ਯਹੋਵਾਹ ਦੇ ਗਵਾਹ—ਸੱਚੇ ਇੰਜੀਲ-ਪ੍ਰਚਾਰਕ
1 ਯਿਸੂ ਮਸੀਹ ਨੇ ਆਪਣੇ ਸਾਰੇ ਚੇਲਿਆਂ ਨੂੰ ਇੰਜੀਲ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ, ਅਤੇ ਉਨ੍ਹਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਸਪੱਸ਼ਟ ਹਿਦਾਇਤ ਦਿੱਤੀ ਸੀ। (ਮੱਤੀ 24:14; ਰਸੂ. 10:42) ਉਸ ਦੇ ਮੁਢਲੇ ਚੇਲਿਆਂ ਨੇ ਬਿਨਾਂ ਰੁਕੇ ਰਾਜ ਦਾ ਪ੍ਰਚਾਰ ਕਰਨ ਦੁਆਰਾ ਇਸ ਕੰਮ ਵਿਚ ਨਮੂਨਾ ਕਾਇਮ ਕੀਤਾ। ਨਾ ਕੇਵਲ ਉਪਾਸਨਾ-ਥਾਵਾਂ ਤੇ, ਬਲਕਿ ਘਰ-ਘਰ ਅਤੇ ਜਨਤਕ ਥਾਵਾਂ ਤੇ ਜਿੱਥੇ ਕਿਤੇ ਵੀ ਲੋਕ ਮਿਲਦੇ ਸਨ, ਉੱਥੇ ਉਨ੍ਹਾਂ ਨੇ ਪ੍ਰਚਾਰ ਕੀਤਾ। (ਰਸੂ. 5:42, ਪਵਿੱਤਰ ਬਾਈਬਲ ਨਵਾਂ ਅਨੁਵਾਦ; 20:20) ਅੱਜ ਯਹੋਵਾਹ ਦੇ ਗਵਾਹਾਂ ਵਜੋਂ, ਅਸੀਂ 232 ਦੇਸ਼ਾਂ ਵਿਚ ਰਾਜ ਸੰਦੇਸ਼ ਦਾ ਪ੍ਰਚਾਰ ਕਰਨ ਅਤੇ ਕੇਵਲ ਪਿਛਲੇ ਤਿੰਨ ਸਾਲਾਂ ਵਿਚ ਦਸ ਲੱਖ ਤੋਂ ਵੱਧ ਨਵੇਂ ਚੇਲਿਆਂ ਨੂੰ ਬਪਤਿਸਮਾ ਦੇਣ ਦੁਆਰਾ ਆਪਣੇ ਆਪ ਨੂੰ ਸੱਚੇ ਮਸੀਹੀ ਇੰਜੀਲ-ਪ੍ਰਚਾਰਕ ਸਾਬਤ ਕੀਤਾ ਹੈ! ਇੰਜੀਲ ਦਾ ਪ੍ਰਚਾਰ ਕਰਨ ਦਾ ਸਾਡਾ ਕੰਮ ਕਿਉਂ ਇੰਨਾ ਸਫ਼ਲ ਰਿਹਾ ਹੈ?
2 ਖ਼ੁਸ਼ ਖ਼ਬਰੀ ਸਾਨੂੰ ਉਤੇਜਿਤ ਕਰਦੀ ਹੈ: ਇੰਜੀਲ-ਪ੍ਰਚਾਰਕ ਖ਼ੁਸ਼ ਖ਼ਬਰੀ ਦੇ ਪ੍ਰਚਾਰਕ, ਜਾਂ ਸੰਦੇਸ਼ਵਾਹਕ ਹਨ। ਇਸ ਹੈਸੀਅਤ ਵਿਚ, ਸਾਨੂੰ ਯਹੋਵਾਹ ਦੇ ਰਾਜ ਦਾ ਐਲਾਨ ਕਰਨ ਦਾ ਰੁਮਾਂਚਕ ਵਿਸ਼ੇਸ਼-ਸਨਮਾਨ ਪ੍ਰਾਪਤ ਹੈ—ਇੱਕੋ-ਇਕ ਅਸਲੀ ਖ਼ੁਸ਼ ਖ਼ਬਰੀ ਜੋ ਦੁਖੀ ਮਨੁੱਖਜਾਤੀ ਨੂੰ ਦਿੱਤੀ ਜਾ ਸਕਦੀ ਹੈ। ਅਸੀਂ ਉਸ ਨਵੇਂ ਆਕਾਸ਼ ਦਾ ਅਗਾਊਂ ਗਿਆਨ ਪ੍ਰਾਪਤ ਕਰ ਕੇ ਜੋਸ਼ੀਲੇ ਹਾਂ ਜੋ ਆਉਣ ਵਾਲੇ ਪਰਾਦੀਸ ਵਿਚ ਵਫ਼ਾਦਾਰ ਮਨੁੱਖਜਾਤੀ ਨਾਲ ਬਣੀ ਨਵੀਂ ਧਰਤੀ ਉੱਤੇ ਧਾਰਮਿਕਤਾ ਨਾਲ ਸ਼ਾਸਨ ਕਰੇਗਾ। (2 ਪਤ. 3:13, 17) ਕੇਵਲ ਅਸੀਂ ਹੀ ਇਸ ਉਮੀਦ ਨੂੰ ਅਪਣਾਇਆ ਹੈ, ਅਤੇ ਅਸੀਂ ਇਸ ਨੂੰ ਦੂਸਰਿਆਂ ਨਾਲ ਸਾਂਝਾ ਕਰਨ ਲਈ ਉਤਸੁਕ ਹਾਂ।
3 ਸੱਚਾ ਪ੍ਰੇਮ ਸਾਨੂੰ ਪ੍ਰੇਰਿਤ ਕਰਦਾ ਹੈ: ਇੰਜੀਲ ਦਾ ਪ੍ਰਚਾਰ ਇਕ ਜਾਨ-ਬਚਾਊ ਕੰਮ ਹੈ। (ਰੋਮੀ. 1:16) ਇਸੇ ਕਾਰਨ ਅਸੀਂ ਰਾਜ ਸੰਦੇਸ਼ ਨੂੰ ਫੈਲਾਉਣ ਵਿਚ ਵੱਡੀ ਖ਼ੁਸ਼ੀ ਪ੍ਰਾਪਤ ਕਰਦੇ ਹਾਂ। ਸੱਚੇ ਇੰਜੀਲ-ਪ੍ਰਚਾਰਕਾਂ ਵਜੋਂ, ਅਸੀਂ ਲੋਕਾਂ ਨੂੰ ਪ੍ਰੇਮ ਕਰਦੇ ਹਾਂ, ਅਤੇ ਇਹ ਸਾਨੂੰ ਉਨ੍ਹਾਂ ਨਾਲ—ਆਪਣੇ ਪਰਿਵਾਰਾਂ, ਗੁਆਂਢੀਆਂ, ਵਾਕਫ਼ਕਾਰਾਂ, ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਵੀ—ਖ਼ੁਸ਼ ਖ਼ਬਰੀ ਸਾਂਝੀ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਕੰਮ ਨੂੰ ਪੂਰੇ ਪ੍ਰਾਣ ਨਾਲ ਕਰਨ ਦੁਆਰਾ ਅਸੀਂ ਦੂਸਰਿਆਂ ਪ੍ਰਤੀ ਆਪਣੇ ਸੱਚੇ ਪ੍ਰੇਮ ਦਾ ਸਭ ਤੋਂ ਉੱਤਮ ਪ੍ਰਗਟਾਵਾ ਕਰਦੇ ਹਾਂ।—1 ਥੱਸ. 2:8.
4 ਪਰਮੇਸ਼ੁਰ ਦੀ ਆਤਮਾ ਸਾਡੀ ਮਦਦ ਕਰਦੀ ਹੈ: ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਜਦੋਂ ਅਸੀਂ ਰਾਜ ਦਾ ਬੀ ਬੀਜਣ ਅਤੇ ਇਸ ਨੂੰ ਪਾਣੀ ਦੇਣ ਦਾ ਆਪਣਾ ਕੰਮ ਕਰਦੇ ਹਾਂ, ਤਾਂ ਯਹੋਵਾਹ ਇਸ ਨੂੰ “ਵਧਾਉਣ ਵਾਲਾ ਹੈ।” ਇਹੋ ਹੀ ਅਸੀਂ ਅੱਜ ਆਪਣੇ ਸੰਗਠਨ ਵਿਚ ਹੁੰਦਾ ਦੇਖਦੇ ਹਾਂ। (1 ਕੁਰਿੰ. 3:5-7) ਪਰਮੇਸ਼ੁਰ ਦੀ ਆਤਮਾ ਸਾਨੂੰ ਸਾਡੇ ਇੰਜੀਲ-ਪ੍ਰਚਾਰ ਕੰਮ ਵਿਚ ਮਦਦ ਦਿੰਦੀ ਹੈ ਅਤੇ ਸਾਨੂੰ ਵੱਡੀ ਸਫ਼ਲਤਾ ਦਿੰਦੀ ਹੈ।—ਯੋਏ. 2:28, 29.
5 ਦੂਸਰਾ ਤਿਮੋਥਿਉਸ 4:5 ਵਿਚ ‘ਇੰਜੀਲ-ਪ੍ਰਚਾਰਕ ਦਾ ਕੰਮ ਕਰਨ’ (ਨਿ ਵ) ਲਈ ਦਿੱਤੇ ਗਏ ਉਤਸ਼ਾਹ ਨੂੰ ਧਿਆਨ ਵਿਚ ਰੱਖਦੇ ਹੋਏ, ਅਤੇ ਸਭ ਲੋਕਾਂ ਪ੍ਰਤੀ ਆਪਣੇ ਪ੍ਰੇਮ ਦੇ ਕਾਰਨ, ਆਓ ਅਸੀਂ ਹਰ ਮੌਕੇ ਤੇ ਰਾਜ ਦੀ ਰੁਮਾਂਚਕ ਖ਼ੁਸ਼ ਖ਼ਬਰੀ ਸਾਂਝੀ ਕਰਨ ਲਈ ਪ੍ਰੇਰਿਤ ਹੋਈਏ, ਇਹ ਭਰੋਸਾ ਰੱਖਦੇ ਹੋਏ ਕਿ ਯਹੋਵਾਹ ਸਾਡੇ ਕੰਮ ਨੂੰ ਬਰਕਤ ਦਿੰਦਾ ਰਹੇਗਾ।