ਅਧਿਐਨ ਲੇਖ 23
‘ਧਿਆਨ ਰੱਖੋ ਕਿ ਕੋਈ ਤੁਹਾਨੂੰ ਫਸਾ ਨਾ ਲਵੇ’
“ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਵਿਚ ਫਸਾ ਨਾ ਲਵੇ।”—ਕੁਲੁ. 2:8.
ਗੀਤ 37 ਪਰਮੇਸ਼ੁਰ ਦਾ ਬਚਨ
ਖ਼ਾਸ ਗੱਲਾਂa
1. ਕੁਲੁੱਸੀਆਂ 2:4, 8 ਮੁਤਾਬਕ ਸ਼ੈਤਾਨ ਸਾਡੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਿਵੇਂ ਕਰਦਾ ਹੈ?
ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਨੋਂ ਹਟ ਜਾਈਏ। ਆਪਣਾ ਮਕਸਦ ਪੂਰਾ ਕਰਨ ਲਈ ਉਹ ਸਾਡੀ ਸੋਚ ਇੱਦਾਂ ਦੀ ਬਣਾਉਂਦਾ ਹੈ ਜਿੱਦਾਂ ਉਹ ਚਾਹੁੰਦਾ ਹੈ। ਜਿਹੜੀਆਂ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ ਹਨ, ਉਨ੍ਹਾਂ ਨੂੰ ਵਰਤ ਕੇ ਉਹ ਸਾਨੂੰ ਆਪਣੇ ਮਗਰ ਲਾਉਣ ਜਾਂ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ।—ਕੁਲੁੱਸੀਆਂ 2:4, 8 ਪੜ੍ਹੋ।
2-3. (ੳ) ਕੁਲੁੱਸੀਆਂ 2:8 ਵਿਚ ਦਿੱਤੀ ਚੇਤਾਵਨੀ ਵੱਲ ਸਾਨੂੰ ਕਿਉਂ ਧਿਆਨ ਦੇਣਾ ਚਾਹੀਦਾ ਹੈ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?
2 ਕੀ ਸ਼ੈਤਾਨ ਸਾਨੂੰ ਵੀ ਗੁਮਰਾਹ ਕਰ ਸਕਦਾ ਹੈ? ਬਿਲਕੁਲ। ਯਾਦ ਰੱਖੋ ਕਿ ਕੁਲੁੱਸੀਆਂ 2:8 ਵਿਚ ਦਰਜ ਚੇਤਾਵਨੀ ਪੌਲੁਸ ਨੇ ਅਵਿਸ਼ਵਾਸੀ ਲੋਕਾਂ ਨੂੰ ਨਹੀਂ, ਸਗੋਂ ਪਵਿੱਤਰ ਸ਼ਕਤੀ ਨਾਲ ਚੁਣੇ ਮਸੀਹੀਆਂ ਨੂੰ ਦਿੱਤੀ ਸੀ। (ਕੁਲੁ. 1:2, 5) ਉਸ ਸਮੇਂ ਦੇ ਮਸੀਹੀਆਂ ਨੂੰ ਗੁਮਰਾਹ ਕੀਤੇ ਜਾਣ ਦਾ ਖ਼ਤਰਾ ਸੀ ਅਤੇ ਅੱਜ ਸਾਨੂੰ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਇਹ ਖ਼ਤਰਾ ਹੈ। (1 ਕੁਰਿੰ. 10:12) ਕਿਉਂ? ਕਿਉਂਕਿ ਸ਼ੈਤਾਨ ਨੂੰ ਧਰਤੀ ʼਤੇ ਸੁੱਟਿਆ ਗਿਆ ਹੈ ਅਤੇ ਉਹ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਗੁਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। (ਪ੍ਰਕਾ. 12:9, 12, 17) ਨਾਲੇ ਅਸੀਂ ਅਜਿਹੇ ਸਮੇਂ ਵਿਚ ਰਹਿ ਰਹੇ ਹਾਂ ਜਦੋਂ ਦੁਸ਼ਟ ਅਤੇ ਫ਼ਰੇਬੀ ਇਨਸਾਨ “ਬੁਰੇ ਤੋਂ ਬੁਰੇ ਹੁੰਦੇ” ਜਾ ਰਹੇ ਹਨ।—2 ਤਿਮੋ. 3:1, 13.
3 ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਸ਼ੈਤਾਨ “ਖੋਖਲੀਆਂ ਗੱਲਾਂ” ਨਾਲ ਸਾਡੀ ਸੋਚ ਨੂੰ ਬਦਲਣ ਦੀ ਕਿਵੇਂ ਕੋਸ਼ਿਸ਼ ਕਰਦਾ ਹੈ। ਅਸੀਂ ਉਸ ਦੀਆਂ ਤਿੰਨ “ਚਾਲਾਂ” ਬਾਰੇ ਜਾਣਾਂਗੇ। (ਅਫ਼. 6:11) ਫਿਰ ਅਗਲੇ ਲੇਖ ਵਿਚ ਅਸੀਂ ਇਸ ਗੱਲ ʼਤੇ ਗੌਰ ਕਰਾਂਗੇ ਕਿ ਜੇ ਸ਼ੈਤਾਨ ਦੀਆਂ ਚਾਲਾਂ ਦਾ ਅਸਰ ਸਾਡੀ ਸੋਚ ʼਤੇ ਪਿਆ ਹੈ, ਤਾਂ ਅਸੀਂ ਉਸ ਨੂੰ ਕਿਵੇਂ ਦੂਰ ਕਰ ਸਕਦੇ ਹਾਂ। ਪਰ ਆਓ ਆਪਾਂ ਪਹਿਲਾਂ ਇਸ ਗੱਲ ʼਤੇ ਗੌਰ ਕਰੀਏ ਕਿ ਇਜ਼ਰਾਈਲੀਆਂ ਦੇ ਵਾਅਦਾ ਕੀਤੇ ਦੇਸ਼ ਵਿਚ ਜਾਣ ਤੋਂ ਬਾਅਦ ਸ਼ੈਤਾਨ ਨੇ ਉਨ੍ਹਾਂ ਨੂੰ ਕਿਵੇਂ ਗੁਮਰਾਹ ਕੀਤਾ ਅਤੇ ਅਸੀਂ ਇਸ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ।
ਮੂਰਤੀ-ਪੂਜਾ ਕਰਨ ਲਈ ਭਰਮਾਇਆ
4-6. ਬਿਵਸਥਾ ਸਾਰ 11:10-15 ਅਨੁਸਾਰ ਵਾਅਦਾ ਕੀਤੇ ਦੇਸ਼ ਵਿਚ ਇਜ਼ਰਾਈਲੀਆਂ ਨੂੰ ਖੇਤੀ-ਬਾੜੀ ਕਰਨ ਦੇ ਕਿਹੜੇ ਨਵੇਂ ਤਰੀਕੇ ਸਿੱਖਣੇ ਪੈਣੇ ਸਨ?
