ਤੁਸੀਂ ਉਦਾਸੀਨਤਾ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ ਹੋ?
1 ਭਾਵਨਾ ਜਾਂ ਜਜ਼ਬਾਤ ਦੀ ਘਾਟ, ਰੁਚੀ ਜਾਂ ਪਰਵਾਹ ਦੀ ਅਣਹੋਂਦ ਨੂੰ ਉਦਾਸੀਨਤਾ ਕਹਿੰਦੇ ਹਨ। ਇਹ ਸੇਵਕਾਈ ਵਿਚ ਦੇਖੇ ਜਾਂਦੇ ਰਵੱਈਏ ਵਿੱਚੋਂ ਇਕ ਜ਼ਿਆਦਾ ਆਮ ਅਤੇ ਮੁਸ਼ਕਲ ਰਵੱਈਆ ਹੈ। ਤੁਸੀਂ ਇਸ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ ਹੋ? ਕੀ ਇਸ ਦੇ ਕਾਰਨ ਤੁਸੀਂ ਸੇਵਕਾਈ ਵਿਚ ਹੌਲੇ ਪੈ ਗਏ ਹੋ? ਤੁਸੀਂ ਇਸ ਉੱਤੇ ਕਿਵੇਂ ਜੇਤੂ ਹੋ ਸਕਦੇ ਹੋ ਤਾਂਕਿ ਤੁਸੀਂ ਰਾਜ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾ ਸਕੋ?
2 ਪਹਿਲਾਂ, ਨਿਸ਼ਚਿਤ ਕਰੋ ਕਿ ਤੁਹਾਡੇ ਖੇਤਰ ਵਿਚ ਲੋਕ ਉਦਾਸੀਨ ਕਿਉਂ ਹਨ। ਕੀ ਇਸ ਲਈ ਕਿ ਉਹ ਆਪਣੇ ਸਿਆਸੀ ਅਤੇ ਧਾਰਮਿਕ ਆਗੂਆਂ ਤੋਂ ਨਿਰਾਸ਼ ਹਨ? ਕੀ ਉਹ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ? ਕੀ ਉਹ ਕੁਝ ਬਿਹਤਰ ਹਾਲਤਾਂ ਦੇ ਵਾਅਦਿਆਂ ਬਾਰੇ ਸੰਦੇਹੀ ਹਨ? ਕੀ ਉਹ ਅਧਿਆਤਮਿਕ ਗੱਲਾਂ ਬਾਰੇ ਸੋਚਣਾ ਨਹੀਂ ਚਾਹੁੰਦੇ ਹਨ, ਜਦ ਤਕ ਕਿ ਉਨ੍ਹਾਂ ਨੂੰ ਫ਼ੌਰੀ ਵਾਸਤਵਿਕ ਲਾਭ ਨਾ ਨਜ਼ਰ ਆਉਣ?
3 ਰਾਜ ਦੀ ਉਮੀਦ ਨੂੰ ਉਜਾਗਰ ਕਰੋ: ਅਜਿਹੀ ਕੋਈ ਵੀ ਸਮੱਸਿਆ ਨਹੀਂ ਜਿਸ ਨੂੰ ਰਾਜ ਹੱਲ ਨਾ ਕਰੇਗਾ। ਇਸ ਲਈ ਜਦੋਂ ਵੀ ਸੰਭਵ ਹੋਵੇ, ਸਾਨੂੰ ਰਾਜ ਸੰਬੰਧੀ ਵਾਅਦਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ, ਅਤੇ ਸ਼ਾਸਤਰ ਵਿੱਚੋਂ ਮੁੱਖ ਕਥਨਾਂ ਦੇ ਹਵਾਲੇ ਦੇਣੇ ਚਾਹੀਦੇ ਹਨ ਭਾਵੇਂ ਕਿ ਬਾਈਬਲ ਆਇਤ ਦਿਖਾਉਣੀ ਸੰਭਵ ਨਾ ਵੀ ਹੋਵੇ ਜਾਂ ਅਨੁਚਿਤ ਹੋਵੇ। (ਇਬ. 4:12) ਪਰੰਤੂ, ਅਸੀਂ ਗੱਲ-ਬਾਤ ਨੂੰ ਇਸ ਮੁੱਦੇ ਵੱਲ ਕਿਵੇਂ ਲੈ ਜਾ ਸਕਦੇ ਹਾਂ?
