ਪੂਰਣ ਗਵਾਹੀ ਦੇਣ ਵਿਚ ਆਨੰਦ ਮਾਣੋ
1 ਅਸੀਂ ਸਾਰੇ ਉਹ ਕੰਮ ਕਰਨਾ ਪਸੰਦ ਕਰਦੇ ਹਾਂ ਜੋ ਅਸੀਂ ਚੰਗੀ ਤਰ੍ਹਾਂ ਨਾਲ ਕਰ ਸਕਦੇ ਹਾਂ। ਮਰਕੁਸ 7:37 ਕਹਿੰਦਾ ਹੈ ਕਿ ਭੀੜ ਨੇ ਯਿਸੂ ਬਾਰੇ ਕਿਹਾ: “ਉਹ ਨੇ ਸੱਭੋ ਕੁਝ ਅੱਛਾ ਕੀਤਾ ਹੈ।” ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਿਸੂ ਨੇ ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਆਨੰਦ ਮਾਣਿਆ! (ਤੁਲਨਾ ਕਰੋ ਜ਼ਬੂਰ 40:8.) ਹੇਠਾਂ ਦਿੱਤੇ ਸੁਝਾਵਾਂ ਉੱਤੇ ਗੌਰ ਕਰਨ ਦੁਆਰਾ, ਅਸੀਂ ਵੀ ਯਿਸੂ ਦੀ ਇਹ ਆਗਿਆ ਨੂੰ ਮੰਨਦੇ ਹੋਏ ਆਨੰਦ ਹਾਸਲ ਕਰਾਂਗੇ ਕਿ “ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਸਾਖੀ [“ਪੂਰਣ ਗਵਾਹੀ,” ਨਿ ਵ] ਦਿਓ।” (ਰਸੂ. 10:42) ਜਨਵਰੀ ਵਿਚ ਅਸੀਂ ਸੂਚੀਬੱਧ ਕੀਤੀਆਂ ਗਈਆਂ ਅੱਧੀ-ਕੀਮਤ ਜਾਂ ਖ਼ਾਸ-ਕੀਮਤ ਪੁਸਤਕਾਂ ਵਿੱਚੋਂ ਕੋਈ ਵੀ 192 ਸਫ਼ਿਆਂ ਵਾਲੀ ਪੁਰਾਣੀ ਪੁਸਤਕ ਪੇਸ਼ ਕਰ ਰਹੇ ਹਾਂ। ਜਿੱਥੇ ਅਜਿਹੀਆਂ ਪੁਸਤਕਾਂ ਸਥਾਨਕ ਭਾਸ਼ਾਵਾਂ ਵਿਚ ਉਪਲਬਧ ਨਹੀਂ ਹਨ, ਉੱਥੇ ਅਸੀਂ ਗਿਆਨ ਜਾਂ ਪਰਿਵਾਰਕ ਖ਼ੁਸ਼ੀ ਪੁਸਤਕਾਂ ਨੂੰ 20 ਰੁਪਏ ਪ੍ਰਤਿ ਕਾਪੀ ਲਈ ਪੇਸ਼ ਕਰਾਂਗੇ। ਅਸੀਂ ਪੂਰਣ ਗਵਾਹੀ ਦੇਣ ਲਈ ਇਨ੍ਹਾਂ ਪ੍ਰਕਾਸ਼ਨਾਂ ਦੀ ਕਿਵੇਂ ਵਰਤੋਂ ਕਰ ਸਕਦੇ ਹਾਂ?
