ਜੀਵਨੀ
ਅਨਮੋਲ ਵਿਰਾਸਤ ਮਿਲਣ ਕਰਕੇ ਮੈਂ ਵਧਿਆ-ਫੁੱਲਿਆ
ਰਾਤ ਦੇ ਸੰਨਾਟੇ ਵਿਚ ਅਸੀਂ ਵਿਸ਼ਾਲ ਨਾਈਜੀਰ ਨਦੀ ਦੇ ਕੰਢੇ ਖੜ੍ਹੇ ਸੀ। ਨਦੀ 1.6 ਕਿਲੋਮੀਟਰ (ਲਗਭਗ 1 ਮੀਲ) ਚੌੜੀ ਸੀ ਅਤੇ ਪਾਣੀ ਦਾ ਵਹਾਅ ਤੇਜ਼ ਸੀ। ਨਾਈਜੀਰੀਆ ਵਿਚ ਘਰੇਲੂ ਯੁੱਧ ਚੱਲ ਰਿਹਾ ਸੀ ਜਿਸ ਕਰਕੇ ਸਾਡੇ ਲਈ ਨਦੀ ਪਾਰ ਕਰਨੀ ਜਾਨਲੇਵਾ ਹੋ ਸਕਦੀ ਸੀ। ਪਰ ਫਿਰ ਵੀ ਸਾਨੂੰ ਇਕ ਤੋਂ ਜ਼ਿਆਦਾ ਵਾਰ ਆਪਣੀ ਜਾਨ ਜੋਖਮ ਵਿਚ ਪਾਉਣੀ ਪਈ। ਮੈਂ ਅਜਿਹੇ ਮੁਸ਼ਕਲ ਹਾਲਾਤਾਂ ਵਿਚ ਕਿਵੇਂ ਪੈ ਗਿਆ ਸੀ? ਆਓ ਆਪਾਂ ਮੇਰੇ ਜਨਮ ਤੋਂ ਪਹਿਲਾਂ ਦੀ ਗੱਲ ਕਰੀਏ।
1913 ਵਿਚ ਮੇਰੇ ਪਿਤਾ ਜੀ, ਜੌਨ ਮਿਲਜ਼, ਨੇ 25 ਸਾਲਾਂ ਦੀ ਉਮਰ ਵਿਚ ਨਿਊਯਾਰਕ ਸ਼ਹਿਰ ਵਿਚ ਬਪਤਿਸਮਾ ਲਿਆ। ਭਰਾ ਰਸਲ ਨੇ ਬਪਤਿਸਮੇ ਦਾ ਭਾਸ਼ਣ ਦਿੱਤਾ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਪਿਤਾ ਜੀ ਤ੍ਰਿਨੀਦਾਦ ਚਲੇ ਗਏ ਜਿੱਥੇ ਉਨ੍ਹਾਂ ਨੇ ਕੌਂਸਟੰਸ ਫਾਰਮਰ ਨਾਲ ਵਿਆਹ ਕਰਵਾ ਲਿਆ। ਉਹ ਇਕ ਜੋਸ਼ੀਲੀ ਬਾਈਬਲ ਸਟੂਡੈਂਟ ਸੀ। ਪਿਤਾ ਜੀ ਨੇ ਲੋਕਾਂ ਨੂੰ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦਿਖਾਉਣ ਵਿਚ ਆਪਣੇ ਦੋਸਤ ਵਿਲੀਅਮ ਆਰ. ਬਰਾਊਨ ਦੀ ਮਦਦ ਕੀਤੀ। ਉਨ੍ਹਾਂ ਨੇ ਭੈਣ ਤੇ ਭਰਾ ਬਰਾਊਨ ਨਾਲ ਮਿਲ ਕੇ 1923 ਤਕ ਇੱਦਾਂ ਕੀਤਾ ਕਿਉਂਕਿ ਇਸ ਤੋਂ ਬਾਅਦ ਭੈਣ-ਭਰਾ ਬਰਾਊਨ ਨੂੰ ਪੱਛਮੀ ਅਫ਼ਰੀਕਾ ਵਿਚ ਭੇਜ ਦਿੱਤਾ ਗਿਆ। ਮੇਰੇ ਮਾਤਾ-ਪਿਤਾ ਤ੍ਰਿਨੀਦਾਦ ਵਿਚ ਹੀ ਰਹੇ। ਉਨ੍ਹਾਂ ਦੋਵਾਂ ਦੀ ਉਮੀਦ ਸਵਰਗ ਜਾਣ ਦੀ ਸੀ।
ਸਾਡੇ ਮਾਪੇ ਸਾਨੂੰ ਪਿਆਰ ਕਰਦੇ ਸਨ
ਅਸੀਂ ਨੌਂ ਭੈਣ-ਭਰਾ ਸੀ। ਮੇਰੇ ਮਾਪਿਆਂ ਨੇ ਮੇਰੇ ਸਭ ਤੋਂ ਵੱਡੇ ਭਰਾ ਦਾ ਨਾਂ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੇ ਪ੍ਰਧਾਨ ਰਦਰਫ਼ਰਡ ਦੇ ਨਾਂ ʼਤੇ ਰੱਖਿਆ। 30 ਦਸੰਬਰ 1922 ਵਿਚ ਮੇਰਾ ਜਨਮ ਹੋਇਆ ਤੇ ਉਨ੍ਹਾਂ ਨੇ ਗੋਲਡਨ ਏਜ (ਹੁਣ ਜਾਗਰੂਕ ਬਣੋ!) ਦੇ ਸੰਪਾਦਕ ਕਲੇਟਨ ਜੇ. ਵੁਡਵਰਥ ਦੇ ਨਾਂ ʼਤੇ ਮੇਰਾ ਨਾਂ ਵੁਡਵਰਥ ਰੱਖਿਆ। ਮੇਰੇ ਮਾਪਿਆਂ ਨੇ ਸਾਨੂੰ ਸਾਰਿਆਂ ਨੂੰ ਪੜ੍ਹਾਈ ਕਰਾਈ, ਪਰ ਉਨ੍ਹਾਂ ਨੇ ਖ਼ਾਸ ਕਰਕੇ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ʼਤੇ ਜ਼ੋਰ ਦਿੱਤਾ। ਮਾਤਾ ਜੀ ਵਿਚ ਬਾਈਬਲ ਤੋਂ ਦਲੀਲਾਂ ਦੇ ਕੇ ਲੋਕਾਂ ਨੂੰ ਕਾਇਲ ਕਰਨ ਦੀ ਅਨੋਖੀ ਕਾਬਲੀਅਤ ਸੀ। ਪਿਤਾ ਜੀ ਨੂੰ ਸਾਨੂੰ ਬਾਈਬਲ ਦੀਆਂ ਕਹਾਣੀਆਂ ਸੁਣਾਉਣੀਆਂ ਪਸੰਦ ਸਨ ਅਤੇ ਪੂਰੇ ਹਾਵਾਂ-ਭਾਵਾਂ ਨਾਲ ਜਾਨ ਪਾ ਕੇ ਸੁਣਾਉਂਦੇ ਸਨ।
ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਵਧੀਆ ਨਤੀਜੇ ਨਿਕਲੇ। ਪੰਜ ਮੁੰਡਿਆਂ ਵਿੱਚੋਂ ਅਸੀਂ ਤਿੰਨ ਜਣੇ ਗਿਲਿਅਡ ਸਕੂਲ ਗਏ। ਸਾਡੀਆਂ ਤਿੰਨ ਭੈਣਾਂ ਨੇ ਤ੍ਰਿਨੀਦਾਦ ਅਤੇ ਟੋਬੇਗੋ ਵਿਚ ਬਹੁਤ ਸਾਲਾਂ ਤਕ ਪਾਇਨੀਅਰਿੰਗ ਕੀਤੀ। ਆਪਣੀ ਮਿਸਾਲ ਤੇ ਸਿੱਖਿਆ ਰਾਹੀਂ ਸਾਡੇ ਮਾਪਿਆਂ ਨੇ ਮਾਨੋ ਪੌਦਿਆਂ ਵਾਂਗ ਸਾਨੂੰ “ਯਹੋਵਾਹ ਦੇ ਭਵਨ ਵਿੱਚ” ਲਾ ਦਿੱਤਾ। ਉਨ੍ਹਾਂ ਦੀ ਹੱਲਾਸ਼ੇਰੀ ਕਰਕੇ ਅਸੀਂ ਉੱਥੇ ਰਹਿ ਸਕੇ ਅਤੇ “ਪਰਮੇਸ਼ੁਰ ਦੀਆਂ ਦਰਗਾਹਾਂ ਵਿੱਚ” ਵਧ-ਫੁੱਲ ਸਕੇ।—ਜ਼ਬੂ. 92:13.
