ਬਾਈਬਲ ਪੜ੍ਹੋ ਤੇ ਪੂਰਾ ਫ਼ਾਇਦਾ ਉਠਾਓ
“ਮੈਨੂੰ ਪਰਮੇਸ਼ੁਰ ਦੇ ਕਾਨੂੰਨ ਤੋਂ ਦਿਲੋਂ ਖ਼ੁਸ਼ੀ ਹੁੰਦੀ ਹੈ।”—ਰੋਮੀ. 7:22.
1-3. ਬਾਈਬਲ ਪੜ੍ਹਨ ਅਤੇ ਉਸ ਦੀਆਂ ਸਿੱਖਿਆਵਾਂ ʼਤੇ ਚੱਲਣ ਦੇ ਕੀ ਫ਼ਾਇਦੇ ਹਨ?
ਇਕ ਬਜ਼ੁਰਗ ਭੈਣ ਨੇ ਕਿਹਾ: “ਮੈਂ ਹਰ ਰੋਜ਼ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਉਸ ਨੇ ਮੈਨੂੰ ਬਾਈਬਲ ਦੀ ਸਮਝ ਦਿੱਤੀ ਹੈ।” ਇਹ ਭੈਣ 40 ਤੋਂ ਜ਼ਿਆਦਾ ਵਾਰ ਬਾਈਬਲ ਪੜ੍ਹ ਚੁੱਕੀ ਹੈ ਤੇ ਅਜੇ ਵੀ ਬਾਈਬਲ ਪੜ੍ਹਦੀ ਹੈ। ਇਕ ਜਵਾਨ ਭੈਣ ਨੇ ਲਿਖਿਆ: ‘ਬਾਈਬਲ ਪੜ੍ਹ ਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਵੀ ਗੂੜ੍ਹਾ ਹੋਇਆ ਹੈ। ਇਸ ਤੋਂ ਮੈਨੂੰ ਬਹੁਤ ਫ਼ਾਇਦਾ ਹੋਇਆ ਹੈ ਤੇ ਮੈਂ ਬਹੁਤ ਖ਼ੁਸ਼ ਹਾਂ।’
2 ਪਤਰਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਸੀ: “ਆਪਣੇ ਅੰਦਰ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਖਾਲਸ ਦੁੱਧ ਲਈ ਭੁੱਖ ਪੈਦਾ ਕਰੋ।” (1 ਪਤ. 2:2) ਜਿਹੜੇ ਮਸੀਹੀ ਬਾਈਬਲ ਦੀ ਸਟੱਡੀ ਕਰ ਕੇ ਇਸ ਦੀਆਂ ਸਿੱਖਿਆਵਾਂ ʼਤੇ ਚੱਲਦੇ ਹਨ, ਉਨ੍ਹਾਂ ਨੂੰ ਕਈ ਫ਼ਾਇਦੇ ਹੁੰਦੇ ਹਨ। ਮਿਸਾਲ ਲਈ, ਉਨ੍ਹਾਂ ਦੀ ਜ਼ਮੀਰ ਸ਼ੁੱਧ ਹੁੰਦੀ ਹੈ ਤੇ ਉਹ ਪਰਮੇਸ਼ੁਰ ਦੀ ਇੱਛਾ ਮੁਤਾਬਕ ਚੱਲ ਕੇ ਖ਼ੁਸ਼ ਹੁੰਦੇ ਹਨ। ਨਾਲੇ ਉਨ੍ਹਾਂ ਦੀ ਪਰਮੇਸ਼ੁਰ ਦੇ ਹੋਰ ਸੇਵਕਾਂ ਨਾਲ ਪੱਕੀ ਦੋਸਤੀ ਹੋ ਜਾਂਦੀ ਹੈ। ਵਾਕਈ ਉਨ੍ਹਾਂ ਨੂੰ “ਪਰਮੇਸ਼ੁਰ ਦੇ ਕਾਨੂੰਨ ਤੋਂ ਦਿਲੋਂ ਖ਼ੁਸ਼ੀ ਹੁੰਦੀ ਹੈ।” (ਰੋਮੀ. 7:22) ਪਰ ਬਾਈਬਲ ਪੜ੍ਹਨ ਦੇ ਹੋਰ ਵੀ ਕਈ ਫ਼ਾਇਦੇ ਹਨ। ਕਿਹੜੇ?
3 ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਬਾਰੇ ਜਿੰਨਾ ਜ਼ਿਆਦਾ ਸਿੱਖਦੇ ਹਾਂ, ਉੱਨਾ ਹੀ ਸਾਡਾ ਪਿਆਰ ਉਨ੍ਹਾਂ ਲਈ ਤੇ ਲੋਕਾਂ ਲਈ ਵਧਦਾ ਹੈ। ਬਾਈਬਲ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਚੰਗੇ ਲੋਕਾਂ ਨੂੰ ਬਚਾਵੇਗਾ ਜਦ ਉਹ ਬੁਰੇ ਲੋਕਾਂ ਦਾ ਨਾਸ਼ ਕਰੇਗਾ। ਨਾਲੇ ਅਸੀਂ ਲੋਕਾਂ ਨੂੰ ਬਾਈਬਲ ਤੋਂ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। ਜਦ ਤੁਸੀਂ ਬਾਈਬਲ ਤੋਂ ਸਿੱਖੀਆਂ ਗੱਲਾਂ ਦੂਸਰਿਆਂ ਨੂੰ ਸਿਖਾਉਂਦੇ ਹੋ, ਤਾਂ ਯਹੋਵਾਹ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਦੇਵੇਗਾ।
ਪੜ੍ਹੋ ਤੇ ਸੋਚ-ਵਿਚਾਰ ਕਰੋ
4. ਬਾਈਬਲ ਨੂੰ ਧਿਆਨ ਨਾਲ ਪੜ੍ਹਨ ਦਾ ਕੀ ਮਤਲਬ ਹੈ?
