ਉਨ੍ਹਾਂ ਦੀ ਮਦਦ ਕਿਵੇਂ ਕਰੀਏ ਜਿਨ੍ਹਾਂ ਨੂੰ ਪੜ੍ਹਨਾ ਔਖਾ ਲੱਗਦਾ ਹੈ
1. ਜਿਹੜੇ ਲੋਕਾਂ ਨੂੰ ਪੜ੍ਹਨਾ ਔਖਾ ਲੱਗਦਾ ਹੈ, ਉਨ੍ਹਾਂ ਨੂੰ ਬਾਈਬਲ ਬਾਰੇ ਸਿਖਾਉਣ ਵਿਚ ਕਿਹੜੀ ਮੁਸ਼ਕਲ ਆਉਂਦੀ ਹੈ?
1 ਭਾਵੇਂ ਕੁਝ ਲੋਕਾਂ ਨੂੰ ਪੜ੍ਹਨਾ ਔਖਾ ਲੱਗਦਾ ਹੈ, ਫਿਰ ਵੀ ਉਹ ਸ਼ਾਇਦ ਰੱਬ ਦਾ ਗਿਆਨ ਲੈਣਾ ਚਾਹੁਣ। ਪਰ ਹੋ ਸਕਦਾ ਹੈ ਕਿ ਉਹ ਬਾਈਬਲ ਅਤੇ ਹੋਰ ਕਿਤਾਬਾਂ ਪੜ੍ਹਨ ਤੋਂ ਹਿਚਕਿਚਾਉਣ। ਅਜਿਹੇ ਲੋਕਾਂ ਨੂੰ ਪਹਿਲੀ ਵਾਰ ਮਿਲਣ ਤੇ ਜੇ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇਵਾਂਗੇ, ਤਾਂ ਸ਼ਾਇਦ ਉਹ ਇੰਨੀ ਦਿਲਚਸਪੀ ਨਾ ਦਿਖਾਉਣ। ਅਸੀਂ ਉਨ੍ਹਾਂ ਦੀ ਪਰਮੇਸ਼ੁਰ ਦਾ ਗਿਆਨ ਲੈਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ? ਇਸ ਬਾਰੇ ਅਸੀਂ 20 ਤੋਂ ਜ਼ਿਆਦਾ ਦੇਸ਼ਾਂ ਦੇ ਤਜਰਬੇਕਾਰ ਪਬਲੀਸ਼ਰਾਂ ਤੋਂ ਪੁੱਛਿਆ ਕਿ ਉਹ ਅਜਿਹੇ ਲੋਕਾਂ ਦੀ ਮਦਦ ਕਿਵੇਂ ਕਰਦੇ ਹਨ। ਉਨ੍ਹਾਂ ਦੇ ਸੁਝਾਅ ਥੱਲੇ ਦਿੱਤੇ ਹਨ।
2. ਘੱਟ ਪੜ੍ਹੇ ਲੋਕਾਂ ਦੀ ਮਦਦ ਕਰਨ ਲਈ ਕਿਹੜੇ ਪ੍ਰਕਾਸ਼ਨ ਅਸਰਕਾਰੀ ਹਨ?
