇਸ਼ੁਰ ਦਾ ਬਚਨ ਸਾਡੇ ʼਤੇ ਅਸਰ ਕਰੇ? (ਅ) ਤੁਸੀਂ ਬਾਈਬਲ ਪੜ੍ਹਨ ਲਈ ਸਮਾਂ ਕਿਵੇਂ ਕੱਢਦੇ ਹੋ?

4 ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦਾ ਬਚਨ ਸਾਡੇ ʼਤੇ ਅਸਰ ਕਰੇ, ਤਾਂ ਸਾਨੂੰ ਬਾਕਾਇਦਾ ਇਸ ਨੂੰ ਪੜ੍ਹਨਾ ਚਾਹੀਦਾ ਹੈ। ਜੇ ਹੋ ਸਕੇ, ਤਾਂ ਰੋਜ਼ ਇਸ ਨੂੰ ਪੜ੍ਹੋ। (ਯਹੋ. 1:8) ਹਾਂ, ਇਹ ਗੱਲ ਸੱਚ ਹੈ ਕਿ ਕਦੇ-ਕਦੇ ਜ਼ਿੰਦਗੀ ਦੀ ਨੱਠ-ਭੱਜ ਕਰਕੇ ਸਾਡੇ ਕੋਲ ਬਹੁਤ ਘੱਟ ਸਮਾਂ ਬਚਦਾ ਹੈ। ਪਰ ਸਾਡੇ ਕੋਲ ਜਿੰਨੇ ਮਰਜ਼ੀ ਕੰਮ ਹੋਣ, ਚਾਹੇ ਉਹ ਬਹੁਤ ਹੀ ਜ਼ਰੂਰੀ ਜ਼ਿੰਮੇਵਾਰੀਆਂ ਵੀ ਕਿਉਂ ਨਾ ਹੋਣ, ਫਿਰ ਵੀ ਸਾਨੂੰ ਹਮੇਸ਼ਾ ਬਾਈਬਲ ਪੜ੍ਹਨ ਲਈ ਸਮਾਂ ਕੱਢਣਾ ਚਾਹੀਦਾ ਹੈ। (ਅਫ਼ਸੀਆਂ 5:15, 16 ਪੜ੍ਹੋ।) ਸ਼ਾਇਦ ਅਸੀਂ ਸਵੇਰੇ, ਦਿਨ ਵਿਚ ਕਿਸੇ ਵੇਲੇ ਜਾਂ ਰਾਤ ਨੂੰ ਬਾਈਬਲ ਪੜ੍ਹਨ ਲਈ ਸਮਾਂ ਕੱਢ ਸਕਦੇ ਹਾਂ। ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿੰਦੇ ਹਾਂ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!”​—ਜ਼ਬੂ. 119:97.

5, 6. (ੳ) ਸਾਨੂੰ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ? (ਅ) ਅਸੀਂ ਵਧੀਆ ਤਰੀਕੇ ਨਾਲ ਸੋਚ-ਵਿਚਾਰ ਕਿਵੇਂ ਕਰ ਸਕਦੇ ਹਾਂ? (ੲ) ਬਾਈਬਲ ਪੜ੍ਹਨ ਅਤੇ ਇਸ ʼਤੇ ਸੋਚ-ਵਿਚਾਰ ਕਰਨ ਨਾਲ ਤੁਹਾਡੀ ਮਦਦ ਕਿਵੇਂ ਹੋਈ?

5 ਪਰ ਸਿਰਫ਼ ਬਾਈਬਲ ਪੜ੍ਹਨੀ ਹੀ ਕਾਫ਼ੀ ਨਹੀਂ ਹੈ। ਸਾਨੂੰ ਪੜ੍ਹੀਆਂ ਗੱਲਾਂ ʼਤੇ ਗਹਿਰਾਈ ਨਾਲ ਸੋਚ-ਵਿਚਾਰ ਵੀ ਕਰਨਾ ਚਾਹੀਦਾ ਹੈ। (ਜ਼ਬੂ. 1:1-3) ਸੋਚ-ਵਿਚਾਰ ਕਰਨ ਨਾਲ ਹੀ ਅਸੀਂ ਬਾਈਬਲ ਦੀਆਂ ਬੁੱਧ ਦੇਣ ਵਾਲੀਆਂ ਸਲਾਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਾਂਗੇ। ਚਾਹੇ ਅਸੀਂ ਫ਼ੋਨ, ਟੈਬਲੇਟ ਜਾਂ ਛਪੀ ਹੋਈ ਕਾਪੀ ਤੋਂ ਬਾਈਬਲ ਪੜ੍ਹੀਏ, ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦਾ ਬਚਨ ਸਾਡੇ ʼਤੇ ਅਸਰ ਕਰੇ ਅਤੇ ਸਾਨੂੰ ਬਦਲੇ।