4 ਯਹੋਵਾਹ ਨਹੀਂ ਚਾਹੁੰਦਾ ਕਿ ਉਸ ਦੇ ਸੇਵਕ ਕਾਹਲੀ-ਕਾਹਲੀ ਉਸ ਦਾ ਬਚਨ ਪੜ੍ਹਨ। ਪੁਰਾਣੇ ਜ਼ਮਾਨੇ ਵਿਚ ਉਸ ਨੇ ਯਹੋਸ਼ੁਆ ਨੂੰ ਦੱਸਿਆ: “ਏਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ।” (ਯਹੋ. 1:8; ਜ਼ਬੂ. 1:2) ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਬਾਈਬਲ ਦਾ ਹਰ ਸ਼ਬਦ ਧੀਮੀ ਆਵਾਜ਼ ਵਿਚ ਪੜ੍ਹਨਾ ਚਾਹੀਦਾ ਹੈ? ਨਹੀਂ। ਇਸ ਦਾ ਮਤਲਬ ਇਹ ਹੈ ਕਿ ਸਾਨੂੰ ਹੌਲੀ-ਹੌਲੀ ਧਿਆਨ ਨਾਲ ਬਾਈਬਲ ਪੜ੍ਹਨੀ ਚਾਹੀਦੀ ਹੈ ਤੇ ਫਿਰ ਇਸ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਬਾਈਬਲ ਪੜ੍ਹਦਿਆਂ ਉਨ੍ਹਾਂ ਆਇਤਾਂ ਜਾਂ ਘਟਨਾਵਾਂ ਉੱਤੇ ਗੌਰ ਕਰੋ ਜਿਨ੍ਹਾਂ ਤੋਂ ਤੁਹਾਨੂੰ ਖ਼ਾਸ ਫ਼ਾਇਦਾ ਹੁੰਦਾ ਹੈ ਤੇ ਹੌਸਲਾ ਮਿਲਦਾ ਹੈ। ਅਜਿਹੀਆਂ ਆਇਤਾਂ ਨੂੰ ਦੁਬਾਰਾ ਹੌਲੀ-ਹੌਲੀ ਪੜ੍ਹੋ ਤਾਂਕਿ ਇਹ ਗੱਲਾਂ ਤੁਹਾਡੇ ਦਿਲ ਤਕ ਪਹੁੰਚ ਸਕਣ। ਇਹ ਜ਼ਰੂਰੀ ਕਿਉਂ ਹੈ? ਕਿਉਂਕਿ ਬਾਈਬਲ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਲੈਣ ਨਾਲ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਜ਼ਿਆਦਾ ਸੌਖਾ ਹੋ ਜਾਂਦਾ ਹੈ।
5-7. ਮਿਸਾਲ ਦੇ ਕੇ ਸਮਝਾਓ ਕਿ ਧਿਆਨ ਨਾਲ ਬਾਈਬਲ ਪੜ੍ਹ ਕੇ ਸਾਨੂੰ ਸਹੀ ਕੰਮ ਕਰਨ, ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਉਣ ਅਤੇ ਮੁਸ਼ਕਲਾਂ ਦੌਰਾਨ ਯਹੋਵਾਹ ʼਤੇ ਭਰੋਸਾ ਰੱਖਣ ਵਿਚ ਕਿੱਦਾਂ ਮਦਦ ਮਿਲਦੀ ਹੈ।
5 ਸਾਨੂੰ ਖ਼ਾਸ ਕਰਕੇ ਬਾਈਬਲ ਦੀਆਂ ਉਨ੍ਹਾਂ ਕਿਤਾਬਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਜੋ ਸ਼ਾਇਦ ਸਾਨੂੰ ਸਮਝਣੀਆਂ ਮੁਸ਼ਕਲ ਲੱਗਣ। ਆਓ ਆਪਾਂ ਤਿੰਨ ਮਿਸਾਲਾਂ ਵੱਲ ਧਿਆਨ ਦੇਈਏ। ਪਹਿਲੀ ਮਿਸਾਲ, ਇਕ ਨੌਜਵਾਨ ਭਰਾ ਹੋਸ਼ੇਆ ਦੀ ਭਵਿੱਖਬਾਣੀ ਪੜ੍ਹ ਰਿਹਾ ਹੈ। ਉਹ ਚੌਥੇ ਅਧਿਆਇ ਦੀਆਂ 11-13 ਆਇਤਾਂ ਪੜ੍ਹ ਕੇ ਇਨ੍ਹਾਂ ʼਤੇ ਗੌਰ ਕਰਦਾ ਹੈ। (ਹੋਸ਼ੇਆ 4:11-13 ਪੜ੍ਹੋ।) ਕਿਉਂ? ਇਹ ਆਇਤਾਂ ਇਸ ਲਈ ਉਸ ਦੇ ਧਿਆਨ ਵਿਚ ਆਉਂਦੀਆਂ ਹਨ ਕਿਉਂਕਿ ਸਕੂਲੇ ਬੱਚੇ ਉਸ ʼਤੇ ਗੰਦੇ ਕੰਮ ਕਰਨ ਦਾ ਜ਼ੋਰ ਪਾਉਂਦੇ ਹਨ। ਉਹ ਇਨ੍ਹਾਂ ਆਇਤਾਂ ʼਤੇ ਵਿਚਾਰ ਕਰਨ ਤੋਂ ਬਾਅਦ ਸੋਚਦਾ ਹੈ: ‘ਭਾਵੇਂ ਲੋਕ ਲੁਕ-ਛਿਪ ਕੇ ਬੁਰੇ ਕੰਮ ਕਰਦੇ ਹਨ, ਪਰ ਯਹੋਵਾਹ ਉਨ੍ਹਾਂ ਨੂੰ ਦੇਖਦਾ ਹੈ। ਮੈਂ ਨਹੀਂ ਚਾਹੁੰਦਾ ਕਿ ਮੈਂ ਯਹੋਵਾਹ ਨੂੰ ਨਾਰਾਜ਼ ਕਰਾਂ।’ ਭਰਾ ਠਾਣ ਲੈਂਦਾ ਹੈ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰੇਗਾ।