2 ਜੇ ਵਿਦਿਆਰਥੀ ਘੱਟ ਪੜ੍ਹ ਸਕਦਾ ਹੈ ਜਾਂ ਉਸ ਨੂੰ ਪੜ੍ਹਨਾ ਹੀ ਨਹੀਂ ਆਉਂਦਾ, ਤਾਂ ਤੁਸੀਂ ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਤੋਂ ਸਟੱਡੀ ਕਰਾ ਸਕਦੇ ਹੋ। ਅਮਰੀਕਾ ਤੋਂ ਇਕ ਪਾਇਨੀਅਰ ਲੋਕਾਂ ਨੂੰ ਦੋਵੇਂ ਬਰੋਸ਼ਰ ਦਿਖਾ ਕੇ ਪੁੱਛਦਾ ਹੈ ਕਿ ਉਨ੍ਹਾਂ ਨੂੰ ਕਿਹੜਾ ਜ਼ਿਆਦਾ ਸੌਖਾ ਲੱਗਦਾ ਹੈ। ਕੀਨੀਆ ਦੇ ਬ੍ਰਾਂਚ ਆਫ਼ਿਸ ਨੇ ਕਿਹਾ ਕਿ ਇਹ ਬਰੋਸ਼ਰ ਅਫ਼ਰੀਕਾ ਵਿਚ ਬਹੁਤ ਅਸਰਕਾਰੀ ਹਨ ਕਿਉਂਕਿ ਲੋਕਾਂ ਨੂੰ ਸਵਾਲਾਂ-ਜਵਾਬਾਂ ਰਾਹੀਂ ਸਿਖਾਉਣ ਦੀ ਬਜਾਇ ਆਮ ਤੌਰ ਤੇ ਕਹਾਣੀਆਂ ਸੁਣਾ ਕੇ ਸਿਖਾਇਆ ਜਾਂਦਾ ਹੈ। ਇਕ ਚੰਗਾ ਪੜ੍ਹਿਆ-ਲਿਖਿਆ ਵਿਅਕਤੀ ਸ਼ਾਇਦ ਕਿਤਾਬ ਪੜ੍ਹਨੀ ਤੇ ਚਰਚਾ ਕਰਨੀ ਸਵੀਕਾਰ ਕਰ ਲਵੇ, ਪਰ ਘੱਟ ਪੜ੍ਹੇ ਵਿਅਕਤੀ ਨੂੰ ਇੱਦਾਂ ਕਰਨਾ ਸ਼ਾਇਦ ਔਖਾ ਲੱਗੇ। ਜੇ ਵਿਦਿਆਰਥੀ ਥੋੜ੍ਹਾ-ਬਹੁਤ ਪੜ੍ਹਨਾ ਜਾਣਦਾ ਹੈ, ਤਾਂ ਕਈ ਪਬਲੀਸ਼ਰ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਜਾਂ ਸ਼ਾਇਦ ਬਾਈਬਲ ਕਹਾਣੀਆਂ ਦੀ ਕਿਤਾਬ ਤੋਂ ਸਟੱਡੀ ਕਰਾਉਣੀ ਸ਼ੁਰੂ ਕਰਦੇ ਹਨ।
3. ਅਨਪੜ੍ਹ ਲੋਕਾਂ ਬਾਰੇ ਕੀ ਕਿਹਾ ਸਕਦਾ ਹੈ ਅਤੇ ਇਹ ਗੱਲ ਜਾਣ ਕੇ ਸਾਡੀ ਕਿਵੇਂ ਮਦਦ ਹੁੰਦੀ ਹੈ?
3 ਤਾਰੀਫ਼ ਕਰੋ: ਅਨਪੜ੍ਹ ਲੋਕ ਸ਼ਾਇਦ ਸ਼ਰਮਿੰਦਗੀ ਮਹਿਸੂਸ ਕਰਨ ਤੇ ਕਈ ਆਪਣੇ ਆਪ ਨੂੰ ਨੀਵਾਂ ਸਮਝਦੇ ਹਨ। ਸੱਚਾਈ ਸਿਖਾਉਣ ਦਾ ਪਹਿਲਾ ਕਦਮ ਹੈ ਉਨ੍ਹਾਂ ਦੀ ਝਿਜਕ ਨੂੰ ਦੂਰ ਕਰਨਾ। ਬਹੁਤ ਸਾਰੇ ਅਨਪੜ੍ਹ ਲੋਕ ਹੁਸ਼ਿਆਰ ਹੁੰਦੇ ਹਨ ਤੇ ਸਿੱਖਣ ਦੇ ਕਾਬਲ ਹਨ। ਉਨ੍ਹਾਂ ਨਾਲ ਆਦਰ ਤੇ ਸਲੀਕੇ ਨਾਲ ਪੇਸ਼ ਆਓ। (1 ਪਤ. 3:15) ਉਹ ਜ਼ਰੂਰ ਸਟੱਡੀ ਕਰਦੇ ਰਹਿਣਗੇ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਜਤਨ ਕਰਨ ਦਾ ਫ਼ਾਇਦਾ ਹੋ ਰਿਹਾ ਹੈ ਤੇ ਉਹ ਸੱਚਾਈ ਵਿਚ ਤਰੱਕੀ ਕਰ ਰਹੇ ਹਨ। ਇਸ ਲਈ ਦਿਲ ਖੋਲ੍ਹ ਕੇ ਉਨ੍ਹਾਂ ਦੀ ਤਾਰੀਫ਼ ਕਰੋ।
ਅਨਪੜ੍ਹ ਲੋਕ ਸ਼ਾਇਦ ਸ਼ਰਮਿੰਦਗੀ ਮਹਿਸੂਸ ਕਰਨ ਤੇ ਕਈ ਆਪਣੇ ਆਪ ਨੂੰ ਨੀਵਾਂ ਸਮਝਦੇ ਹਨ। ਜੇ ਅਸੀਂ ਉਨ੍ਹਾਂ ਦੀ ਝਿਜਕ ਨੂੰ ਦੂਰ ਕਰਾਂਗੇ, ਤਾਂ ਇਹ ਸੱਚਾਈ ਸਿਖਾਉਣ ਦਾ ਪਹਿਲਾ ਕਦਮ ਹੋਵੇਗਾ
4. ਘੱਟ ਪੜ੍ਹੇ ਲੋਕਾਂ ਨੂੰ ਸਟੱਡੀ ਦੀ ਤਿਆਰੀ ਕਰਨ ਲਈ ਅਸੀਂ ਕਿਵੇਂ ਹੱਲਾਸ਼ੇਰੀ ਦੇ ਸਕਦੇ ਹਾਂ?
4 ਜੇ ਵਿਦਿਆਰਥੀ ਘੱਟ ਹੀ ਪੜ੍ਹਨਾ ਜਾਣਦਾ ਹੈ, ਤਾਂ ਵੀ ਉਸ ਨੂੰ ਸਟੱਡੀ ਦੀ ਤਿਆਰੀ ਕਰਨ ਦੀ ਹੱਲਾਸ਼ੇਰੀ ਦਿਓ। ਦੱਖਣੀ ਅਫ਼ਰੀਕਾ ਵਿਚ ਕੁਝ ਪਬਲੀਸ਼ਰ ਆਪਣੇ ਵਿਦਿਆਰਥੀਆਂ ਨੂੰ ਕਹਿੰਦੇ ਹਨ ਕਿ ਉਹ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਦੀ ਮਦਦ ਲੈਣ ਜੋ ਚੰਗੀ ਤਰ੍ਹਾਂ ਪੜ੍ਹ ਸਕਦਾ ਹੈ। ਬ੍ਰਿਟੇਨ ਵਿਚ ਇਕ ਪਬਲੀਸ਼ਰ ਆਪਣੇ ਵਿਦਿਆਰਥੀਆਂ ਨੂੰ ਸਟੱਡੀ ਦੀ ਤਿਆਰੀ ਕਰਨ ਦੀ ਹੱਲਾਸ਼ੇਰੀ ਦੇਣ ਲਈ ਸਟੱਡੀ ਦੌਰਾਨ ਕੁਝ ਪੈਰੇ ਪੜ੍ਹਨ ਲਈ ਆਪਣੀ ਕਿਤਾਬ ਉਨ੍ਹਾਂ ਨੂੰ ਦੇ ਦਿੰਦਾ ਹੈ। ਇਸ ਤਰ੍ਹਾਂ ਉਹ ਦੇਖ ਸਕਦੇ ਹਨ ਕਿ ਉਹ ਜਵਾਬ ਦੇਣੇ ਕਿੰਨੇ ਸੌਖੇ ਹਨ ਜਿਨ੍ਹਾਂ ਥੱਲੇ ਲਕੀਰਾਂ ਲਾਈਆਂ ਹੋਈਆਂ ਹਨ। ਭਾਰਤ ਵਿਚ ਇਕ ਭਰਾ ਆਪਣੇ ਵਿਦਿਆਰਥੀਆਂ ਨੂੰ ਅਗਲੀ ਵਾਰ ਸਟੱਡੀ ਵਾਸਤੇ ਪਾਠ ਵਿਚਲੀਆਂ ਤਸਵੀਰਾਂ ਦੇਖਣ ਤੇ ਉਨ੍ਹਾਂ ʼਤੇ ਪਹਿਲਾਂ ਤੋਂ ਸੋਚ-ਵਿਚਾਰ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ।
5. ਸਟੱਡੀ ਕਰਾਉਂਦੇ ਵੇਲੇ ਅਸੀਂ ਧੀਰਜ ਕਿਵੇਂ ਰੱਖ ਸਕਦੇ ਹਾਂ?
