ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਸਿਖਾਓ
1. ਪ੍ਰਚਾਰ ਦੇ ਕੰਮ ਵਿਚ ਸਾਨੂੰ ਕੀ ਮੁਸ਼ਕਲ ਆ ਸਕਦੀ ਹੈ?
1 ਪ੍ਰਚਾਰ ਕਰਦਿਆਂ ਸਾਨੂੰ ਕਦੇ-ਕਦੇ ਅਜਿਹੇ ਲੋਕ ਮਿਲਦੇ ਹਨ ਜੋ ਇੰਨੇ ਪੜ੍ਹੇ-ਲਿਖੇ ਨਹੀਂ ਹਨ ਜਿਸ ਕਰਕੇ ਸਾਨੂੰ ਉਨ੍ਹਾਂ ਨੂੰ ਸੱਚਾਈ ਸਿਖਾਉਣ ਵਿਚ ਮੁਸ਼ਕਲ ਆ ਸਕਦੀ ਹੈ। ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ?
2. ਅਸੀਂ ਘੱਟ ਪੜ੍ਹੇ-ਲਿਖੇ ਲੋਕਾਂ ਦਾ ਕਿੱਦਾਂ ਅਤੇ ਕਿਉਂ ਮਾਣ ਰੱਖਦੇ ਹਾਂ?
2 ਉਨ੍ਹਾਂ ਦਾ ਮਾਣ ਰੱਖੋ: ਯਹੋਵਾਹ ਇਹ ਨਹੀਂ ਦੇਖਦਾ ਕਿ ਲੋਕ ਕਿੰਨੇ ਪੜ੍ਹੇ-ਲਿਖੇ ਹਨ, ਪਰ ਉਹ ਉਨ੍ਹਾਂ ਦੇ ਦਿਲਾਂ ਦੀ ਜਾਂਚ ਕਰਦਾ ਹੈ। (1 ਸਮੂ. 16:7; ਕਹਾ. 21:2) ਇਸ ਕਰਕੇ ਅਸੀਂ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਤੁੱਛ ਨਹੀਂ ਸਮਝਦੇ। ਜੇ ਅਸੀਂ ਉਨ੍ਹਾਂ ਦਾ ਮਾਣ ਰੱਖੀਏ ਤੇ ਧੀਰਜ ਦਿਖਾਈਏ, ਤਾਂ ਹੋ ਸਕਦਾ ਹੈ ਕਿ ਉਹ ਸਾਡੀ ਮਦਦ ਸਵੀਕਾਰ ਕਰਨਗੇ। (1 ਪਤ. 3:15) ਸਾਨੂੰ ਉਨ੍ਹਾਂ ਨੂੰ ਕੋਈ ਵਾਕ ਜਾਂ ਪੈਰਾ ਪੜ੍ਹਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਬਾਈਬਲ ਵਿੱਚੋਂ ਸੱਚਾਈਆਂ ਸਿੱਖਦੇ ਰਹਿਣ ਨਾਲ ਸ਼ਾਇਦ ਉਨ੍ਹਾਂ ਦੇ ਦਿਲ ਵਿਚ ਪੜ੍ਹਨ-ਲਿਖਣ ਦੀ ਇੱਛਾ ਹੌਲੀ-ਹੌਲੀ ਪੈਦਾ ਹੋ ਜਾਵੇ ਤਾਂਕਿ ਉਹ ਖ਼ੁਦ ‘ਦਿਨ ਰਾਤ ਪਰਮੇਸ਼ੁਰ ਦੀ ਬਿਵਸਥਾ’ ਪੜ੍ਹਨ ਦੀ ਖ਼ੁਸ਼ੀ ਮਨਾ ਸਕਣ।—ਜ਼ਬੂ. 1:2, 3.
3. ਘੱਟ ਪੜ੍ਹੇ-ਲਿਖੇ ਲੋਕਾਂ ਨਾਲ ਬਾਈਬਲ ਸਟੱਡੀ ਕਰਾਉਂਦੇ ਸਮੇਂ ਕਿਹੜੇ ਵੱਖ-ਵੱਖ ਤਰੀਕੇ ਵਰਤੇ ਜਾ ਸਕਦੇ ਹਨ?