ਸਾਡੇ ਘਰ ਵਿਚ ਪ੍ਰਚਾਰ ਸੇਵਾ ਦੀਆਂ ਸਭਾਵਾਂ ਹੁੰਦੀਆਂ ਸਨ। ਪਾਇਨੀਅਰ ਸਾਡੇ ਘਰ ਇਕੱਠੇ ਹੁੰਦੇ ਸਨ ਅਤੇ ਅਕਸਰ ਕੈਨੇਡਾ ਵਿਚ ਮਿਸ਼ਨਰੀ ਸੇਵਾ ਕਰਨ ਵਾਲੇ ਭਰਾ ਜੋਰਜ ਯੰਗ ਦੀਆਂ ਗੱਲਾਂ ਕਰਦੇ ਸਨ ਜੋ ਤ੍ਰਿਨੀਦਾਦ ਵੀ ਆਇਆ ਸੀ। ਮੇਰੇ ਮਾਪੇ ਬੜੇ ਜੋਸ਼ ਨਾਲ ਆਪਣੇ ਪਹਿਲੇ ਪਾਇਨੀਅਰ ਸਾਥੀਆਂ, ਭੈਣ-ਭਰਾ ਬਰਾਊਨ, ਬਾਰੇ ਗੱਲਾਂ ਕਰਦੇ ਸਨ ਜੋ ਉਸ ਵੇਲੇ ਪੱਛਮੀ ਅਫ਼ਰੀਕਾ ਵਿਚ ਸੇਵਾ ਕਰਦੇ ਸਨ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਮੈਂ 10 ਸਾਲਾਂ ਦੀ ਉਮਰ ਵਿਚ ਪ੍ਰਚਾਰ ਕਰਨ ਲਈ ਪ੍ਰੇਰਿਤ ਹੋਇਆ।
ਸ਼ੁਰੂ ਵਿਚ ਸਾਡਾ ਕੰਮ
ਉਨ੍ਹਾਂ ਦਿਨਾਂ ਵਿਚ ਸਾਡੇ ਰਸਾਲਿਆਂ ਵਿਚਲਾ ਸੰਦੇਸ਼ ਅੱਗ ਵਾਂਗ ਸੀ। ਰਸਾਲੇ ਝੂਠੇ ਧਰਮਾਂ, ਲਾਲਚੀ ਵਪਾਰ ਜਗਤ ਅਤੇ ਗੰਦੀ ਰਾਜਨੀਤੀ ਦਾ ਪਰਦਾਫ਼ਾਸ਼ ਕਰਦੇ ਸਨ। ਇਸ ਕਰਕੇ 1936 ਵਿਚ ਪਾਦਰੀਆਂ ਨੇ ਤ੍ਰਿਨੀਦਾਦ ਦੇ ਰਾਜਪਾਲ ʼਤੇ ਵਾਚ ਟਾਵਰ ਦੇ ਸਾਰੇ ਪ੍ਰਕਾਸ਼ਨਾਂ ʼਤੇ ਪਾਬੰਦੀ ਲਾਉਣ ਦਾ ਜ਼ੋਰ ਪਾਇਆ। ਅਸੀਂ ਸਾਰੇ ਪ੍ਰਕਾਸ਼ਨ ਲੁਕਾ ਲਏ, ਪਰ ਇਨ੍ਹਾਂ ਨੂੰ ਖ਼ਤਮ ਹੋਣ ਤਕ ਦਿੰਦੇ ਰਹੇ। ਅਸੀਂ ਸੱਦਾ-ਪੱਤਰ ਲੈ ਕੇ ਅਤੇ ਗਲੇ ਵਿਚ ਇਸ਼ਤਿਹਾਰ ਪਾ ਕੇ ਸੜਕਾਂ ʼਤੇ ਘੁੰਮਦੇ ਅਤੇ ਸਾਈਕਲਾਂ ʼਤੇ ਜਾਂਦੇ ਸੀ। ਲਾਊਡਸਪੀਕਰ ਵਾਲੀ ਗੱਡੀ ਦੇ ਭੈਣਾਂ-ਭਰਾਵਾਂ ਨਾਲ ਅਸੀਂ ਤੂਨਾਪੂਨਾ ਸ਼ਹਿਰ ਤੋਂ ਲੈ ਕੇ ਤ੍ਰਿਨੀਦਾਦ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਵੀ ਪ੍ਰਚਾਰ ਕੀਤਾ। ਸਾਨੂੰ ਬਹੁਤ ਮਜ਼ਾ ਆਉਂਦਾ ਸੀ! ਇਸ ਵਧੀਆ ਮਾਹੌਲ ਕਰਕੇ ਮੈਂ 16 ਸਾਲਾਂ ਦੀ ਉਮਰ ਵਿਚ ਬਪਤਿਸਮਾ ਲੈ ਲਿਆ।
ਤੂਨਾਪੂਨਾ ਵਿਚ ਭੈਣ-ਭਰਾ ਲਾਊਡਸਪੀਕਰ ਵਾਲੀ ਗੱਡੀ ਨਾਲ
ਪਰਿਵਾਰ ਵੱਲੋਂ ਮਿਲੀ ਵਿਰਾਸਤ ਅਤੇ ਛੋਟੀ ਉਮਰ ਵਿਚ ਹੋਏ ਇਨ੍ਹਾਂ ਤਜਰਬਿਆਂ ਕਰਕੇ ਮੇਰੇ ਵਿਚ ਮਿਸ਼ਨਰੀ ਬਣਨ ਦੀ ਇੱਛਾ ਪੈਦਾ ਹੋਈ। ਇਹ ਇੱਛਾ ਮੇਰੇ ਦਿਲ ਵਿਚ ਉਦੋਂ ਵੀ ਸੀ ਜਦੋਂ ਮੈਂ 1944 ਵਿਚ ਅਰੂਬਾ ਟਾਪੂ ʼਤੇ ਭਰਾ ਐਡਮੰਡ ਕਮਿੰਗਜ਼ ਨੂੰ ਮਿਲਿਆ ਸੀ। 1945 ਵਿਚ ਮੈਮੋਰੀਅਲ ʼਤੇ 10 ਲੋਕਾਂ ਨੂੰ ਹਾਜ਼ਰ ਹੋਏ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ। ਅਗਲੇ ਸਾਲ ਇਸ ਟਾਪੂ ʼਤੇ ਪਹਿਲੀ ਮੰਡਲੀ ਸਥਾਪਿਤ ਹੋਈ।
ਓਰਿਸ ਨਾਲ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ
ਇਸ ਤੋਂ ਥੋੜ੍ਹੀ ਦੇਰ ਬਾਅਦ, ਮੈਂ ਕੰਮ ਦੀ ਥਾਂ ʼਤੇ ਓਰਿਸ ਵਿਲੀਅਮਜ਼ ਨਾਂ ਦੀ ਕੁੜੀ ਨੂੰ ਗਵਾਹੀ ਦਿੱਤੀ। ਓਰਿਸ ਨੇ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਪੱਖ ਵਿਚ ਜ਼ਬਰਦਸਤ ਦਲੀਲਾਂ ਦਿੱਤੀਆਂ। ਪਰ ਬਾਈਬਲ ਦੀ ਸਟੱਡੀ ਕਰਨ ਨਾਲ ਉਸ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਬਚਨ ਅਸਲ ਵਿਚ ਕੀ ਸਿਖਾਉਂਦਾ ਹੈ ਅਤੇ ਉਸ ਨੇ 5 ਜਨਵਰੀ 1947 ਵਿਚ ਬਪਤਿਸਮਾ ਲੈ ਲਿਆ। ਸਮੇਂ ਦੇ ਬੀਤਣ ਨਾਲ ਸਾਨੂੰ ਪਿਆਰ ਹੋ ਗਿਆ ਅਤੇ ਅਸੀਂ ਵਿਆਹ ਕਰਵਾ ਲਿਆ। ਉਸ ਨੇ ਨਵੰਬਰ 1950 ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਓਰਿਸ ਨਾਲ ਮੇਰੀ ਜ਼ਿੰਦਗੀ ਵਿਚ ਬਹਾਰ ਆ ਗਈ।
