ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 1/02 ਸਫ਼ੇ 3-6
  • ਖੇਤਰ ਸੇਵਕਾਈ ਲਈ ਪੇਸ਼ਕਾਰੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਖੇਤਰ ਸੇਵਕਾਈ ਲਈ ਪੇਸ਼ਕਾਰੀਆਂ
  • ਸਾਡੀ ਰਾਜ ਸੇਵਕਾਈ—2002
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਗੱਲਬਾਤ ਸ਼ੁਰੂ ਕਰਨ ਲਈ ਕੁਝ ਸਵਾਲ
  • ਮੰਗ ਬਰੋਸ਼ਰ ਪੇਸ਼ ਕਰਨ ਲਈ ਕੁਝ ਸੁਝਾਅ
  • ਗਿਆਨ ਕਿਤਾਬ ਪੇਸ਼ ਕਰਨ ਲਈ ਕੁਝ ਸੁਝਾਅ
  • ਹੋਰ ਕਿਤਾਬਾਂ
  • ਸਿੱਧੀ ਪੇਸ਼ਕਸ਼
  • ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
    ਸਾਡੀ ਰਾਜ ਸੇਵਕਾਈ—2013
  • ਬੀਜ ਨੂੰ ਵਧਾਉਣ ਲਈ ਯਹੋਵਾਹ ਉੱਤੇ ਭਰੋਸਾ ਰੱਖੋ
    ਸਾਡੀ ਰਾਜ ਸੇਵਕਾਈ—1997
  • ਦੂਜਿਆਂ ਦੀ ਅਸਲੀ ਪਰਵਾਹ ਕਰਨ ਦੁਆਰਾ ਯਹੋਵਾਹ ਦੀ ਰੀਸ ਕਰੋ
    ਸਾਡੀ ਰਾਜ ਸੇਵਕਾਈ—1996
  • ਵੱਡੀਆਂ ਪੁਸਤਿਕਾਵਾਂ ਨਾਲ ਰਾਜ ਦੀ ਖ਼ੁਸ਼ ਖ਼ਬਰੀ ਐਲਾਨ ਕਰੋ
    ਸਾਡੀ ਰਾਜ ਸੇਵਕਾਈ—1996
ਹੋਰ ਦੇਖੋ
ਸਾਡੀ ਰਾਜ ਸੇਵਕਾਈ—2002
km 1/02 ਸਫ਼ੇ 3-6

ਸਾਂਭ ਕੇ ਰੱਖੋ

ਖੇਤਰ ਸੇਵਕਾਈ ਲਈ ਪੇਸ਼ਕਾਰੀਆਂ

ਇਸ ਅੰਤਰ-ਪੱਤਰ ਨੂੰ ਕਿਵੇਂ ਵਰਤੀਏ

ਹੇਠਾਂ ਦਿੱਤੀਆਂ ਜ਼ਿਆਦਾਤਰ ਪੇਸ਼ਕਾਰੀਆਂ ਸਾਡੀ ਰਾਜ ਸੇਵਕਾਈ ਦੇ ਪੁਰਾਣੇ ਅੰਕਾਂ ਵਿਚ ਪਹਿਲਾਂ ਹੀ ਛਪ ਚੁੱਕੀਆਂ ਹਨ। ਇਨ੍ਹਾਂ ਨੂੰ ਆਪਣੇ ਪ੍ਰਚਾਰ ਕੰਮ ਵਿਚ ਇਸਤੇਮਾਲ ਕਰੋ ਅਤੇ ਦੇਖੋ ਕਿ ਇਨ੍ਹਾਂ ਦੇ ਕੀ ਨਤੀਜੇ ਨਿਕਲਦੇ ਹਨ। ਇਸ ਅੰਤਰ-ਪੱਤਰ ਨੂੰ ਸਾਂਭ ਕੇ ਰੱਖੋ ਅਤੇ ਸੇਵਕਾਈ ਲਈ ਤਿਆਰੀ ਕਰਦੇ ਸਮੇਂ ਇਸ ਨੂੰ ਪੜ੍ਹੋ।

