ਨਿੱਤ-ਦਿਹਾੜੀ ਆਪਣੀ ਸੁੱਖਣਾ ਪੂਰੀ ਕਰਨਾ
1 ਜ਼ਬੂਰਾਂ ਦਾ ਲਿਖਾਰੀ ਦਾਊਦ, ਯਹੋਵਾਹ ਨੂੰ ਇਹ ਘੋਸ਼ਿਤ ਕਰਨ ਲਈ ਪ੍ਰੇਰਿਤ ਹੋਇਆ ਸੀ: “ਮੈਂ ਤੇਰੇ ਨਾਮ ਦਾ ਗੁਣ ਸਦਾ ਗਾਵਾਂਗਾ, ਭਈ ਮੈਂ ਨਿਤਾ ਨੇਮ [“ਨਿੱਤ-ਦਿਹਾੜੀ,” ਨਿ ਵ] ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰਾਂ।” (ਜ਼ਬੂ. 61:8) ਦਾਊਦ ਜਾਣਦਾ ਸੀ ਕਿ ਸੁੱਖ ਸੁੱਖਣੀ ਇਕ ਬਿਲਕੁਲ ਸਵੈ-ਇੱਛਿਤ ਮਾਮਲਾ ਹੈ। ਪਰੰਤੂ, ਉਹ ਇਹ ਵੀ ਸਮਝਦਾ ਸੀ ਕਿ ਜੇਕਰ ਉਹ ਸੁੱਖ ਸੁੱਖੇ, ਤਾਂ ਉਹ ਉਸ ਨੂੰ ਪੂਰਾ ਕਰਨ ਲਈ ਵਚਨਬੱਧ ਸੀ। ਫਿਰ ਵੀ, ਉਸ ਨੇ ਨਿੱਤ-ਦਿਹਾੜੀ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਦੇ ਮੌਕੇ ਲਈ ਯਹੋਵਾਹ ਦੀ ਉਸਤਤ ਕੀਤੀ।
2 ਜਦੋਂ ਅਸੀਂ ਯਹੋਵਾਹ ਨੂੰ ਆਪਣਾ ਸਮਰਪਣ ਕੀਤਾ ਸੀ, ਉਦੋਂ ਅਸੀਂ ਉਸ ਦੀ ਇੱਛਾ ਪੂਰੀ ਕਰਨ ਦੀ ਖ਼ੁਸ਼ੀ-ਖ਼ੁਸ਼ੀ ਸੁੱਖ ਸੁੱਖੀ ਸੀ। ਅਸੀਂ ਖ਼ੁਦ ਦਾ ਇਨਕਾਰ ਕੀਤਾ ਅਤੇ ਯਹੋਵਾਹ ਦੀ ਸੇਵਾ ਕਰਨ ਨੂੰ ਜੀਵਨ ਵਿਚ ਆਪਣਾ ਮੁੱਖ ਉਦੇਸ਼ ਬਣਾਇਆ ਸੀ। (ਲੂਕਾ 9:23) ਇਸ ਲਈ, ਸਾਨੂੰ ਵੀ ਨਿੱਤ-ਦਿਹਾੜੀ ਆਪਣੀ ਸੁੱਖਣਾ ਪੂਰੀ ਕਰਨੀ ਚਾਹੀਦੀ ਹੈ। (ਉਪ. 5:4-6) ਪਾਣੀ ਦੇ ਬਪਤਿਸਮੇ ਸਮੇਂ ਕੀਤਾ ਗਿਆ ਸਾਡਾ ਖੁੱਲ੍ਹੇ-ਆਮ ਇਕਰਾਰ ਸਾਡੀ ਸਮੁੱਚੀ ਜੀਵਨ-ਸ਼ੈਲੀ ਵਿਚ ਪ੍ਰਤਿਬਿੰਬਤ ਹੋਣਾ ਚਾਹੀਦਾ ਹੈ, ਕਿਉਂ ਜੋ ਅਸੀਂ ਜਾਣਦੇ ਹਾਂ ਕਿ “ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ।” (ਰੋਮੀ. 