5 ਧੀਰਜ ਰੱਖੋ: ਤੁਸੀਂ ਭਾਵੇਂ ਜਿਹੜਾ ਮਰਜ਼ੀ ਪ੍ਰਕਾਸ਼ਨ ਵਰਤਦੇ ਹੋ, ਮੁੱਖ ਗੱਲਾਂ ਉੱਤੇ ਧਿਆਨ ਦਿਓ ਤੇ ਇਨ੍ਹਾਂ ਨੂੰ ਸਮਝਣ ਵਿਚ ਆਪਣੇ ਵਿਦਿਆਰਥੀ ਦੀ ਮਦਦ ਕਰੋ। ਸ਼ੁਰੂ-ਸ਼ੁਰੂ ਵਿਚ ਸ਼ਾਇਦ 10-15 ਮਿੰਟਾਂ ਲਈ ਚਰਚਾ ਕਰਨੀ ਕਾਫ਼ੀ ਹੋਵੇ। ਜ਼ਿਆਦਾ ਜਾਣਕਾਰੀ ਪੜ੍ਹਨ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਸ਼ਾਇਦ ਕੁਝ ਪੈਰੇ ਪੜ੍ਹ ਸਕਦੇ ਹੋ। ਜੇ ਵਿਦਿਆਰਥੀ ਹੌਲੀ-ਹੌਲੀ ਪੜ੍ਹਦਾ ਹੈ, ਤਾਂ ਧੀਰਜ ਰੱਖੋ। ਜਿਉਂ-ਜਿਉਂ ਯਹੋਵਾਹ ਲਈ ਉਸ ਦੀ ਕਦਰ ਵਧੇਗੀ, ਉਹ ਆਪਣੀ ਪੜ੍ਹਨ ਦੀ ਕਾਬਲੀਅਤ ਨੂੰ ਸੁਧਾਰਨ ਦੀ ਜ਼ਰੂਰ ਕੋਸ਼ਿਸ਼ ਕਰੇਗਾ। ਇਸ ਤਰ੍ਹਾਂ ਕਰਨ ਲਈ ਉਸ ਨੂੰ ਸ਼ੁਰੂ ਤੋਂ ਹੀ ਮੀਟਿੰਗਾਂ ਵਿਚ ਆਉਣ ਲਈ ਕਹੋ।
6. ਪੜ੍ਹਨਾ ਸਿੱਖਣ ਵਿਚ ਅਸੀਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
6 ਜੇ ਵਿਦਿਆਰਥੀ ਪੜ੍ਹਨਾ ਸਿੱਖੇ, ਤਾਂ ਉਹ ਸੱਚਾਈ ਵਿਚ ਜਲਦੀ ਤਰੱਕੀ ਕਰੇਗਾ। (ਜ਼ਬੂ. 1:1-3) ਕਈਆਂ ਨੇ ਆਪਣੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਹਰ ਵਾਰ ਸਟੱਡੀ ਦੇ ਅਖ਼ੀਰ ਤੇ ਕੁਝ ਮਿੰਟਾਂ ਲਈ ਉਨ੍ਹਾਂ ਨੂੰ ਪੜ੍ਹਨਾ ਅਤੇ ਲਿਖਣਾ ਸਿਖਾਇਆ ਹੈ। ਜਿਨ੍ਹਾਂ ਦੀ ਭਾਸ਼ਾ ਵਿਚ ਲਗਨ ਨਾਲ ਪੜ੍ਹਨਾ ਅਤੇ ਲਿਖਣਾ (ਅੰਗ੍ਰੇਜ਼ੀ) ਬਰੋਸ਼ਰ ਹੈ ਜਾਂ ਇਸ ਮਕਸਦ ਲਈ ਤਿਆਰ ਕੀਤੇ ਦੁਨਿਆਵੀ ਪ੍ਰਕਾਸ਼ਨ ਹਨ, ਤਾਂ ਉਹ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ। ਜੇ ਵਿਦਿਆਰਥੀ ਨਿਰਾਸ਼ ਹੋ ਜਾਂਦਾ ਹੈ, ਤਾਂ ਤੁਸੀਂ ਸ਼ਾਇਦ ਉਸ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਕੁਝ ਗੱਲਾਂ ਦਾ ਜ਼ਿਕਰ ਕਰ ਸਕਦੇ ਹੋ ਜੋ ਉਸ ਨੇ ਕਰਨੀਆਂ ਸਿੱਖੀਆਂ ਹਨ। ਉਸ ਨੂੰ ਭਰੋਸਾ ਦਿਵਾਓ ਕਿ ਯਹੋਵਾਹ ਉਸ ਦੇ ਜਤਨਾਂ ʼਤੇ ਬਰਕਤ ਪਾਵੇਗਾ ਅਤੇ ਉਸ ਨੂੰ ਮਦਦ ਲਈ ਪ੍ਰਾਰਥਨਾ ਕਰਨ ਦੀ ਹੱਲਾਸ਼ੇਰੀ ਦਿਓ। (ਕਹਾ. 