“ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?”
1 ਇਕ ਮਨਮੋਹਕ, ਪ੍ਰੇਰਣਾਦਾਇਕ, ਅਤੇ ਦਿਲ ਨੂੰ ਖ਼ੁਸ਼ ਕਰਨ ਵਾਲਾ ਸੰਦੇਸ਼ ਦੁਨੀਆਂ ਭਰ ਵਿਚ 169 ਭਾਸ਼ਾਵਾਂ ਵਿਚ ਸੁਣਾਇਆ ਜਾਵੇਗਾ। ਇਹ ਸੰਦੇਸ਼ ਕੀ ਹੈ? ਅਤੇ ਇਹ ਕਿਵੇਂ ਦਿੱਤਾ ਜਾਵੇਗਾ?
2 ਇਹ ਸੰਦੇਸ਼ ਗੁਆਂਢੀ ਲਈ ਪਿਆਰ ਬਾਰੇ ਹੈ। ਇਹ ਕਿੰਗਡਮ ਨਿਊਜ਼ ਨੰ. 35 ਵਿਚ ਪਾਇਆ ਜਾਂਦਾ ਹੈ ਜਿਸ ਦਾ ਵਿਸ਼ਾ ਹੈ, “ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?” ਪੂਰੇ ਸੰਸਾਰ ਦੇ ਸੂਰਤੇ ਹਾਲ ਦੀ ਸੰਖੇਪ ਵਿਚ ਜਾਂਚ ਕਰਦੇ ਹੋਏ ਇਹ ਕਿੰਗਡਮ ਨਿਊਜ਼ ਦਿਖਾਉਂਦਾ ਹੈ ਕਿ ਲੋਕਾਂ ਵਿਚ ਪਿਆਰ ਦੀ ਘਾਟ ਹੀ ਇੰਨੇ ਸਾਰੇ ਦੁੱਖਾਂ ਅਤੇ ਪੀੜਾਂ ਦੀ ਜੜ੍ਹ ਹੈ। ਇਹ ਸਮਝਾਉਂਦਾ ਹੈ ਕਿ, ਖ਼ਾਸ ਕਰਕੇ ਸਾਡੇ ਦਿਨਾਂ ਵਿਚ, ਗੁਆਂਢੀ ਲਈ ਪਿਆਰ ਕਿਉਂ ਠੰਡਾ ਪੈ ਗਿਆ ਹੈ ਅਤੇ ਇਹ ਭਵਿੱਖ ਲਈ ਕੀ ਅਰਥ ਰੱਖਦਾ ਹੈ।
3 ਇਸ ਤੋਂ ਇਲਾਵਾ, ਕਿੰਗਡਮ ਨਿਊਜ਼ ਨੰ. 35 ਦਿਖਾਉਂਦਾ ਹੈ ਕਿ ਅੱਜ ਦੇ ਸੰਸਾਰ ਵਿਚ ਜੀਉਂਦੇ ਲੱਖਾਂ ਲੋਕਾਂ ਵਿਚਕਾਰ ਗੁਆਂਢੀ ਲਈ ਸੱਚਾ ਪਿਆਰ ਪਾਇਆ ਜਾਂਦਾ ਹੈ। ਇਹ ਮੁਢਲੀ ਮਸੀਹੀਅਤ—ਪਹਿਲੀ ਸਦੀ ਦੀ ਉਪਾਸਨਾ, ਜਿਸ ਦੀ ਵਿਸ਼ੇਸ਼ਤਾ ਯਿਸੂ ਮਸੀਹ ਦੁਆਰਾ ਸਿਖਾਇਆ ਗਿਆ ਗੁਆਂਢੀ ਲਈ ਪਿਆਰ ਸੀ—ਦੀ ਮੁੜ-ਜਾਗ੍ਰਿਤੀ ਵਿਚ ਭਾਗ ਲੈਣ ਵਾਲਿਆਂ ਦੀ ਸ਼ਨਾਖ਼ਤ ਕਰਦਾ ਹੈ।—ਲੂਕਾ 10:25-37.
4 ਕਿੰਗਡਮ ਨਿਊਜ਼ ਨੰ. 35 ਅੰਤ ਵਿਚ ਸਮਝਾਉਂਦਾ ਹੈ ਕਿ ਕਿਵੇਂ ਬਹੁਤ ਜਲਦੀ ਮਸੀਹ ਦੁਆਰਾ ਪਰਮੇਸ਼ੁਰ ਦੇ ਰਾਜ ਦੀ ਹਕੂਮਤ ਹੇਠ ਮਨੁੱਖਜਾਤੀ ਦਾ ਇਕ ਸਮੁੱਚਾ ਸੰਸਾਰ ਗੁਆਂਢੀ ਲਈ ਪਿਆਰ ਨੂੰ ਅਮਲ ਵਿਚ ਲਿਆਵੇਗਾ। ਇਸ ਸੰਦੇਸ਼ ਦੇ ਪੜ੍ਹਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਵੱਡੀ ਪੁਸਤਿਕਾ ਹਾਸਲ ਕਰ ਕੇ ਇਹ ਸਿੱਖਣ ਕਿ ਪਰਮੇਸ਼ੁਰ ਦੇ ਬਚਨ ਵਿਚ ਵੇਰਵੇ ਸਹਿਤ ਵਰਣਨ ਕੀਤੇ ਗਏ ਇਸ ਧਰਤੀ-ਵਿਆਪਕ ਪ੍ਰੇਮਮਈ ਪ੍ਰਬੰਧ ਦਾ ਭਾਗ ਕਿਵੇਂ ਬਣਿਆ ਜਾ ਸਕਦਾ ਹੈ।
5 ਕੌਣ ਇਹ ਸੰਦੇਸ਼ ਦੇਵੇਗਾ? ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਦੌਰਾਨ ਗੁਆਂਢੀ ਲਈ ਪਿਆਰ ਦੇ ਇਸ ਸੰਦੇਸ਼ ਨੂੰ ਆਪਣੇ ਵਾਕਫ਼ਕਾਰਾਂ, ਗੁਆਂਢੀਆਂ, ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰਨਗੇ। ਸਾਰੇ ਯੋਗ ਵਿਅਕਤੀਆਂ ਨੂੰ ਕਿੰਗਡਮ ਨਿਊਜ਼ ਨੰ. 35 ਦੀ ਜਨਤਕ ਵੰਡਾਈ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
6 ਇਸ ਮੁਹਿੰਮ ਦਾ ਅੰਤਿਮ ਲਕਸ਼, ਲੋਕਾਂ ਦੀ ਜਾਂ ਤਾਂ ਮੰਗ ਵੱਡੀ ਪੁਸਤਿਕਾ ਵਿੱਚੋਂ ਜਾਂ ਗਿਆਨ ਪੁਸਤਕ ਵਿੱਚੋਂ ਬਾਈਬਲ ਅਧਿਐਨ ਕਰਨ ਵਿਚ ਰੁਚੀ ਜਗਾਉਣਾ ਹੈ। ਇਸ ਤੋਂ ਇਲਾਵਾ, ਯਹੋਵਾਹ ਦੇ ਹਰੇਕ ਸੇਵਕ ਦਾ ਦਿਲੀ ਜਤਨ ਪਿਆਰ ਦੇ ਪਰਮੇਸ਼ੁਰ, ਯਹੋਵਾਹ ਲਈ, ਅਤੇ ਉਸ ਦੇ ਪੁੱਤਰ, ਯਿਸੂ ਮਸੀਹ ਲਈ ਇਕ ਸ਼ਾਨਦਾਰ ਗਵਾਹੀ ਦੇਵੇਗਾ।