4 ਇਹ ਜ਼ਰੂਰੀ ਹੈ ਕਿ ਲੋਕ ਸਾਡੀ ਮੁਲਾਕਾਤ ਦੇ ਉਦੇਸ਼ ਨੂੰ ਸਮਝਣ। ਉਨ੍ਹਾਂ ਨੂੰ ਇਹ ਅਹਿਸਾਸ ਹੋਣ ਦੀ ਲੋੜ ਹੈ ਕਿ ਅਸੀਂ ਗੁਆਂਢੀ ਲਈ ਪਿਆਰ ਅਤੇ ਸਮਾਜ ਲਈ ਚਿੰਤਾ ਦੀ ਖ਼ਾਤਰ ਉਨ੍ਹਾਂ ਕੋਲ ਆਏ ਹਾਂ। ਅਸੀਂ ਇਕ ਚੰਗੀ-ਤਰ੍ਹਾਂ-ਵਿਚਾਰਿਆ ਸਵਾਲ ਪੁੱਛ ਸਕਦੇ ਹਾਂ ਜਿਵੇਂ ਕਿ, “ਤੁਹਾਡੇ ਖ਼ਿਆਲ ਵਿਚ [ਸਮਾਜ ਨੂੰ ਪ੍ਰਭਾਵਿਤ ਕਰਦੀ ਇਕ ਸਮੱਸਿਆ] ਦਾ ਕੀ ਹੱਲ ਹੈ?” ਜੇਕਰ ਇਕ ਪ੍ਰਸਤਾਵਨਾ ਸਫ਼ਲ ਨਾ ਹੋਵੇ, ਤਾਂ ਦੂਜੀ ਇਸਤੇਮਾਲ ਕਰੋ।
5 ਇਕ ਬਹੁਤ ਹੀ ਅਮੀਰ ਇਲਾਕੇ ਵਿਚ ਜਿੱਥੇ ਘਰ-ਸੁਆਮੀ ਰਾਜ ਸੰਦੇਸ਼ ਪ੍ਰਤੀ ਉਦਾਸੀਨ ਸਨ, ਪ੍ਰਕਾਸ਼ਕਾਂ ਨੇ ਅਜਿਹੀ ਪ੍ਰਸਤਾਵਨਾ ਲੱਭਣ ਦੀ ਕੋਸ਼ਿਸ਼ ਕੀਤੀ ਜੋ ਰੁਚੀ ਜਗਾਉਂਦੀ। ਗਿਆਨ ਪੁਸਤਕ ਪੇਸ਼ ਕਰਦੇ ਸਮੇਂ, ਇਕ ਜੋੜੇ ਨੇ ਇਹ ਪ੍ਰਸਤਾਵਨਾ ਅਜ਼ਮਾਈ: “ਕੀ ਤੁਹਾਡੇ ਖ਼ਿਆਲ ਵਿਚ ਅੱਜ ਸੰਸਾਰ ਵਿਚ ਸਫ਼ਲ ਹੋਣ ਲਈ ਚੰਗੀ ਵਿਦਿਆ ਜ਼ਰੂਰੀ ਹੈ? ਕੀ ਤੁਸੀਂ ਮੰਨਦੇ ਹੋ ਕਿ ਇਕ ਬਹੁ-ਪੱਖੀ ਵਿਦਿਆ ਵਿਚ ਬਾਈਬਲ ਦਾ ਗਿਆਨ ਵੀ ਸ਼ਾਮਲ ਹੋਵੇਗਾ?” ਇੱਕੋ ਦੁਪਹਿਰ ਵਿਚ ਉਨ੍ਹਾਂ ਨੇ ਤਿੰਨ ਪੁਸਤਕਾਂ ਦਿੱਤੀਆਂ, ਅਤੇ ਇਨ੍ਹਾਂ ਵਿੱਚੋਂ ਇਕ ਪੁਸਤਕ ਇਕ ਔਰਤ ਨੂੰ ਦਿੱਤੀ ਜਿਸ ਨੇ ਬਾਅਦ ਵਿਚ ਕਿਹਾ ਕਿ ਉਸ ਨੇ ਪੂਰੀ ਗਿਆਨ ਪੁਸਤਕ ਪੜ੍ਹ ਲਈ ਸੀ ਅਤੇ ਉਹ ਬਾਈਬਲ ਅਧਿਐਨ ਲਈ ਰਾਜ਼ੀ ਹੋ ਗਈ।
6 ਜਦੋਂ ਤੁਸੀਂ ਉਦਾਸੀਨਤਾ ਦਾ ਸਾਮ੍ਹਣਾ ਕਰਦੇ ਹੋ, ਤਾਂ ਵੱਖੋ-ਵੱਖਰੀਆਂ ਪ੍ਰਸਤਾਵਨਾਵਾਂ ਨੂੰ ਅਜ਼ਮਾਓ, ਵਿਚਾਰ-ਉਕਸਾਊ ਸਵਾਲ ਪੁੱਛੋ, ਅਤੇ ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਇਸਤੇਮਾਲ ਕਰੋ। ਇਸ ਤਰ੍ਹਾਂ ਤੁਸੀਂ ਸ਼ਾਇਦ ਸਾਡੀ ਅਦਭੁਤ ਰਾਜ ਉਮੀਦ ਸਵੀਕਾਰਨ ਵਿਚ ਦੂਜਿਆਂ ਦੀ ਮਦਦ ਕਰ ਸਕੋ।