ਤੁਸੀਂ ਥੋੜ੍ਹੇ ਸ਼ਬਦਾਂ ਵਿਚ ਆਪਣੇ ਆਉਣ ਦਾ ਮਕਸਦ ਦੱਸ ਕੇ ਪਰਮੇਸ਼ੁਰ ਦੇ ਬਚਨ ਵਿਚ ਘਰ-ਸੁਆਮੀ ਦੀ ਦਿਲਚਸਪੀ ਜਗਾ ਸਕਦੇ ਹੋ। ਇਕ ਸਵਾਲ ਪੁੱਛੋ ਅਤੇ ਫਿਰ ਇਸ ਦਾ ਜਵਾਬ ਦੇਣ ਲਈ ਬਾਈਬਲ ਵਿੱਚੋਂ ਆਇਤ ਪੜ੍ਹ ਕੇ ਸੁਣਾਓ। ਹੇਠਾਂ ਦਿੱਤੇ ਇਨ੍ਹਾਂ ਸੁਝਾਵਾਂ ਨੂੰ ਤੁਸੀਂ ਅਜ਼ਮਾ ਸਕਦੇ ਹੋ:

“ਤੁਹਾਡੇ ਖ਼ਿਆਲ ਵਿਚ ਕੀ ਅੱਗੇ ਆਉਣ ਵਾਲੇ ਹਾਲਾਤ ਸੁਧਰਨਗੇ ਜਾਂ ਹੋਰ ਮਾੜੇ ਹੋਣਗੇ? [ਜਵਾਬ ਲਈ ਸਮਾਂ ਦਿਓ।] ਬਾਈਬਲ ਨੇ ਅੱਜ ਹੋ ਰਹੀਆਂ ਭੈੜੀਆਂ ਘਟਨਾਵਾਂ ਬਾਰੇ ਅਤੇ ਇਨ੍ਹਾਂ ਦੇ ਅੰਤ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ।”—2 ਤਿਮੋ. 3:1, 2, 5; ਕਹਾ. 2:21, 22.

“ਅੱਜ-ਕੱਲ੍ਹ ਲੋਕ ਆਪਣੀ ਸਿਹਤ ਬਾਰੇ ਬਹੁਤ ਫ਼ਿਕਰਮੰਦ ਹਨ। ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਸਾਰੀਆਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ?”—ਯਸਾ. 33:24; ਪਰ. 21:3, 4.

“ਕੀ ਤੁਸੀਂ ਜਾਣਦੇ ਹੋ ਕਿ ਬਾਈਬਲ ਨੇ ਭਵਿੱਖਬਾਣੀ ਕੀਤੀ ਸੀ ਕਿ ਇਕ ਦਿਨ ਪੂਰੇ ਸੰਸਾਰ ਵਿਚ ਕੇਵਲ ਇਕ ਹੀ ਸਰਕਾਰ ਹੋਵੇਗੀ?”—ਦਾਨੀ. 2:44; ਮੱਤੀ 6:9, 10.

“ਤੁਹਾਡੇ ਖ਼ਿਆਲ ਵਿਚ ਜੇ ਪੂਰੀ ਧਰਤੀ ਉੱਤੇ ਯਿਸੂ ਮਸੀਹ ਦਾ ਰਾਜ ਹੋਵੇ, ਤਾਂ ਧਰਤੀ ਉੱਤੇ ਕਿੱਦਾਂ ਦੇ ਹਾਲਾਤ ਹੋਣਗੇ?”—ਜ਼ਬੂ. 72:7, 8.