6 ਦੂਜੀ ਮਿਸਾਲ, ਇਕ ਭੈਣ ਯੋਏਲ ਦੀ ਭਵਿੱਖਬਾਣੀ ਵਿਚ ਦੂਜੇ ਅਧਿਆਇ ਦੀ 13ਵੀਂ ਆਇਤ ਪੜ੍ਹਦੀ ਹੈ। (ਯੋਏਲ 2:13 ਪੜ੍ਹੋ।) ਜਦ ਉਹ ਇਹ ਆਇਤ ਹੌਲੀ-ਹੌਲੀ ਪੜ੍ਹਦੀ ਹੈ, ਤਾਂ ਉਹ ਸੋਚਦੀ ਹੈ ਕਿ ਉਸ ਨੂੰ ਯਹੋਵਾਹ ਦੀ ਰੀਸ ਕਰਨੀ ਚਾਹੀਦੀ ਹੈ ਜੋ “ਦਿਆਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ” ਹੈ। ਉਹ ਫ਼ੈਸਲਾ ਕਰਦੀ ਹੈ ਕਿ ਉਹ ਛੇਤੀ ਗੁੱਸੇ ਵਿਚ ਨਹੀਂ ਆਵੇਗੀ ਅਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੇਗੀ ਕਿ ਉਹ ਆਪਣੇ ਪਤੀ ਤੇ ਦੂਜਿਆਂ ਨੂੰ ਚੁੱਭਵੀਆਂ ਗੱਲਾਂ ਨਾ ਕਹੇ।
7 ਤੀਜੀ ਮਿਸਾਲ, ਇਕ ਪਿਤਾ ਨਹੂਮ 1:7 ਧਿਆਨ ਨਾਲ ਪੜ੍ਹਦਾ ਹੈ। ਉਸ ਦੀ ਨੌਕਰੀ ਛੁੱਟ ਗਈ ਹੈ ਤੇ ਉਸ ਨੂੰ ਆਪਣੇ ਪਰਿਵਾਰ ਦੇ ਗੁਜ਼ਾਰੇ ਦੀ ਫ਼ਿਕਰ ਹੈ। ਇਸ ਆਇਤ ਵਿਚ ਲਿਖਿਆ ਹੈ ਕਿ ਯਹੋਵਾਹ “ਦੁਖ ਦੇ ਦਿਨ ਵਿੱਚ ਇੱਕ ਗੜ੍ਹ ਹੈ, ਅਤੇ ਉਹ ਆਪਣੇ ਸ਼ਰਨਾਰਥੀਆਂ ਨੂੰ ਜਾਣਦਾ ਹੈ।” ਇਸ ਤੋਂ ਉਸ ਨੂੰ ਕਾਫ਼ੀ ਦਿਲਾਸਾ ਮਿਲਦਾ ਹੈ। ਉਸ ਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਕਿੰਨਾ ਪਿਆਰ ਕਰਦਾ ਹੈ ਤੇ ਇਹ ਜਾਣ ਕੇ ਉਸ ਦੀ ਚਿੰਤਾ ਘੱਟ ਜਾਂਦੀ ਹੈ। ਫਿਰ ਉਹ 15ਵੀਂ ਆਇਤ ʼਤੇ ਗੌਰ ਕਰਦਾ ਹੈ। (ਨਹੂਮ 1:15 ਪੜ੍ਹੋ।) ਇਹ ਭਰਾ ਸਮਝ ਜਾਂਦਾ ਹੈ ਕਿ ਮੁਸ਼ਕਲਾਂ ਦੌਰਾਨ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਉਹ ਦਿਖਾ ਸਕਦਾ ਹੈ ਕਿ ਉਹ ਯਹੋਵਾਹ ʼਤੇ ਭਰੋਸਾ ਰੱਖਦਾ ਹੈ। ਸੋ ਨਵੀਂ ਨੌਕਰੀ ਲੱਭਣ ਦੇ ਨਾਲ-ਨਾਲ ਉਹ ਹਫ਼ਤੇ ਦੌਰਾਨ ਪ੍ਰਚਾਰ ਕਰਨ ਲਈ ਹੋਰ ਵੀ ਸਮਾਂ ਕੱਢਦਾ ਹੈ।
8. ਇਕ ਅਜਿਹੀ ਵਧੀਆ ਗੱਲ ਦੱਸੋ ਜੋ ਤੁਹਾਨੂੰ ਬਾਈਬਲ ਪੜ੍ਹਨ ਤੋਂ ਮਿਲੀ ਹੈ।
8 ਉਪਰਲੀਆਂ ਵਧੀਆ ਮਿਸਾਲਾਂ ਬਾਈਬਲ ਦੀਆਂ ਉਨ੍ਹਾਂ ਕਿਤਾਬਾਂ ਤੋਂ ਲਈਆਂ ਗਈਆਂ ਹਨ ਜੋ ਕਈ ਲੋਕਾਂ ਨੂੰ ਸਮਝਣ ਵਿਚ ਮੁਸ਼ਕਲ ਲੱਗਦੀਆਂ ਹਨ। ਹੋਸ਼ੇਆ, ਯੋਏਲ ਅਤੇ ਨਹੂਮ ਦੀਆਂ ਕਿਤਾਬਾਂ ਪੜ੍ਹ ਕੇ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਇਨ੍ਹਾਂ ਦੀ ਹੋਰ ਚੰਗੀ ਤਰ੍ਹਾਂ ਸਟੱਡੀ ਕਰੀਏ ਤੇ ਇਨ੍ਹਾਂ ਤੋਂ ਸਿੱਖੀਏ। ਜ਼ਰਾ ਸੋਚੋ ਕਿ ਤੁਹਾਨੂੰ ਇਨ੍ਹਾਂ ਨਬੀਆਂ ਦੀਆਂ ਲਿਖਤਾਂ ਤੋਂ ਹੋਰ ਕਿੰਨੀ ਬੁੱਧ ਤੇ ਹੱਲਾਸ਼ੇਰੀ ਮਿਲ ਸਕਦੀ ਹੈ! ਬਾਕੀ ਬਾਈਬਲ ਬਾਰੇ ਕੀ? ਪਰਮੇਸ਼ੁਰ ਦਾ ਬਚਨ ਸੋਨੇ ਦੀ ਖਾਣ ਹੈ। ਇਸ ਵਿੱਚੋਂ ਸੋਨਾ ਖੋਦੋ! ਜੀ ਹਾਂ, ਪੂਰੀ ਬਾਈਬਲ ਪੜ੍ਹਦੇ ਹੋਏ ਉਨ੍ਹਾਂ ਸੋਨੇ ਵਰਗੀਆਂ ਗੱਲਾਂ ਨੂੰ ਲੱਭੋ ਜਿਨ੍ਹਾਂ ਤੋਂ ਤੁਹਾਨੂੰ ਸਿੱਖਿਆ ਤੇ ਹੌਸਲਾ ਮਿਲੇ।
ਬਾਈਬਲ ਸਮਝਣ ਦੀ ਕੋਸ਼ਿਸ਼ ਕਰੋ
9. ਅਸੀਂ ਬਾਈਬਲ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਕੀ ਕਰ ਸਕਦੇ ਹਾਂ?