ਨਾਈਜੀਰੀਆ ਵਿਚ ਖ਼ੁਸ਼ੀਆਂ ਭਰੀ ਸੇਵਾ
1955 ਵਿਚ ਸਾਨੂੰ ਗਿਲਿਅਡ ਸਕੂਲ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਸਕੂਲ ਵਿਚ ਹਾਜ਼ਰ ਹੋਣ ਲਈ ਅਸੀਂ ਦੋਨਾਂ ਨੇ ਆਪਣੀ ਨੌਕਰੀ ਛੱਡ ਦਿੱਤੀ, ਆਪਣਾ ਘਰ ਤੇ ਹੋਰ ਚੀਜ਼ਾਂ ਵੇਚ ਦਿੱਤੀਆਂ ਅਤੇ ਅਰੂਬਾ ਨੂੰ ਅਲਵਿਦਾ ਕਹਿ ਦਿੱਤਾ। 29 ਜੁਲਾਈ 1956 ਵਿਚ ਅਸੀਂ ਗਿਲਿਅਡ ਦੀ 27ਵੀਂ ਕਲਾਸ ਤੋਂ ਗ੍ਰੈਜੂਏਟ ਹੋਏ ਅਤੇ ਸਾਨੂੰ ਨਾਈਜੀਰੀਆ ਭੇਜਿਆ ਗਿਆ।
1957 ਵਿਚ ਲੇਗੋਸ, ਨਾਈਜੀਰੀਆ ਦੇ ਬੈਥਲ ਪਰਿਵਾਰ ਨਾਲ
ਪਿੱਛੇ ਝਾਤ ਮਾਰਦਿਆਂ ਓਰਿਸ ਨੇ ਕਿਹਾ: “ਯਹੋਵਾਹ ਦੀ ਸ਼ਕਤੀ ਇਕ ਮਿਸ਼ਨਰੀ ਦੀ ਜ਼ਿੰਦਗੀ ਵਿਚ ਆਉਂਦੇ ਉਤਾਰ-ਚੜ੍ਹਾਅ ਮੁਤਾਬਕ ਢਲ਼ਣ ਵਿਚ ਮਦਦ ਕਰ ਸਕਦੀ ਹੈ। ਮੇਰੇ ਪਤੀ ਮਿਸ਼ਨਰੀ ਬਣਨਾ ਚਾਹੁੰਦੇ ਸਨ, ਪਰ ਮੈਂ ਨਹੀਂ ਚਾਹੁੰਦੀ ਸੀ। ਮੈਂ ਤਾਂ ਆਪਣਾ ਘਰ ਤੇ ਬੱਚੇ ਚਾਹੁੰਦੀ ਸੀ। ਪਰ ਮੈਂ ਆਪਣੀ ਸੋਚ ਬਦਲੀ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਕਿੰਨਾ ਜ਼ਰੂਰੀ ਹੈ। ਗਿਲਿਅਡ ਤੋਂ ਗ੍ਰੈਜੂਏਟ ਹੋਣ ਦੇ ਸਮੇਂ ਤਕ ਮੈਂ ਮਿਸ਼ਨਰੀ ਵਜੋਂ ਸੇਵਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਜਦੋਂ ਅਸੀਂ ਕਵੀਨ ਮੈਰੀ ਸਮੁੰਦਰੀ ਜਹਾਜ਼ ਵਿਚ ਜਾਣ ਲਈ ਤਿਆਰ ਸੀ, ਤਾਂ ਭਰਾ ਨੌਰ ਦੇ ਆਫ਼ਿਸ ਤੋਂ ਭਰਾ ਵਰਥ ਥੋਰਨਟੋਨ ਨੇ ਸਾਨੂੰ ਕਿਹਾ, ‘ਤੁਹਾਡਾ ਸਫ਼ਰ ਵਧੀਆ ਹੋਵੇ।’ ਉਸ ਨੇ ਸਾਨੂੰ ਦੱਸਿਆ ਕਿ ਅਸੀਂ ਬੈਥਲ ਵਿਚ ਸੇਵਾ ਕਰਾਂਗੇ। ਮੈਂ ਹਉਕਾ ਲੈ ਕੇ ਕਿਹਾ, ‘ਨਹੀਂ, ਇਹ ਨਹੀਂ ਹੋ ਸਕਦਾ।’ ਪਰ ਮੈਂ ਛੇਤੀ ਹੀ ਆਪਣੀ ਸੋਚ ਬਦਲੀ ਅਤੇ ਮੈਨੂੰ ਬੈਥਲ ਵਿਚ ਸੇਵਾ ਕਰਨੀ ਅਤੇ ਉੱਥੇ ਅਲੱਗ-ਅਲੱਗ ਕੰਮ ਕਰਨੇ ਵਧੀਆ ਲੱਗਣ ਲੱਗੇ। ਪਰ ਰਿਸੈਪਸ਼ਨਿਸਟ ਦਾ ਕੰਮ ਕਰ ਕੇ ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਆਇਆ। ਮੈਂ ਲੋਕਾਂ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਇਸ ਕੰਮ ਕਰਕੇ ਮੈਨੂੰ ਨਾਈਜੀਰੀਆ ਦੇ ਭੈਣਾਂ-ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ। ਬਹੁਤ ਸਾਰੇ ਭੈਣ-ਭਰਾ ਮਿੱਟੀ ਨਾਲ ਭਰੇ, ਥੱਕੇ-ਟੁੱਟੇ ਤੇ ਭੁੱਖੇ-ਪਿਆਸੇ ਬੈਥਲ ਪਹੁੰਚਦੇ ਸਨ। ਮੈਨੂੰ ਉਨ੍ਹਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਬਹੁਤ ਖ਼ੁਸ਼ੀ ਮਿਲਦੀ ਸੀ। ਇਹ ਯਹੋਵਾਹ ਦੀ ਪਵਿੱਤਰ ਭਗਤੀ ਦਾ ਹਿੱਸਾ ਸੀ ਜਿਸ ਕਰਕੇ ਮੈਨੂੰ ਸੰਤੁਸ਼ਟੀ ਤੇ ਖ਼ੁਸ਼ੀ ਮਿਲਦੀ ਸੀ।” ਜੀ ਹਾਂ, ਹਰ ਜ਼ਿੰਮੇਵਾਰੀ ਨੇ ਸਾਡੀ ਵਧਣ-ਫੁੱਲਣ ਵਿਚ ਮਦਦ ਕੀਤੀ।