ਇਕ ਹਿੰਦੂ ਨੂੰ:“ਤੁਹਾਨੂੰ ਆਪਣਾ ਧਰਮ ਬਹੁਤ ਪਿਆਰਾ ਹੈ। ਪਰ ਮੇਰੇ ਖ਼ਿਆਲ ਵਿਚ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਸੀਂ ਸਾਰੇ ਸ਼ਾਂਤੀ ਭਰੇ ਮਾਹੌਲ ਵਿਚ ਜੀਉਣਾ ਚਾਹੁੰਦੇ ਹਾਂ। ਕੀ ਤੁਸੀਂ ਅੱਜ ਇਸ ਧਰਤੀ ਉੱਤੇ ਸ਼ਾਂਤੀ ਦਾ ਮਾਹੌਲ ਦੇਖਦੇ ਹੋ? [ਜਵਾਬ ਲਈ ਰੁਕੋ।] ਜੇ ਬੁਰਾਈ ਨੂੰ ਹਟਾ ਦਿੱਤਾ ਜਾਵੇ, ਤਾਂ ਇਸ ਧਰਤੀ ਉੱਤੇ ਜ਼ਰੂਰ ਸ਼ਾਂਤੀ ਹੋਵੇਗੀ। ਜ਼ਰਾ ਦੇਖੋ ਕਿ ਇਸ ਪਵਿੱਤਰ ਗ੍ਰੰਥ ਵਿਚ ਕੀ ਵਾਅਦਾ ਕੀਤਾ ਗਿਆ ਹੈ।”—ਜ਼ਬੂ. 46:9; 72:7, 8.

“ਅੱਜ ਜ਼ਿਆਦਾਤਰ ਲੋਕ ਸਮੱਸਿਆਵਾਂ ਬਾਰੇ ਸੁਣ-ਸੁਣ ਕੇ ਅੱਕ ਗਏ ਹਨ। ਉਹ ਇਨ੍ਹਾਂ ਸਮੱਸਿਆਵਾਂ ਦਾ ਹੱਲ ਜਾਣਨਾ ਚਾਹੁੰਦੇ ਹਨ। ਪਰ ਅਸੀਂ ਆਪਣੀਆਂ ਸਮੱਸਿਆਵਾਂ ਦਾ ਅਸਲੀ ਹੱਲ ਕਿੱਥੋਂ ਲੱਭ ਸਕਦੇ ਹਾਂ?”—2 ਤਿਮੋ. 3:16, 17.

ਇਕ ਮੁਸਲਮਾਨ ਨੂੰ: “ਤੁਸੀਂ ਮੰਨੋਗੇ ਕਿ ਭਾਵੇਂ ਸਾਡੇ ਸਾਰਿਆਂ ਦਾ ਪਿਛੋਕੜ ਜੋ ਵੀ ਹੋਵੇ, ਪਰ ਅਸੀਂ ਸਾਰੇ ਅੱਜ ਦੀ ਦੁਨੀਆਂ ਵਿਚ ਇੱਕੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਾਂ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਪੀੜ੍ਹੀ ਦੀਆਂ ਵੱਡੀਆਂ ਸਮੱਸਿਆਵਾਂ ਦਾ ਕੋਈ ਪੱਕਾ ਹੱਲ ਹੈ? ਅਬਰਾਹਾਮ ਦੀ ਸੰਤਾਨ ਰਾਹੀਂ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ।”—ਉਤ. 22:18.

“ਬਹੁਤ ਸਾਰੇ ਲੋਕਾਂ ਨਾਲ ਧਰਮ ਜਾਂ ਜਾਤ-ਪਾਤ ਦੇ ਆਧਾਰ ਤੇ ਪੱਖਪਾਤ ਕੀਤਾ ਜਾਂਦਾ ਹੈ। ਇੱਥੋਂ ਤਕ ਕਿ ਆਦਮੀ-ਤੀਵੀਂ ਵਿਚਕਾਰ ਵੀ ਪੱਖਪਾਤ ਕੀਤਾ ਜਾਂਦਾ ਹੈ। ਤੁਹਾਡੇ ਖ਼ਿਆਲ ਵਿਚ ਪਰਮੇਸ਼ੁਰ ਅਜਿਹੇ ਪੱਖਪਾਤ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ?”—ਰਸੂ. 10:34, 35.