9 ਰੋਜ਼ ਬਾਈਬਲ ਪੜ੍ਹਨ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਲਈ ਯਹੋਵਾਹ ਦੇ ਸੰਗਠਨ ਤੋਂ ਮਿਲੇ ਪ੍ਰਕਾਸ਼ਨ ਵਰਤ ਕੇ ਉਨ੍ਹਾਂ ਲੋਕਾਂ, ਥਾਵਾਂ ਤੇ ਘਟਨਾਵਾਂ ਬਾਰੇ ਰੀਸਰਚ ਕਰੋ ਜਿਨ੍ਹਾਂ ਦਾ ਜ਼ਿਕਰ ਬਾਈਬਲ ਵਿਚ ਆਉਂਦਾ ਹੈ। ਜੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਬਾਈਬਲ ਦੀ ਕੋਈ ਸਲਾਹ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ, ਤਾਂ ਤੁਸੀਂ ਕਿਸੇ ਬਜ਼ੁਰਗ ਜਾਂ ਸਮਝਦਾਰ ਭੈਣ ਜਾਂ ਭਰਾ ਨੂੰ ਇਸ ਬਾਰੇ ਪੁੱਛ ਸਕਦੇ ਹੋ। ਪਹਿਲੀ ਸਦੀ ਵਿਚ ਇਕ ਮਸੀਹੀ ਨੂੰ ਸੱਚਾਈ ਸਮਝਣ ਵਿਚ ਮਦਦ ਦੀ ਲੋੜ ਪਈ ਸੀ। ਉਸ ਦਾ ਨਾਂ ਸੀ ਅਪੁੱਲੋਸ।
10, 11. (ੳ) ਅਪੁੱਲੋਸ ਨੂੰ ਹੋਰ ਚੰਗੀ ਤਰ੍ਹਾਂ ਪ੍ਰਚਾਰ ਕਰਨ ਵਿਚ ਮਦਦ ਕਿਵੇਂ ਮਿਲੀ ਸੀ? (ਅ) ਅਸੀਂ ਅਪੁੱਲੋਸ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? (ਉੱਪਰ ਦਿੱਤੀ ਡੱਬੀ ਦੇਖੋ।)
10 ਅਪੁੱਲੋਸ ਇਕ ਯਹੂਦੀ ਸੀ ਜਿਸ ਨੇ ਮਸੀਹੀ ਧਰਮ ਅਪਣਾਇਆ ਸੀ। “ਉਸ ਨੂੰ ਧਰਮ-ਗ੍ਰੰਥ ਦਾ ਕਾਫ਼ੀ ਗਿਆਨ ਸੀ” ਅਤੇ “ਉਹ ਪਵਿੱਤਰ ਸ਼ਕਤੀ ਕਰਕੇ ਜੋਸ਼ ਨਾਲ ਭਰਿਆ ਹੋਇਆ ਸੀ।” ਬਾਈਬਲ ਉਸ ਬਾਰੇ ਕਹਿੰਦੀ ਹੈ: “ਉਹ ਯਿਸੂ ਬਾਰੇ ਸਹੀ-ਸਹੀ ਦੱਸਣ ਅਤੇ ਸਿਖਾਉਣ ਲੱਗਾ, ਪਰ ਉਸ ਨੂੰ ਸਿਰਫ਼ ਉਸੇ ਬਪਤਿਸਮੇ ਬਾਰੇ ਪਤਾ ਸੀ ਜਿਸ ਦਾ ਯੂਹੰਨਾ ਨੇ ਪ੍ਰਚਾਰ ਕੀਤਾ ਸੀ।” ਅਪੁੱਲੋਸ ਅਣਜਾਣੇ ਵਿਚ ਬਪਤਿਸਮੇ ਬਾਰੇ ਪੁਰਾਣੀ ਸਿੱਖਿਆ ਦੇ ਰਿਹਾ ਸੀ। ਅਕੂਲਾ ਤੇ ਪ੍ਰਿਸਕਿੱਲਾ ਨਾਂ ਦੇ ਪਤੀ-ਪਤਨੀ ਨੇ ਉਸ ਨੂੰ ਅਫ਼ਸੁਸ ਵਿਚ ਸਿੱਖਿਆ ਦਿੰਦੇ ਹੋਏ ਸੁਣਿਆ ਅਤੇ ਉਨ੍ਹਾਂ ਨੇ “ਉਸ ਨੂੰ ਪਰਮੇਸ਼ੁਰ ਦੇ ਰਾਹ ਬਾਰੇ ਹੋਰ ਚੰਗੀ ਤਰ੍ਹਾਂ ਸਮਝਾਇਆ।” (ਰਸੂ. 18:24-26) ਅਪੁੱਲੋਸ ਨੂੰ ਇਸ ਦਾ ਕੀ ਫ਼ਾਇਦਾ ਹੋਇਆ?