10:10) ਇਸ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ਾਮਲ ਹੈ। (ਇਬ. 13:15) ਨਿੱਜੀ ਹਾਲਾਤ ਬਹੁਤ ਵੱਖਰੇ-ਵੱਖਰੇ ਹੁੰਦੇ ਹਨ, ਪਰੰਤੂ ਨਿੱਤ-ਦਿਹਾੜੀ ਅਸੀਂ ਸਾਰੇ ਹੀ ਦੂਜਿਆਂ ਦੇ ਨਾਲ ਖ਼ੁਸ਼ ਖ਼ਬਰੀ ਸਾਂਝਿਆ ਕਰਨ ਦੀ ਮਹੱਤਤਾ ਨੂੰ ਖ਼ਾਸ ਧਿਆਨ ਦੇ ਸਕਦੇ ਹਾਂ।
3 ਪ੍ਰਤਿਦਿਨ ਪ੍ਰਚਾਰ ਕਰਨ ਲਈ ਮੌਕੇ ਬਣਾਓ: ਕਿਸੇ ਹੋਰ ਦੇ ਨਾਲ ਖ਼ੁਸ਼ ਖ਼ਬਰੀ ਸਾਂਝਿਆ ਕਰਨਾ ਇਕ ਆਨੰਦਿਤ ਅਨੁਭਵ ਹੈ। ਇਹ ਪ੍ਰਤਿਦਿਨ ਕਰਨ ਦੇ ਲਈ, ਸਾਨੂੰ ਪ੍ਰਚਾਰ ਕਰਨ ਦੇ ਮੌਕੇ ਬਣਾਉਣੇ ਪੈਂਦੇ ਹਨ ਜਦੋਂ ਵੀ ਸਾਡੇ ਹਾਲਾਤ ਇਜਾਜ਼ਤ ਦੇਣ। ਉਨ੍ਹਾਂ ਵਿਅਕਤੀਆਂ ਦੁਆਰਾ ਅਨੇਕ ਸੁਖਾਵਿਆਂ ਅਨੁਭਵਾਂ ਦਾ ਆਨੰਦ ਮਾਣਿਆ ਗਿਆ ਹੈ ਜਿਨ੍ਹਾਂ ਨੇ ਕੰਮ ਤੇ ਜਾਂ ਸਕੂਲ ਵਿਚ ਵਿਅਕਤੀਆਂ ਨੂੰ ਅਤੇ ਗੁਆਂਢੀਆਂ ਨੂੰ ਜਾਂ ਹਰ ਦਿਨ ਮਿਲਣ ਵਾਲੇ ਹੋਰ ਲੋਕਾਂ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਲਈ ਪਹਿਲ ਕੀਤੀ ਹੈ। ਚਿੱਠੀ ਲਿਖਣੀ ਜਾਂ ਟੈਲੀਫ਼ੋਨ ਦੀ ਵਰਤੋਂ ਵੀ ਦੂਜਿਆਂ ਨੂੰ ਗਵਾਹੀ ਦੇਣ ਦੇ ਸਾਧਨ ਹੋ ਸਕਦੇ ਹਨ। ਇਨ੍ਹਾਂ ਸਾਰਿਆਂ ਸਾਧਨਾਂ ਦਾ ਲਾਭ ਉਠਾਉਣਾ, ਅਤੇ ਨਾਲ ਹੀ ਘਰ-ਘਰ ਗਵਾਹੀ ਦੇਣ ਅਤੇ ਪੁਨਰ-ਮੁਲਾਕਾਤਾਂ ਕਰਨ ਲਈ ਨਿਯਮਿਤ ਤੌਰ ਤੇ ਸਮਾਂ ਅਲੱਗ ਰੱਖਣਾ ਉਸ ਖ਼ਾਸ ਆਨੰਦ ਵਿਚ ਪਰਿਣਿਤ ਹੋ ਸਕਦਾ ਹੈ ਜੋ ਇਕ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰਨ ਤੋਂ ਮਿਲਦਾ ਹੈ। ਜੀ ਹਾਂ, ਅਸੀਂ ਸ਼ਾਇਦ ਹਰ ਦਿਨ ਹੀ ਪ੍ਰਚਾਰ ਕਰਨ ਦੇ ਮੌਕੇ ਬਣਾ ਸਕੀਏ।