16:3; 1 ਯੂਹੰ. 5:14, 15) ਬ੍ਰਿਟੇਨ ਵਿਚ ਕੁਝ ਪਬਲੀਸ਼ਰ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਟੀਚੇ ਰੱਖਣ ਦੀ ਹੱਲਾਸ਼ੇਰੀ ਦਿੰਦੇ ਹਨ ਜੋ ਉਹ ਪੂਰੇ ਕਰ ਸਕਦੇ ਹਨ, ਜਿਵੇਂ ਕਿ ਪਹਿਲਾਂ ਚੰਗੀ ਤਰ੍ਹਾਂ ਵਰਣਮਾਲਾ ਸਿੱਖਣੀ, ਫਿਰ ਗਿਣੇ-ਚੁਣੇ ਹਵਾਲੇ ਲੱਭ ਕੇ ਪੜ੍ਹਨੇ ਤੇ ਅਖ਼ੀਰ ਵਿਚ ਸੌਖੀ ਭਾਸ਼ਾ ਵਾਲੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨੇ। ਲੋਕਾਂ ਦੀ ਮਦਦ ਕਰਨ ਲਈ ਸਿਰਫ਼ ਉਨ੍ਹਾਂ ਨੂੰ ਪੜ੍ਹਨਾ ਸਿਖਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਪੜ੍ਹਨ ਦੀ ਚਾਹਤ ਪੈਦਾ ਕਰਨ ਦੀ ਹੱਲਾਸ਼ੇਰੀ ਵੀ ਦੇਣ ਦੀ ਲੋੜ ਹੈ।
7. ਸਾਨੂੰ ਉਨ੍ਹਾਂ ਲੋਕਾਂ ਨੂੰ ਸੱਚਾਈ ਦੱਸਣ ਤੋਂ ਪਿੱਛੇ ਕਿਉਂ ਨਹੀਂ ਹਟਣਾ ਚਾਹੀਦਾ ਜਿਨ੍ਹਾਂ ਨੂੰ ਪੜ੍ਹਨ ਵਿਚ ਔਖ ਆਉਂਦੀ ਹੈ?
7 ਯਹੋਵਾਹ ਘੱਟ ਪੜ੍ਹੇ ਲੋਕਾਂ ਨੂੰ ਨੀਵੇਂ ਨਹੀਂ ਸਮਝਦਾ। (ਅੱਯੂ. 34:19) ਯਹੋਵਾਹ ਦੇਖਦਾ ਹੈ ਕਿ ਕਿਸੇ ਦੇ ਦਿਲ ਵਿਚ ਕੀ ਹੈ। (1 ਇਤ. 28:9) ਇਸ ਲਈ ਉਨ੍ਹਾਂ ਲੋਕਾਂ ਨੂੰ ਸੱਚਾਈ ਦੱਸਣ ਤੋਂ ਪਿੱਛੇ ਨਾ ਹਟੋ ਜਿਨ੍ਹਾਂ ਨੂੰ ਪੜ੍ਹਨ ਵਿਚ ਔਖ ਆਉਂਦੀ ਹੈ। ਤੁਹਾਡੇ ਕੋਲ ਕਈ ਸੌਖੇ ਪ੍ਰਕਾਸ਼ਨ ਹਨ ਜਿਨ੍ਹਾਂ ਤੋਂ ਤੁਸੀਂ ਸਟੱਡੀ ਸ਼ੁਰੂ ਕਰ ਸਕਦੇ ਹੋ। ਬਾਅਦ ਵਿਚ ਤੁਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਕਰਾਉਣੀ ਸ਼ੁਰੂ ਕਰ ਸਕਦੇ ਹੋ ਤਾਂਕਿ ਵਿਦਿਆਰਥੀ ਨੂੰ ਬਾਈਬਲ ਦੀ ਹੋਰ ਚੰਗੀ ਤਰ੍ਹਾਂ ਸਮਝ ਆ ਸਕੇ।