11 ਅਫ਼ਸੁਸ ਵਿਚ ਪ੍ਰਚਾਰ ਕਰਨ ਤੋਂ ਬਾਅਦ ਅਪੁੱਲੋਸ ਅਖਾਯਾ ਨੂੰ ਗਿਆ। “ਉੱਥੇ ਪਹੁੰਚ ਕੇ ਉਸ ਨੇ ਉਨ੍ਹਾਂ ਲੋਕਾਂ ਦੀ ਬਹੁਤ ਮਦਦ ਕੀਤੀ ਜਿਨ੍ਹਾਂ ਨੇ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਯਿਸੂ ਉੱਤੇ ਨਿਹਚਾ ਕੀਤੀ ਸੀ; ਕਿਉਂਕਿ ਉਸ ਨੇ ਜ਼ੋਰਾਂ-ਸ਼ੋਰਾਂ ਨਾਲ ਖੁੱਲ੍ਹੇ-ਆਮ ਯਹੂਦੀਆਂ ਨੂੰ ਪੂਰੀ ਤਰ੍ਹਾਂ ਗ਼ਲਤ ਸਾਬਤ ਕੀਤਾ ਅਤੇ ਧਰਮ-ਗ੍ਰੰਥ ਵਿੱਚੋਂ ਦਿਖਾਇਆ ਕਿ ਯਿਸੂ ਹੀ ਮਸੀਹ ਹੈ।” (ਰਸੂ. 18:27, 28) ਹੁਣ ਅਪੁੱਲੋਸ ਬਪਤਿਸਮੇ ਦਾ ਸਹੀ-ਸਹੀ ਮਤਲਬ ਸਮਝਾ ਸਕਦਾ ਸੀ। ਇਸ ਨਵੀਂ ਸਮਝ ਨਾਲ ਉਸ ਨੇ ਲੋਕਾਂ ਦੀ “ਬਹੁਤ ਮਦਦ ਕੀਤੀ” ਤਾਂਕਿ ਉਹ ਸੱਚਾਈ ਵਿਚ ਤਰੱਕੀ ਕਰ ਸਕਣ। ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਅਪੁੱਲੋਸ ਵਾਂਗ ਸਾਨੂੰ ਬਾਈਬਲ ਦੀਆਂ ਗੱਲਾਂ ਨਾ ਸਿਰਫ਼ ਪੜ੍ਹਨੀਆਂ ਚਾਹੀਦੀਆਂ ਹਨ, ਸਗੋਂ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਪਰ ਜੇ ਕੋਈ ਭੈਣ-ਭਰਾ ਸਾਨੂੰ ਸਲਾਹ ਦੇਵੇ ਕਿ ਅਸੀਂ ਹੋਰ ਵਧੀਆ ਢੰਗ ਨਾਲ ਕਿਵੇਂ ਸਿੱਖਿਆ ਦੇ ਸਕਦੇ ਹਾਂ, ਤਾਂ ਅਸੀਂ ਖ਼ੁਸ਼ੀ ਤੇ ਨਿਮਰਤਾ ਨਾਲ ਉਨ੍ਹਾਂ ਦੀ ਮਦਦ ਸਵੀਕਾਰ ਕਰ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਚੰਗੇ ਸਿੱਖਿਅਕ ਬਣ ਸਕਾਂਗੇ।
ਦੂਜਿਆਂ ਦੀ ਮਦਦ ਕਰੋ
12, 13. ਸੱਚਾਈ ਵਿਚ ਤਰੱਕੀ ਕਰਨ ਲਈ ਤੁਸੀਂ ਬਾਈਬਲ ਵਰਤ ਕੇ ਕਿਸੇ ਸਟੱਡੀ ਦੀ ਮਦਦ ਕਿਵੇਂ ਕਰ ਸਕਦੇ ਹੋ?
12 ਅਕੂਲਾ, ਪ੍ਰਿਸਕਿੱਲਾ ਅਤੇ ਅਪੁੱਲੋਸ ਵਾਂਗ ਅਸੀਂ ਵੀ ਦੂਜਿਆਂ ਦੀ ਮਦਦ ਕਰ ਸਕਦੇ ਹਾਂ। ਜਦ ਤੁਹਾਡੀ ਮਦਦ ਨਾਲ ਕੋਈ ਬਾਈਬਲ ਸਟੱਡੀ ਸੱਚਾਈ ਵਿਚ ਤਰੱਕੀ ਕਰਦੀ ਹੈ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ? ਬਜ਼ੁਰਗੋ, ਜਦ ਕੋਈ ਭੈਣ ਜਾਂ ਭਰਾ ਤੁਹਾਡਾ ਧੰਨਵਾਦ ਕਰਦਾ ਹੈ ਕਿਉਂਕਿ ਤੁਸੀਂ ਔਖੀ ਘੜੀ ਵਿਚ ਉਸ ਨੂੰ ਬਾਈਬਲ ਵਿੱਚੋਂ ਸਲਾਹ ਦਿੱਤੀ ਸੀ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਈਬਲ ਰਾਹੀਂ ਕਿਸੇ ਦੀ ਮਦਦ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ।a ਆਓ ਦੇਖੀਏ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ।
13 ਏਲੀਯਾਹ ਦੇ ਜ਼ਮਾਨੇ ਵਿਚ ਕਈ ਇਜ਼ਰਾਈਲੀਆਂ ਨੇ ਦੋ ਬੇੜੀਆਂ ਵਿਚ ਪੈਰ ਰੱਖਿਆ ਹੋਇਆ ਸੀ। ਉਹ ਫ਼ੈਸਲਾ ਨਹੀਂ ਕਰ ਸਕੇ ਕਿ ਉਹ ਯਹੋਵਾਹ ਦੀ ਭਗਤੀ ਕਰਨਗੇ ਜਾਂ ਦੇਵੀ-ਦੇਵਤਿਆਂ ਦੀ। ਉਨ੍ਹਾਂ ਨੂੰ ਦਿੱਤੀ ਏਲੀਯਾਹ ਦੀ ਸਲਾਹ ਅੱਜ ਕਿਸੇ ਬਾਈਬਲ ਸਟੱਡੀ ਦੀ ਮਦਦ ਕਰ ਸਕਦੀ ਹੈ ਜੋ ਯਹੋਵਾਹ ਦੀ ਸੇਵਾ ਕਰਨ ਵਿਚ ਢਿੱਲ-ਮੱਠ ਕਰ ਰਹੀ ਹੈ। (1 ਰਾਜਿਆਂ 18:21 ਪੜ੍ਹੋ।) ਜਾਂ ਹੋ ਸਕਦਾ ਹੈ ਕਿ ਕੋਈ ਵਿਅਕਤੀ ਯਹੋਵਾਹ ਬਾਰੇ ਸਿੱਖ ਰਿਹਾ ਹੋਵੇ ਤੇ ਉਹ ਆਪਣੇ ਪਰਿਵਾਰ ਤੇ ਦੋਸਤਾਂ ਤੋਂ ਡਰਦਾ ਹੋਵੇ ਕਿ ਉਹ ਕੀ ਕਹਿਣਗੇ। ਤੁਸੀਂ ਯਹੋਵਾਹ ਦੀ ਭਗਤੀ ਕਰਨ ਲਈ ਉਸ ਦਾ ਹੌਸਲਾ ਕਿਵੇਂ ਬੁਲੰਦ ਕਰ ਸਕਦੇ ਹੋ? ਤੁਸੀਂ ਉਸ ਨੂੰ ਯਸਾਯਾਹ 51:12, 13 (ਪੜ੍ਹੋ।) ਦਿਖਾ ਸਕਦੇ ਹੋ।
14. ਦੂਜਿਆਂ ਦੀ ਮਦਦ ਕਰਨ ਲਈ ਤੁਸੀਂ ਬਾਈਬਲ ਦੇ ਹਵਾਲੇ ਕਿੱਦਾਂ ਯਾਦ ਰੱਖ ਸਕਦੇ ਹੋ?