ਯਹੋਵਾਹ ਦੀ ਇਕ ਗਵਾਹ ਬਾਈਬਲ ਪੜ੍ਹਦੀ ਹੋਈ

6 ਅਸੀਂ ਵਧੀਆ ਤਰੀਕੇ ਨਾਲ ਸੋਚ-ਵਿਚਾਰ ਕਿਵੇਂ ਕਰ ਸਕਦੇ ਹਾਂ? ਬਾਈਬਲ ਪੜ੍ਹਦਿਆਂ ਥੋੜ੍ਹਾ ਰੁਕ ਕੇ ਆਪਣੇ ਆਪ ਤੋਂ ਪੁੱਛੋ: ‘ਇਸ ਤੋਂ ਮੈਨੂੰ ਯਹੋਵਾਹ ਬਾਰੇ ਕੀ ਪਤਾ ਲੱਗਾ? ਪੜ੍ਹੀਆਂ ਗੱਲਾਂ ਵਿੱਚੋਂ ਮੈਂ ਕਿਹੜੀਆਂ ਗੱਲਾਂ ਲਾਗੂ ਕਰ ਰਿਹਾ ਹਾਂ? ਮੈਨੂੰ ਹਾਲੇ ਵੀ ਕਿਨ੍ਹਾਂ ਮਾਮਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ?’ ਜਦੋਂ ਅਸੀਂ ਪ੍ਰਾਰਥਨਾ ਕਰ ਕੇ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਇਨ੍ਹਾਂ ਨੂੰ ਲਾਗੂ ਵੀ ਕਰਨਾ ਚਾਹੁੰਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਦਾ ਅਸਰ ਆਪਣੀ ਜ਼ਿੰਦਗੀ ਵਿਚ ਦੇਖ ਸਕਦੇ ਹਾਂ।​—2 ਕੁਰਿੰ. 10:4, 5.

ਪ੍ਰਚਾਰ ਦੇ ਕੰਮ ਵਿਚ

7. ਪ੍ਰਚਾਰ ਵਿਚ ਅਸੀਂ ਪਰਮੇਸ਼ੁਰ ਦਾ ਬਚਨ ਵਧੀਆ ਤਰੀਕੇ ਨਾਲ ਕਿਵੇਂ ਵਰਤ ਸਕਦੇ ਹਾਂ?

7 ਪ੍ਰਚਾਰ ਕਰਦਿਆਂ ਅਤੇ ਸਿਖਾਉਂਦਿਆਂ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਈਬਲ ਵਰਤੀਏ। ਇਕ ਭਰਾ ਨੇ ਕਿਹਾ, “ਮੰਨ ਲਓ ਕਿ ਤੁਸੀਂ ਯਹੋਵਾਹ ਨਾਲ ਘਰ-ਘਰ ਪ੍ਰਚਾਰ ਕਰ ਰਹੇ ਹੋ। ਕੀ ਤੁਸੀਂ ਆਪ ਹੀ ਬੋਲੀ ਜਾਓਗੇ ਜਾਂ ਕੀ ਯਹੋਵਾਹ ਨੂੰ ਵੀ ਬੋਲਣ ਦਾ ਮੌਕਾ ਦਿਓਗੇ?” ਜਦੋਂ ਅਸੀਂ ਬਾਈਬਲ ਵਿੱਚੋਂ ਕਿਸੇ ਨੂੰ ਪੜ੍ਹ ਕੇ ਸੁਣਾਉਂਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਬੋਲਣ ਦਾ ਮੌਕਾ ਦੇ ਰਹੇ ਹੁੰਦੇ ਹਾਂ। ਬਹੁਤ ਸਾਰੀਆਂ ਗੱਲਾਂ ਕਰੀ ਜਾਣ ਦੀ ਬਜਾਇ ਬਾਈਬਲ ਵਿੱਚੋਂ ਇੱਕੋ ਢੁਕਵੀਂ ਆਇਤ ਪੜ੍ਹਨੀ ਜ਼ਿਆਦਾ ਅਸਰਕਾਰੀ ਹੁੰਦੀ ਹੈ। (1 ਥੱਸ. 2:13) ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਪ੍ਰਚਾਰ ਵਿਚ ਹਰ ਮੌਕੇ ʼਤੇ ਪਰਮੇਸ਼ੁਰ ਦੇ ਬਚਨ ਵਿੱਚੋਂ ਆਇਤ ਪੜ੍ਹਦਾ ਹਾਂ?’

8. ਪ੍ਰਚਾਰ ਵਿਚ ਸਿਰਫ਼ ਆਇਤ ਪੜ੍ਹ ਕੇ ਸੁਣਾਉਣੀ ਹੀ ਕਾਫ਼ੀ ਕਿਉਂ ਨਹੀਂ ਹੈ?

8 ਕਿਸੇ ਨੂੰ ਪ੍ਰਚਾਰ ਕਰਦਿਆਂ ਬਾਈਬਲ ਵਿੱਚੋਂ ਆਇਤ ਪੜ੍ਹ ਕੇ ਸੁਣਾਉਣੀ ਹੀ ਕਾਫ਼ੀ ਨਹੀਂ। ਬਹੁਤ ਸਾਰੇ ਲੋਕਾਂ ਨੂੰ ਬਾਈਬਲ ਦੀ ਸਮਝ ਨਹੀਂ ਹੈ। ਇਹ ਗੱਲ ਪਹਿਲੀ ਸਦੀ ਦੇ ਲੋਕਾਂ ਨਾਲ ਸੱਚ ਸੀ ਅਤੇ ਅੱਜ ਵੀ ਹੈ। (ਰੋਮੀ. 10:2) ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਘਰ-ਮਾਲਕ ਨੂੰ ਆਇਤ ਪੜ੍ਹਨ ਨਾਲ ਹੀ ਸਮਝ ਆ ਜਾਵੇਗੀ। ਅਸੀਂ ਉਸ ਆਇਤ ਵਿੱਚੋਂ ਕੁਝ ਖ਼ਾਸ ਗੱਲਾਂ ਜਾਂ ਸ਼ਬਦ ਦੁਹਰਾ ਸਕਦੇ ਹਾਂ ਅਤੇ ਇਨ੍ਹਾਂ ਦਾ ਮਤਲਬ ਵੀ ਸਮਝਾ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਪਰਮੇਸ਼ੁਰ ਦਾ ਬਚਨ ਲੋਕਾਂ ਦੇ ਮਨਾਂ ਅਤੇ ਦਿਲਾਂ ਤਕ ਪਹੁੰਚ ਸਕਦਾ ਹੈ।​—ਲੂਕਾ 24:32 ਪੜ੍ਹੋ।

9. ਆਇਤ ਪੜ੍ਹਨ ਤੋਂ ਪਹਿਲਾਂ ਅਸੀਂ ਲੋਕਾਂ ਦੇ ਦਿਲਾਂ ਵਿਚ ਬਾਈਬਲ ਪ੍ਰਤੀ ਕਦਰ ਕਿਵੇਂ ਪੈਦਾ ਕਰ ਸਕਦੇ ਹਾਂ? ਮਿਸਾਲ ਦਿਓ।

9 ਕੋਈ ਵੀ ਆਇਤ ਪੜ੍ਹਨ ਤੋਂ ਪਹਿਲਾਂ ਚੰਗਾ ਹੋਵੇਗਾ ਕਿ ਅਸੀਂ ਕੁਝ ਅਜਿਹਾ ਕਹੀਏ ਜਿਸ ਨਾਲ ਘਰ-ਮਾਲਕ ਦੇ ਦਿਲ ਵਿਚ ਬਾਈਬਲ ਲਈ ਕਦਰ ਪੈਦਾ ਹੋਵੇ। ਮਿਸਾਲ ਲਈ, ਅਸੀਂ ਸ਼ਾਇਦ ਕਹਿ ਸਕਦੇ ਹਾਂ, “ਆਓ ਆਪਾਂ ਦੇਖੀਏ ਕਿ ਇਸ ਵਿਸ਼ੇ ਬਾਰੇ ਸਾਡਾ ਸ੍ਰਿਸ਼ਟੀਕਰਤਾ ਕੀ ਕਹਿੰਦਾ ਹੈ।” ਜੇ ਅਸੀਂ ਉਸ ਵਿਅਕਤੀ ਨਾਲ ਗੱਲ ਕਰ ਰਹੇ ਹਾਂ ਜੋ ਬਾਈਬਲ ਨੂੰ ਨਹੀਂ ਮੰਨਦਾ, ਤਾਂ ਸ਼ਾਇਦ ਅਸੀਂ ਕਹਿ ਸਕਦੇ ਹਾਂ, “ਆਓ ਆਪਾਂ ਦੇਖੀਏ ਕਿ ਧਰਮ-ਗ੍ਰੰਥ ਵਿਚ ਕੀ ਲਿਖਿਆ ਹੈ।” ਜੇ ਸਾਨੂੰ ਇਸ ਤਰ੍ਹਾਂ ਦਾ ਵਿਅਕਤੀ ਮਿਲਦਾ ਹੈ ਜੋ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ, ਤਾਂ ਅਸੀਂ ਸ਼ਾਇਦ ਕਹਿ ਸਕਦੇ ਹਾਂ, “ਕੀ ਤੁਸੀਂ ਕਦੇ ਸੁਣਿਆ ਹੈ ਕਿ ਇਸ ਬਾਰੇ ਇਕ ਬਹੁਤ ਪੁਰਾਣੀ ਕਿਤਾਬ ਕੀ ਕਹਿੰਦੀ ਹੈ?” ਯਾਦ ਰੱਖੋ ਕਿ ਹਰੇਕ ਦੀ ਸੋਚ, ਸਭਿਆਚਾਰ ਅਤੇ ਧਰਮ ਵੱਖਰਾ ਹੁੰਦਾ ਹੈ। ਇਹ ਗੱਲ ਮਨ ਵਿਚ ਰੱਖ ਕੇ ਅਸੀਂ ਉਹ ਸ਼ਬਦ ਬੋਲਾਂਗੇ ਜਿਸ ਨਾਲ ਘਰ-ਮਾਲਕ ਦੀ ਦਿਲਚਸਪੀ ਜਾਗੇ।​—1 ਕੁਰਿੰ. 9:22, 23.

