ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
1 ਰਸੂਲ ਪੌਲੁਸ ਨੇ ਨਿਹਚਾ ਦੀ ਵਿਆਖਿਆ ‘ਆਸ ਕੀਤੀਆਂ ਹੋਈਆਂ ਗੱਲਾਂ ਦੇ ਪੱਕੇ ਭਰੋਸੇ ਅਤੇ ਅਣਡਿੱਠ ਵਸਤਾਂ ਦੀ ਸਬੂਤੀ’ ਦੇ ਤੌਰ ਤੇ ਕੀਤੀ। ਉਸ ਨੇ ਅੱਗੇ ਕਿਹਾ ਕਿ “ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ।” (ਇਬ. 11:1, 6) ਪੌਲੁਸ ਨੇ ਸਾਨੂੰ ਨਿਹਚਾ ਕਰਨ, ਇਸ ਨੂੰ ਬਾਹਲਾ ਕਰਨ, ਅਤੇ ਇਸ ਦੇ ਮਗਰ ਲੱਗੇ ਰਹਿਣ ਲਈ ਜ਼ੋਰ ਦਿੱਤਾ।—2 ਕੁਰਿੰ. 4:13; ਕੁਲੁ. 2:7; 2 ਤਿਮੋ. 2:22.
2 ਬਾਈਬਲ ਵਿਚ ਨਿਹਚਾ ਦੀਆਂ ਅਨੇਕ ਸਿਰਕੱਢਵੀਆਂ ਮਿਸਾਲਾਂ ਦਾ ਵਰਣਨ ਕੀਤਾ ਗਿਆ ਹੈ। ਇਬਰਾਨੀਆਂ ਅਧਿਆਇ 11 ਵਿਚ, ਪੌਲੁਸ ਉਨ੍ਹਾਂ ਗਵਾਹਾਂ ਦੀ ਇਕ ਲੰਬੀ ਸੂਚੀ ਦਿੰਦਾ ਹੈ ਜਿਨ੍ਹਾਂ ਨੇ ਅਟੁੱਟ ਨਿਹਚਾ ਪ੍ਰਦਰਸ਼ਿਤ ਕੀਤੀ। ਇਸ ਸੂਚੀ ਵਿਚ ਹਾਬਲ ਸ਼ਾਮਲ ਹੈ, ਜੋ ਆਪਣੀ ਨਿਹਚਾ ਦੀ ਖਾਤਰ ਸ਼ਹੀਦ ਹੋਣ ਵਾਲਾ ਪਹਿਲਾ ਵਿਅਕਤੀ ਸੀ। ਇਸ ਸੂਚੀ ਵਿਚ ਨੂਹ ਦਰਜ ਹੈ ਕਿਉਂਕਿ ਆਪਣੀ ਨਿਹਚਾ ਦੇ ਕਾਰਨ ਉਸ ਨੇ ਉਹ ਈਸ਼ਵਰੀ ਭੈ ਦਿਖਾਇਆ ਜੋ ਉਸ ਦੇ ਘਰਾਣੇ ਦੇ ਬਚਾਉ ਲਈ ਲੋੜੀਂਦਾ ਸੀ। ਆਪਣੀ ਨਿਹਚਾ ਅਤੇ ਆਗਿਆਕਾਰਤਾ ਦੇ ਲਈ ਅਬਰਾਹਾਮ ਦੀ ਸ਼ਲਾਘਾ ਕੀਤੀ ਜਾਂਦੀ ਹੈ। ਮੂਸਾ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਕਿਉਂਕਿ ਉਹ ਆਪਣੀ ਨਿਹਚਾ ਦੇ ਕਾਰਨ ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ। ਮਿਸਾਲਾਂ ਦੀ ਸੂਚੀ ਇੰਨੀ ਲੰਬੀ ਸੀ ਕਿ ਪੌਲੁਸ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਦੀ ਵਾਰਤਾ ਕਰਨ ਲਈ ਉਸ ਕੋਲ ਵਿਹਲ ਨਹੀਂ ਹੁੰਦਾ। ਅਸੀਂ ਕਿੰਨੇ ਧੰਨਵਾਦੀ ਹਾਂ ਕਿ ਅਸੀਂ ਉਨ੍ਹਾਂ ਦੇ “ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ” ਉੱਤੇ ਪੁਨਰ-ਵਿਚਾਰ ਕਰਨ ਦੇ ਦੁਆਰਾ ਆਪਣੀ ਨਿਹਚਾ ਨੂੰ ਦ੍ਰਿੜ੍ਹ ਕਰ ਸਕਦੇ ਹਾਂ!—2 ਪਤ. 3:11.