14 ਬਾਈਬਲ ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ, ਸਾਡੀ ਨਿਹਚਾ ਪੱਕੀ ਹੁੰਦੀ ਹੈ ਤੇ ਸਾਡੀ ਸੋਚ ਸੁਧਾਰੀ ਜਾਂਦੀ ਹੈ। ਪਰ ਤੁਸੀਂ ਸ਼ਾਇਦ ਪੁੱਛੋ: ‘ਲੋੜ ਪੈਣ ਤੇ ਮੈਂ ਬਾਈਬਲ ਦੇ ਹਵਾਲੇ ਕਿੱਦਾਂ ਯਾਦ ਰੱਖ ਸਕਦਾ ਹਾਂ?’ ਹਰ ਰੋਜ਼ ਬਾਈਬਲ ਪੜ੍ਹੋ ਤੇ ਉਸ ʼਤੇ ਸੋਚ-ਵਿਚਾਰ ਕਰੋ। ਇਸ ਤਰ੍ਹਾਂ ਕਰ ਕੇ ਤੁਸੀਂ ਬਾਈਬਲ ਦੇ ਹਵਾਲੇ ਚੰਗੀ ਤਰ੍ਹਾਂ ਜਾਣ ਸਕੋਗੇ ਅਤੇ ਯਹੋਵਾਹ ਦੀ ਪਵਿੱਤਰ ਸ਼ਕਤੀ ਤੁਹਾਨੂੰ ਬਾਈਬਲ ਦੀਆਂ ਗੱਲਾਂ ਯਾਦ ਕਰਾ ਸਕਦੀ ਹੈ।—ਮਰ. 13:11; ਯੂਹੰਨਾ 14:26 ਪੜ੍ਹੋ।b
15. ਬਾਈਬਲ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?
15 ਰਾਜਾ ਸੁਲੇਮਾਨ ਵਾਂਗ ਅਸੀਂ ਵੀ ਯਹੋਵਾਹ ਤੋਂ ਬੁੱਧ ਮੰਗ ਸਕਦੇ ਹਾਂ ਤਾਂਕਿ ਅਸੀਂ ਉਸ ਦੀ ਸੇਵਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕੀਏ। (2 ਇਤ. 1:7-10) ਪੁਰਾਣੇ ਜ਼ਮਾਨੇ ਦੇ ਨਬੀਆਂ ਵਾਂਗ ਅਸੀਂ ਪਰਮੇਸ਼ੁਰ ਦੇ ਬਚਨ ਦੀ “ਬੜੀ ਲਗਨ ਨਾਲ ਪੁੱਛ-ਪੜਤਾਲ ਅਤੇ ਧਿਆਨ ਨਾਲ ਖੋਜ” ਕਰ ਸਕਦੇ ਹਾਂ ਤਾਂਕਿ ਸਾਨੂੰ ਯਹੋਵਾਹ ਅਤੇ ਉਸ ਦੀ ਇੱਛਾ ਬਾਰੇ ਸਹੀ ਗਿਆਨ ਮਿਲੇ। (1 ਪਤ. 1:10-12) ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਤਾਕੀਦ ਕੀਤੀ ਸੀ ਕਿ ਉਹ “ਨਿਹਚਾ ਦੀਆਂ ਗੱਲਾਂ ਅਤੇ ਉੱਤਮ ਸਿੱਖਿਆਵਾਂ” ʼਤੇ ਆਪਣਾ ਮਨ ਲਾਵੇ। (1 ਤਿਮੋ. 4:6) ਜੇ ਤੁਸੀਂ ਬਾਈਬਲ ਦੀ ਸਟੱਡੀ ਕਰਦੇ ਰਹੋਗੇ, ਤਾਂ ਤੁਸੀਂ ਇਸ ਦੀਆਂ ਗੱਲਾਂ ਨੂੰ ਹੋਰ ਚੰਗੀ ਤਰ੍ਹਾਂ ਸਮਝੋਗੇ ਅਤੇ ਦੂਜਿਆਂ ਦੀ ਮਦਦ ਕਰਨ ਲਈ ਇਸ ਨੂੰ ਵਰਤਣਾ ਸਿੱਖੋਗੇ। ਇਸ ਦੇ ਨਾਲ-ਨਾਲ ਤੁਹਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ।
ਬਾਈਬਲ ਪੜ੍ਹਨ ਨਾਲ ਸਾਡੀ ਰਾਖੀ ਹੁੰਦੀ ਹੈ
16. (ੳ) “ਰੋਜ਼ ਧਰਮ-ਗ੍ਰੰਥ ਦੀ ਬੜੇ ਧਿਆਨ ਨਾਲ ਜਾਂਚ” ਕਰਨ ਦਾ ਬਰੀਆ ਦੇ ਲੋਕਾਂ ਨੂੰ ਕੀ ਫ਼ਾਇਦਾ ਹੋਇਆ? (ਅ) ਸਾਡੇ ਲਈ ਰੋਜ਼ ਬਾਈਬਲ ਪੜ੍ਹਨੀ ਕਿਉਂ ਜ਼ਰੂਰੀ ਹੈ?
16 ਬਰੀਆ ਸ਼ਹਿਰ ਦੇ ਯਹੂਦੀ ਆਪਣੀ ਰੀਤ ਮੁਤਾਬਕ “ਰੋਜ਼ ਧਰਮ-ਗ੍ਰੰਥ ਦੀ ਬੜੇ ਧਿਆਨ ਨਾਲ ਜਾਂਚ” ਕਰਦੇ ਸਨ। ਜਦ ਪੌਲੁਸ ਨੇ ਇਨ੍ਹਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ, ਤਾਂ ਉਨ੍ਹਾਂ ਨੇ ਉਸ ਦੀਆਂ ਗੱਲਾਂ ਐਵੇਂ ਨਹੀਂ ਮੰਨ ਲਈਆਂ। ਉਨ੍ਹਾਂ ਨੇ ਧਿਆਨ ਨਾਲ ਧਰਮ-ਗ੍ਰੰਥ ਵਿੱਚੋਂ ਜਾਂਚ ਕੀਤੀ ਕਿ ਉਸ ਦੀਆਂ ਗੱਲਾਂ ਸਹੀ ਸਨ ਜਾਂ ਨਹੀਂ। ਇਸ ਦਾ ਨਤੀਜਾ ਕੀ ਨਿਕਲਿਆ? ਕਈਆਂ ਨੇ ਮੰਨ ਲਿਆ ਕਿ ਉਹ ਸੱਚਾਈ ਹੀ ਸਿਖਾ ਰਿਹਾ ਸੀ ਤੇ ਉਹ “ਨਿਹਚਾ ਕਰਨ ਲੱਗ ਪਏ।” (ਰਸੂ. 17:10-12) ਇਸ ਤੋਂ ਪਤਾ ਲੱਗਦਾ ਹੈ ਕਿ ਰੋਜ਼ ਬਾਈਬਲ ਪੜ੍ਹਨ ਨਾਲ ਯਹੋਵਾਹ ʼਤੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। “ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।” ਜੇ ਅਸੀਂ ਦੁਨੀਆਂ ਦੇ ਅੰਤ ਵਿੱਚੋਂ ਬਚ ਕੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜਾਣਾ ਚਾਹੁੰਦੇ ਹਾਂ, ਤਾਂ ਪੱਕੀ ਨਿਹਚਾ ਹੋਣੀ ਜ਼ਰੂਰੀ ਹੈ।—ਇਬ. 11:1.