ਯਹੋਵਾਹ ਦੇ ਗਵਾਹ ਪ੍ਰਚਾਰ ਵਿਚ ਬਾਈਬਲ ਵਰਤਦੇ ਹੋਏ

10. (ੳ) ਪ੍ਰਚਾਰ ਵਿਚ ਇਕ ਭਰਾ ਨਾਲ ਕੀ ਹੋਇਆ? (ਅ) ਤੁਸੀਂ ਪ੍ਰਚਾਰ ਵਿਚ ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਦਾ ਅਸਰ ਕਿਵੇਂ ਦੇਖਿਆ ਹੈ?

10 ਕਈਆਂ ਨੇ ਇਹ ਗੱਲ ਅਜ਼ਮਾ ਕੇ ਦੇਖੀ ਹੈ ਕਿ ਪ੍ਰਚਾਰ ਵਿਚ ਪਰਮੇਸ਼ੁਰ ਦਾ ਬਚਨ ਵਰਤਣ ਨਾਲ ਲੋਕਾਂ ਉੱਤੇ ਡੂੰਘਾ ਅਸਰ ਪੈਂਦਾ ਹੈ। ਮਿਸਾਲ ਲਈ, ਇਕ ਭਰਾ ਇਕ ਬਜ਼ੁਰਗ ਆਦਮੀ ਨੂੰ ਅਕਸਰ ਮਿਲਣ ਜਾਂਦਾ ਸੀ ਜੋ ਕਈ ਸਾਲਾਂ ਤੋਂ ਸਾਡੇ ਰਸਾਲੇ ਲੈਂਦਾ ਸੀ। ਇਕ ਦਿਨ ਉਸ ਭਰਾ ਨੇ ਉਸ ਬਜ਼ੁਰਗ ਨੂੰ ਸਿਰਫ਼ ਪਹਿਰਾਬੁਰਜ ਦਾ ਨਵਾਂ ਅੰਕ ਹੀ ਨਹੀਂ ਦਿੱਤਾ, ਸਗੋਂ ਇਕ ਆਇਤ ਵੀ ਪੜ੍ਹ ਕੇ ਸੁਣਾਈ। ਉਸ ਨੇ 2 ਕੁਰਿੰਥੀਆਂ 1:3, 4 ਪੜ੍ਹੀ ਜਿਸ ਵਿਚ ਲਿਖਿਆ ਹੈ ਕਿ ਯਹੋਵਾਹ “ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ। ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।” ਇਸ ਆਇਤ ਦੇ ਸ਼ਬਦਾਂ ਨੇ ਉਸ ਬਜ਼ੁਰਗ ਦੇ ਦਿਲ ਨੂੰ ਇੰਨਾ ਛੂਹਿਆ ਕਿ ਉਸ ਨੇ ਭਰਾ ਨੂੰ ਦੁਬਾਰਾ ਪੜ੍ਹਨ ਲਈ ਕਿਹਾ। ਉਸ ਆਦਮੀ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਦਿਲਾਸੇ ਦੀ ਬਹੁਤ ਲੋੜ ਸੀ। ਇਸ ਆਇਤ ਕਰਕੇ ਉਹ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦਾ ਸੀ। ਵਾਕਈ, ਜਦੋਂ ਅਸੀਂ ਪ੍ਰਚਾਰ ਵਿਚ ਪਰਮੇਸ਼ੁਰ ਦਾ ਬਚਨ ਇਸਤੇਮਾਲ ਕਰਦੇ ਹਾਂ, ਤਾਂ ਅਸੀਂ ਇਸ ਦੀ ਜ਼ਬਰਦਸਤ ਤਾਕਤ ਦੇਖ ਸਕਦੇ ਹਾਂ!​—ਰਸੂ. 19:20.

ਸਟੇਜ ਤੋਂ ਸਿਖਾਉਂਦਿਆਂ

11. ਸਟੇਜ ਤੋਂ ਸਿਖਾਉਣ ਵਾਲੇ ਭਰਾਵਾਂ ਕੋਲ ਕਿਹੜੀ ਜ਼ਿੰਮੇਵਾਰੀ ਹੈ?