4 ਇਕ ਭੈਣ ਨੇ ਆਪਣੇ ਕਾਰਜ-ਸਥਾਨ ਤੇ ਅਵਕਾਸ਼ ਦੇ ਦੌਰਾਨ ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ ਪੜ੍ਹਨਾ ਸ਼ੁਰੂ ਕੀਤਾ। ਉਸ ਨੇ ਇਕ ਸਹਿਕਰਮੀ ਨੂੰ ਉਸ ਦੇ ਨਾਲ ਦਿਨ ਦਾ ਸ਼ਾਸਤਰਵਚਨ ਪੜ੍ਹਨ ਲਈ ਨਿਮੰਤ੍ਰਣ ਦਿੱਤਾ, ਅਤੇ ਛੇਤੀ ਹੀ ਇਹ ਉਸ ਔਰਤ ਦੇ ਨਾਲ ਇਕ ਬਾਈਬਲ ਅਧਿਐਨ ਵਿਚ ਪਰਿਣਿਤ ਹੋਇਆ। ਉਨ੍ਹਾਂ ਨੇ ਹਰ ਦਿਨ, ਹਫ਼ਤੇ ਵਿਚ ਪੰਜ ਦਿਨ, ਅੱਧੇ-ਅੱਧੇ ਘੰਟੇ ਦੇ ਲਈ ਅਧਿਐਨ ਕੀਤਾ। ਇਕ ਹੋਰ ਸਹਿਕਰਮੀ ਨੇ ਉਨ੍ਹਾਂ ਦੇ ਨਿੱਤ ਅਧਿਐਨ ਨੂੰ ਦੇਖਿਆ। ਉਸ ਨੇ ਆਖ਼ਰਕਾਰ ਆਪਣੀ ਪਛਾਣ ਇਕ ਨਿਸ਼ਕ੍ਰਿਆ ਭਰਾ ਦੇ ਤੌਰ ਤੇ ਕੀਤੀ। ਇਸ ਭੈਣ ਦੇ ਜੋਸ਼ ਤੋਂ ਉਤੇਜਿਤ ਹੋ ਕੇ, ਉਸ ਨੇ ਮੁੜ ਸਕ੍ਰਿਆ ਹੋਣ ਦੇ ਲਈ ਇਕ ਬਜ਼ੁਰਗ ਨਾਲ ਸੰਪਰਕ ਕੀਤਾ। ਇਸ ਭੈਣ ਨੇ ਨਿੱਤ-ਦਿਹਾੜੀ ਆਪਣੀ ਸੁੱਖਣਾ ਪੂਰੀ ਕਰਨ ਵਿਚ ਜੁਟੇ ਰਹਿਣ ਦੇ ਕਾਰਨ ਦੋ ਹੋਰ ਜ਼ਿੰਦਗੀਆਂ ਨੂੰ ਸਕਾਰਾਤਮਕ ਤਰੀਕੇ ਤੋਂ ਪ੍ਰਭਾਵਿਤ ਕੀਤਾ।
5 ਜਦੋਂ ਅਸੀਂ ਇਕ ਅਜਿਹੇ ਦਿਲ ਦੁਆਰਾ ਪ੍ਰੇਰਿਤ ਹੁੰਦੇ ਹਾਂ ਜੋ ਯਹੋਵਾਹ ਵੱਲੋਂ ਸਾਡੇ ਲਈ ਕੀਤੀਆਂ ਸਾਰੀਆਂ ਚੰਗੀਆਂ ਚੀਜ਼ਾਂ ਦੇ ਲਈ ਕਦਰ ਨਾਲ ਡੁਲ੍ਹ-ਡੁਲ੍ਹ ਪੈਂਦਾ ਹੈ, ਤਾਂ ਪ੍ਰਤਿਦਿਨ ਆਪਣੀ ਸਮਰਪਣ ਦੀ ਸੁੱਖਣਾ ਨੂੰ ਯਥਾਸ਼ਕਤ ਪੂਰਾ ਕਰਨਾ ਸਾਨੂੰ ਆਨੰਦ ਅਤੇ ਸੰਤੁਸ਼ਟੀ ਲਿਆਵੇਗਾ। ਜ਼ਬੂਰਾਂ ਦੇ ਲਿਖਾਰੀ ਵਾਂਗ, ਅਸੀਂ ਵੀ ਇਹ ਘੋਸ਼ਿਤ ਕਰ ਸਕਦੇ ਹਾਂ: “ਹੇ ਪ੍ਰਭੁ, ਮੇਰੇ ਪਰਮੇਸ਼ੁਰ, ਮੈਂ ਆਪਣੇ ਸਾਰੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ, ਅਤੇ ਸਦਾ ਤੀਕ ਤੇਰੇ ਨਾਮ ਦੀ ਵਡਿਆਈ ਕਰਾਂਗਾ।”—ਜ਼ਬੂ. 86:12.