2 ਕਿਉਂ ਜੋ ਲੋਕ ਅਕਸਰ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਚਿੰਤਿਤ ਹੁੰਦੇ ਹਨ, ਤੁਸੀਂ ਇਹ ਕਹਿ ਸਕਦੇ ਹੋ:
◼ “ਚਿਕਿਤਸਾ ਦੇ ਖੇਤਰ ਵਿਚ ਮਹੱਤਵਪੂਰਣ ਪ੍ਰਾਪਤੀਆਂ ਹਾਸਲ ਕਰਨ ਦੇ ਬਾਵਜੂਦ, ਅੱਜ ਬੀਮਾਰੀਆਂ ਕਾਰਨ ਬਹੁਤ ਸਾਰੀਆਂ ਦੁੱਖ-ਤਕਲੀਫ਼ਾਂ ਹਨ। ਤੁਹਾਡੇ ਵਿਚਾਰ ਵਿਚ ਇਹ ਇਸ ਤਰ੍ਹਾਂ ਕਿਉਂ ਹੈ? [ਜਵਾਬ ਲਈ ਸਮਾਂ ਦਿਓ।] ਯਿਸੂ ਮਸੀਹ ਨੇ ਕਿਹਾ ਸੀ ਕਿ ਮਰੀਆਂ ਅੰਤਿਮ ਦਿਨਾਂ ਦੀ ਵਿਸ਼ੇਸ਼ਤਾ ਹੋਣਗੀਆਂ। (ਲੂਕਾ 21:11) ਫਿਰ ਵੀ ਬਾਈਬਲ ਅਜਿਹੇ ਸਮੇਂ ਦਾ ਵੀ ਵਰਣਨ ਕਰਦੀ ਹੈ ਜਦੋਂ ਬੀਮਾਰੀ ਨਹੀਂ ਰਹੇਗੀ। [ਯਸਾਯਾਹ 33:24 ਪੜ੍ਹੋ।] ਦੇਖੋ ਇਹ ਪੁਸਤਕ ਇਸ ਬੁਨਿਆਦੀ ਬਾਈਬਲ ਸਿੱਖਿਆ ਵਿਚ ਕਿਵੇਂ ਉਮੀਦ ਜਗਾਉਂਦੀ ਹੈ।” ਤੁਸੀਂ ਜੋ ਪੁਸਤਕ ਦਿਖਾ ਰਹੇ ਹੋ, ਉਸ ਵਿੱਚੋਂ ਕੁਝ ਉਚਿਤ ਟਿੱਪਣੀਆਂ ਉਜਾਗਰ ਕਰੋ, ਅਤੇ ਫਿਰ ਪੁਸਤਕ ਪੇਸ਼ ਕਰੋ।
3 ਬਾਜ਼ਾਰਾਂ ਦੇ ਨੇੜੇ ਗ਼ੈਰ-ਰਸਮੀ ਗਵਾਹੀ ਦਿੰਦੇ ਸਮੇਂ, ਤੁਸੀਂ ਨਮਸਕਾਰ ਕਹਿਣ ਮਗਰੋਂ ਪੁੱਛ ਸਕਦੇ ਹੋ:
◼ “ਕੀ ਤੁਹਾਨੂੰ ਲੱਗਦਾ ਹੈ ਕਿ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਰਹੀਆਂ ਹਨ ਕਿ ਅੱਜ-ਕੱਲ੍ਹ ਗੁਜ਼ਾਰਾ ਕਰਨਾ ਮੁਸ਼ਕਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਤੁਹਾਡੇ ਵਿਚਾਰ ਵਿਚ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਸੱਚੀ ਮਾਲੀ ਸੁਰੱਖਿਆ ਹੋਵੇਗੀ?” ਜਵਾਬ ਲਈ ਸਮਾਂ ਦਿਓ। ਫਿਰ ਜੋ ਪੁਸਤਕ ਤੁਸੀਂ ਪੇਸ਼ ਕਰ ਰਹੇ ਹੋ, ਉਸ ਵਿੱਚੋਂ ਇਕ ਉਚਿਤ ਸ਼ਾਸਤਰਵਚਨ ਦਾ ਹਵਾਲਾ ਦਿਖਾਓ। ਗੱਲ-ਬਾਤ ਜਾਰੀ ਰੱਖਦੇ ਹੋਏ ਕਹੋ: “ਇਹ ਪੁਸਤਕ ਦਿਖਾਉਂਦੀ ਹੈ ਕਿ ਕਿਵੇਂ ਪਰਮੇਸ਼ੁਰ ਆਪਣੇ ਰਾਜ ਦੁਆਰਾ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰੇਗਾ ਜੋ ਅੱਜ ਜੀਵਨ ਨੂੰ ਇੰਨਾ ਕਠਿਨ ਬਣਾਉਂਦੀਆਂ ਹਨ।” ਪੁਸਤਕ ਪੇਸ਼ ਕਰੋ। ਤੁਸੀਂ ਸ਼ਾਇਦ ਇਹ ਕਹਿ ਸਕਦੇ ਹੋ ਕਿ ਤੁਸੀਂ ਇਸ ਗੱਲ-ਬਾਤ ਦਾ ਕਿੰਨਾ ਆਨੰਦ ਮਾਣਿਆ ਹੈ ਅਤੇ ਇਸ ਤੋਂ ਬਾਅਦ ਪੁੱਛੋ: “ਕੀ ਅਸੀਂ ਹੋਰ ਕਿਸੇ ਸਮੇਂ ਇਹ ਗੱਲ-ਬਾਤ ਜਾਰੀ ਰੱਖ ਸਕਦੇ ਹਾਂ?” ਇਸ ਤਰ੍ਹਾਂ ਤੁਸੀਂ ਸ਼ਾਇਦ ਉਸ ਵਿਅਕਤੀ ਦਾ ਫ਼ੋਨ ਨੰਬਰ ਜਾਂ ਘਰ ਦਾ ਪਤਾ ਹਾਸਲ ਕਰ ਸਕੋ।
4 “ਗਿਆਨ” ਪੁਸਤਕ ਇਸਤੇਮਾਲ ਕਰਦੇ ਹੋਏ ਤੁਹਾਨੂੰ ਸ਼ਾਇਦ ਵਿਸ਼ਵ ਸ਼ਾਂਤੀ ਬਾਰੇ ਇਹ ਪੇਸ਼ਕਾਰੀ ਅਜ਼ਮਾਉਣ ਦਾ ਮੌਕਾ ਮਿਲੇ:
◼ “ਤੁਹਾਡੇ ਵਿਚਾਰ ਵਿਚ, ਵਿਸ਼ਵ ਸ਼ਾਂਤੀ ਸਥਾਪਿਤ ਕਰਨਾ ਇੰਨਾ ਮੁਸ਼ਕਲ ਕਿਉਂ ਹੈ? [ਜਵਾਬ ਲਈ ਸਮਾਂ ਦਿਓ, ਅਤੇ ਫਿਰ ਸਫ਼ੇ 188-9 ਉੱਤੇ ਤਸਵੀਰ ਦਿਖਾਓ।] ਇਹ ਤਸਵੀਰ ਕਈ ਬਾਈਬਲ ਵਰਣਨਾਂ ਉੱਤੇ ਆਧਾਰਿਤ ਹੈ, ਜਿਵੇਂ ਕਿ ਇਹ। [ਯਸਾਯਾਹ 65:21 ਪੜ੍ਹੋ।] ਅੱਜ ਦੁਨੀਆਂ ਵਿਚ ਇਸ ਲਈ ਸ਼ਾਂਤੀ ਦੀ ਘਾਟ ਹੈ ਕਿਉਂਕਿ ਲੋਕ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸੱਚਾ ਗਿਆਨ ਨਹੀਂ ਰੱਖਦੇ ਹਨ। ਇਹ ਗਿਆਨ ਛੇਤੀ ਹੀ ਪੂਰੀ ਧਰਤੀ ਨੂੰ ਭਰ ਦੇਵੇਗਾ। [ਯਸਾਯਾਹ 11:9 ਪੜ੍ਹੋ।] ਹੁਣ ਤੋਂ ਹੀ ਇਹ ਗਿਆਨ ਹਾਸਲ ਕਰਨ ਵਿਚ ਇਹ ਪੁਸਤਕ ਤੁਹਾਡੀ ਮਦਦ ਕਰੇਗੀ, ਇਸ ਲਈ ਮੈਂ ਤੁਹਾਨੂੰ ਇਹ ਪੁਸਤਕ ਲੈਣ ਲਈ ਉਤਸ਼ਾਹ ਦੇਣਾ ਚਾਹੁੰਦਾ ਹਾਂ।” ਪੁਸਤਕ ਪੇਸ਼ ਕਰੋ।—ਗਿਆਨ ਅਤੇ ਪਰਿਵਾਰਕ ਖ਼ੁਸ਼ੀ ਪੁਸਤਕ ਪੇਸ਼ ਕਰਨ ਦੇ ਹੋਰ ਪ੍ਰਭਾਵਕਾਰੀ ਤਰੀਕਿਆਂ ਲਈ, ਸਾਡੀ ਰਾਜ ਸੇਵਕਾਈ ਦੇ ਸਤੰਬਰ 1997, ਜੂਨ 1997, ਮਾਰਚ 1997, ਨਵੰਬਰ 1996, ਅਤੇ ਜੂਨ 1996 ਦੇ ਅੰਕਾਂ ਦੇ ਆਖ਼ਰੀ ਸਫ਼ੇ ਦੇਖੋ।
5 ਰੁਚੀ ਦਿਖਾਉਣ ਵਾਲਿਆਂ ਕੋਲ ਵਾਪਸ ਜਾਂਦੇ ਸਮੇਂ, ਤੁਸੀਂ ਇਸ ਪ੍ਰਸਤਾਵਨਾ ਨੂੰ ਹਾਲਾਤ ਅਨੁਸਾਰ ਢਾਲਦੇ ਹੋਏ ਬਾਈਬਲ ਅਧਿਐਨ ਸ਼ੁਰੂ ਕਰਨ ਦਾ ਜਤਨ ਕਰ ਸਕਦੇ ਹੋ:
◼ “ਸਾਡੀ ਪਿਛਲੀ ਗੱਲ-ਬਾਤ ਦੌਰਾਨ, ਤੁਸੀਂ ਇਕ ਬਹੁਤ ਦਿਲਚਸਪ ਗੱਲ ਕਹੀ ਸੀ। [ਉਸ ਵਿਅਕਤੀ ਵੱਲੋਂ ਕੀਤੀ ਗਈ ਕਿਸੇ ਇਕ ਟਿੱਪਣੀ ਦਾ ਜ਼ਿਕਰ ਕਰੋ।] ਮੈਂ ਉਸ ਬਾਰੇ ਸੋਚਦਾ ਰਿਹਾ ਹਾਂ, ਅਤੇ ਉਸ ਵਿਸ਼ੇ ਉੱਤੇ ਕੁਝ ਖੋਜ ਕਰਨ ਮਗਰੋਂ ਮੈਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। [ਇਕ ਉਚਿਤ ਸ਼ਾਸਤਰਵਚਨ ਸਾਂਝਾ ਕਰੋ।] ਅਸੀਂ ਮੁਫ਼ਤ ਅਧਿਐਨ ਕੋਰਸ ਪੇਸ਼ ਕਰਦੇ ਹਾਂ ਜਿਸ ਨੇ ਥੋੜ੍ਹੇ ਸਮੇਂ ਵਿਚ ਬਾਈਬਲ ਦੀਆਂ ਮੂਲ ਸਿੱਖਿਆਵਾਂ ਨੂੰ ਜਾਣਨ ਵਿਚ ਕਰੋੜਾਂ ਲੋਕਾਂ ਦੀ ਮਦਦ ਕੀਤੀ ਹੈ। ਅਜਿਹੀ ਪੜਤਾਲ ਪਰਮੇਸ਼ੁਰ ਦੇ ਵਾਅਦਿਆਂ ਦੀ ਯਕੀਨੀ ਪੂਰਤੀ ਵਿਚ ਤੁਹਾਡਾ ਵਿਸ਼ਵਾਸ ਵਧਾ ਸਕਦੀ ਹੈ।” ਕੁਝ ਸਵਾਲਾਂ ਵੱਲ ਧਿਆਨ ਖਿੱਚੋ ਜਿਨ੍ਹਾਂ ਦਾ ਜਵਾਬ ਦਿੱਤਾ ਜਾਵੇਗਾ। ਜੇ ਉਹ ਵਿਅਕਤੀ ਬਾਈਬਲ ਅਧਿਐਨ ਦੀ ਪੇਸ਼ਕਸ਼ ਠੁਕਰਾ ਦੇਵੇ, ਤਾਂ ਸਮਝਾਓ ਕਿ ਸਾਡੇ ਕੋਲ ਛੇਤੀ ਖ਼ਤਮ ਹੋਣ ਵਾਲਾ ਇਕ ਖ਼ਾਸ ਕੋਰਸ ਵੀ ਹੈ ਜੋ ਕੇਵਲ 16 ਹਫ਼ਤਿਆਂ ਲਈ 15 ਮਿੰਟ ਪ੍ਰਤਿ ਹਫ਼ਤਾ ਲੋੜਦਾ ਹੈ। ਮੰਗ ਵੱਡੀ ਪੁਸਤਿਕਾ ਦਿਖਾਓ, ਪਾਠ 1 ਖੋਲ੍ਹੋ, ਅਤੇ ਪਹਿਲਾ ਪਾਠ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਮੰਗੋ।
6 ਨਿਮੰਤ੍ਰਣ ਪਰਚੇ ਇਸਤੇਮਾਲ ਕਰਨਾ ਯਾਦ ਰੱਖੋ: ਤੁਸੀਂ ਅਧਿਆਤਮਿਕ ਗੱਲਾਂ ਵਿਚ ਰੁਚੀ ਜਗਾਉਣ ਲਈ ਇਨ੍ਹਾਂ ਨੂੰ ਆਪਣੀ ਪ੍ਰਸਤਾਵਨਾ ਵਿਚ ਪ੍ਰਭਾਵਕਾਰੀ ਢੰਗ ਨਾਲ ਇਸਤੇਮਾਲ ਕਰ ਸਕਦੇ ਹੋ, ਜਾਂ ਉਨ੍ਹਾਂ ਲੋਕਾਂ ਨੂੰ ਦੇ ਸਕਦੇ ਹੋ ਜੋ ਸਾਹਿੱਤ ਨਹੀਂ ਲੈਂਦੇ ਹਨ। ਜੇਕਰ ਰੁਚੀ ਦਿਖਾਈ ਜਾਂਦੀ ਹੈ, ਤਾਂ ਨਿਮੰਤ੍ਰਣ ਪਰਚੇ ਦੇ ਪਿੱਛੇ ਛਪੇ ਸੰਦੇਸ਼ ਨੂੰ ਇਸਤੇਮਾਲ ਕਰਦੇ ਹੋਏ ਉਸ ਵਿਅਕਤੀ ਨੂੰ ਗ੍ਰਹਿ ਬਾਈਬਲ ਅਧਿਐਨ ਸਵੀਕਾਰਨ ਅਤੇ ਸਾਡੀਆਂ ਸਭਾਵਾਂ ਵਿਚ ਆਉਣ ਲਈ ਉਤਸ਼ਾਹਿਤ ਕਰੋ।
7 ਆਪਣੇ ਕੰਮ ਵਿਚ ਨਿਪੁੰਨ ਬਣੋ, ਅਤੇ ਤੁਸੀਂ ਇਸ ਵਿਚ ਆਨੰਦ ਮਾਣੋਗੇ। ਪੂਰਣ ਗਵਾਹੀ ਦੇਣ ਦੀ ਪੂਰੀ ਚੌਕਸੀ ਕਰੋ, ਅਤੇ ਸੇਵਕਾਈ ਦੇ ਹਰ ਪਹਿਲੂ ਵਿਚ ਚੰਗੀ ਤਰ੍ਹਾਂ ਸੇਵਾ ਕਰਨ ਵਿਚ ਆਨੰਦ ਮਾਣੋ।—1 ਤਿਮੋ. 4:16, ਪੰਜਾਬੀ ਬਾਈਬਲ ਨਵਾਂ ਅਨੁਵਾਦ।