4 ਸ਼ੈਤਾਨ ਨੇ ਬੜੀ ਚਲਾਕੀ ਨਾਲ ਇਜ਼ਰਾਈਲੀਆਂ ਨੂੰ ਮੂਰਤੀ-ਪੂਜਾ ਕਰਨ ਲਈ ਭਰਮਾਇਆ। ਉਸ ਨੇ ਉਨ੍ਹਾਂ ਨੂੰ ਕਿਵੇਂ ਭਰਮਾਇਆ? ਉਹ ਜਾਣਦਾ ਸੀ ਕਿ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਜ਼ਰੂਰਤ ਸੀ। ਇਸ ਲਈ ਉਸ ਨੇ ਇਸ ਗੱਲ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਤੋਂ ਆਪਣੀ ਮਰਜ਼ੀ ਮੁਤਾਬਕ ਕੰਮ ਕਰਵਾਏ। ਜਦੋਂ ਇਜ਼ਰਾਈਲੀ ਵਾਅਦਾ ਕੀਤੇ ਦੇਸ਼ ਪਹੁੰਚੇ, ਤਾਂ ਉਨ੍ਹਾਂ ਨੂੰ ਖੇਤੀ-ਬਾੜੀ ਦੇ ਆਪਣੇ ਤਰੀਕੇ ਬਦਲਣੇ ਪੈਣੇ ਸਨ। ਮਿਸਰ ਵਿਚ ਖੇਤੀ-ਬਾੜੀ ਕਰਨ ਲਈ ਇਜ਼ਰਾਈਲੀ ਨੀਲ ਦਰਿਆ ਦਾ ਪਾਣੀ ਵਰਤਦੇ ਸਨ। ਪਰ ਵਾਅਦਾ ਕੀਤੇ ਦੇਸ਼ ਵਿਚ ਕੋਈ ਵੱਡੀ ਨਦੀ ਨਹੀਂ ਸੀ। ਇਸ ਲਈ ਫ਼ਸਲਾਂ ਉਗਾਉਣ ਵਾਸਤੇ ਉਨ੍ਹਾਂ ਨੂੰ ਮੀਂਹ ਦੇ ਪਾਣੀ ਦੇ ਨਾਲ-ਨਾਲ ਤ੍ਰੇਲ ਦੀ ਲੋੜ ਸੀ। (ਬਿਵਸਥਾ ਸਾਰ 11:10-15 ਪੜ੍ਹੋ; ਯਸਾ. 18:4, 5) ਇਸ ਲਈ ਇਜ਼ਰਾਈਲੀਆਂ ਨੂੰ ਖੇਤੀ-ਬਾੜੀ ਦੇ ਨਵੇਂ ਤਰੀਕੇ ਸਿੱਖਣੇ ਪੈਣੇ ਸਨ। ਇਜ਼ਰਾਈਲੀਆਂ ਲਈ ਇਹ ਤਰੀਕੇ ਸਿੱਖਣੇ ਸੌਖੇ ਨਹੀਂ ਸਨ ਕਿਉਂਕਿ ਖੇਤੀ-ਬਾੜੀ ਦਾ ਤਜਰਬਾ ਰੱਖਣ ਵਾਲੇ ਜ਼ਿਆਦਾਤਰ ਲੋਕ ਉਜਾੜ ਵਿਚ ਮਰ ਗਏ ਸਨ।
ਸ਼ੈਤਾਨ ਨੇ ਖੇਤੀ-ਬਾੜੀ ਕਰਨ ਵਾਲੇ ਇਜ਼ਰਾਈਲੀਆਂ ਦੀ ਸੋਚ ਕਿਵੇਂ ਬਦਲੀ? (ਪੈਰੇ 4-6 ਦੇਖੋ)b
5 ਯਹੋਵਾਹ ਨੇ ਆਪਣੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਹਾਲਾਤ ਬਦਲ ਗਏ ਸਨ। ਫਿਰ ਉਸ ਨੇ ਇਹ ਚੇਤਾਵਨੀ ਦਿੱਤੀ ਜਿਸ ਦਾ ਸ਼ਾਇਦ ਸਾਨੂੰ ਖੇਤੀ-ਬਾੜੀ ਨਾਲ ਕੋਈ ਸੰਬੰਧ ਨਾ ਲੱਗੇ: “ਚੌਕਸ ਰਹੋ ਮਤੇ ਤੁਹਾਡੇ ਮਨ ਵਿੱਚ ਭੁਲੇਖਾ ਲੱਗ ਜਾਵੇ ਅਤੇ ਤੁਸੀਂ ਕੁਰਾਹੇ ਪੈ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਓਹਨਾਂ ਦੇ ਅੱਗੇ ਮੱਥਾ ਟੇਕੋ।” (ਬਿਵ. 11:16, 17) ਯਹੋਵਾਹ ਨੇ ਝੂਠੇ ਦੇਵੀ-ਦੇਵਤਿਆਂ ਬਾਰੇ ਚੇਤਾਵਨੀ ਕਿਉਂ ਦਿੱਤੀ ਜਦ ਕਿ ਉਹ ਖੇਤੀ-ਬਾੜੀ ਦੇ ਨਵੇਂ ਤਰੀਕਿਆਂ ਬਾਰੇ ਸਿੱਖਣ ਦੀ ਗੱਲ ਕਰ ਰਿਹਾ ਸੀ?