11 ਸਾਨੂੰ ਸਭਾਵਾਂ ਅਤੇ ਸੰਮੇਲਨਾਂ ʼਤੇ ਜਾਣਾ ਬਹੁਤ ਵਧੀਆ ਲੱਗਦਾ ਹੈ। ਅਸੀਂ ਉੱਥੇ ਖ਼ਾਸ ਕਰਕੇ ਯਹੋਵਾਹ ਦੀ ਭਗਤੀ ਕਰਨ ਲਈ ਜਾਂਦੇ ਹਾਂ। ਉਨ੍ਹਾਂ ਮੌਕਿਆਂ ʼਤੇ ਇਕੱਠੇ ਹੋ ਕੇ ਅਸੀਂ ਬਹੁਤ ਕੁਝ ਸਿੱਖਦੇ ਹਾਂ। ਸਟੇਜ ਤੋਂ ਸਿਖਾਉਣ ਵਾਲੇ ਭਰਾਵਾਂ ਲਈ ਇਹ ਇਕ ਬਹੁਤ ਵੱਡਾ ਸਨਮਾਨ ਹੈ। ਪਰ ਉਨ੍ਹਾਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸਟੇਜ ਤੋਂ ਸਿੱਖਿਆ ਦੇਣੀ ਇਕ ਭਾਰੀ ਜ਼ਿੰਮੇਵਾਰੀ ਹੈ। (ਯਾਕੂ. 3:1) ਉਨ੍ਹਾਂ ਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਿੱਖਿਆ ਬਾਈਬਲ ʼਤੇ ਆਧਾਰਿਤ ਹੋਵੇ। ਸਟੇਜ ਤੋਂ ਸਿਖਾਉਣ ਵਾਲੇ ਭਰਾ ਬਾਈਬਲ ਦਾ ਚੰਗਾ ਇਸਤੇਮਾਲ ਕਿਵੇਂ ਕਰ ਸਕਦੇ ਹਨ ਤਾਂਕਿ ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਭੈਣਾਂ-ਭਰਾਵਾਂ ʼਤੇ ਅਸਰ ਕਰੇ?

ਸਟੇਜ ਤੋਂ ਭਾਸ਼ਣ ਦਿੰਦਿਆਂ ਇਕ ਭਰਾ ਬਾਈਬਲ ਤੋਂ ਸਿਖਾਉਂਦਾ ਹੋਇਆ

12. ਮੰਡਲੀ ਦੇ ਭਰਾ ਬਾਈਬਲ-ਆਧਾਰਿਤ ਭਾਸ਼ਣ ਕਿਵੇਂ ਦੇ ਸਕਦੇ ਹਨ?

12 ਯਾਦ ਰੱਖੋ ਕਿ ਹਰ ਭਾਸ਼ਣ ਦੀ ਜਾਨ ਆਇਤਾਂ ਹੁੰਦੀਆਂ ਹਨ। (ਯੂਹੰ. 7:16) ਇਸ ਲਈ ਭਾਸ਼ਣ ਦਿੰਦਿਆਂ ਭੈਣਾਂ-ਭਰਾਵਾਂ ਦਾ ਜ਼ਿਆਦਾ ਧਿਆਨ ਬਾਈਬਲ ਵੱਲ ਜਾਣਾ ਚਾਹੀਦਾ ਹੈ, ਨਾ ਕਿ ਤੁਹਾਡੇ ਭਾਸ਼ਣ ਦੇਣ ਦੇ ਢੰਗ, ਤਜਰਬਿਆਂ ਜਾਂ ਮਿਸਾਲਾਂ ਵੱਲ। ਨਾਲੇ ਯਾਦ ਰੱਖੋ ਕਿ ਬਾਈਬਲ ਦੀਆਂ ਆਇਤਾਂ ਪੜ੍ਹਨ ਅਤੇ ਬਾਈਬਲ ਦੀਆਂ ਆਇਤਾਂ ਨੂੰ ਸਮਝਾਉਣ ਵਿਚ ਬਹੁਤ ਫ਼ਰਕ ਹੁੰਦਾ ਹੈ। ਦਰਅਸਲ, ਜ਼ਿਆਦਾ ਆਇਤਾਂ ਪੜ੍ਹਨ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਬਹੁਤਿਆਂ ਲਈ ਇਨ੍ਹਾਂ ਨੂੰ ਯਾਦ ਰੱਖਣਾ ਔਖਾ ਹੁੰਦਾ ਹੈ। ਇਸ ਲਈ ਸੋਚ-ਸਮਝ ਕੇ ਆਇਤਾਂ ਚੁਣੋ। ਇਨ੍ਹਾਂ ਆਇਤਾਂ ਨੂੰ ਪੜ੍ਹੋ, ਸਮਝਾਓ, ਮਿਸਾਲ ਦਿਓ ਅਤੇ ਦੱਸੋ ਕਿ ਇਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। (ਨਹ. 8:8) ਜੇ ਤੁਸੀਂ ਰੂਪ-ਰੇਖਾ (outline) ਤੋਂ ਭਾਸ਼ਣ ਦੇ ਰਹੇ ਹੋ, ਤਾਂ ਉਸ ਨੂੰ ਅਤੇ ਉਸ ਵਿਚ ਦਿੱਤੀਆਂ ਸਾਰੀਆਂ ਆਇਤਾਂ ਦਾ ਚੰਗੀ ਤਰ੍ਹਾਂ ਅਧਿਐਨ ਕਰੋ। ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਰੂਪ-ਰੇਖਾ ਅਤੇ ਆਇਤਾਂ ਵਿਚ ਕੀ ਤਅੱਲਕ ਹੈ। ਫਿਰ ਰੂਪ-ਰੇਖਾ ਦੀਆਂ ਖ਼ਾਸ ਗੱਲਾਂ ਸਮਝਾਉਣ ਲਈ ਉਸ ਵਿੱਚੋਂ ਕੁਝ ਆਇਤਾਂ ਚੁਣੋ। (ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਕਿਤਾਬ ਦੇ 21ਵੇਂ ਤੋਂ 23ਵੇਂ ਅਧਿਆਵਾਂ ਵਿਚ ਹੋਰ ਵੀ ਬਹੁਤ ਸਾਰੇ ਵਧੀਆ ਸੁਝਾਅ ਹਨ।) ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਯਹੋਵਾਹ ਤੋਂ ਮਦਦ ਮੰਗੋ ਤਾਂਕਿ ਤੁਸੀਂ ਉਸ ਦੇ ਬਚਨ ਤੋਂ ਚੰਗੀ ਸਿੱਖਿਆ ਦੇ ਸਕੋ।​—ਅਜ਼ਰਾ 7:10; ਕਹਾਉਤਾਂ 3:13, 14 ਪੜ੍ਹੋ।