17, 18. (ੳ) ਪੱਕੀ ਨਿਹਚਾ ਅਤੇ ਪਿਆਰ ਇਕ ਮਸੀਹੀ ਦੇ ਦਿਲ ਦੀ ਰਾਖੀ ਕਿਵੇਂ ਕਰਦੇ ਹਨ? (ਅ) ਉਮੀਦ ਸਾਡੀ ਰਾਖੀ ਕਿਵੇਂ ਕਰਦੀ ਹੈ?
17 ਪੌਲੁਸ ਨੇ ਲਿਖਿਆ ਸੀ: “ਅਸੀਂ ਦਿਨ ਦੇ ਪੁੱਤਰ ਹਾਂ, ਇਸ ਲਈ ਆਓ ਆਪਾਂ ਨਿਹਚਾ ਤੇ ਪਿਆਰ ਦਾ ਸੀਨਾਬੰਦ ਅਤੇ ਮੁਕਤੀ ਦੀ ਉਮੀਦ ਦਾ ਟੋਪ ਪਾ ਕੇ ਹੋਸ਼ ਵਿਚ ਰਹੀਏ।” (1 ਥੱਸ. 5:8) ਲੜਾਈ ਵਿਚ ਇਕ ਫ਼ੌਜੀ ਲਈ ਸੀਨਾਬੰਦ ਪਹਿਨ ਕੇ ਰੱਖਣਾ ਜ਼ਰੂਰੀ ਸੀ ਤਾਂਕਿ ਉਸ ਦੇ ਦਿਲ ਦੀ ਰਾਖੀ ਹੋ ਸਕੇ। ਇਸੇ ਤਰ੍ਹਾਂ ਇਕ ਮਸੀਹੀ ਨੂੰ ਗ਼ਲਤ ਕੰਮਾਂ ਤੋਂ ਬਚਣ ਲਈ ਆਪਣੇ ਦਿਲ ਦੀ ਰਾਖੀ ਕਰਨ ਦੀ ਲੋੜ ਹੈ। ਜਦ ਕੋਈ ਮਸੀਹੀ ਪਰਮੇਸ਼ੁਰ ਦੇ ਵਾਅਦਿਆਂ ʼਤੇ ਪੱਕੀ ਨਿਹਚਾ ਰੱਖਦਾ ਹੈ ਅਤੇ ਪਰਮੇਸ਼ੁਰ ਤੇ ਹੋਰਨਾਂ ਨੂੰ ਦਿਲੋਂ ਪਿਆਰ ਕਰਦਾ ਹੈ, ਤਾਂ ਉਸ ਦੇ ਦਿਲ ਦੀ ਰਾਖੀ ਹੁੰਦੀ ਹੈ। ਉਹ ਸਹੀ ਕੰਮ ਕਰ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਹਰ ਕੋਸ਼ਿਸ਼ ਕਰਦਾ ਹੈ।
18 ਪੌਲੁਸ ਨੇ ਇਹ ਵੀ ਕਿਹਾ ਸੀ ਕਿ ਮਸੀਹੀਆਂ ਨੂੰ “ਮੁਕਤੀ ਦੀ ਉਮੀਦ ਦਾ ਟੋਪ” ਪਾਉਣ ਦੀ ਲੋੜ ਹੈ। ਜੇ ਕੋਈ ਫ਼ੌਜੀ ਲੜਾਈ ਵਿਚ ਆਪਣੇ ਸਿਰ ʼਤੇ ਟੋਪ ਨਹੀਂ ਸੀ ਪਾਉਂਦਾ, ਤਾਂ ਸੱਟ ਲੱਗਣ ਨਾਲ ਉਹ ਆਪਣੀ ਜਾਨ ਤੋਂ ਹੱਥ ਧੋ ਸਕਦਾ ਸੀ। ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰ ਕੇ ਸਾਡੀ ਉਮੀਦ ਪੱਕੀ ਹੁੰਦੀ ਹੈ ਕਿ ਯਹੋਵਾਹ ਸਾਨੂੰ ਮੁਕਤੀ ਦੇਵੇਗਾ ਅਤੇ ਅਸੀਂ ਆਪਣੀ ਸੋਚ ਦੀ ਰਾਖੀ ਕਰਦੇ ਹਾਂ। ਪੱਕੀ ਉਮੀਦ ਹੋਣ ਕਰਕੇ ਅਸੀਂ ਉਨ੍ਹਾਂ ਲੋਕਾਂ ਦੀਆਂ “ਖੋਖਲੀਆਂ ਗੱਲਾਂ” ਸੁਣਨ ਤੋਂ ਇਨਕਾਰ ਕਰਦੇ ਹਾਂ ਜਿਹੜੇ ਸੱਚਾਈ ਦੇ ਰਾਹ ਤੋਂ ਭਟਕ ਗਏ ਹਨ। ਵਰਨਾ ਉਨ੍ਹਾਂ ਦੀਆਂ ਗੱਲਾਂ ਮੰਡਲੀ ਵਿਚ ਬੀਮਾਰੀ ਵਾਂਗ ਫੈਲ ਜਾਣਗੀਆਂ। (2 ਤਿਮੋ. 2:16-19) ਸਾਡੀ ਉਮੀਦ ਸਾਨੂੰ ਉਨ੍ਹਾਂ ਲੋਕਾਂ ਤੋਂ ਵੀ ਦੂਰ ਰਹਿਣ ਵਿਚ ਮਦਦ ਕਰਦੀ ਹੈ ਜਿਹੜੇ ਬੁਰੇ ਕੰਮਾਂ ਵੱਲ ਸਾਨੂੰ ਖਿੱਚਣਾ ਚਾਹੁੰਦੇ ਹਨ।
ਅੰਤ ਵਿੱਚੋਂ ਬਚਣ ਲਈ ਬਾਈਬਲ ਪੜ੍ਹਨੀ ਜ਼ਰੂਰੀ
19, 20. ਸਾਨੂੰ ਪਰਮੇਸ਼ੁਰ ਦੇ ਬਚਨ ਦੀ ਕਿਉਂ ਲੋੜ ਹੈ ਤੇ ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਇਸ ਦੀ ਕਦਰ ਕਰਦੇ ਹਾਂ? (ਇਸ ਸਫ਼ੇ ʼਤੇ ਡੱਬੀ ਦੇਖੋ।)
19 ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਹੈ, ਉੱਦਾਂ-ਉੱਦਾਂ ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਜ਼ਿਆਦਾ ਪੜ੍ਹਨ ਦੀ ਲੋੜ ਹੈ। ਇਸ ਦੀ ਸਲਾਹ ʼਤੇ ਚੱਲ ਕੇ ਅਸੀਂ ਬੁਰੀਆਂ ਆਦਤਾਂ ਛੱਡ ਸਕਦੇ ਹਾਂ ਤੇ ਬੁਰੇ ਕੰਮਾਂ ਤੋਂ ਦੂਰ ਰਹਿ ਸਕਦੇ ਹਾਂ। ਇਸ ਤੋਂ ਹੌਸਲਾ ਅਤੇ ਦਿਲਾਸਾ ਪਾ ਕੇ ਅਸੀਂ ਸ਼ੈਤਾਨ ਤੇ ਉਸ ਦੀ ਦੁਨੀਆਂ ਵੱਲੋਂ ਆਉਂਦੀ ਹਰ ਮੁਸੀਬਤ ਪਾਰ ਕਰ ਸਕਦੇ ਹਾਂ। ਯਹੋਵਾਹ ਆਪਣੇ ਬਚਨ ਰਾਹੀਂ ਸਾਡੀ ਅਗਵਾਈ ਕਰਦਾ ਹੈ ਤਾਂਕਿ ਅਸੀਂ ਜ਼ਿੰਦਗੀ ਦੇ ਰਾਹ ʼਤੇ ਚੱਲਦੇ ਰਹੀਏ।
20 ਯਾਦ ਰੱਖੋ ਕਿ ਪਰਮੇਸ਼ੁਰ ਦੀ ਇੱਛਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ।” ਇਨ੍ਹਾਂ ਲੋਕਾਂ ਵਿਚ ਯਹੋਵਾਹ ਦੇ ਸੇਵਕਾਂ ਤੋਂ ਇਲਾਵਾ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ ਤੇ ਸਿਖਾਉਂਦੇ ਹਾਂ। ਪਰ ਜਿਹੜੇ ਵੀ ਬਚਣਾ ਚਾਹੁੰਦੇ ਹਨ ਉਨ੍ਹਾਂ ਨੂੰ “ਸੱਚਾਈ ਦਾ ਸਹੀ ਗਿਆਨ” ਲੈਣ ਦੀ ਲੋੜ ਹੈ। (1 ਤਿਮੋ. 2:4) ਇਸ ਲਈ ਦੁਨੀਆਂ ਦੇ ਅੰਤ ਵਿੱਚੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਬਾਈਬਲ ਪੜ੍ਹੀਏ ਅਤੇ ਇਸ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੀਏ। ਜੀ ਹਾਂ, ਹਰ ਰੋਜ਼ ਬਾਈਬਲ ਪੜ੍ਹ ਕੇ ਅਸੀਂ ਯਹੋਵਾਹ ਨੂੰ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਬਚਨ ਦੀ ਕਿੰਨੀ ਕਦਰ ਕਰਦੇ ਹਾਂ।—ਯੂਹੰ. 17:17.
a ਅਸੀਂ ਬਾਈਬਲ ਵਰਤ ਕੇ ਕਿਸੇ ਦੀ ਨੁਕਤਾਚੀਨੀ ਨਹੀਂ ਕਰਦੇ ਜਾਂ ਬਾਈਬਲ ਦੀ ਕੋਈ ਸਲਾਹ ਮੰਨਣ ਲਈ ਕਿਸੇ ਨੂੰ ਮਜਬੂਰ ਨਹੀਂ ਕਰਦੇ। ਸਾਨੂੰ ਬਾਈਬਲ ਸਟੱਡੀ ਨਾਲ ਪਿਆਰ ਤੇ ਧੀਰਜ ਨਾਲ ਪੇਸ਼ ਆਉਣਾ ਚਾਹੀਦਾ ਹੈ ਜਿਵੇਂ ਯਹੋਵਾਹ ਸਾਡੇ ਨਾਲ ਪੇਸ਼ ਆਉਂਦਾ ਹੈ।—ਜ਼ਬੂ. 103:8.
b ਫ਼ਰਜ਼ ਕਰੋ ਕਿ ਤੁਹਾਨੂੰ ਯੂਨਾਨੀ ਲਿਖਤਾਂ ਵਿਚ ਕਿਸੇ ਹਵਾਲੇ ਦੇ ਕੁਝ ਸ਼ਬਦ ਯਾਦ ਹਨ, ਪਰ ਇਹ ਨਹੀਂ ਪਤਾ ਕਿ ਉਹ ਬਾਈਬਲ ਦੀ ਕਿਸ ਕਿਤਾਬ, ਅਧਿਆਇ ਜਾਂ ਆਇਤ ਵਿਚ ਹਨ। ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਪਵਿੱਤਰ ਬਾਈਬਲ—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ) ਦੇ ਪਿਛਲੇ ਸਫ਼ਿਆਂ ʼਤੇ ਦਿੱਤੀ “ਬਾਈਬਲ ਦੇ ਸ਼ਬਦਾਂ ਦੀ ਸੂਚੀ” ਵਿੱਚੋਂ ਹਵਾਲਾ ਲੱਭ ਸਕਦੇ ਹੋ।