ਸਫ਼ਾਈ ਰੱਖਣ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ
1 ਮੂਸਾ ਦੀ ਸ਼ਰਾ ਵਿਚ ਸਫ਼ਾਈ ਰੱਖਣ ਸੰਬੰਧੀ ਸਖ਼ਤ ਨਿਯਮ ਦਿੱਤੇ ਗਏ ਸਨ। ਬਾਕੀ ਕੌਮਾਂ ਤੋਂ ਆਪਣੇ ਆਪ ਨੂੰ ਅਲੱਗ ਰੱਖਣ ਲਈ ਇਸਰਾਏਲ ਕੌਮ ਤੋਂ ਮੰਗ ਕੀਤੀ ਜਾਂਦੀ ਸੀ ਕਿ ਉਹ ਆਪਣੇ ਆਪ ਨੂੰ ਸਰੀਰਕ ਅਤੇ ਅਧਿਆਤਮਿਕ ਤੌਰ ਤੇ ਸਾਫ਼ ਰੱਖਣ। (ਲੇਵੀ. 11:35, 36; 15:1-11; ਯਸਾ. 52:11) ਇਸ ਸਫ਼ਾਈ ਕਾਰਨ ਪਰਮੇਸ਼ੁਰ ਦੀ ਮਹਿਮਾ ਹੋਈ ਤੇ ਇਸਰਾਏਲ ਕੌਮ ਵੀ ਤੰਦਰੁਸਤ ਰਹੀ।
2 ਅੱਜ ਵੀ ਸਫ਼ਾਈ ਯਹੋਵਾਹ ਦੇ ਲੋਕਾਂ ਦਾ ਇਕ ਪਛਾਣ-ਚਿੰਨ੍ਹ ਹੈ। ਹਾਲਾਂਕਿ ਇਹ ਸਮੂਹ ਦੇ ਤੌਰ ਤੇ ਯਹੋਵਾਹ ਦੇ ਲੋਕਾਂ ਦੀ ਪਛਾਣ ਕਰਾਉਂਦੀ ਹੈ, ਪਰ ਕੀ ਸਾਡੇ ਵਿੱਚੋਂ ਹਰ ਇਕ ਬਾਰੇ ਇਹ ਸੱਚ ਹੈ? ਜਿਸ ਹੱਦ ਤਕ ਅਸੀਂ ਆਪਣੀ ਅਤੇ ਆਪਣੇ ਚੁਗਿਰਦੇ ਦੀ ਸਫ਼ਾਈ ਬਾਰੇ ਚਿੰਤਾ ਦਿਖਾਉਂਦੇ ਹਾਂ, ਉਸੇ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੀਆਂ ਮੰਗਾਂ ਦੀ ਕਿੰਨੀ ਕੁ ਕਦਰ ਕਰਦੇ ਹਾਂ।
3 ਸਾਡੇ ਘਰ ਦੀ ਹਾਲਤ ਕੀ ਹੈ? ਕੀ ਇਸ ਦਾ ਸਾਡੇ ਰਾਜ ਸੰਦੇਸ਼ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ? ਕੀ ਇੱਦਾਂ ਤਾਂ ਨਹੀਂ ਹੈ ਕਿ ਕੁਝ ਲੋਕ ਸਾਡੀ ਗੱਲ ਹੀ ਨਹੀਂ ਸੁਣਦੇ ਜੇ ਅਸੀਂ ਧਰਤੀ ਦੇ ਫਿਰਦੌਸ ਬਣਨ ਬਾਰੇ ਗੱਲ ਕਰਦੇ ਹਾਂ ਜਦ ਕਿ ਸਾਡੇ ਘਰ ਵਿਚ ਸਾਮਾਨ ਇੱਧਰ-ਉੱਧਰ ਖਿਲਰਿਆ ਪਿਆ ਹੈ ਤੇ ਵਿਹੜੇ ਦਾ ਬੁਰਾ ਹਾਲ ਹੈ? ਜੇ ਸਾਡਾ ਘਰ ਹੀ ਸਹੀ ਹਾਲਤ ਵਿਚ ਨਹੀਂ ਹੈ ਜਾਂ ਸਫ਼ਾਈ ਨਾ ਰੱਖਣ ਕਾਰਨ ਬਦਬੂ ਆਉਂਦੀ ਹੈ, ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ “ਸਫ਼ਾਈ ਦੀਆਂ ਆਦਤਾਂ” ਪਾਈਆਂ ਹਨ ਜੋ “ਪਰਮੇਸ਼ੁਰ ਦੇ ਰਾਜ ਅਧੀਨ ਨਵੀਂ ਦੁਨੀਆਂ ਵਿਚ ਕੰਮ ਆਉਣਗੀਆਂ”?—om ਸਫ਼ੇ 130-1.