1961 ਵਿਚ ਤ੍ਰਿਨੀਦਾਦ ਵਿਚ ਸਾਡਾ ਪਰਿਵਾਰ ਇਕੱਠਾ ਹੋਇਆ। ਭਰਾ ਬਰਾਊਨ ਨੇ ਅਫ਼ਰੀਕਾ ਵਿਚ ਹੋਏ ਆਪਣੇ ਵਧੀਆ ਤਜਰਬੇ ਦੱਸੇ। ਮੈਂ ਵੀ ਨਾਈਜੀਰੀਆ ਵਿਚ ਹੋਏ ਵਾਧੇ ਬਾਰੇ ਦੱਸਿਆ। ਭਰਾ ਬਰਾਊਨ ਨੇ ਪਿਆਰ ਨਾਲ ਮੈਨੂੰ ਜੱਫੀ ਪਾਈ ਤੇ ਪਿਤਾ ਜੀ ਨੂੰ ਕਿਹਾ: “ਜੌਨੀ, ਤੂੰ ਕਦੇ ਅਫ਼ਰੀਕਾ ਨਹੀਂ ਆਇਆ, ਪਰ ਵੁਡਵਰਥ ਆਇਆ।” ਜਵਾਬ ਵਿਚ ਪਿਤਾ ਨੇ ਕਿਹਾ: “ਵੁਡਵਰਥ ਬੇਟਾ, ਤੂੰ ਉੱਥੇ ਲੱਗਾ ਰਹਿ।” ਇੱਦਾਂ ਦੇ ਤਜਰਬੇਕਾਰ ਭਰਾਵਾਂ ਤੋਂ ਹੱਲਾਸ਼ੇਰੀ ਪਾ ਕੇ ਪ੍ਰਚਾਰ ਦਾ ਕੰਮ ਪੂਰਾ ਕਰਨ ਦੀ ਮੇਰੀ ਇੱਛਾ ਹੋਰ ਵਧੀ।
ਵਿਲਿਅਮ “ਬਾਈਬਲ” ਬਰਾਊਨ ਅਤੇ ਉਸ ਦੀ ਪਤਨੀ ਅਨਟੋਨੀਆ ਨੇ ਸਾਨੂੰ ਬਹੁਤ ਹੱਲਾਸ਼ੇਰੀ ਦਿੱਤੀ
1962 ਵਿਚ ਮੈਨੂੰ ਫਿਰ ਤੋਂ ਹੋਰ ਸਿਖਲਾਈ ਲੈਣ ਲਈ ਗਿਲਿਅਡ ਦੀ 37ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਇਹ ਸਿਖਲਾਈ 10 ਮਹੀਨਿਆਂ ਦੀ ਸੀ। ਨਾਈਜੀਰੀਆ ਦੇ ਬ੍ਰਾਂਚ ਓਵਰਸੀਅਰ ਭਰਾ ਵਿਲਫ੍ਰੈਡ ਗੂਚ ਨੂੰ 38ਵੀਂ ਕਲਾਸ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਇੰਗਲੈਂਡ ਭੇਜ ਦਿੱਤਾ ਗਿਆ। ਇਸ ਲਈ ਨਾਈਜੀਰੀਆ ਬ੍ਰਾਂਚ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ʼਤੇ ਆ ਗਈ। ਭਰਾ ਬਰਾਊਨ ਦੀ ਮਿਸਾਲ ਦੀ ਰੀਸ ਕਰਦਿਆਂ ਮੈਂ ਆਪਣੇ ਭੈਣਾਂ-ਭਰਾਵਾਂ ਨੂੰ ਜਾਣਨ ਤੇ ਉਨ੍ਹਾਂ ਨੂੰ ਦਿਲੋਂ ਪਿਆਰ ਕਰਨ ਲਈ ਨਾਈਜੀਰੀਆ ਵਿਚ ਬਹੁਤ ਸਫ਼ਰ ਕੀਤਾ। ਭਾਵੇਂ ਕਿ ਅਮੀਰ ਦੇਸ਼ਾਂ ਵਾਂਗ ਇਨ੍ਹਾਂ ਭੈਣਾਂ-ਭਰਾਵਾਂ ਕੋਲ ਬਹੁਤੀਆਂ ਚੀਜ਼ਾਂ ਨਹੀਂ ਸਨ, ਪਰ ਉਨ੍ਹਾਂ ਦੀ ਖ਼ੁਸ਼ੀ ਤੇ ਸੰਤੁਸ਼ਟੀ ਤੋਂ ਜ਼ਾਹਰ ਹੋਇਆ ਕਿ ਜ਼ਿੰਦਗੀ ਪੈਸੇ ਜਾਂ ਚੀਜ਼ਾਂ ʼਤੇ ਨਿਰਭਰ ਨਹੀਂ ਕਰਦੀ। ਉਨ੍ਹਾਂ ਦੇ ਹਾਲਾਤਾਂ ਬਾਰੇ ਸੋਚਦਿਆਂ ਅਸੀਂ ਇਕ ਵਧੀਆ ਗੱਲ ਦੇਖੀ ਕਿ ਉਹ ਸਭਾਵਾਂ ਵਿਚ ਹਮੇਸ਼ਾ ਸਾਫ਼-ਸੁਥਰੇ ਬਣ ਕੇ ਆਉਂਦੇ ਸਨ। ਬਹੁਤ ਸਾਰੇ ਭੈਣ-ਭਰਾ ਵੱਡੇ ਸੰਮੇਲਨਾਂ ਵਿਚ ਟਰੱਕਾਂ ਤੇ ਬੋਲੈਕਜਾਸa (ਬੱਸਾਂ ਜੋ ਆਲੇ-ਦੁਆਲੇ ਤੋਂ ਖੁੱਲ੍ਹੀਆਂ ਹੁੰਦੀਆਂ ਸਨ) ਵਿਚ ਆਉਂਦੇ ਸਨ। ਅਕਸਰ ਬੱਸਾਂ ʼਤੇ ਕੁਝ-ਨਾ-ਕੁਝ ਦਿਲਚਸਪ ਗੱਲ ਲਿਖੀ ਹੁੰਦੀ ਸੀ। ਇਕ ਸੀ, “ਬੂੰਦ-ਬੂੰਦ ਨਾਲ ਸਾਗਰ ਬਣਦਾ।”
ਇਹ ਗੱਲ ਕਿੰਨੀ ਹੀ ਸੱਚ ਹੈ! ਹਰ ਵਿਅਕਤੀ ਵੱਲੋਂ ਕੀਤੇ ਜਤਨਾਂ ਦਾ ਫ਼ਾਇਦਾ ਹੁੰਦਾ ਹੈ ਤੇ ਸਾਡੇ ਜਤਨਾਂ ਦਾ ਵੀ ਹੋਇਆ। 1974 ਤਕ ਨਾਈਜੀਰੀਆ ਵਿਚ ਅਮਰੀਕਾ ਤੋਂ ਇਲਾਵਾ ਪ੍ਰਚਾਰਕਾਂ ਦੀ ਗਿਣਤੀ 1,00,000 ਤਕ ਪਹੁੰਚ ਗਈ। ਕੰਮ ਕਿੰਨਾ ਵਧਿਆ-ਫੁੱਲਿਆ!