3 ਬਾਈਬਲ ਸਟੱਡੀ ਕਰਾਉਣ ਦੇ ਵੱਖ-ਵੱਖ ਤਰੀਕੇ: ਤਸਵੀਰਾਂ ਸਿੱਖਿਆ ਦੇਣ ਅਤੇ ਗੱਲਾਂ ਯਾਦ ਰੱਖਣ ਦਾ ਇਕ ਵਧੀਆ ਜ਼ਰੀਆ ਹੈ। ਤੁਸੀਂ ਵਿਦਿਆਰਥੀ ਨੂੰ ਪੁੱਛ ਸਕਦੇ ਹੋ ਕਿ ਉਹ ਕਿਤਾਬ ਵਿਚ ਪੇਸ਼ ਤਸਵੀਰ ਵਿਚ ਕੀ ਦੇਖ ਸਕਦਾ ਹੈ। ਫਿਰ ਖ਼ਾਸ ਸਵਾਲ ਪੁੱਛੋ ਤਾਂਕਿ ਉਹ ਸਮਝ ਸਕੇ ਕਿ ਤਸਵੀਰ ਦਾ ਕੀ ਮਤਲਬ ਹੈ। ਬਾਈਬਲ ਵਿੱਚੋਂ ਉਹ ਆਇਤਾਂ ਵਰਤੋ ਜੋ ਤਸਵੀਰ ਵਿਚ ਮੁਖ ਗੱਲ ਦਰਸਾਉਂਦੀਆਂ ਹਨ। ਤੁਸੀਂ ਸਟੱਡੀ ਦੀ ਰਿਵਿਊ ਕਰਨ ਲਈ ਵੀ ਤਸਵੀਰਾਂ ਵਰਤ ਸਕਦੇ ਹੋ। ਸਬਕ ਲੰਬਾ-ਚੌੜਾ ਨਾ ਬਣਾਓ। ਸਬਕ ਦੇ ਵਿਸ਼ੇ ਅਤੇ ਉਸ ਦੀਆਂ ਮੁੱਖ ਗੱਲਾਂ ਉੱਤੇ ਜ਼ੋਰ ਦਿਓ ਤੇ ਵਾਧੂ ਗੱਲਾਂ ਨਾ ਸ਼ਾਮਲ ਕਰੋ। ਬਾਈਬਲ ਤੋਂ ਸਿੱਧਾ ਪੜ੍ਹੋ ਅਤੇ ਇਹ ਪਤਾ ਲਗਾਉਣ ਲਈ ਸਵਾਲ ਪੁੱਛੋ ਕਿ ਵਿਦਿਆਰਥੀ ਨੇ ਹਵਾਲਾ ਸਮਝਿਆ ਹੈ ਜਾਂ ਨਹੀਂ। ਇਸ ਤਰ੍ਹਾਂ ਕਰਨ ਨਾਲ ਉਸ ਦੇ ਦਿਲ ਵਿਚ ਆਪਣੀ ਪੜ੍ਹਾਈ ਸੁਧਾਰਨ ਦੀ ਇੱਛਾ ਪੈਦਾ ਹੋ ਸਕਦੀ ਹੈ ਤਾਂਕਿ ਉਹ ਖ਼ੁਦ ਬਾਈਬਲ ਵਿੱਚੋਂ ਸੱਚਾਈਆਂ ਦੀ ਖੋਜ ਕਰ ਸਕੇ।
4. ਅਸੀਂ ਆਪਣੇ ਵਿਦਿਆਰਥੀ ਨੂੰ ਪੜ੍ਹਨ ਵਿਚ ਕਿੱਦਾਂ ਮਦਦ ਦੇ ਸਕਦੇ ਹਾਂ?
4 ਪੜ੍ਹਨ ਵਿਚ ਸੁਧਾਰ ਲਿਆਉਣ ਲਈ ਮਦਦ: ਹੋ ਸਕਦਾ ਹੈ ਕਿ ਘੱਟ ਪੜ੍ਹੇ-ਲਿਖੇ ਲੋਕ ਜਾਂ ਜਿਨ੍ਹਾਂ ਨੂੰ ਪੜ੍ਹਨ-ਲਿਖਣ ਦਾ ਮੌਕਾ ਹੀ ਨਹੀਂ ਮਿਲਿਆ, ਉਹ ਸਿੱਖੀਆਂ ਗੱਲ ਨੂੰ ਛੇਤੀ ਹੀ ਸਮਝ ਲੈਣ ਅਤੇ ਯਾਦ ਵੀ ਰੱਖ ਲੈਣ। ਤੁਸੀਂ ਉਨ੍ਹਾਂ ਨੂੰ ਪੰਜਾਬੀ ਵਿਚ ਆਡੀਓ ਕੈਸਟਾਂ ਸੁਣਨ ਦਾ ਸੁਝਾਅ ਦੇ ਸਕਦੇ ਹੋ ਜਿਵੇਂ ਕਿ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ ਅਤੇ ਮੌਤ ਦਾ ਗਮ ਕਿੱਦਾਂ ਸਹੀਏ? ਬਰੋਸ਼ਰ। ਵਿਦਿਆਰਥੀ ਬਰੋਸ਼ਰ ਵਿੱਚੋਂ ਪੜ੍ਹੀਆਂ ਜਾਂਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਸਕਦਾ ਅਤੇ ਧੀਮੀ ਆਵਾਜ਼ ਵਿਚ ਲਫ਼ਜ਼ ਦੁਹਰਾ ਸਕਦਾ ਜਿਸ ਨਾਲ ਉਸ ਦੀ ਪੜ੍ਹਾਈ ਵਿਚ ਕਾਫ਼ੀ ਸੁਧਾਰ ਆ ਸਕਦਾ ਹੈ। ਹੋ ਸਕਦਾ ਹੈ ਕਿ ਕਲੀਸਿਯਾ ਦੇ ਬਜ਼ੁਰਗ ਕਲਾਸਾਂ ਦਾ ਕੋਈ ਇੰਤਜ਼ਾਮ ਕਰ ਸਕਦੇ ਹਨ। ਅਸੀਂ ਇਨ੍ਹਾਂ ਕੁਝ ਵਧੀਆ ਸੁਝਾਵਾਂ ਨਾਲ ਘੱਟ ਪੜ੍ਹੇ-ਲਿਖੇ ਲੋਕਾਂ ਨੂੰ “ਪਵਿੱਤਰ ਲਿਖਤਾਂ” ਪੜ੍ਹਨ ਵਿਚ ਮਦਦ ਦੇ ਸਕਦੇ ਹਨ ਜਿਸ ਰਾਹੀਂ ਉਹ ਮੁਕਤੀ ਦਾ ਗਿਆਨ ਪਾ ਸਕਦੇ ਹਨ।—2 ਤਿਮੋ. 3:15.