4 ਖੇਤਰ ਸੇਵਕਾਈ ਲਈ ਅਸੀਂ ਜੋ ਗੱਡੀ ਵਰਤਦੇ ਹਾਂ, ਉਸ ਬਾਰੇ ਕੀ? ਕੀ ਇਹ ਸਾਫ਼-ਸੁਥਰੀ ਹੈ ਤਾਂਕਿ ਇਸ ਦਾ ਸਾਡੇ ਪ੍ਰਚਾਰ ਦੇ ਕੰਮ ਉੱਤੇ ਮਾੜਾ ਪ੍ਰਭਾਵ ਨਾ ਪਵੇ? ਸਾਡੇ ਕੱਪੜਿਆਂ, ਪ੍ਰੀਚਿੰਗ ਬੈਗ ਤੇ ਨਿੱਜੀ ਹਾਰ-ਸ਼ਿੰਗਾਰ ਬਾਰੇ ਕੀ? ਕੀ ਇਹ ਸਾਫ਼-ਸੁਥਰੇ ਤੇ ਢੰਗ ਦੇ ਹਨ ਤਾਂਕਿ ਇਨ੍ਹਾਂ ਨਾਲ ਕਿਸੇ ਨੂੰ ਠੋਕਰ ਨਾ ਲੱਗੇ? ਇਹ ਮੁਨਾਸਬ ਹੈ ਕਿ ਅਸੀਂ ਬਾਕਾਇਦਾ ਨਹਾਉਣ-ਧੋਣ ਦੁਆਰਾ ਆਪਣੇ ਆਪ ਨੂੰ ਤੇ ਆਪਣੇ ਕੱਪੜਿਆਂ ਨੂੰ ਸਾਫ਼ ਰੱਖੀਏ।
5 ਉਦੋਂ ਕੀ ਜਦੋਂ ਇਕ ਭਰਾ ਆਪਣੀ ਜਾਂ ਘਰ ਦੀ ਸਫ਼ਾਈ ਪ੍ਰਤੀ ਲਾਪਰਵਾਹ ਹੋ ਜਾਂਦਾ ਹੈ ਜਿਸ ਨਾਲ ਕਲੀਸਿਯਾ ਦੀ ਬਦਨਾਮੀ ਹੁੰਦੀ ਹੈ? ਸ਼ਾਇਦ ਬੁਢਾਪੇ ਜਾਂ ਬੀਮਾਰੀ ਕਾਰਨ ਉਸ ਨੂੰ ਕਿਸੇ ਦੀ ਪ੍ਰੇਮਮਈ ਮਦਦ ਦੀ ਲੋੜ ਹੈ। ਜੇ ਇਸ ਤਰ੍ਹਾਂ ਹੈ, ਤਾਂ ਉਸ ਦੀ ਮਦਦ ਕਰਨੀ ਦਇਆ ਦਾ ਕੰਮ ਹੋਵੇਗਾ। ਸ਼ਾਇਦ ਸਫ਼ਾਈ ਦੇ ਮਾਮਲੇ ਵਿਚ ਕਿਸੇ ਨੂੰ ਸੁਧਾਰ ਕਰਨ ਦੀ ਲੋੜ ਹੈ, ਪਰ ਉਸ ਨੂੰ ਇਸ ਗੱਲ ਦਾ ਅਹਿਸਾਸ ਵੀ ਨਾ ਹੋਵੇ; ਪਿਆਰ ਨਾਲ ਦਿੱਤੀ ਸਲਾਹ ਉਸ ਨੂੰ ਇਸ ਮਾਮਲੇ ਵਿਚ ਸੁਧਾਰ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ। ਸਫ਼ਾਈ ਦੇ ਮਾਮਲੇ ਵਿਚ ਬਾਕਾਇਦਾ ਬੁਰੀ ਉਦਾਹਰਣ ਕਾਇਮ ਕਰਨ ਵਾਲੇ ਕਲੀਸਿਯਾ ਵਿਚ ਖ਼ਾਸ ਜ਼ਿੰਮੇਵਾਰੀਆਂ ਲੈਣ ਦੇ ਕਾਬਲ ਨਹੀਂ ਹੋਣਗੇ। ਪਰ ਬਜ਼ੁਰਗਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਉੱਤੇ ਆਪਣੇ ਨਿੱਜੀ ਮਿਆਰ ਜਾਂ ਪਸੰਦ-ਨਾਪਸੰਦ ਨਾ ਥੋਪਣ।