ਇਸ ਵਾਧੇ ਦੌਰਾਨ, ਨਾਈਜੀਰੀਆ ਵਿਚ 1967 ਤੋਂ 1970 ਤਕ ਘਰੇਲੂ ਯੁੱਧ ਚੱਲ ਰਿਹਾ ਸੀ। ਕਈ ਮਹੀਨਿਆਂ ਤਕ ਨਾਈਜੀਰ ਨਦੀ ਦੇ ਪਾਰ ਯਾਨੀ ਬੀਆਫ੍ਰਾ ਇਲਾਕੇ ਦੇ ਭੈਣ-ਭਰਾ ਬ੍ਰਾਂਚ ਆਫ਼ਿਸ ਨਾਲ ਸੰਪਰਕ ਨਹੀਂ ਕਰ ਸਕੇ। ਉਨ੍ਹਾਂ ਤਕ ਪ੍ਰਕਾਸ਼ਨ ਪਹੁੰਚਾਉਣੇ ਅਤੇ ਉਨ੍ਹਾਂ ਨੂੰ ਹਿਦਾਇਤਾਂ ਦੇਣੀਆਂ ਸਾਡੀ ਜ਼ਿੰਮੇਵਾਰੀ ਸੀ। ਜਿੱਦਾਂ ਸ਼ੁਰੂ ਵਿਚ ਮੈਂ ਦੱਸਿਆ ਸੀ ਕਿ ਯਹੋਵਾਹ ਨੂੰ ਪ੍ਰਾਰਥਨਾ ਕਰਨ ਅਤੇ ਉਸ ʼਤੇ ਭਰੋਸਾ ਕਰਨ ਨਾਲ ਅਸੀਂ ਕਈ ਵਾਰ ਨਦੀ ਪਾਰ ਕੀਤੀ।
ਮੈਨੂੰ ਨਾਈਜੀਰ ਨਦੀ ਪਾਰ ਕਰਨ ਦੇ ਖ਼ਤਰਿਆਂ ਬਾਰੇ ਚੰਗੀ ਤਰ੍ਹਾਂ ਯਾਦ ਹੈ, ਜਿਵੇਂ ਫ਼ੌਜੀ ਜੋ ਬਿਨਾਂ ਵਜ੍ਹਾ ਗੋਲੀ ਚਲਾ ਦਿੰਦੇ ਸਨ, ਬੀਮਾਰੀਆਂ ਅਤੇ ਹੋਰ ਖ਼ਤਰੇ। ਸਰਕਾਰੀ ਫ਼ੌਜੀਆਂ ਤੋਂ ਲੰਘਣਾ ਪਹਿਲਾਂ ਹੀ ਬਹੁਤ ਔਖਾ ਸੀ, ਪਰ ਨਦੀ ਦੇ ਦੂਜੇ ਪਾਸੇ ਬਾਗ਼ੀਆਂ ਦੇ ਨਾਕਿਆਂ ਤੋਂ ਲੰਘਣਾ ਹੋਰ ਵੀ ਜ਼ਿਆਦਾ ਖ਼ਤਰਨਾਕ ਸੀ। ਇਕ ਵਾਰ ਮੈਂ ਰਾਤ ਨੂੰ ਤੇਜ਼ ਵਹਿ ਰਹੀ ਨਦੀ ਨੂੰ ਕਿਸ਼ਤੀ ਵਿਚ ਪਾਰ ਕੀਤਾ। ਮੈਂ ਆਸਾਬਾ ਤੋਂ ਓਨਿਟਸ਼ਾ ਗਿਆ ਅਤੇ ਫਿਰ ਮੈਂ ਬਜ਼ੁਰਗਾਂ ਨੂੰ ਹੌਸਲਾ ਦੇਣ ਲਈ ਐਨੂਗੂ ਸ਼ਹਿਰ ਗਿਆ। ਯੁੱਧ ਕਰਕੇ ਇਕ ਵਾਰ ਆਬਾ ਸ਼ਹਿਰ ਵਿਚ ਬੱਤੀਆਂ ਜਗਾਉਣ ਤੋਂ ਮਨ੍ਹਾ ਕੀਤਾ ਗਿਆ ਅਤੇ ਮੈਂ ਉੱਥੇ ਦੇ ਬਜ਼ੁਰਗਾਂ ਨੂੰ ਹਿੰਮਤ ਦੇਣ ਗਿਆ। ਜਦੋਂ ਇਕ ਵਾਰ ਪੋਰਟ ਹਾਰਕੋਰਟ ਵਿਚ ਸਾਡੀ ਸਭਾ ਚੱਲਦੀ ਸੀ, ਤਾਂ ਸਰਕਾਰੀ ਫ਼ੌਜੀ ਬੀਆਫ੍ਰਾ ਇਲਾਕੇ ਰਾਹੀਂ ਕਸਬੇ ਵਿਚ ਪਹੁੰਚ ਗਏ। ਇਸ ਕਰਕੇ ਅਸੀਂ ਛੇਤੀ ਨਾਲ ਪ੍ਰਾਰਥਨਾ ਕਰ ਕੇ ਸਭਾ ਖ਼ਤਮ ਕੀਤੀ।
ਇਹ ਸਭਾਵਾਂ ਸਾਡੇ ਭੈਣਾਂ-ਭਰਾਵਾਂ ਨੂੰ ਇਹ ਯਕੀਨ ਦਿਵਾਉਣ ਲਈ ਜ਼ਰੂਰੀ ਸਨ ਕਿ ਯਹੋਵਾਹ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ। ਨਾਲੇ ਅਸੀਂ ਉਨ੍ਹਾਂ ਨੂੰ ਨਿਰਪੱਖ ਰਹਿਣ ਤੇ ਏਕਤਾ ਬਣਾਈ ਰੱਖਣ ਲਈ ਲੋੜੀਂਦੀ ਸਲਾਹ ਵੀ ਦੇ ਸਕੇ। ਨਾਈਜੀਰੀਆ ਦੇ ਭੈਣਾਂ-ਭਰਾਵਾਂ ਨੇ ਇਸ ਯੁੱਧ ਦੌਰਾਨ ਧੀਰਜ ਬਣਾਈ ਰੱਖਿਆ। ਉਨ੍ਹਾਂ ਦਾ ਪਿਆਰ ਕਿਸੇ ਵੀ ਕੌਮੀ ਨਫ਼ਰਤ ਨਾਲੋਂ ਕਿਤੇ ਜ਼ਿਆਦਾ ਸੀ ਅਤੇ ਉਨ੍ਹਾਂ ਨੇ ਮਸੀਹੀ ਏਕਤਾ ਬਣਾਈ ਰੱਖੀ। ਇਸ ਮੁਸ਼ਕਲ ਸਮੇਂ ਵਿਚ ਉਨ੍ਹਾਂ ਦਾ ਸਾਥ ਦੇਣਾ ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਸੀ!