6 ਯਹੋਵਾਹ ਜਾਣਦਾ ਸੀ ਕਿ ਇਜ਼ਰਾਈਲੀ ਝੂਠੀ ਭਗਤੀ ਕਰਨ ਵਾਲੇ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਖੇਤੀ-ਬਾੜੀ ਦੇ ਕੁਝ ਤਰੀਕੇ ਸਿੱਖਣ ਲਈ ਭਰਮਾਏ ਜਾਣਗੇ। ਬਿਨਾਂ ਸ਼ੱਕ, ਉਨ੍ਹਾਂ ਲੋਕਾਂ ਨੂੰ ਇਜ਼ਰਾਈਲੀਆਂ ਨਾਲੋਂ ਜ਼ਿਆਦਾ ਤਜਰਬਾ ਸੀ ਅਤੇ ਪਰਮੇਸ਼ੁਰ ਦੇ ਲੋਕ ਉਨ੍ਹਾਂ ਕੋਲੋਂ ਖੇਤੀ-ਬਾੜੀ ਸੰਬੰਧੀ ਕੁਝ ਹੁਨਰ ਸਿੱਖ ਸਕਦੇ ਸਨ। ਪਰ ਇਸ ਵਿਚ ਇਕ ਖ਼ਤਰਾ ਸੀ। ਕਨਾਨੀ ਬਆਲ ਦੀ ਭਗਤੀ ਕਰਦੇ ਸਨ ਅਤੇ ਉਹ ਝੂਠੀਆਂ ਗੱਲਾਂ ʼਤੇ ਵਿਸ਼ਵਾਸ ਕਰਦੇ ਸਨ। ਉਹ ਬਆਲ ਨੂੰ ਆਕਾਸ਼ ਅਤੇ ਮੀਂਹ ਦਾ ਦੇਵਤਾ ਮੰਨਦੇ ਸਨ। ਯਹੋਵਾਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਲੋਕ ਇਸ ਤਰ੍ਹਾਂ ਦੇ ਝੂਠੇ ਵਿਸ਼ਵਾਸਾਂ ਕਰਕੇ ਗੁਮਰਾਹ ਹੋਣ। ਪਰ ਇਜ਼ਰਾਈਲੀਆਂ ਨੇ ਵਾਰ-ਵਾਰ ਬਆਲ ਦੀ ਭਗਤੀ ਕੀਤੀ। (ਗਿਣ. 25:3, 5; ਨਿਆ. 2:13; 1 ਰਾਜ. 18:18) ਜ਼ਰਾ ਗੌਰ ਕਰੋ ਕਿ ਸ਼ੈਤਾਨ ਨੇ ਇਜ਼ਰਾਈਲੀਆਂ ਨੂੰ ਕਿਵੇਂ ਗੁਮਰਾਹ ਕੀਤਾ।
ਇਜ਼ਰਾਈਲੀਆਂ ਨੂੰ ਗੁਮਰਾਹ ਕਰਨ ਲਈ ਸ਼ੈਤਾਨ ਦੀਆਂ ਤਿੰਨ ਚਾਲਾਂ
7. ਵਾਅਦਾ ਕੀਤੇ ਹੋਏ ਦੇਸ਼ ਵਿਚ ਇਜ਼ਰਾਈਲੀਆਂ ਦੀ ਨਿਹਚਾ ਕਿਵੇਂ ਪਰਖੀ ਗਈ?
7 ਸ਼ੈਤਾਨ ਦੀ ਪਹਿਲੀ ਚਾਲ ਸੀ, ਉਸ ਨੇ ਇਜ਼ਰਾਈਲੀਆਂ ਦੀ ਕੁਦਰਤੀ ਇੱਛਾ ਨੂੰ ਹਵਾ ਦਿੱਤੀ। ਉਹ ਚਾਹੁੰਦੇ ਸਨ ਕਿ ਮੀਂਹ ਪੈ ਕੇ ਉਨ੍ਹਾਂ ਦੇ ਖੇਤਾਂ ਨੂੰ ਪਾਣੀ ਮਿਲੇ। ਵਾਅਦਾ ਕੀਤੇ ਦੇਸ਼ ਵਿਚ ਅਪ੍ਰੈਲ ਦੇ ਅਖ਼ੀਰ ਤੋਂ ਲੈ ਕੇ ਸਤੰਬਰ ਮਹੀਨੇ ਤਕ ਬਹੁਤ ਘੱਟ ਮੀਂਹ ਪੈਂਦਾ ਸੀ। ਉਨ੍ਹਾਂ ਦੀ ਜ਼ਿੰਦਗੀ ਅਤੇ ਖ਼ੁਸ਼ਹਾਲੀ ਮੀਂਹ ʼਤੇ ਨਿਰਭਰ ਸੀ ਜੋ ਅਕਸਰ ਅਕਤੂਬਰ ਮਹੀਨੇ ਤੋਂ ਪੈਣਾ ਸ਼ੁਰੂ ਹੁੰਦਾ ਸੀ। ਸ਼ੈਤਾਨ ਨੇ ਇਜ਼ਰਾਈਲੀਆਂ ਨੂੰ ਇਸ ਗੱਲ ਦਾ ਯਕੀਨ ਦਿਵਾ ਕੇ ਗੁਮਰਾਹ ਕੀਤਾ ਕਿ ਖ਼ੁਸ਼ਹਾਲੀ ਲਈ ਉਨ੍ਹਾਂ ਨੂੰ ਝੂਠੀ ਭਗਤੀ ਕਰਨ ਵਾਲੇ ਆਲੇ-ਦੁਆਲੇ ਦੇ ਲੋਕਾਂ ਦੇ ਝੂਠੇ ਰੀਤੀ-ਰਿਵਾਜਾਂ ਨੂੰ ਮੰਨਣ ਦੀ ਲੋੜ ਸੀ। ਉਨ੍ਹਾਂ ਦੇ ਗੁਆਂਢੀ ਮੰਨਦੇ ਸਨ ਕਿ ਧਰਮ ਨਾਲ ਜੁੜੇ ਕੁਝ ਖ਼ਾਸ ਰੀਤੀ-ਰਿਵਾਜ ਕਰਨ ਨਾਲ ਉਨ੍ਹਾਂ ਦੇ ਦੇਵੀ-ਦੇਵਤੇ ਮੀਂਹ ਵਰ੍ਹਾਉਣਗੇ। ਜਿਨ੍ਹਾਂ ਵਿਚ ਯਹੋਵਾਹ ʼਤੇ ਨਿਹਚਾ ਦੀ ਘਾਟ ਸੀ, ਉਨ੍ਹਾਂ ਨੇ ਵੀ ਇਹ ਗੱਲ ਮੰਨੀ ਅਤੇ ਝੂਠੇ ਦੇਵਤੇ ਬਆਲ ਦੀ ਭਗਤੀ ਲਈ ਝੂਠੇ ਰੀਤੀ-ਰਿਵਾਜ ਕੀਤੇ।