6 ਦਿਲਚਸਪੀ ਰੱਖਣ ਵਾਲੇ ਨਵੇਂ ਲੋਕਾਂ ਨੂੰ ਸਾਡੇ ਕਿੰਗਡਮ ਹਾਲ ਵਿਚ ਅਧਿਆਤਮਿਕ ਦਾਅਵਤਾਂ ਦਾ ਆਨੰਦ ਮਾਣਨ ਲਈ ਬੁਲਾਇਆ ਜਾਂਦਾ ਹੈ। ਅਸੀਂ ਬੜੀ ਉਤਸੁਕਤਾ ਨਾਲ ਉਨ੍ਹਾਂ ਨੂੰ ਬੁਲਾਉਂਦੇ ਹਾਂ ਕਿਉਂਕਿ ਸਾਡਾ ਕਿੰਗਡਮ ਹਾਲ ਬੜਾ ਆਕਰਸ਼ਕ ਤੇ ਸਾਫ਼-ਸੁਥਰਾ ਹੁੰਦਾ ਹੈ। ਪਰ ਇਸ ਨੂੰ ਸਾਫ਼-ਸੁਥਰਾ ਰੱਖਣ ਲਈ ਮਿਹਨਤ ਕਰਨੀ ਪੈਂਦੀ ਹੈ। ਆਪਣੇ ਕਿੰਗਡਮ ਹਾਲ ਦੇ ਚਾਰੇ ਪਾਸੇ ਦੇਖੋ। ਕੀ ਕੁਰਸੀਆਂ, ਫ਼ਰਸ਼ ਤੇ ਕੰਧਾਂ ਸਾਫ਼ ਹਨ? ਕੀ ਪਖਾਨਿਆਂ ਨੂੰ ਬਾਕਾਇਦਾ ਰਗੜ-ਰਗੜ ਕੇ ਸਾਫ਼ ਕੀਤਾ ਜਾਂਦਾ ਹੈ? ਜਦੋਂ ਅਸੀਂ ਗੰਦੇ ਪਰਦੇ ਜਾਂ ਰੰਗ ਉਤਰੀਆਂ ਕੰਧਾਂ ਨੂੰ ਦੇਖਣ ਦੇ ਆਦੀ ਹੋ ਜਾਂਦੇ ਹਾਂ, ਤਾਂ ਕੁਝ ਸਮੇਂ ਬਾਅਦ ਸਾਨੂੰ ਇਹ ਠੀਕ ਹੀ ਲੱਗਣ ਲੱਗਦੀਆਂ ਹਨ। ਪਰ ਪਹਿਲੀ ਵਾਰ ਆਉਣ ਵਾਲੇ ਲੋਕਾਂ ਉੱਤੇ ਇਸ ਦਾ ਬੁਰਾ ਅਸਰ ਪੈ ਸਕਦਾ ਹੈ। ਜਦੋਂ ਕਿੰਗਡਮ ਹਾਲ ਦੀ ਸਫ਼ਾਈ ਜਾਂ ਮੁਰੰਮਤ ਕਰਨ ਦਾ ਸਮਾਂ ਆਉਂਦਾ ਹੈ, ਤਾਂ ਇਸ ਨੂੰ ਸੋਹਣਾ ਤੇ ਆਕਰਸ਼ਕ ਬਣਾਉਣ ਲਈ ਸਾਨੂੰ ਪੂਰਾ ਜਤਨ ਕਰਨਾ ਚਾਹੀਦਾ ਹੈ।
7 ਆਪਣੀ ਅਤੇ ਆਪਣੇ ਘਰਾਂ, ਆਪਣੀਆਂ ਮੋਟਰ-ਗੱਡੀਆਂ ਤੇ ਕਿੰਗਡਮ ਹਾਲਾਂ ਦੀ ਸਫ਼ਾਈ ਰੱਖਣ ਦੁਆਰਾ ਅਸੀਂ ਬਿਨਾਂ ਕੁਝ ਕਹੇ ਹੀ ਪਰਮੇਸ਼ੁਰ ਦੀ ਮਹਿਮਾ ਕਰ ਸਕਦੇ ਹਾਂ। ਸਾਡੀ ਚੰਗੀ ਉਦਾਹਰਣ ਕਿਸੇ ਲਈ ਠੋਕਰ ਦਾ ਕਾਰਨ ਨਹੀਂ ਬਣੇਗੀ, ਸਗੋਂ ਇਹ ਸਬੂਤ ਦੇਵੇਗੀ ਕਿ ਸਾਡੀ ਭਗਤੀ ਸ਼ੁੱਧ ਅਤੇ ਨਿਰਮਲ ਹੈ।—1 ਕੁਰਿੰ. 10:31, 32; ਯਾਕੂ. 1:27.