1969 ਵਿਚ ਨਿਊਯਾਰਕ ਦੇ ਯੈਂਕੀ ਸਟੇਡੀਅਮ ਵਿਚ ਹੋਇਆ “ਧਰਤੀ ਉੱਤੇ ਸ਼ਾਂਤੀ” ਨਾਮਕ ਅੰਤਰ-ਰਾਸ਼ਟਰੀ ਸੰਮੇਲਨ ਦੇ ਚੇਅਰਮੈਨ ਭਰਾ ਮਿਲਟਨ ਜੀ. ਹੈੱਨਸ਼ਲ ਸਨ। ਮੈਂ ਉਨ੍ਹਾਂ ਦਾ ਮਦਦਗਾਰ ਸੀ ਤੇ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਮੈਨੂੰ ਇਹ ਸਿਖਲਾਈ ਸਹੀ ਸਮੇਂ ʼਤੇ ਮਿਲੀ ਕਿਉਂਕਿ 1970 ਵਿਚ ਨਾਈਜੀਰੀਆ ਦੇ ਲੇਗੋਸ ਸ਼ਹਿਰ ਵਿਚ “ਜਿਨ੍ਹਾਂ ਲੋਕਾਂ ਤੋਂ ਉਹ ਖ਼ੁਸ਼ ਹੈ” ਨਾਂ ਦਾ ਅੰਤਰ-ਰਾਸ਼ਟਰੀ ਸੰਮੇਲਨ ਹੋਇਆ। ਇਹ ਘਰੇਲੂ ਯੁੱਧ ਤੋਂ ਛੇਤੀ ਬਾਅਦ ਹੋਇਆ ਸੀ ਤੇ ਇਹ ਸੰਮੇਲਨ ਸਿਰਫ਼ ਯਹੋਵਾਹ ਦੀ ਮਿਹਰ ਨਾਲ ਹੀ ਸਫ਼ਲ ਹੋਇਆ ਸੀ। ਇਸ ਸੰਮੇਲਨ ਨੇ ਸਾਰੇ ਰਿਕਾਰਡ ਤੋੜੇ ਕਿਉਂਕਿ ਇਹ 17 ਭਾਸ਼ਾਵਾਂ ਵਿਚ ਹੋਇਆ ਸੀ ਅਤੇ 1,21,128 ਜਣੇ ਹਾਜ਼ਰ ਹੋਏ। ਭਰਾ ਨੌਰ, ਭਰਾ ਹੈੱਨਸ਼ਲ ਤੇ ਹੋਰ ਭੈਣ-ਭਰਾ ਕਿਰਾਏ ʼਤੇ ਲਏ ਜਹਾਜ਼ਾਂ ਵਿਚ ਅਮਰੀਕਾ ਤੇ ਇੰਗਲੈਂਡ ਤੋਂ ਆਏ ਸਨ। ਉਨ੍ਹਾਂ ਨੇ 3,775 ਨਵੇਂ ਚੇਲਿਆਂ ਨੂੰ ਬਪਤਿਸਮਾ ਲੈਂਦੇ ਦੇਖਿਆ! ਪੰਤੇਕੁਸਤ ਦੇ ਦਿਨ ਤੋਂ ਉਦੋਂ ਤਕ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੇ ਬਪਤਿਸਮਾ ਲਿਆ। ਇਸ ਸੰਮੇਲਨ ਦੀ ਤਿਆਰੀ ਕਰਨੀ ਮੇਰੀ ਜ਼ਿੰਦਗੀ ਦਾ ਸਭ ਤੋਂ ਬਿਜ਼ੀ ਸਮਾਂ ਸੀ। ਇੱਥੇ ਪ੍ਰਚਾਰਕਾਂ ਦੀ ਗਿਣਤੀ ਵਿਚ ਇਕਦਮ ਵਾਧਾ ਹੋ ਗਿਆ ਸੀ!
“ਜਿਨ੍ਹਾਂ ਲੋਕਾਂ ਤੋਂ ਉਹ ਖ਼ੁਸ਼ ਹੈ” ਨਾਂ ਦੇ ਅੰਤਰ-ਰਾਸ਼ਟਰੀ ਸੰਮੇਲਨ ਵਿਚ 1,21,128 ਲੋਕ ਹਾਜ਼ਰ ਹੋਏ ਜਿਹੜੇ 17 ਅਲੱਗ-ਅਲੱਗ ਭਾਸ਼ਾਵਾਂ ਬੋਲਦੇ ਸਨ। ਈਬੋ ਭਾਸ਼ਾ ਦੇ ਲੋਕ ਵੀ ਆਏ ਸਨ
ਨਾਈਜੀਰੀਆ ਵਿਚ 30 ਤੋਂ ਜ਼ਿਆਦਾ ਸਾਲਾਂ ਦੀ ਸੇਵਾ ਦੌਰਾਨ ਮੈਂ ਪੱਛਮੀ ਅਫ਼ਰੀਕਾ ਵਿਚ ਕਈ ਵਾਰ ਸਫ਼ਰੀ ਨਿਗਾਹਬਾਨ ਤੇ ਜ਼ੋਨ ਓਵਰਸੀਅਰ ਵਜੋਂ ਸੇਵਾ ਕੀਤੀ। ਸਾਰੇ ਮਿਸ਼ਨਰੀਆਂ ਨੇ ਇਸ ਗੱਲ ਦੀ ਬਹੁਤ ਕਦਰ ਕੀਤੀ ਕਿ ਅਸੀਂ ਉਨ੍ਹਾਂ ਨੂੰ ਮਿਲ ਕੇ ਹੌਸਲਾ ਦਿੱਤਾ। ਉਨ੍ਹਾਂ ਨੂੰ ਇਹ ਭਰੋਸਾ ਦਿਵਾ ਕੇ ਕਿੰਨੀ ਖ਼ੁਸ਼ੀ ਮਿਲਦੀ ਸੀ ਕਿ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਰਿਹਾ! ਇਸ ਕੰਮ ਤੋਂ ਮੈਂ ਸਿੱਖਿਆ ਕਿ ਭੈਣਾਂ-ਭਰਾਵਾਂ ਵਿਚ ਦਿਲੋਂ ਦਿਲਚਸਪੀ ਲੈਣ ਦੀ ਲੋੜ ਹੈ ਤਾਂਕਿ ਉਹ ਯਹੋਵਾਹ ਦੀ ਸੇਵਾ ਵਿਚ ਵਧ-ਫੁੱਲ ਸਕਣ ਅਤੇ ਯਹੋਵਾਹ ਦੇ ਸੰਗਠਨ ਵਿਚ ਏਕਤਾ ਬਣਾਈ ਰੱਖ ਸਕਣ।
ਸਿਰਫ਼ ਯਹੋਵਾਹ ਦੀ ਮਦਦ ਨਾਲ ਅਸੀਂ ਘਰੇਲੂ ਯੁੱਧ ਤੇ ਬੀਮਾਰੀ ਕਰਕੇ ਆਈਆਂ ਮੁਸ਼ਕਲਾਂ ਨੂੰ ਸਹਿ ਸਕੇ। ਅਸੀਂ ਹਮੇਸ਼ਾ ਯਹੋਵਾਹ ਦੀ ਬਰਕਤ ਨੂੰ ਦੇਖ ਸਕਦੇ ਸੀ। ਓਰਿਸ ਨੇ ਕਿਹਾ:
“ਸਾਨੂੰ ਦੋਵਾਂ ਨੂੰ ਕਈ ਵਾਰ ਮਲੇਰੀਆ ਹੋਇਆ। ਇਕ ਵਾਰ ਵੁਡਵਰਥ ਬੇਹੋਸ਼ ਹੋ ਗਿਆ ਅਤੇ ਉਸ ਨੂੰ ਲੇਗੋਸ ਵਿਚ ਹਸਪਤਾਲ ਲਿਜਾਇਆ ਗਿਆ। ਮੈਨੂੰ ਦੱਸਿਆ ਗਿਆ ਕਿ ਉਹ ਸ਼ਾਇਦ ਨਾ ਬਚੇ, ਪਰ ਸ਼ੁਕਰ ਹੈ ਕਿ ਉਹ ਬਚ ਗਏ। ਜਦੋਂ ਉਸ ਨੂੰ ਹੋਸ਼ ਆਈ, ਤਾਂ ਉਸ ਨੇ ਆਪਣੀ ਦੇਖ-ਭਾਲ ਕਰਨ ਵਾਲੇ ਆਦਮੀ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ। ਬਾਅਦ ਵਿਚ ਮੈਂ ਤੇ ਵੁਡਵਰਥ ਉਸ ਆਦਮੀ ਦੀ ਬਾਈਬਲ ਵਿਚ ਦਿਲਚਸਪੀ ਵਧਾਉਣ ਗਏ। ਉਸ ਦਾ ਨਾਂ ਨਵਾਮਬੀਵੇ ਸੀ। ਉਸ ਨੇ ਸੱਚਾਈ ਸਵੀਕਾਰ ਕੀਤੀ ਤੇ ਬਾਅਦ ਵਿਚ ਉਹ ਆਬਾ ਦੀ ਮੰਡਲੀ ਵਿਚ ਬਜ਼ੁਰਗ ਬਣ ਗਿਆ। ਮੈਂ ਵੀ ਕਈ ਜਣਿਆਂ ਦੀ ਯਹੋਵਾਹ ਦੇ ਸੇਵਕ ਬਣਨ ਵਿਚ ਮਦਦ ਕੀਤੀ। ਇਨ੍ਹਾਂ ਵਿੱਚੋਂ ਕਈ ਕੱਟੜ ਮੁਸਲਿਮ ਵੀ ਸਨ। ਪਰ ਨਾਈਜੀਰੀਆ ਦੇ ਲੋਕਾਂ ਨੂੰ, ਉਨ੍ਹਾਂ ਦੇ ਸਭਿਆਚਾਰ ਨੂੰ, ਉਨ੍ਹਾਂ ਦੇ ਰੀਤੀ-ਰਿਵਾਜਾਂ ਤੇ ਉਨ੍ਹਾਂ ਦੀ ਭਾਸ਼ਾ ਜਾਣ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੀ। ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਨ ਲੱਗ ਪਏ।”
ਅਸੀਂ ਇਕ ਹੋਰ ਸਬਕ ਸਿੱਖਿਆ। ਹੋਰ ਦੇਸ਼ ਵਿਚ ਸੇਵਾ ਕਰਨ ਲਈ ਸਫ਼ਲ ਹੋਣ ਵਾਸਤੇ ਸਾਨੂੰ ਸਿੱਖਣ ਦੀ ਲੋੜ ਸੀ ਕਿ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰੀਏ ਚਾਹੇ ਉਨ੍ਹਾਂ ਦਾ ਸਭਿਆਚਾਰ ਸਾਡੇ ਸਭਿਆਚਾਰ ਤੋਂ ਕਿੰਨਾ ਹੀ ਵੱਖਰਾ ਕਿਉਂ ਨਾ ਹੋਵੇ।
ਨਵੀਆਂ ਜ਼ਿੰਮੇਵਾਰੀਆਂ
ਨਾਈਜੀਰੀਆ ਦੇ ਬੈਥਲ ਵਿਚ ਸੇਵਾ ਕਰਨ ਤੋਂ ਬਾਅਦ 1987 ਵਿਚ ਸਾਨੂੰ ਕੈਰੀਬੀਅਨ ਦੇ ਸੇਂਟ ਲੂਸ਼ਾ ਦੇ ਸੋਹਣੇ ਟਾਪੂ ਵਿਚ ਮਿਸ਼ਨਰੀਆਂ ਵਜੋਂ ਭੇਜਿਆ ਗਿਆ। ਉੱਥੇ ਜਾ ਕੇ ਸਾਨੂੰ ਬਹੁਤ ਚੰਗਾ ਲੱਗਾ, ਪਰ ਸਾਨੂੰ ਨਵੀਆਂ ਚੁਣੌਤੀਆਂ ਵੀ ਆਈਆਂ। ਮਿਸਾਲ ਲਈ, ਅਫ਼ਰੀਕਾ ਵਿਚ ਆਦਮੀ ਬਹੁਤ ਸਾਰੀਆਂ ਪਤਨੀਆਂ ਰੱਖਦੇ ਸਨ, ਪਰ ਸੇਂਟ ਲੂਸ਼ਾ ਵਿਚ ਜੋੜੇ ਕਾਨੂੰਨੀ ਤੌਰ ʼਤੇ ਵਿਆਹ ਕੀਤੇ ਬਿਨਾਂ ਹੀ ਇਕੱਠੇ ਰਹਿੰਦੇ ਸਨ। ਪਰਮੇਸ਼ੁਰ ਦੇ ਸ਼ਕਤੀਸ਼ਾਲੀ ਬਚਨ ਨੇ ਬਹੁਤ ਸਾਰੇ ਬਾਈਬਲ ਵਿਦਿਆਰਥੀਆਂ ਦੀ ਲੋੜੀਂਦੀਆਂ ਤਬਦੀਲੀਆਂ ਕਰਨ ਵਿਚ ਮਦਦ ਕੀਤੀ।
ਅਸੀਂ 68 ਸਾਲ ਇਕੱਠੇ ਸੀ ਤੇ ਮੈਂ ਓਰਿਸ ਨੂੰ ਬਹੁਤ ਪਿਆਰ ਕਰਦਾ ਸੀ