13. (ੳ) ਸਭਾ ਵਿਚ ਇਕ ਆਇਤ ਸੁਣ ਕੇ ਇਕ ਭੈਣ ʼਤੇ ਕੀ ਅਸਰ ਪਿਆ? (ਅ) ਸਭਾਵਾਂ ਵਿਚ ਜਿਸ ਤਰੀਕੇ ਨਾਲ ਆਇਤਾਂ ਸਮਝਾਈਆਂ ਜਾਂਦੀਆ ਹਨ ਉਸ ਤੋਂ ਤੁਹਾਨੂੰ ਕੀ ਫ਼ਾਇਦਾ ਹੁੰਦਾ ਹੈ?

13 ਆਸਟ੍ਰੇਲੀਆ ਵਿਚ ਰਹਿਣ ਵਾਲੀ ਇਕ ਭੈਣ ਨਾਲ ਬਚਪਨ ਵਿਚ ਬਹੁਤ ਕੁਝ ਬੁਰਾ ਹੋਇਆ। ਯਹੋਵਾਹ ਨੂੰ ਜਾਣਨ ਤੋਂ ਬਾਅਦ ਵੀ ਉਸ ਲਈ ਇਸ ਗੱਲ ʼਤੇ ਯਕੀਨ ਕਰਨਾ ਬਹੁਤ ਔਖਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਸੀ। ਸਭਾ ਵਿਚ ਭੈਣ ਨੇ ਇਕ ਆਇਤ ਸੁਣੀ ਜਿਸ ਦਾ ਉਸ ʼਤੇ ਬਹੁਤ ਅਸਰ ਪਿਆ। ਉਸ ਨੇ ਇਸ ਆਇਤ ਉੱਤੇ ਸੋਚ-ਵਿਚਾਰ ਕੀਤਾ ਅਤੇ ਖੋਜਬੀਨ ਕੀਤੀ ਜਿਸ ਕਰਕੇ ਉਸ ਨੇ ਇਸ ਆਇਤ ਨਾਲ ਜੁੜੀਆਂ ਦੂਜੀਆਂ ਆਇਤਾਂ ਵੀ ਪੜ੍ਹੀਆਂ। ਉਸ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ।a ਕੀ ਤੁਸੀਂ ਵੀ ਸਭਾ ਜਾਂ ਸੰਮੇਲਨ ʼਤੇ ਕੋਈ ਆਇਤ ਸੁਣੀ ਜਿਸ ਨੇ ਤੁਹਾਡੇ ʼਤੇ ਇਹੋ ਜਿਹਾ ਅਸਰ ਪਾਇਆ ਹੋਵੇ?​—ਨਹ. 8:12.

14. ਅਸੀਂ ਯਹੋਵਾਹ ਦੇ ਬਚਨ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?

14 ਕੀ ਸਾਨੂੰ ਯਹੋਵਾਹ ਦੇ ਬਚਨ ਬਾਈਬਲ ਲਈ ਸ਼ੁਕਰਗੁਜ਼ਾਰ ਨਹੀਂ ਹੋਣਾ ਚਾਹੀਦਾ? ਉਸ ਨੇ ਇਹ ਵਾਅਦਾ ਕੀਤਾ ਸੀ ਕਿ ਉਸ ਦਾ ਬਚਨ ਕਾਇਮ ਰਹੇਗਾ ਅਤੇ ਉਸ ਨੇ ਆਪਣਾ ਵਾਅਦਾ ਪੂਰਾ ਵੀ ਕੀਤਾ। (1 ਪਤ. 1:24, 25) ਇਸ ਲਈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਬਾਕਾਇਦਾ ਬਾਈਬਲ ਪੜ੍ਹੀਏ, ਆਪਣੀ ਜ਼ਿੰਦਗੀ ਵਿਚ ਇਸ ਦੀਆਂ ਗੱਲਾਂ ਨੂੰ ਲਾਗੂ ਕਰੀਏ ਅਤੇ ਦੂਸਰਿਆਂ ਦੀ ਮਦਦ ਕਰਨ ਲਈ ਇਸ ਨੂੰ ਵਰਤੀਏ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਇਸ ਖ਼ਜ਼ਾਨੇ ਅਤੇ ਇਸ ਦੇ ਮਾਲਕ ਯਹੋਵਾਹ ਪਰਮੇਸ਼ੁਰ ਲਈ ਪਿਆਰ ਅਤੇ ਆਦਰ ਦਿਖਾ ਰਹੇ ਹੁੰਦੇ ਹਾਂ।

a “ਜ਼ਿੰਦਗੀ ਵਿਚ ਨਵਾਂ ਮੋੜ” ਨਾਂ ਦੀ ਡੱਬੀ ਦੇਖੋ।

ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਨੂੰ ਕੰਮ ਕਰਨ ਦਿਓ

ਆਪਣੀ ਜ਼ਿੰਦਗੀ ਵਿਚ:

  • ਬਾਕਾਇਦਾ ਇਸ ਨੂੰ ਪੜ੍ਹੋ

  • ਇਸ ʼਤੇ ਸੋਚ-ਵਿਚਾਰ ਕਰੋ

  • ਸਿੱਖਿਆ ਗੱਲਾਂ ਨੂੰ ਲਾਗੂ ਕਰੋ

ਪ੍ਰਚਾਰ ਦੇ ਕੰਮ ਵਿਚ:

  • ਹਮੇਸ਼ਾ ਆਇਤਾਂ ਵਰਤੋ

  • ਆਇਤਾਂ ਦੀਆਂ ਖ਼ਾਸ ਗੱਲਾਂ ਵੱਲ ਧਿਆਨ ਖਿੱਚੋ ਅਤੇ ਸਮਝਾਓ

  • ਆਇਤਾਂ ਪੜ੍ਹਨ ਤੋਂ ਪਹਿਲਾਂ ਕੁਝ ਅਜਿਹਾ ਕਹੋ ਜਿਸ ਨਾਲ ਘਰ-ਮਾਲਕ ਦੇ ਦਿਲ ਵਿਚ ਪਰਮੇਸ਼ੁਰ ਦੇ ਬਚਨ ਲਈ ਕਦਰ ਪੈਦਾ ਹੋਵੇ

ਸਟੇਜ ਤੋਂ ਸਿਖਾਉਂਦਿਆਂ:

  • ਹਰ ਭਾਸ਼ਣ ਦੀ ਜਾਨ ਆਇਤਾਂ ਹੁੰਦੀਆਂ ਹਨ

  • ਭੈਣਾਂ-ਭਰਾਵਾਂ ਦਾ ਜ਼ਿਆਦਾ ਧਿਆਨ ਬਾਈਬਲ ਵੱਲ ਜਾਣਾ ਚਾਹੀਦਾ ਹੈ, ਨਾ ਕਿ ਭਾਸ਼ਣ ਦੇਣ ਦੇ ਢੰਗ, ਤਜਰਬਿਆਂ ਜਾਂ ਮਿਸਾਲਾਂ ਵੱਲ

  • ਆਇਤਾਂ ਸਮਝਾਓ, ਢੁਕਵੀਂ ਮਿਸਾਲ ਜੋੜੋ ਅਤੇ ਦੱਸੋ ਕਿ ਇਨ੍ਹਾਂ ਨੂੰ ਲਾਗੂ ਕਿਵੇਂ ਕਰਨਾ ਹੈ

“ਜ਼ਿੰਦਗੀ ਵਿਚ ਨਵਾਂ ਮੋੜ”

ਚਾਹੇ ਵਿਕਟੋਰੀਆ ਨੇ ਬਹੁਤ ਸਾਲ ਪਹਿਲਾਂ ਸੱਚਾਈ ਸਿੱਖੀ ਸੀ, ਪਰ ਫਿਰ ਵੀ ਉਸ ਨੂੰ ਲੱਗਦਾ ਸੀ ਕਿ ਉਹ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਨਹੀਂ। ਉਸ ਨੂੰ ਕਿਹੜੀ ਗੱਲ ਤੋਂ ਯਕੀਨ ਆਇਆ ਕਿ ਪਰਮੇਸ਼ੁਰ ਉਸ ਨੂੰ ਸੱਚ-ਮੁੱਚ ਪਿਆਰ ਕਰਦਾ ਹੈ? ਆਓ ਆਪਾਂ ਦੇਖੀਏ ਕਿ ਉਹ ਕੀ ਕਹਿੰਦੀ ਹੈ:

“ਮੇਰੇ ਬਪਤਿਸਮੇ ਤੋਂ 15 ਸਾਲਾਂ ਬਾਅਦ ਮੇਰੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ। ਕਿੰਗਡਮ ਹਾਲ ਵਿਚ ਇਕ ਭਰਾ ਨੇ ਆਪਣੇ ਭਾਸ਼ਣ ਵਿਚ ਯਾਕੂਬ 1:23, 24 ਪੜ੍ਹਿਆ। ਉਨ੍ਹਾਂ ਆਇਤਾਂ ਵਿਚ ਸਮਝਾਇਆ ਗਿਆ ਹੈ ਕਿ ਪਰਮੇਸ਼ੁਰ ਦਾ ਬਚਨ ਇਕ ਸ਼ੀਸ਼ੇ ਵਾਂਗ ਹੈ ਜਿਸ ਵਿਚ ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖ ਸਕਦੇ ਹਾਂ। ਚਾਹੇ ਮੈਂ ਆਪਣੇ ਬਾਰੇ ਬੁਰਾ ਸੋਚਦੀ ਸੀ, ਪਰ ਯਹੋਵਾਹ ਇਸ ਤਰ੍ਹਾਂ ਨਹੀਂ ਸੋਚਦਾ ਸੀ। ਪਹਿਲਾਂ-ਪਹਿਲ ਤਾਂ ਮੈਂ ਇਹ ਗੱਲ ਸਵੀਕਾਰ ਨਹੀਂ ਕਰ ਪਾਈ ਕਿਉਂਕਿ ਮੈਨੂੰ ਹਾਲੇ ਵੀ ਇਹੀ ਲੱਗ ਰਿਹਾ ਸੀ ਕਿ ਮੈਂ ਯਹੋਵਾਹ ਦੇ ਪਿਆਰ ਦੇ ਲਾਇਕ ਨਹੀਂ ਹਾਂ।

“ਕੁਝ ਦਿਨਾਂ ਬਾਅਦ ਮੈਂ ਇਕ ਆਇਤ ਪੜ੍ਹੀ ਜਿਸ ਨਾਲ ਮੇਰੀ ਜ਼ਿੰਦਗੀ ਹੀ ਬਦਲ ਗਈ। ਉਹ ਆਇਤ ਯਸਾਯਾਹ 1:18 ਸੀ ਜਿਸ ਵਿਚ ਯਹੋਵਾਹ ਕਹਿੰਦਾ ਹੈ: ‘ਆਓ, ਅਸੀਂ ਸਲਾਹ ਕਰੀਏ, . . . ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ।’ ਮੈਨੂੰ ਇੱਦਾਂ ਲੱਗਾ ਜਿਵੇਂ ਯਹੋਵਾਹ ਮੈਨੂੰ ਕਹਿ ਰਿਹਾ ਹੋਵੇ: ‘ਕੋਈ ਗੱਲ ਨਹੀਂ ਵਿੱਕੀ, ਚੱਲ ਆਪਾਂ ਮਿਲ ਕੇ ਸਭ ਠੀਕ ਕਰੀਏ। ਮੈਂ ਤੈਨੂੰ, ਤੇਰੇ ਗੁਨਾਹਾਂ, ਤੇਰੇ ਦਿਲ ਨੂੰ ਜਾਣਦਾ ਹਾਂ, ਪਰ ਫਿਰ ਵੀ ਮੈਂ ਤੈਨੂੰ ਪਿਆਰ ਕਰਦਾ ਹਾਂ।’

“ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਮੈਨੂੰ ਹਾਲੇ ਵੀ ਸ਼ੱਕ ਸੀ ਕਿ ਮੈਂ ਯਹੋਵਾਹ ਦੇ ਪਿਆਰ ਦੇ ਲਾਇਕ ਨਹੀਂ ਹਾਂ। ਪਰ ਫਿਰ ਮੈਂ ਯਿਸੂ ਦੀ ਕੁਰਬਾਨੀ ਬਾਰੇ ਸੋਚਣ ਲੱਗੀ। ਇਕਦਮ ਮੇਰੇ ਦਿਮਾਗ਼ ਵਿਚ ਆਇਆ ਕਿ ਯਹੋਵਾਹ ਕਿੰਨੀ ਦੇਰ ਤੋਂ ਮੇਰੇ ਨਾਲ ਧੀਰਜ ਨਾਲ ਪੇਸ਼ ਆ ਕੇ ਮੈਨੂੰ ਬਹੁਤ ਪਿਆਰ ਦਿਖਾ ਰਿਹਾ ਸੀ। ਪਰ ਮੈਂ ਤਾਂ ਯਹੋਵਾਹ ਨੂੰ ਇਹ ਕਹਿ ਰਹੀ ਸੀ: ‘ਚਾਹੇ ਤੂੰ ਪਿਆਰ ਹੈ, ਪਰ ਫਿਰ ਵੀ ਤੂੰ ਮੇਰੇ ਨਾਲ ਪਿਆਰ ਨਹੀਂ ਕਰ ਸਕਦਾ। ਤੇਰੇ ਬੇਟੇ ਦੀ ਕੁਰਬਾਨੀ ਮੇਰੇ ਪਾਪਾਂ ਨੂੰ ਢੱਕ ਨਹੀਂ ਸਕਦੀ।’ ਮੈਂ ਯਿਸੂ ਦੀ ਕੁਰਬਾਨੀ ਲਈ ਕੋਈ ਕਦਰ ਨਹੀਂ ਦਿਖਾ ਰਹੀ ਸੀ। ਪਰ ਯਿਸੂ ਦੀ ਕੁਰਬਾਨੀ ʼਤੇ ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਮੈਨੂੰ ਹੁਣ ਯਕੀਨ ਹੋ ਗਿਆ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