8. ਸ਼ੈਤਾਨ ਨੇ ਕਿਹੜੀ ਦੂਜੀ ਚਾਲ ਚੱਲੀ? ਸਮਝਾਓ।
8 ਸ਼ੈਤਾਨ ਨੇ ਇਜ਼ਰਾਈਲੀਆਂ ਨੂੰ ਗੁਮਰਾਹ ਕਰਨ ਲਈ ਦੂਜੀ ਚਾਲ ਚੱਲੀ। ਉਸ ਨੇ ਉਨ੍ਹਾਂ ਦੀਆਂ ਅਨੈਤਿਕ ਇੱਛਾਵਾਂ ਨੂੰ ਹਵਾ ਦਿੱਤੀ। ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲਈ ਲੋਕ ਅਨੈਤਿਕ ਕੰਮ ਕਰਦੇ ਸਨ। ਇਸ ਤਰ੍ਹਾਂ ਦੀ ਭਗਤੀ ਵਿਚ ਆਦਮੀ-ਔਰਤਾਂ ਮੰਦਰ ਵਿਚ ਵੇਸਵਾਗਿਰੀ ਕਰਦੇ ਸਨ। ਝੂਠੀ ਭਗਤੀ ਕਰਨ ਵਾਲੇ ਲੋਕ ਸਮਲਿੰਗਤਾ ਅਤੇ ਹਰ ਤਰ੍ਹਾਂ ਦੀ ਹਰਾਮਕਾਰੀ ਨੂੰ ਸਿਰਫ਼ ਬਰਦਾਸ਼ਤ ਹੀ ਨਹੀਂ ਸੀ ਕਰਦੇ, ਸਗੋਂ ਉਹ ਇਨ੍ਹਾਂ ਨੂੰ ਆਮ ਸਮਝਦੇ ਸਨ। (ਬਿਵ. 23:17, 18; 1 ਰਾਜ. 14:24) ਝੂਠੀ ਭਗਤੀ ਕਰਨ ਵਾਲੇ ਮੰਨਦੇ ਸਨ ਕਿ ਇਨ੍ਹਾਂ ਰੀਤੀ-ਰਿਵਾਜਾਂ ਕਰਕੇ ਉਨ੍ਹਾਂ ਦੇ ਦੇਵੀ-ਦੇਵਤੇ ਧਰਤੀ ਨੂੰ ਉਪਜਾਊ ਬਣਾਉਣਗੇ। ਬਹੁਤ ਸਾਰੇ ਇਜ਼ਰਾਈਲੀ ਝੂਠੀ ਭਗਤੀ ਵਿਚ ਕੀਤੇ ਜਾਣ ਵਾਲੇ ਅਨੈਤਿਕ ਕੰਮਾਂ ਵੱਲ ਖਿੱਚੇ ਗਏ ਅਤੇ ਉਹ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲਈ ਭਰਮਾਏ ਗਏ। ਅਸਲ ਵਿਚ ਸ਼ੈਤਾਨ ਨੇ ਉਨ੍ਹਾਂ ਨੂੰ ਗੁਮਰਾਹ ਕਰ ਲਿਆ ਸੀ।
9. ਹੋਸ਼ੇਆ 2:16, 17 ਮੁਤਾਬਕ ਸ਼ੈਤਾਨ ਨੇ ਯਹੋਵਾਹ ਪ੍ਰਤੀ ਇਜ਼ਰਾਈਲੀਆਂ ਦਾ ਨਜ਼ਰੀਆ ਕਿਵੇਂ ਬਦਲਿਆ?
9 ਸ਼ੈਤਾਨ ਨੇ ਇਜ਼ਰਾਈਲੀਆਂ ਨੂੰ ਗੁਮਰਾਹ ਕਰਨ ਲਈ ਤੀਜੀ ਚਾਲ ਚੱਲੀ। ਉਸ ਨੇ ਯਹੋਵਾਹ ਪ੍ਰਤੀ ਇਜ਼ਰਾਈਲੀਆਂ ਦਾ ਨਜ਼ਰੀਆ ਬਦਲਿਆ। ਯਿਰਮਿਯਾਹ ਨਬੀ ਦੇ ਦਿਨਾਂ ਵਿਚ ਯਹੋਵਾਹ ਨੇ ਐਲਾਨ ਕੀਤਾ ਕਿ ਝੂਠੇ ਨਬੀਆਂ ਦਾ ਮਕਸਦ ਸੀ ਕਿ ਉਸ ਦੇ ਲੋਕ “ਬਆਲ ਦੇ ਕਾਰਨ” ਪਰਮੇਸ਼ੁਰ ਦਾ ਨਾਂ ਭੁਲਾ ਦੇਣ। (ਯਿਰ. 23:27) ਲੱਗਦਾ ਹੈ ਕਿ ਲੋਕਾਂ ਨੇ ਯਹੋਵਾਹ ਦਾ ਨਾਂ ਲੈਣਾ ਛੱਡ ਦਿੱਤਾ ਅਤੇ ਬਆਲ ਦਾ ਨਾਂ ਲੈਣ ਲੱਗ ਪਏ। ਬਆਲ ਦਾ ਮਤਲਬ ਹੈ, “ਮਾਲਕ।” ਇਸ ਕਰਕੇ ਇਜ਼ਰਾਈਲੀਆਂ ਲਈ ਯਹੋਵਾਹ ਅਤੇ ਬਆਲ ਵਿਚ ਫ਼ਰਕ ਪਛਾਣਨਾ ਔਖਾ ਹੋ ਗਿਆ। ਨਾਲੇ ਉਨ੍ਹਾਂ ਲਈ ਬਆਲ ਦੇ ਝੂਠੇ ਰੀਤੀ-ਰਿਵਾਜਾਂ ਨੂੰ ਯਹੋਵਾਹ ਦੀ ਭਗਤੀ ਵਿਚ ਸ਼ਾਮਲ ਕਰਨਾ ਹੋਰ ਸੌਖਾ ਹੋ ਗਿਆ।—ਹੋਸ਼ੇਆ 2:16, 17 ਪੜ੍ਹੋ।
ਅੱਜ ਸ਼ੈਤਾਨ ਦੀਆਂ ਚਾਲਾਂ
10. ਅੱਜ ਸ਼ੈਤਾਨ ਕਿਹੜੀਆਂ ਚਾਲਾਂ ਚੱਲਦਾ ਹੈ?
10 ਸ਼ੈਤਾਨ ਅੱਜ ਵੀ ਉਹੀ ਚਾਲਾਂ ਚੱਲਦਾ ਹੈ। ਉਹ ਲੋਕਾਂ ਦੀਆਂ ਕੁਦਰਤੀ ਇੱਛਾਵਾਂ ਤੇ ਅਨੈਤਿਕ ਇੱਛਾਵਾਂ ਨੂੰ ਹਵਾ ਦੇ ਕੇ ਅਤੇ ਯਹੋਵਾਹ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਬਦਲ ਕੇ ਉਨ੍ਹਾਂ ਨੂੰ ਗੁਮਰਾਹ ਕਰਦਾ ਹੈ। ਆਓ ਆਪਾਂ ਪਹਿਲਾਂ ਤੀਸਰੀ ਚਾਲ ʼਤੇ ਗੌਰ ਕਰੀਏ।
11. ਸ਼ੈਤਾਨ ਨੇ ਯਹੋਵਾਹ ਪ੍ਰਤੀ ਲੋਕਾਂ ਦਾ ਨਜ਼ਰੀਆ ਕਿਵੇਂ ਬਦਲ ਦਿੱਤਾ ਹੈ?
11 ਸ਼ੈਤਾਨ ਲੋਕਾਂ ਦਾ ਯਹੋਵਾਹ ਪ੍ਰਤੀ ਨਜ਼ਰੀਆ ਬਦਲਦਾ ਹੈ। ਯਿਸੂ ਦੇ ਰਸੂਲਾਂ ਦੀ ਮੌਤ ਤੋਂ ਬਾਅਦ ਧਰਮ-ਤਿਆਗੀਆਂ ਨੇ ਝੂਠੀਆਂ ਸਿੱਖਿਆਵਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ। (ਰਸੂ. 20:29, 30; 2 ਥੱਸ. 2:3) ਇਨ੍ਹਾਂ ਧਰਮ-ਤਿਆਗੀਆਂ ਨੇ ਸੱਚੇ ਰੱਬ ਦੀ ਪਛਾਣ ਕਰਨੀ ਔਖੀ ਬਣਾ ਦਿੱਤੀ। ਮਿਸਾਲ ਲਈ, ਉਨ੍ਹਾਂ ਨੇ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ ਅਤੇ ਇਸ ਦੀ ਜਗ੍ਹਾ “ਪ੍ਰਭੂ” ਜਾਂ ਹੋਰ ਖ਼ਿਤਾਬ ਪਾ ਦਿੱਤੇ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਬਾਈਬਲ ਪੜ੍ਹਨ ਵਾਲਿਆਂ ਲਈ ਇਹ ਫ਼ਰਕ ਪਛਾਣਨਾ ਔਖਾ ਬਣਾ ਦਿੱਤਾ ਕਿ ਯਹੋਵਾਹ ਬਾਈਬਲ ਵਿਚ ਦਰਜ ਹੋਰ ‘ਪ੍ਰਭੂਆਂ’ ਨਾਲੋਂ ਕਿਵੇਂ ਵੱਖਰਾ ਹੈ। (1 ਕੁਰਿੰ. 8:5) ਉਹ ਯਹੋਵਾਹ ਅਤੇ ਯਿਸੂ ਲਈ “ਪ੍ਰਭੂ” ਸ਼ਬਦ ਵਰਤਣ ਲੱਗੇ ਜਿਸ ਕਰਕੇ ਲੋਕਾਂ ਲਈ ਇਹ ਸਮਝਣਾ ਔਖਾ ਹੋ ਗਿਆ ਕਿ ਯਹੋਵਾਹ ਅਤੇ ਯਿਸੂ ਇਕ ਨਹੀਂ ਹਨ। (ਯੂਹੰ. 17:3) ਸੋ ਤ੍ਰਿਏਕ ਦੀ ਸਿੱਖਿਆ ਦੀ ਸ਼ੁਰੂਆਤ ਹੋਈ ਜੋ ਪਰਮੇਸ਼ੁਰ ਦਾ ਬਚਨ ਨਹੀਂ ਸਿਖਾਉਂਦਾ। ਨਤੀਜੇ ਵਜੋਂ, ਬਹੁਤ ਸਾਰੇ ਲੋਕ ਯਕੀਨ ਕਰਨ ਲੱਗ ਪਏ ਕਿ ਪਰਮੇਸ਼ੁਰ ਨੂੰ ਜਾਣਨਾ ਨਾਮੁਮਕਿਨ ਹੈ। ਕਿੰਨਾ ਵੱਡਾ ਝੂਠ!—ਰਸੂ. 17:27.
ਅਨੈਤਿਕ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਸ਼ੈਤਾਨ ਨੇ ਧਰਮਾਂ ਨੂੰ ਕਿਵੇਂ ਵਰਤਿਆ ਹੈ? (ਪੈਰਾ 12 ਦੇਖੋ)c
12. ਝੂਠੇ ਧਰਮ ਕਿਹੜੇ ਕੰਮਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਰੋਮੀਆਂ 1:28-31 ਮੁਤਾਬਕ ਇਸ ਦੇ ਕਿਹੜੇ ਨਤੀਜੇ ਨਿਕਲੇ ਹਨ?
12 ਅਨੈਤਿਕ ਇੱਛਾਵਾਂ ਨੂੰ ਹਵਾ ਦਿੰਦਾ ਹੈ। ਪ੍ਰਾਚੀਨ ਇਜ਼ਰਾਈਲ ਦੇ ਦਿਨਾਂ ਵਿਚ ਸ਼ੈਤਾਨ ਨੇ ਝੂਠੇ ਧਰਮਾਂ ਰਾਹੀਂ ਅਨੈਤਿਕਤਾ ਨੂੰ ਵਧਾਇਆ। ਉਹ ਅੱਜ ਵੀ ਇਸ ਤਰ੍ਹਾਂ ਕਰਦਾ ਹੈ। ਝੂਠੇ ਧਰਮ ਬਦਚਲਣੀ ਨੂੰ ਬਰਦਾਸ਼ਤ ਹੀ ਨਹੀਂ ਕਰਦੇ, ਸਗੋਂ ਸਿਖਾਉਂਦੇ ਹਨ ਕਿ ਇਸ ਵਿਚ ਕੋਈ ਖ਼ਰਾਬੀ ਨਹੀਂ ਹੈ। ਨਤੀਜੇ ਵਜੋਂ, ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲਿਆਂ ਨੇ ਉਸ ਦੇ ਨੈਤਿਕ ਮਿਆਰਾਂ ʼਤੇ ਚੱਲਣਾ ਛੱਡ ਦਿੱਤਾ। ਪੌਲੁਸ ਰਸੂਲ ਨੇ ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਦੱਸਿਆ ਕਿ ਝੂਠੇ ਧਰਮਾਂ ਰਾਹੀਂ ਅਨੈਤਿਕਤਾ ਨੂੰ ਵਧਾਉਣ ਦੇ ਕੀ ਨਤੀਜੇ ਨਿਕਲੇ। (ਰੋਮੀਆਂ 1:28-31 ਪੜ੍ਹੋ।) “ਗ਼ਲਤ ਕੰਮ” ਵਿਚ ਹਰ ਤਰ੍ਹਾਂ ਦੀ ਹਰਾਮਕਾਰੀ ਦੇ ਨਾਲ-ਨਾਲ ਸਮਲਿੰਗਤਾ ਵੀ ਸ਼ਾਮਲ ਹੈ। (ਰੋਮੀ. 1:24-27, 32; ਪ੍ਰਕਾ. 2:20) ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਬਾਈਬਲ ਦੀਆਂ ਸਿੱਖਿਆਵਾਂ ʼਤੇ ਚੱਲੀਏ!
13. ਸ਼ੈਤਾਨ ਇਕ ਹੋਰ ਕਿਹੜੀ ਚਾਲ ਚੱਲਦਾ ਹੈ?
13 ਸ਼ੈਤਾਨ ਕੁਦਰਤੀ ਇੱਛਾਵਾਂ ਨੂੰ ਹਵਾ ਦਿੰਦਾ ਹੈ। ਸਾਡੇ ਸਾਰਿਆਂ ਵਿਚ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਦੀ ਕੁਦਰਤੀ ਇੱਛਾ ਹੈ ਅਤੇ ਇਹ ਕਰਨ ਲਈ ਅਸੀਂ ਕੁਝ ਹੁਨਰ ਸਿੱਖਣੇ ਚਾਹੁੰਦੇ ਹਾਂ। (1 ਤਿਮੋ. 5:8) ਅਸੀਂ ਅਕਸਰ ਸਕੂਲ ਵਿਚ ਵਧੀਆ ਪੜ੍ਹਾਈ ਕਰ ਕੇ ਇਹ ਹੁਨਰ ਸਿੱਖ ਸਕਦੇ ਹਾਂ। ਪਰ ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ। ਬਹੁਤ ਸਾਰੇ ਦੇਸ਼ਾਂ ਵਿਚ ਵਿਦਿਆਰਥੀ ਸਕੂਲਾਂ ਵਿਚ ਹੁਨਰ ਸਿੱਖਦੇ ਹਨ, ਪਰ ਉਹ ਉੱਥੇ ਦੁਨੀਆਂ ਦੀ ਬੁੱਧ ਬਾਰੇ ਵੀ ਸਿੱਖਦੇ ਹਨ। ਮਿਸਾਲ ਲਈ, ਸਕੂਲਾਂ ਵਿਚ ਰੱਬ ਦੀ ਹੋਂਦ ʼਤੇ ਸ਼ੱਕ ਕਰਨ ਅਤੇ ਬਾਈਬਲ ਦੀ ਕਦਰ ਨਾ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਸਿਖਾਇਆ ਜਾਂਦਾ ਹੈ ਕਿ ਸਾਰੇ ਪੜ੍ਹੇ-ਲਿਖੇ ਲੋਕ ਵਿਕਾਸਵਾਦ ਨੂੰ ਮੰਨਦੇ ਹਨ। (ਰੋਮੀ. 1:21-23) ਇਸ ਤਰ੍ਹਾਂ ਦੀਆਂ ਸਿੱਖਿਆਵਾਂ ਪਰਮੇਸ਼ੁਰ ਦੀ ਬੁੱਧ ਦੇ ਖ਼ਿਲਾਫ਼ ਹਨ।—1 ਕੁਰਿੰ. 1:19-21; 3:18-20.
14. ਦੁਨੀਆਂ ਦੀ ਬੁੱਧ ਕੀ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ?
14 ਇਨਸਾਨੀ ਬੁੱਧ ਯਹੋਵਾਹ ਦੇ ਮਿਆਰਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਅਤੇ ਇੱਥੋਂ ਤਕ ਕਿ ਉਨ੍ਹਾਂ ਦਾ ਵਿਰੋਧ ਵੀ ਕਰਦੀ ਹੈ। ਇਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਗੁਣ ਪੈਦਾ ਕਰਨ ਦੀ ਬਜਾਇ “ਸਰੀਰ ਦੇ ਕੰਮ” ਪੈਦਾ ਕਰਦੀ ਹੈ। (ਗਲਾ. 5:19-23) ਇਹ ਲੋਕਾਂ ਨੂੰ ਘਮੰਡੀ ਬਣਨ ਦੀ ਹੱਲਾਸ਼ੇਰੀ ਦਿੰਦੀ ਹੈ ਜਿਸ ਕਰਕੇ ਲੋਕ “ਸੁਆਰਥੀ” ਬਣਦੇ ਹਨ। (2 ਤਿਮੋ. 3:2-4) ਘਮੰਡੀ ਰਵੱਈਆ ਨਿਮਰਤਾ ਦੇ ਬਿਲਕੁਲ ਉਲਟ ਹੈ ਜੋ ਪਰਮੇਸ਼ੁਰ ਦੇ ਸੇਵਕਾਂ ਦਾ ਹੋਣਾ ਚਾਹੀਦਾ ਹੈ। (2 ਸਮੂ. 22:28) ਜਿਨ੍ਹਾਂ ਮਸੀਹੀਆਂ ਨੇ ਉੱਚ-ਸਿੱਖਿਆ ਲਈ, ਉਹ ਪਰਮੇਸ਼ੁਰ ਵਾਂਗ ਸੋਚਣ ਦੀ ਬਜਾਇ ਦੁਨੀਆਂ ਵਾਂਗ ਸੋਚਣ ਲੱਗ ਪਏ। ਆਓ ਆਪਾਂ ਇਕ ਮਿਸਾਲ ʼਤੇ ਗੌਰ ਕਰੀਏ ਕਿ ਇਸ ਖ਼ਤਰੇ ਨੂੰ ਨਜ਼ਰਅੰਦਾਜ਼ ਕਰਨ ʼਤੇ ਕੀ ਹੋ ਸਕਦਾ ਹੈ।
ਦੁਨੀਆਂ ਦੀ ਬੁੱਧ ਸਾਡੀ ਸੋਚ ਨੂੰ ਕਿਵੇਂ ਬਦਲ ਸਕਦੀ ਹੈ? (ਪੈਰੇ 14-16 ਦੇਖੋ)d
15-16. ਤੁਸੀਂ ਇਕ ਭੈਣ ਦੇ ਤਜਰਬੇ ਤੋਂ ਕਿਹੜਾ ਸਬਕ ਸਿੱਖਿਆ ਹੈ?
15 ਇਕ ਭੈਣ 15 ਤੋਂ ਜ਼ਿਆਦਾ ਸਾਲਾਂ ਤੋਂ ਪੂਰੇ ਸਮੇਂ ਦੀ ਸੇਵਾ ਕਰ ਰਹੀ ਹੈ। ਉਹ ਦੱਸਦੀ ਹੈ: “ਗਵਾਹ ਹੋਣ ਕਰਕੇ ਮੈਂ ਉੱਚ-ਸਿੱਖਿਆ ਲੈਣ ਦੇ ਖ਼ਤਰਿਆਂ ਬਾਰੇ ਪੜ੍ਹਿਆ ਅਤੇ ਸੁਣਿਆ ਸੀ, ਪਰ ਮੈਂ ਇਸ ਤਰ੍ਹਾਂ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ। ਮੈਂ ਸੋਚਿਆ ਕਿ ਇਹ ਸਲਾਹ ਮੇਰੇ ʼਤੇ ਲਾਗੂ ਨਹੀਂ ਹੁੰਦੀ।” ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਉਹ ਕਹਿੰਦੀ ਹੈ: “ਪੜ੍ਹਾਈ ਕਰਨ ਵਿਚ ਮੇਰਾ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਸੀ ਅਤੇ ਬਹੁਤ ਮਿਹਨਤ ਕਰਨੀ ਪੈਂਦੀ ਸੀ ਜਿਸ ਕਰਕੇ ਮੇਰੇ ਕੋਲ ਪ੍ਰਾਰਥਨਾ ਕਰਨ ਲਈ ਸਮਾਂ ਨਹੀਂ ਸੀ ਹੁੰਦਾ, ਥੱਕੀ ਹੋਣ ਕਰਕੇ ਮੈਨੂੰ ਲੋਕਾਂ ਨਾਲ ਬਾਈਬਲ ਵਿੱਚੋਂ ਚਰਚਾ ਕਰ ਕੇ ਮਜ਼ਾ ਵੀ ਨਹੀਂ ਸੀ ਆਉਂਦਾ ਅਤੇ ਮੈਂ ਸਭਾਵਾਂ ਦੀ ਤਿਆਰੀ ਵੀ ਨਹੀਂ ਕਰ ਪਾਉਂਦੀ ਸੀ। ਸ਼ੁਕਰ ਹੈ ਕਿ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਉੱਚ-ਸਿੱਖਿਆ ਲੈਣ ਕਰਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਖ਼ਰਾਬ ਹੋ ਰਿਹਾ ਸੀ। ਮੈਂ ਜਾਣਦੀ ਸੀ ਕਿ ਮੈਨੂੰ ਉੱਚ-ਸਿੱਖਿਆ ਲੈਣੀ ਬੰਦ ਕਰਨੀ ਚਾਹੀਦੀ ਹੈ ਅਤੇ ਮੈਂ ਇਸੇ ਤਰ੍ਹਾਂ ਕੀਤਾ ਵੀ।”
16 ਉੱਚ-ਸਿੱਖਿਆ ਦਾ ਇਸ ਭੈਣ ʼਤੇ ਕੀ ਅਸਰ ਪਿਆ? ਉਹ ਕਹਿੰਦੀ ਹੈ: “ਮੈਨੂੰ ਇਹ ਗੱਲ ਦੱਸਦਿਆਂ ਸ਼ਰਮ ਆਉਂਦੀ ਹੈ ਕਿ ਉੱਚ-ਸਿੱਖਿਆ ਲੈਣ ਕਰਕੇ ਮੈਂ ਦੂਸਰਿਆਂ, ਖ਼ਾਸ ਕਰਕੇ ਆਪਣੇ ਭੈਣਾਂ-ਭਰਾਵਾਂ, ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਧਿਆਨ ਲਾਉਣ ਲੱਗ ਪਈ, ਮੈਂ ਦੂਜਿਆਂ ਤੋਂ ਹੱਦੋਂ ਵੱਧ ਉਮੀਦਾਂ ਰੱਖਣ ਲੱਗ ਪਈ ਅਤੇ ਭੈਣਾਂ-ਭਰਾਵਾਂ ਤੋਂ ਦੂਰ-ਦੂਰ ਰਹਿਣ ਲੱਗ ਪਈ। ਇਨ੍ਹਾਂ ਗੱਲਾਂ ਨੂੰ ਛੱਡਣ ਵਿਚ ਮੈਨੂੰ ਕਾਫ਼ੀ ਸਮਾਂ ਲੱਗਾ। ਇਸ ਤਜਰਬੇ ਤੋਂ ਮੈਨੂੰ ਪਤਾ ਲੱਗਾ ਕਿ ਸਾਡਾ ਸਵਰਗੀ ਪਿਤਾ ਆਪਣੇ ਸੰਗਠਨ ਰਾਹੀਂ ਸਾਨੂੰ ਜੋ ਸਲਾਹਾਂ ਦਿੰਦਾ ਹੈ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਕਿੰਨਾ ਖ਼ਤਰਨਾਕ ਹੈ! ਯਹੋਵਾਹ ਮੈਨੂੰ ਮੇਰੇ ਨਾਲੋਂ ਜ਼ਿਆਦਾ ਜਾਣਦਾ ਹੈ। ਕਾਸ਼ ਮੈਂ ਉਸ ਦੀ ਗੱਲ ਸੁਣੀ ਹੁੰਦੀ!”