ਗੱਲਬਾਤ ਸ਼ੁਰੂ ਕਰਨ ਲਈ ਕੁਝ ਸਵਾਲ

ਹੇਠਾਂ ਦਿੱਤੇ ਸਵਾਲ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਵਿੱਚੋਂ ਲਏ ਗਏ ਹਨ। ਇਨ੍ਹਾਂ ਸਵਾਲਾਂ ਤੋਂ ਬਾਅਦ ਸਫ਼ਾ ਨੰਬਰ ਦਿੱਤਾ ਗਿਆ ਹੈ ਜਿੱਥੇ ਇਨ੍ਹਾਂ ਦੇ ਜਵਾਬ ਮਿਲਣਗੇ:

ਅਸੀਂ ਕਿਉਂ ਬੁੱਢੇ ਹੁੰਦੇ ਅਤੇ ਮਰ ਜਾਂਦੇ ਹਾਂ? (98)

ਮਰੇ ਹੋਏ ਲੋਕ ਕਿਸ ਹਾਲਤ ਵਿਚ ਹਨ? (100)

ਕੀ ਪਰਮੇਸ਼ੁਰ ਵਿਚ ਨਿਹਚਾ ਕਰਨ ਦੇ ਠੋਸ ਕਾਰਨ ਹਨ? (145)

ਕੀ ਪਰਮੇਸ਼ੁਰ ਸੱਚ-ਮੁੱਚ ਇਨਸਾਨਾਂ ਦੀ ਪਰਵਾਹ ਕਰਦਾ ਹੈ? (147)

ਕੀ ਪਰਮੇਸ਼ੁਰ ਇਕ ਅਸਲੀ ਹਸਤੀ ਹੈ? (147)

ਕੀ ਸਾਰੇ ਚੰਗੇ ਲੋਕ ਸਵਰਗ ਜਾਂਦੇ ਹਨ? (162)

ਕੀ ਇਕ ਵਿਅਕਤੀ ਸਵਰਗ ਜਾ ਕੇ ਹੀ ਸੱਚਾ ਸੁੱਖ ਪਾ ਸਕਦਾ ਹੈ? (163)

ਪਰਮੇਸ਼ੁਰ ਦਾ ਨਾਂ ਜਾਣਨਾ ਤੇ ਇਸਤੇਮਾਲ ਕਰਨਾ ਕਿਉਂ ਜ਼ਰੂਰੀ ਹੈ? (196)

ਕੀ ਯਿਸੂ ਮਸੀਹ ਪਰਮੇਸ਼ੁਰ ਹੈ? (212)

ਪਰਮੇਸ਼ੁਰ ਦਾ ਰਾਜ ਕੀ-ਕੀ ਕਰੇਗਾ? (227)

ਮਨੁੱਖੀ ਜ਼ਿੰਦਗੀ ਦਾ ਕੀ ਮਕਸਦ ਹੈ? (243)

ਵਿਆਹੁਤਾ ਜ਼ਿੰਦਗੀ ਨੂੰ ਕਿਵੇਂ ਸੁਖੀ ਬਣਾਇਆ ਜਾ ਸਕਦਾ ਹੈ? (253)

ਕੀ ਪਰਮੇਸ਼ੁਰ ਨੂੰ ਸਾਰੇ ਧਰਮ ਮਨਜ਼ੂਰ ਹਨ? (322)

ਇਕ ਵਿਅਕਤੀ ਸੱਚੇ ਧਰਮ ਦੀ ਪਛਾਣ ਕਿਵੇਂ ਕਰ ਸਕਦਾ ਹੈ? (328)

ਅੱਜ ਦੁਨੀਆਂ ਉੱਤੇ ਸ਼ਤਾਨ ਦਾ ਕਿੰਨਾ ਕੁ ਪ੍ਰਭਾਵ ਹੈ? (364)

ਪਰਮੇਸ਼ੁਰ ਦੁੱਖਾਂ ਨੂੰ ਕਿਉਂ ਰਹਿਣ ਦਿੰਦਾ ਹੈ? (393)

ਦੁਨੀਆਂ ਵਿਚ ਇੰਨੀ ਬੁਰਾਈ ਕਿਉਂ ਹੈ? (427)

ਇਸ ਸੰਸਾਰ ਉੱਤੇ ਪਰਮੇਸ਼ੁਰ ਰਾਜ ਕਰਦਾ ਹੈ ਜਾਂ ਸ਼ਤਾਨ? (436)

ਮੰਗ ਬਰੋਸ਼ਰ ਪੇਸ਼ ਕਰਨ ਲਈ ਕੁਝ ਸੁਝਾਅ

“ਤੁਸੀਂ ਮੇਰੇ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਬਹੁਤ ਸਾਰੇ ਲੋਕ ਪਰਮੇਸ਼ੁਰ ਨੂੰ ਮੰਨਦੇ ਹਨ। ਪਰਮੇਸ਼ੁਰ ਵਿਚ ਨਿਹਚਾ ਕਰਨ ਵਾਲੇ ਸਾਰੇ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਸਾਡੇ ਤੋਂ ਕੁਝ ਮੰਗ ਕਰਦਾ ਹੈ। ਪਰ ਉਹ ਇਸ ਗੱਲ ਉੱਤੇ ਸਹਿਮਤ ਨਹੀਂ ਹੋ ਪਾਉਂਦੇ ਕਿ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ।” ਮੰਗ ਬਰੋਸ਼ਰ ਪੇਸ਼ ਕਰੋ ਅਤੇ ਪਹਿਲਾ ਪਾਠ ਖੋਲ੍ਹ ਕੇ ਉਸ ਉੱਤੇ ਚਰਚਾ ਕਰੋ।

“ਅੱਜ ਪਰਿਵਾਰ ਵਿਚ ਇੰਨੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ, ਕੀ ਤੁਸੀਂ ਕਦੀ ਸੋਚਿਆ ਹੈ ਕਿ ਪਰਿਵਾਰਕ ਖ਼ੁਸ਼ੀ ਹਾਸਲ ਕਰਨ ਦਾ ਰਾਜ਼ ਕੀ ਹੈ?” ਜਵਾਬ ਸੁਣਨ ਮਗਰੋਂ ਦੱਸੋ ਕਿ ਪਰਮੇਸ਼ੁਰ ਨੇ ਬਾਈਬਲ ਵਿਚ ਪਰਿਵਾਰਕ ਖ਼ੁਸ਼ੀ ਦਾ ਅਸਲੀ ਰਾਜ਼ ਦੱਸਿਆ ਹੈ। ਯਸਾਯਾਹ 48:17 ਪੜ੍ਹੋ। ਫਿਰ ਮੰਗ ਬਰੋਸ਼ਰ ਦਾ ਪਾਠ 8 ਖੋਲ੍ਹੋ ਅਤੇ ਉਸ ਵਿਚ ਦਿੱਤੀਆਂ ਬਾਈਬਲ ਦੀਆਂ ਕੁਝ ਆਇਤਾਂ ਦਿਖਾਓ ਜੋ ਪਰਿਵਾਰ ਦੇ ਹਰੇਕ ਜੀਅ ਨੂੰ ਭਰੋਸੇਯੋਗ ਮਾਰਗ-ਦਰਸ਼ਨ ਦਿੰਦੀਆਂ ਹਨ। ਪਾਠ ਦੇ ਆਰੰਭ ਵਿਚ ਦਿੱਤੇ ਸਵਾਲ ਪੜ੍ਹੋ। ਉਸ ਵਿਅਕਤੀ ਨੂੰ ਪੁੱਛੋ ਕਿ ਕੀ ਉਹ ਇਨ੍ਹਾਂ ਦੇ ਜਵਾਬ ਪੜ੍ਹਨਾ ਚਾਹੇਗਾ।

“ਇਹ ਬਰੋਸ਼ਰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਦਾ ਅਧਿਐਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦੇ ਹਰ ਸਫ਼ੇ ਤੇ ਤੁਸੀਂ ਉਨ੍ਹਾਂ ਸਵਾਲਾਂ ਦੇ ਜਵਾਬ ਪਾਓਗੇ ਜੋ ਸਦੀਆਂ ਤੋਂ ਲੋਕਾਂ ਨੂੰ ਪਰੇਸ਼ਾਨ ਕਰਦੇ ਆਏ ਹਨ। ਉਦਾਹਰਣ ਲਈ, ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?” ਪਾਠ 5 ਖੋਲ੍ਹੋ ਅਤੇ ਪਾਠ ਦੇ ਸ਼ੁਰੂ ਵਿਚ ਦਿੱਤੇ ਸਵਾਲਾਂ ਨੂੰ ਪੜ੍ਹੋ। ਘਰ-ਸੁਆਮੀ ਨੂੰ ਪੁੱਛੋ ਕਿ ਕਿਹੜਾ ਸਵਾਲ ਉਸ ਨੂੰ ਸਭ ਤੋਂ ਦਿਲਚਸਪ ਲੱਗਾ ਅਤੇ ਫਿਰ ਉਸ ਸਵਾਲ ਦਾ ਜਵਾਬ ਦੇਣ ਵਾਲਾ ਪੈਰਾ ਜਾਂ ਪੈਰੇ ਪੜ੍ਹੋ ਤੇ ਢੁਕਵੇਂ ਸ਼ਾਸਤਰਵਚਨਾਂ ਨੂੰ ਪੜ੍ਹੋ। ਉਸ ਨੂੰ ਦੱਸੋ ਕਿ ਇਸੇ ਤਰ੍ਹਾਂ ਦੂਜੇ ਸਵਾਲਾਂ ਦੇ ਵੀ ਤਸੱਲੀਬਖ਼ਸ਼ ਜਵਾਬ ਬੜੀ ਆਸਾਨੀ ਨਾਲ ਮਿਲ ਸਕਦੇ ਹਨ। ਉਸ ਨੂੰ ਕਹੋ ਕਿ ਤੁਸੀਂ ਇਕ ਹੋਰ ਸਵਾਲ ਦਾ ਜਵਾਬ ਦੇਣ ਲਈ ਦੁਬਾਰਾ ਆਓਗੇ।

“ਤੁਹਾਡੇ ਖ਼ਿਆਲ ਵਿਚ ਅੱਜ ਸਕੂਲਾਂ ਵਿਚ ਹੋ ਰਹੀ ਹਿੰਸਾ ਦਾ ਕੀ ਕਾਰਨ ਹੈ? ਕੀ ਇਹ ਮਾਪਿਆਂ ਵੱਲੋਂ ਸਿਖਲਾਈ ਦੀ ਘਾਟ ਕਰਕੇ ਹੈ? ਜਾਂ ਕੀ ਇਸ ਦਾ ਹੋਰ ਕੋਈ ਕਾਰਨ ਹੋ ਸਕਦਾ ਹੈ, ਜਿਵੇਂ ਕਿ ਸ਼ਤਾਨ ਦਾ ਪ੍ਰਭਾਵ?” ਜਵਾਬ ਲਈ ਸਮਾਂ ਦਿਓ। ਜੇ ਵਿਅਕਤੀ ਕਹਿੰਦਾ ਹੈ ਕਿ ਇਹ ਸ਼ਤਾਨ ਦੇ ਪ੍ਰਭਾਵ ਕਰਕੇ ਹੈ, ਤਾਂ ਪਰਕਾਸ਼ ਦੀ ਪੋਥੀ 12:9, 12 ਪੜ੍ਹੋ। ਦੱਸੋ ਕਿ ਦੁਨੀਆਂ ਵਿਚ ਹੋ ਰਹੀ ਗੜਬੜੀ ਵਿਚ ਸ਼ਤਾਨ ਦਾ ਹੱਥ ਹੈ। ਫਿਰ ਮੰਗ ਬਰੋਸ਼ਰ ਦਾ ਪਾਠ 4 ਖੋਲ੍ਹੋ ਅਤੇ ਉਸ ਨੂੰ ਪੁੱਛੋ ਕਿ ਕੀ ਉਸ ਨੇ ਕਦੇ ਸੋਚਿਆ ