ਪਰਮੇਸ਼ੁਰ ਵੱਲੋਂ ਗਿਆਨ ਅਨੇਕ ਸਵਾਲਾਂ ਦੇ ਜਵਾਬ ਦਿੰਦਾ ਹੈ
1 ਸੱਚਾਈ ਬਾਰੇ ਯਥਾਰਥ ਗਿਆਨ ਹਾਸਲ ਕਰਨ ਤੋਂ ਪਹਿਲਾਂ, ਸੰਭਵ ਹੈ ਕਿ ਤੁਹਾਡੇ ਕੋਲ ਜੀਵਨ ਬਾਰੇ ਅਨੇਕ ਸਵਾਲ ਸਨ ਜਿਨ੍ਹਾਂ ਦੇ ਜਵਾਬ ਤੁਸੀਂ ਨਹੀਂ ਦੇ ਸਕਦੇ ਸੀ। ਇਨ੍ਹਾਂ ਸਵਾਲਾਂ ਦੇ ਬਾਈਬਲ-ਆਧਾਰਿਤ ਜਵਾਬ ਪਾ ਕੇ ਤੁਸੀਂ ਕਿੰਨੇ ਖ਼ੁਸ਼ ਸੀ! ਹੁਣ ਤੁਸੀਂ ਦੂਜਿਆਂ ਨੂੰ ਇਹੋ ਜਵਾਬ ਹਾਸਲ ਕਰਨ ਲਈ ਮਦਦ ਦੇਣ ਦੇ ਯੋਗ ਹੋ। (ਤੁਲਨਾ ਕਰੋ 2 ਤਿਮੋਥਿਉਸ 2:2.) ਤੁਸੀਂ ਉਨ੍ਹਾਂ ਨਾਲ ਪਰਮੇਸ਼ੁਰ ਦਾ ਗਿਆਨ ਸਾਂਝਾ ਕਰ ਸਕਦੇ ਹੋ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। (ਯੂਹੰ. 17:3) ਪਰੰਤੂ ਤੁਸੀਂ ਕਿਸੇ ਨੂੰ ਇਸ ਗਿਆਨ ਦੀ ਮਹੱਤਤਾ ਨੂੰ ਸਮਝਣ ਲਈ ਕਿਸ ਤਰ੍ਹਾਂ ਮਦਦ ਦੇ ਸਕਦੇ ਹੋ? ਉਨ੍ਹਾਂ ਸਵਾਲਾਂ ਬਾਰੇ ਸੋਚੋ ਜਿਨ੍ਹਾਂ ਦੇ ਜਵਾਬ ਸੱਚਾਈ ਨੇ ਤੁਹਾਨੂੰ ਦਿੱਤੇ ਹਨ। ਸੱਚਾਈ ਦੀ ਭਾਲ ਕਰਨ ਵਾਲੇ ਵਿਅਕਤੀ ਕਿਹੜੀਆਂ ਗੱਲਾਂ ਜਾਣਨ ਦੀ ਇੱਛਾ ਰੱਖਦੇ ਹਨ? ਇਨ੍ਹਾਂ ਵਿਚਾਰਾਂ ਨੂੰ ਮਨ ਵਿਚ ਰੱਖਣਾ ਤੁਹਾਨੂੰ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੇਸ਼ ਕਰਨ ਵਿਚ ਮਦਦ ਦੇ ਸਕਦਾ ਹੈ। ਜੂਨ ਦੌਰਾਨ ਗਵਾਹੀ ਕਾਰਜ ਲਈ ਤਿਆਰੀ ਕਰਦੇ ਸਮੇਂ ਹੇਠਾਂ ਦਿੱਤੇ ਗਏ ਸੁਝਾਉ ਤੁਹਾਡੀ ਮਦਦ ਕਰ ਸਕਦੇ ਹਨ।
2 ਕਿਉਂ ਜੋ ਬਹੁਤ ਸਾਰੇ ਲੋਕ ਵਿਚਾਰ ਕਰਦੇ ਹਨ ਕਿ ਸੰਸਾਰ ਵਿਚ ਇੰਨਾ ਦੁੱਖ ਕਿਉਂ ਹੈ, ਇਹ ਪ੍ਰਸਤਾਵਨਾ ਸ਼ਾਇਦ ਚੰਗੀ ਸਫ਼ਲਤਾ ਹਾਸਲ ਕਰੇ:
◼ “ਜਦੋਂ ਆਫ਼ਤ ਆਉਂਦੀ ਹੈ ਜਾਂ ਜਦੋਂ ਅਪਰਾਧ ਅਤੇ ਹਿੰਸਾ ਵਧਦੇ ਜਾਂਦੇ ਹਨ, ਤਾਂ ਲੋਕ ਅਕਸਰ ਪੁੱਛਦੇ ਹਨ ਕਿ ਅਜਿਹੀਆਂ ਭੈੜੀਆਂ ਗੱਲਾਂ ਕਿਉਂ ਵਾਪਰਦੀਆਂ ਹਨ। ਤੁਹਾਡਾ ਕੀ ਜਵਾਬ ਹੋਵੇਗਾ?” ਉਸ ਵਿਅਕਤੀ ਨੂੰ ਜਵਾਬ ਲਈ ਸਮਾਂ ਦਿਓ ਅਤੇ ਉਸ ਦੇ ਜਵਾਬ ਦੀ ਕਦਰ ਕਰੋ। ਫਿਰ ਗਿਆਨ ਪੁਸਤਕ ਦਾ ਅਧਿਆਇ 8 ਖੋਲ੍ਹੋ, ਅਤੇ ਪੈਰਾ 2 ਵਿਚ ਦੱਸੀ ਗਈ ਗੱਲ ਵੱਲ ਧਿਆਨ ਖਿੱਚੋ। ਸਮਝਾਓ ਕਿ ਇਹ ਪੁਸਤਕ ਬਾਈਬਲ ਦੀ ਵਿਆਖਿਆ ਪੇਸ਼ ਕਰਦੀ ਹੈ ਕਿ ਭੈੜੀਆਂ ਗੱਲਾਂ ਕਿਉਂ ਵਾਪਰਦੀਆਂ ਹਨ। ਪੁਸਤਕ ਪੇਸ਼ ਕਰੋ, ਪਰੰਤੂ ਸਮਝਾਓ ਕਿ ਤੁਸੀਂ ਕੇਵਲ ਪੁਸਤਕਾਂ ਵੰਡਣ ਵਿਚ ਹੀ ਨਹੀਂ, ਬਲਕਿ ਇਨ੍ਹਾਂ ਨੂੰ ਸਮਝਣ ਲਈ ਲੋਕਾਂ ਦੀ ਮਦਦ ਕਰਨ ਵਿਚ ਵੀ ਦਿਲਚਸਪੀ ਰੱਖਦੇ ਹੋ। ਵਾਪਸ ਜਾਣ ਦਾ ਪ੍ਰਬੰਧ ਕਰੋ।
3 ਜਿੱਥੇ ਤੁਸੀਂ “ਗਿਆਨ” ਪੁਸਤਕ ਦਿੱਤੀ ਸੀ, ਉੱਥੇ ਵਾਪਸ ਜਾ ਕੇ ਤੁਸੀਂ ਕਹਿ ਸਕਦੇ ਹੋ:
◼ “ਸੰਸਾਰ ਵਿਚ ਇੰਨੇ ਦੁੱਖ ਹੋਣ ਦੇ ਕਾਰਨਾਂ ਬਾਰੇ ਤੁਸੀਂ ਜੋ ਸਿੱਟਾ ਕੱਢਿਆ, ਉਸ ਬਾਰੇ ਮੈਂ ਜਾਣਨਾ ਚਾਹੁੰਦਾ ਹਾਂ। ਕੀ ਤੁਸੀਂ ਇਸ ਪੁਸਤਕ ਵਿਚ ਦਿੱਤੇ ਗਏ ਬਾਈਬਲ ਦੇ ਜਵਾਬ ਨਾਲ ਸਹਿਮਤ ਹੋ?” ਜਵਾਬ ਲਈ ਸਮਾਂ ਦਿਓ। ਗਿਆਨ ਪੁਸਤਕ ਵਿੱਚੋਂ ਸਫ਼ਾ 77 ਉੱਤੇ ਪੈਰਾ 17 ਪੜ੍ਹੋ, ਅਤੇ ਘਰ-ਸੁਆਮੀ ਦੀ ਬਾਈਬਲ ਤੋਂ ਰੋਮੀਆਂ 9:14 ਪੜ੍ਹਨ ਦੀ ਪੇਸ਼ਕਸ਼ ਕਰੋ। ਫਿਰ ਕਹੋ: “ਖ਼ੁਸ਼ ਖ਼ਬਰੀ ਇਹ ਹੈ ਕਿ ਅਨੁਚਿਤ ਢੰਗ ਨਾਲ ਪਰਮੇਸ਼ੁਰ ਸਾਨੂੰ ਪੀੜਾ ਅਤੇ ਦੁੱਖ ਨਹੀਂ ਦਿੰਦਾ ਹੈ। ਉਸ ਨੇ ਸਾਨੂੰ ਸ਼ਾਂਤੀ ਅਤੇ ਖ਼ੁਸ਼ੀ ਵਿਚ ਸਦੀਪਕ ਜੀਵਨ ਦੇਣ ਦਾ ਵਾਅਦਾ ਕੀਤਾ ਹੈ। ਇਸ ਪੁਸਤਕ ਦੇ ਪਹਿਲੇ ਅਧਿਆਇ ਦਾ ਸਿਰਲੇਖ ਹੈ, ‘ਤੁਹਾਡਾ ਇਕ ਸੁਖੀ ਭਵਿੱਖ ਹੋ ਸਕਦਾ ਹੈ!’ ਮੈਂ ਸਮਝਾਉਣਾ ਚਾਹੁੰਦਾ ਹਾਂ ਕਿ ਇਹ ਤੁਹਾਡੇ ਲਈ ਅਤੇ ਤੁਹਾਡੇ ਪਿਆਰਿਆਂ ਲਈ ਕਿਵੇਂ ਸੱਚ ਹੋ ਸਕਦਾ ਹੈ।” ਅਧਿਆਇ 1 ਖੋਲ੍ਹੋ, ਅਤੇ ਸਾਡਾ ਅਧਿਐਨ ਕਰਨ ਦਾ ਤਰੀਕਾ ਪ੍ਰਦਰਸ਼ਿਤ ਕਰੋ। ਹਾਲਾਤ ਨੂੰ ਦੇਖਦੇ ਹੋਏ ਅਧਿਆਇ ਦਾ ਉੱਨਾ ਹੀ ਭਾਗ ਪੂਰਾ ਕਰੋ ਜਿੰਨਾ ਕਿ ਉਪਯੁਕਤ ਹੋਵੇ।
4 ਤੁਸੀਂ ਸ਼ਾਇਦ “ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ” ਪੁਸਤਿਕਾ ਦੇ ਸਫ਼ੇ 5 ਉੱਤੇ ਸਿਰਲੇਖ “ਬੁੱਢਾਪਾ/ਮੌਤ” ਹੇਠ ਦਿੱਤੀ ਗਈ ਪ੍ਰਸਤਾਵਨਾ ਨੂੰ ਵਰਤਣਾ ਚਾਹੋ:
◼ “ਕੀ ਤੁਸੀਂ ਕਦੇ ਇਹ ਪੁੱਛਿਆ ਹੈ: ‘ਕੀ ਮੌਤ ਹਰ ਚੀਜ਼ ਦਾ ਅੰਤ ਹੈ? ਜਾਂ ਕੀ ਮੌਤ ਤੋਂ ਬਾਅਦ ਵੀ ਕੁਝ ਹੈ?’ [ਜਵਾਬ ਲਈ ਸਮਾਂ ਦਿਓ।] ਸਾਡੇ ਕੋਲ ਮੌਤ ਬਾਰੇ ਜੋ ਕੋਈ ਵੀ ਸਵਾਲ ਹੋਵੇ ਬਾਈਬਲ ਉਸ ਦਾ ਜਵਾਬ ਦਿੰਦੀ ਹੈ। [ਉਪਦੇਸ਼ਕ ਦੀ ਪੋਥੀ 9:5, 10 ਪੜ੍ਹੋ।] ਉਹ ਇਹ ਵੀ ਦਿਖਾਉਂਦੀ ਹੈ ਕਿ ਨਿਹਚਾ ਵਾਲੇ ਵਿਅਕਤੀਆਂ ਲਈ ਇਕ ਅਸਲੀ ਉਮੀਦ ਹੈ। [ਗਿਆਨ ਪੁਸਤਕ ਦੇ ਸਫ਼ੇ 84 ਉੱਤੇ ਪੈਰਾ 13 ਖੋਲ੍ਹੋ; ਯੂਹੰਨਾ 11:25 ਵਿਚ ਪਾਏ ਜਾਣ ਵਾਲੇ ਯਿਸੂ ਦੇ ਸ਼ਬਦਾਂ ਨੂੰ ਪੜ੍ਹੋ ਅਤੇ ਸਮਝਾਓ।] ਇਹ ਪੂਰਾ ਅਧਿਆਇ ਇਸ ਸਵਾਲ ਦਾ ਜਵਾਬ ਦਿੰਦਾ ਹੈ ਕਿ ਸਾਡੇ ਮਰੇ ਹੋਏ ਪਿਆਰਿਆਂ ਨੂੰ ਕੀ ਹੁੰਦਾ ਹੈ? ਅਤੇ ਇਸ ਪੁਸਤਕ ਦੇ ਦੂਜੇ ਅਧਿਆਇ ਜੀਵਨ ਅਤੇ ਭਵਿੱਖ ਬਾਰੇ ਲੋਕਾਂ ਦੇ ਅਨੇਕ ਸਵਾਲਾਂ ਦੇ ਜਵਾਬ ਦਿੰਦੇ ਹਨ।” ਪੁਸਤਕ ਪੇਸ਼ ਕਰੋ।
5 ਪੁਨਰ-ਮੁਲਾਕਾਤ ਕਰਦੇ ਸਮੇਂ, ਤੁਸੀਂ ਆਪਣੀ ਜਾਣ-ਪਛਾਣ ਫਿਰ ਤੋਂ ਕਰਨ ਮਗਰੋਂ ਕਹਿ ਸਕਦੇ ਹੋ:
◼ “ਪਿਛਲੀ ਵਾਰੀ ਅਸੀਂ ਗੱਲ ਕੀਤੀ ਸੀ ਕਿ ਜਦੋਂ ਇਕ ਵਿਅਕਤੀ ਮਰ ਜਾਂਦਾ ਹੈ ਤਾਂ ਕੀ ਹੁੰਦਾ ਹੈ। ਬਹੁਤ ਸਾਰੇ ਲੋਕ ਪੁਨਰ-ਜਨਮ ਵਿਚ ਵਿਸ਼ਵਾਸ ਰੱਖਦੇ ਹਨ, ਜਾਂ ਇਹ ਕਿ ਮੌਤ ਮਗਰੋਂ ਜੀਵਨ ਸਵਰਗ ਜਾਂ ਨਰਕ ਵਿਚ ਜਾਰੀ ਰਹਿੰਦਾ ਹੈ। ਪਰੰਤੂ ਕੀ ਤੁਸੀਂ ਕਦੇ ਠੀਕ ਇੱਥੇ ਧਰਤੀ ਉੱਤੇ ਹੀ ਮਰੇ ਹੋਇਆਂ ਦੀ ਦੁਬਾਰਾ ਜੀਵਿਤ ਹੋਣ ਦੀ ਸੰਭਾਵਨਾ ਬਾਰੇ ਵਿਚਾਰ ਕੀਤਾ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਦੇ ਅਨੁਸਾਰ, ਪੁਨਰ-ਉਥਿਤ ਲੋਕ ਉਨ੍ਹਾਂ ਅਧੀਨ ਲੋਕਾਂ ਵਿਚ ਸ਼ਾਮਲ ਹੋਣਗੇ ਜੋ ਧਰਤੀ ਦੇ ਵਾਰਸ ਹੋਣਗੇ। [ਜ਼ਬੂਰ 37:11, 29 ਪੜ੍ਹੋ, ਫਿਰ ਗਿਆਨ ਪੁਸਤਕ ਵਿਚ ਸਫ਼ਾ 88 ਉੱਤੇ ਪੈਰਾ 20 ਦੀ ਚਰਚਾ ਕਰੋ।] ਇਸ ਉਮੀਦ ਨੇ ਲੱਖਾਂ ਹੀ ਲੋਕਾਂ ਨੂੰ ਦਿਲਾਸਾ ਦਿੱਤਾ ਹੈ ਜੋ ਪਹਿਲਾਂ ਮੌਤ ਦੇ ਡਰ ਵਿਚ ਜੀਉਂਦੇ ਸਨ। ਇਹ ਪੁਸਤਕ ਇਸ ਵਿਸ਼ੇ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿਚ ਤੁਹਾਡੀ ਮਦਦ ਕਰੇਗੀ। ਕੀ ਮੈਂ ਇਹ ਪ੍ਰਦਰਸ਼ਿਤ ਕਰਾਂ ਕਿ ਕਿਵੇਂ ਮਦਦ ਕਰੇਗੀ?”
6 ਜੇਕਰ ਤੁਸੀਂ ਇਕ ਸਰਲ ਪੇਸ਼ਕਾਰੀ ਚਾਹੁੰਦੇ ਹੋ, ਤਾਂ ਤੁਸੀਂ ਇਹ ਅਜ਼ਮਾ ਸਕਦੇ ਹੋ:
◼ “ਮੈਂ ਤੁਹਾਨੂੰ ਇਹ ਪੁਸਤਕ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਵਿੱਚੋਂ ਇਕ ਤਸਵੀਰ ਦਿਖਾਉਣੀ ਚਾਹੁੰਦਾ ਹਾਂ। ਕੀ ਇਹ ਇਕ ਸੋਹਣੀ ਤਸਵੀਰ ਨਹੀਂ ਹੈ?” ਪੁਸਤਕ ਖੋਲ੍ਹੋ ਤਾਂਕਿ ਘਰ-ਸੁਆਮੀ ਸਫ਼ੇ 4-5 ਦੇਖ ਸਕੇ। ਉਸ ਨੂੰ ਜਵਾਬ ਲਈ ਸਮਾਂ ਦਿਓ। ਫਿਰ ਸਫ਼ਾ 5 ਉੱਤੇ ਦਿੱਤੇ ਗਏ ਸ਼ਬਦਾਂ ਨੂੰ ਪੜ੍ਹੋ। ਇਹ ਕਹਿੰਦੇ ਹੋਏ ਸਮਾਪਤ ਕਰੋ: “ਇਹ ਪੁਸਤਕ ਤੁਸੀਂ ਪੜ੍ਹਨ ਲਈ ਰੱਖ ਸਕਦੇ ਹੋ। ਅਸੀਂ ਇਸ ਨੂੰ 20 ਰੁਪਏ ਪ੍ਰਤਿ ਕਾਪੀ ਦੇ ਛੋਟੇ ਚੰਦੇ ਤੇ ਵੰਡਦੇ ਹਾਂ।” ਪਤਾ ਕਰੋ ਕਿ ਦਿਖਾਈ ਗਈ ਕੋਈ ਵੀ ਦਿਲਚਸਪੀ ਨੂੰ ਵਧਾਉਣ ਲਈ ਵਾਪਸ ਜਾਣ ਦਾ ਕਿਹੜਾ ਸਮਾਂ ਉਪਯੁਕਤ ਹੋਵੇਗਾ।
7 ਸਾਡੇ ਕੋਲ ਪਰਮੇਸ਼ੁਰ ਵੱਲੋਂ ਉਹ ਗਿਆਨ ਹੈ ਜੋ ਜੀਵਨ ਦੇ ਮਹੱਤਵਪੂਰਣ ਸਵਾਲਾਂ ਦੇ ਜਵਾਬ ਦਿੰਦਾ ਹੈ। ਤਨਦੇਹੀ ਨਾਲ ਤਿਆਰੀ ਕਰੋ, ਅਤੇ ਸੱਚਾਈ ਦੇ ਭਾਲਣ ਵਾਲਿਆਂ ਨਾਲ ਇਹ ਜੀਵਨ-ਦਾਇਕ ਜਾਣਕਾਰੀ ਸਾਂਝੀ ਕਰਨ ਲਈ ਤੁਹਾਡੇ ਜਤਨਾਂ ਉੱਤੇ ਯਹੋਵਾਹ ਬਰਕਤ ਦੇਵੇਗਾ।