17. (ੳ) ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?
17 ਪੱਕਾ ਇਰਾਦਾ ਕਰੋ ਕਿ ਤੁਸੀਂ ਕਦੇ ਵੀ “ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ” ਕਰਕੇ ਗੁਮਰਾਹ ਨਹੀਂ ਹੋਵੋਗੇ। ਹਮੇਸ਼ਾ ਸ਼ੈਤਾਨ ਦੀਆਂ ਚਾਲਾਂ ਤੋਂ ਖ਼ਬਰਦਾਰ ਰਹੋ। (1 ਕੁਰਿੰ. 3:18; 2 ਕੁਰਿੰ. 2:11) ਸ਼ੈਤਾਨ ਨੂੰ ਕਦੇ ਵੀ ਇਹ ਮੌਕਾ ਨਾ ਦਿਓ ਕਿ ਉਹ ਤੁਹਾਨੂੰ ਭੁਲਾ ਦੇਵੇ ਕਿ ਯਹੋਵਾਹ ਕੌਣ ਹੈ ਅਤੇ ਉਹ ਕਿਹੋ ਜਿਹੀ ਭਗਤੀ ਚਾਹੁੰਦਾ ਹੈ। ਯਹੋਵਾਹ ਦੇ ਉੱਚ ਨੈਤਿਕ ਮਿਆਰਾਂ ਮੁਤਾਬਕ ਜ਼ਿੰਦਗੀ ਜੀਓ। ਨਾਲੇ ਸ਼ੈਤਾਨ ਦੀ ਇਸ ਚਾਲ ਨੂੰ ਕਾਮਯਾਬ ਨਾ ਹੋਣ ਦਿਓ ਕਿ ਤੁਸੀਂ ਯਹੋਵਾਹ ਦੀ ਸਲਾਹ ਨੂੰ ਅਣਗੌਲਿਆਂ ਕਰੋਗੇ। ਪਰ ਤੁਹਾਨੂੰ ਉਦੋਂ ਕੀ ਕਰਨ ਦੀ ਲੋੜ ਹੈ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਸੋਚ ʼਤੇ ਦੁਨੀਆਂ ਦਾ ਅਸਰ ਪੈ ਗਿਆ ਹੈ? ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਪਰਮੇਸ਼ੁਰ ਦਾ ਬਚਨ “ਕਿਲਿਆਂ ਵਰਗੇ ਮਜ਼ਬੂਤ” ਵਿਚਾਰਾਂ ਅਤੇ ਆਦਤਾਂ ਨੂੰ ਛੱਡਣ ਵਿਚ ਸਾਡੀ ਕਿਵੇਂ ਮਦਦ ਕਰ ਸਕਦਾ ਹੈ।—2 ਕੁਰਿੰ. 10:4, 5.
ਗੀਤ 11 ਯਹੋਵਾਹ ਦਾ ਜੀ ਆਨੰਦ ਕ
a ਸ਼ੈਤਾਨ ਲੋਕਾਂ ਨੂੰ ਗੁਮਰਾਹ ਕਰਨ ਵਿਚ ਮਾਹਰ ਹੈ। ਉਹ ਬਹੁਤ ਸਾਰੇ ਲੋਕਾਂ ਨੂੰ ਆਪਣੇ ਵਰਗੀ ਸੋਚ ਰੱਖਣ ਲਈ ਭਰਮਾਉਂਦਾ ਹੈ ਜਿਸ ਬਾਰੇ ਲੋਕਾਂ ਨੂੰ ਪਤਾ ਨਹੀਂ ਲੱਗਦਾ। ਇਸ ਲੇਖ ਵਿਚ ਅਸੀਂ ਸ਼ੈਤਾਨ ਦੀਆਂ ਕਈ ਚਾਲਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਰਾਹੀਂ ਉਹ ਲੋਕਾਂ ਨੂੰ ਗੁਮਰਾਹ ਕਰਦਾ ਹੈ।
b ਤਸਵੀਰਾਂ ਬਾਰੇ ਜਾਣਕਾਰੀ: ਕਨਾਨੀਆਂ ਨਾਲ ਮੇਲ-ਜੋਲ ਰੱਖਣ ਕਰਕੇ ਇਜ਼ਰਾਈਲੀ ਬਆਲ ਦੀ ਭਗਤੀ ਕਰਨ ਅਤੇ ਅਨੈਤਿਕ ਕੰਮ ਕਰਨ ਲਈ ਲੁਭਾਏ ਗਏ।
c ਤਸਵੀਰਾਂ ਬਾਰੇ ਜਾਣਕਾਰੀ: ਚਰਚ ਵੱਲੋਂ ਲਾਏ ਬੋਰਡ ਦੇ ਰੰਗਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਮਲਿੰਗੀ ਲੋਕਾਂ ਨੂੰ ਚਰਚ ਦੇ ਮੈਂਬਰ ਬਣਨ ਦੀ ਇਜਾਜ਼ਤ ਦਿੰਦਾ ਹੈ।
d ਤਸਵੀਰਾਂ ਬਾਰੇ ਜਾਣਕਾਰੀ: ਇਕ ਨੌਜਵਾਨ ਭੈਣ ਯੂਨੀਵਰਸਿਟੀ ਵਿਚ। ਉਹ ਅਤੇ ਉਸ ਦੀ ਕਲਾਸ ਦੇ ਵਿਦਿਆਰਥੀ ਪ੍ਰੋਫ਼ੈਸਰ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਵਿਗਿਆਨ ਅਤੇ ਤਕਨਾਲੋਜੀ ਇਨਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀ ਹੈ। ਬਾਅਦ ਵਿਚ ਉਹੀ ਭੈਣ ਕਿੰਗਡਮ ਹਾਲ ਵਿਚ ਬੈਠੀ ਹੋਈ ਜਿਸ ਨੂੰ ਸਭਾ ਵਿਚ ਕੋਈ ਦਿਲਚਸਪੀ ਨਹੀਂ ਹੈ ਅਤੇ ਉਹ ਭੈਣਾਂ-ਭਰਾਵਾਂ ਵਿਚ ਨੁਕਸ ਕੱਢਦੀ ਹੈ।