3 ਪਹਿਲੀ ਸਦੀ ਵਿਚ, ਯਿਸੂ ਨੇ ਇਹ ਸਵਾਲ ਪੁੱਛਿਆ: “ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?” (ਲੂਕਾ 18:8) ਚੰਗਾ, ਫਿਰ, ਕੀ ਅੱਜ ਸਾਡੇ ਵਿਚਕਾਰ ਨਿਹਚਾ ਦੀਆਂ ਜੀਉਂਦੀਆਂ ਮਿਸਾਲਾਂ ਹਨ? ਕੀ ਅਸੀਂ ਆਦਮੀਆਂ ਅਤੇ ਔਰਤਾਂ, ਜਵਾਨ ਅਤੇ ਬੁੱਢੇ ਦੋਹਾਂ ਨੂੰ ਦੇਖਦੇ ਹਾਂ ਜੋ ਯਹੋਵਾਹ ਵਿਚ ਅਡੋਲ ਨਿਹਚਾ ਪ੍ਰਦਰਸ਼ਿਤ ਕਰਦੇ ਹਨ, ਠੀਕ ਜਿਵੇਂ ਬਾਈਬਲ ਸਮਿਆਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕੀਤਾ ਸੀ?
4 ਆਧੁਨਿਕ-ਦਿਨ ਵਿਚ ਨਿਹਚਾ ਦੀਆਂ ਮਿਸਾਲਾਂ: ਸਾਡੇ ਚਾਰੇ ਪਾਸੇ ਨਿਹਚਾ ਦੀਆਂ ਸਿਰਕੱਢਵੀਆਂ ਮਿਸਾਲਾਂ ਪਾਈਆਂ ਜਾਂਦੀਆਂ ਹਨ! ਸਾਡੇ ਵਿਚਕਾਰ ਅਗਵਾਈ ਕਰ ਰਹੇ ਨਿਗਾਹਬਾਨਾਂ ਦੀ ਨਿਹਚਾ ਰੀਸ ਕਰਨ ਦੇ ਯੋਗ ਹੈ। (ਇਬ. 13:7) ਪਰੰਤੂ ਸਿਰਫ਼ ਇਹੋ ਹੀ ਵਿਅਕਤੀ ਨਿਹਚਾ ਵਿਚ ਮਿਸਾਲੀ ਨਹੀਂ ਹਨ। ਹਰ ਕਲੀਸਿਯਾ ਦੇ ਨਾਲ ਸੰਬੰਧਿਤ ਉਹ ਨਿਸ਼ਠਾਵਾਨ ਵਿਅਕਤੀ ਹਨ ਜਿਨ੍ਹਾਂ ਦਾ ਯਹੋਵਾਹ ਦੇ ਪ੍ਰਤੀ ਵਫ਼ਾਦਾਰ ਸੇਵਾ ਵਿਚ ਲੰਬੇ ਸਮੇਂ ਦਾ ਰਿਕਾਰਡ ਹੈ, ਜੋ ਸੇਵਾ ਅਕਸਰ ਬਹੁਤ ਹੀ ਔਖੀਆਂ ਹਾਲਾਤਾਂ ਦੇ ਅਧੀਨ ਕੀਤੀ ਜਾਂਦੀ ਹੈ।
5 ਸਾਨੂੰ ਆਪਣੀਆਂ ਵਫ਼ਾਦਾਰ ਭੈਣਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ, ਸਾਲਾਂ ਲਈ, ਵਿਰੋਧੀ ਪਤੀਆਂ ਵੱਲੋਂ ਵਿਰੋਧਤਾ ਸਹਿਣ ਕੀਤੀ ਹੈ। ਇਕੱਲੇ ਮਾਪਿਆਂ ਨੂੰ ਬੱਚਿਆਂ ਦੀ ਇਕੱਲਿਆਂ ਹੀ ਪਰਵਰਿਸ਼ ਕਰਨ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ ਹੈ। ਸਾਡੇ ਦਰਮਿਆਨ ਵੱਡੀ ਉਮਰ ਦੀਆਂ ਵਿਧਵਾਵਾਂ ਹਨ ਜੋ ਕਦੇ ਵੀ ਕਲੀਸਿਯਾ ਸਰਗਰਮੀਆਂ ਨੂੰ ਚੂਕਦੀਆਂ ਨਹੀਂ ਹਨ, ਹਾਲਾਂਕਿ ਉਨ੍ਹਾਂ ਦੀ ਮਦਦ ਕਰਨ ਲਈ ਸ਼ਾਇਦ ਉਨ੍ਹਾਂ ਦਾ ਕੋਈ ਆਪਣਾ ਨਹੀਂ ਹੈ। (ਤੁਲਨਾ ਕਰੋ ਲੂਕਾ 2:37.) ਅਸੀਂ ਉਨ੍ਹਾਂ ਦੀ ਨਿਹਚਾ ਉੱਤੇ ਹੈਰਾਨ ਹੁੰਦੇ ਹਾਂ ਜੋ ਚਿਰਕਾਲੀ ਸਿਹਤ ਸਮੱਸਿਆਵਾਂ ਨੂੰ ਸਹਿਣ ਕਰਦੇ ਹਨ। ਅਨੇਕ ਵਿਅਕਤੀ ਨਿਸ਼ਠਾ ਨਾਲ ਸੇਵਾ ਕਰਨੀ ਜਾਰੀ ਰੱਖਦੇ ਹਨ ਹਾਲਾਂਕਿ ਉਨ੍ਹਾਂ ਦੀਆਂ ਅਜਿਹੀਆਂ ਬੰਦਸ਼ਾਂ ਹਨ ਜੋ ਉਨ੍ਹਾਂ ਨੂੰ ਸੇਵਾ ਦੇ ਅਤਿਰਿਕਤ ਵਿਸ਼ੇਸ਼-ਸਨਮਾਨਾਂ ਲਈ ਨਿਯੁਕਤ ਕੀਤੇ ਜਾਣ ਤੋਂ ਰੋਕਦੀਆਂ ਹਨ। ਅਜਿਹੇ ਨੌਜਵਾਨ ਗਵਾਹ ਵੀ ਹਨ ਜਿਨ੍ਹਾਂ ਨੇ ਸਕੂਲ ਵਿਚ ਵਿਰੋਧਤਾ ਦੇ ਬਾਵਜੂਦ ਨਿਡਰ ਹੋ ਕੇ ਨਿਹਚਾ ਦਿਖਾਈ ਹੈ। ਸਾਡੀ ਈਸ਼ਵਰੀ ਭਗਤੀ ਮਜ਼ਬੂਤ ਹੁੰਦੀ ਜਾਂਦੀ ਹੈ ਜਿਉਂ ਹੀ ਅਸੀਂ ਉਨ੍ਹਾਂ ਵਫ਼ਾਦਾਰ ਪਾਇਨੀਅਰਾਂ ਉੱਤੇ ਧਿਆਨ ਦਿੰਦੇ ਹਾਂ ਜੋ ਬੇਹਿਸਾਬ ਸਮੱਸਿਆਵਾਂ ਝੱਲਦੇ ਹੋਏ ਸਾਲ-ਬ-ਸਾਲ ਜੁਟੇ ਰਹਿੰਦੇ ਹਨ। ਠੀਕ ਪੌਲੁਸ ਦੇ ਵਾਂਗ, ਵਿਹਲ ਨਹੀਂ ਹੋਵੇਗਾ ਜੇਕਰ ਅਸੀਂ ਰਾਜ ਸੇਵਾ ਵਿਚ ਸਾਰੇ ਅਨੁਭਵਾਂ ਅਤੇ ਇਨ੍ਹਾਂ ਭੈਣ-ਭਰਾਵਾਂ ਵੱਲੋਂ ਕੀਤੇ ਗਏ ਨਿਹਚਾ ਦੇ ਕਾਰਜਾਂ ਦੀ ਵਾਰਤਾ ਕਰਨ ਦੀ ਕੋਸ਼ਿਸ਼ ਕਰੀਏ!
6 ਵਫ਼ਾਦਾਰ ਵਿਅਕਤੀਆਂ ਦੀਆਂ ਇਹ ਮਿਸਾਲਾਂ ਸਾਨੂੰ ਤਸੱਲੀ ਅਤੇ ਹੌਸਲਾ ਦਿੰਦੀਆਂ ਹਨ। (1 ਥੱਸ. 3:7, 8) ਅਸੀਂ ਉਨ੍ਹਾਂ ਦੀ ਨਿਹਚਾ ਦੀ ਰੀਸ ਕਰ ਕੇ ਚੰਗਾ ਕਰਦੇ ਹਾਂ ਕਿਉਂਕਿ “ਜੋ ਵਫ਼ਾਦਾਰੀ ਵਰਤਦੇ ਹਨ [ਯਹੋਵਾਹ] ਓਹਨਾਂ ਨੂੰ ਪਸੰਦ ਕਰਦਾ ਹੈ।”—ਕਹਾ. 12:22.