2005 ਵਿਚ ਪ੍ਰਬੰਧਕ ਸਭਾ ਨੇ ਸਾਡੀ ਵਧਦੀ ਉਮਰ ਕਰਕੇ ਸਾਨੂੰ ਬਰੁਕਲਿਨ, ਨਿਊਯਾਰਕ, ਅਮਰੀਕਾ ਦੇ ਮੁੱਖ ਦਫ਼ਤਰ ਵਿਚ ਭੇਜ ਦਿੱਤਾ। ਮੈਂ ਹਰ ਰੋਜ਼ ਯਹੋਵਾਹ ਦਾ ਓਰਿਸ ਲਈ ਧੰਨਵਾਦ ਕਰਦਾ ਹਾਂ। 2015 ਵਿਚ ਉਹ ਮੌਤ ਦੇ ਹੱਥੋਂ ਹਾਰ ਗਈ ਅਤੇ ਇਸ ਕਮੀ ਨੂੰ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਉਹ ਸਭ ਤੋਂ ਵਧੀਆ ਸਾਥਣ ਤੇ ਪਿਆਰੀ ਪਤਨੀ ਸੀ। 68 ਸਾਲਾਂ ਦੇ ਵਿਆਹੁਤਾ ਬੰਧਨ ਦੌਰਾਨ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ। ਅਸੀਂ ਜਾਣਿਆ ਕਿ ਵਿਆਹੁਤਾ ਬੰਧਨ ਤੇ ਮੰਡਲੀ ਵਿਚ ਖ਼ੁਸ਼ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰੀਏ, ਦਿਲੋਂ ਮਾਫ਼ ਕਰੀਏ, ਨਿਮਰਤਾ ਬਣਾਈ ਰੱਖੀਏ ਅਤੇ ਪਵਿੱਤਰ ਸ਼ਕਤੀ ਦਾ ਫਲ ਦਿਖਾਉਂਦੇ ਰਹੀਏ।
ਨਿਰਾਸ਼ਾ ਦੇ ਸਮੇਂ ਅਸੀਂ ਯਹੋਵਾਹ ʼਤੇ ਭਰੋਸਾ ਰੱਖਦੇ ਸੀ ਕਿ ਉਹ ਸੇਵਾ ਕਰਦੇ ਰਹਿਣ ਵਿਚ ਸਾਡੀ ਮਦਦ ਕਰੇ ਅਤੇ ਸਾਡੀਆਂ ਕੁਰਬਾਨੀਆਂ ਨੂੰ ਬੇਕਾਰ ਨਾ ਜਾਣ ਦੇਵੇ। ਅਸੀਂ ਆਪਣੀ ਸੋਚਣੀ ਨੂੰ ਹਮੇਸ਼ਾ ਸੁਧਾਰਦੇ ਗਏ ਜਿਸ ਕਰਕੇ ਅਸੀਂ ਦੇਖਿਆ ਕਿ ਹਰ ਵਾਰੀ ਸਾਰੀਆਂ ਚੀਜ਼ਾਂ ਅੱਗੇ ਨਾਲੋਂ ਵਧੀਆ ਹੁੰਦੀਆਂ ਗਈਆਂ ਅਤੇ ਸਭ ਤੋਂ ਵਧੀਆ ਅਜੇ ਆਉਣਾ ਹੈ।—ਯਸਾ. 60:17; 2 ਕੁਰਿੰ. 13:11.
ਤ੍ਰਿਨੀਦਾਦ ਤੇ ਟੋਬੇਗੋ ਵਿਚ ਯਹੋਵਾਹ ਨੇ ਮੇਰੇ ਮਾਪਿਆਂ ਤੇ ਹੋਰ ਭੈਣਾਂ-ਭਰਾਵਾਂ ਦੇ ਕੰਮ ʼਤੇ ਬਰਕਤ ਪਾਈ। ਹਾਲ ਹੀ ਦੀ ਰਿਪੋਰਟ ਮੁਤਾਬਕ ਉੱਥੇ 9,892 ਲੋਕ ਸੱਚੀ ਭਗਤੀ ਕਰਦੇ ਹਨ। ਅਰੂਬਾ ਵਿਚ ਪਹਿਲੀ ਮੰਡਲੀ ਨੂੰ ਮਜ਼ਬੂਤ ਕਰਨ ਵਿਚ ਬਹੁਤ ਸਾਰਿਆਂ ਨੇ ਮਿਹਨਤ ਕੀਤੀ। ਅੱਜ ਉਸ ਟਾਪੂ ʼਤੇ 14 ਮੰਡਲੀਆਂ ਹਨ ਜੋ ਵਧ-ਫੁੱਲ ਰਹੀਆਂ ਹਨ। ਨਾਈਜੀਰੀਆ ਵਿਚ ਕੁਝ ਕੁ ਪ੍ਰਚਾਰਕ ਵਧ ਕੇ ਇਕ ਵੱਡੀ ਭੀੜ ਬਣ ਗਈ ਹੈ। ਉਨ੍ਹਾਂ ਦੀ ਗਿਣਤੀ 3,81,398 ਹੋ ਗਈ ਹੈ। ਨਾਲੇ ਸੇਂਟ ਲੂਸ਼ਾ ਵਿਚ 783 ਜਣੇ ਯਹੋਵਾਹ ਦੇ ਰਾਜ ਦਾ ਪ੍ਰਚਾਰ ਕਰ ਰਹੇ ਹਨ।
ਹੁਣ ਮੇਰੀ ਉਮਰ 90 ਤੋਂ ਉੱਪਰ ਹੈ। ਜ਼ਬੂਰ 92:14 ਵਿਚ ਉਨ੍ਹਾਂ ਬਾਰੇ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਯਹੋਵਾਹ ਦੇ ਘਰ ਵਿਚ ਪੌਦਿਆਂ ਵਾਂਗ ਲਾਇਆ ਗਿਆ ਹੈ: “ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ, ਓਹ ਹਰੇ ਤੇ ਰਸ ਭਰੇ ਰਹਿਣਗੇ।” ਮੈਂ ਆਪਣੀ ਜ਼ਿੰਦਗੀ ਲਈ ਸ਼ੁਕਰਗੁਜ਼ਾਰ ਹਾਂ ਜੋ ਮੈਂ ਯਹੋਵਾਹ ਦੀ ਸੇਵਾ ਕਰਨ ਵਿਚ ਲਾਈ। ਅਨਮੋਲ ਵਿਰਾਸਤ ਮਿਲਣ ਕਰਕੇ ਮੈਨੂੰ ਯਹੋਵਾਹ ਦੀ ਦਿਲੋਂ ਸੇਵਾ ਕਰਨ ਦੀ ਹੱਲਾਸ਼ੇਰੀ ਮਿਲੀ। ਯਹੋਵਾਹ ਨੇ ਆਪਣੇ ਅਟੱਲ ਪਿਆਰ ਕਰਕੇ ਮੈਨੂੰ ਆਪਣੀਆਂ ‘ਦਰਗਾਹਾਂ ਵਿੱਚ ਲਹਿ ਲਹਾਉਣ’ ਦਾ ਮੌਕਾ ਦਿੱਤਾ।—ਜ਼ਬੂ. 92:13.
a 8 ਮਾਰਚ 1972 ਦੇ ਜਾਗਰੂਕ ਬਣੋ! ਦੇ ਸਫ਼ੇ 24-26 ਦੇਖੋ।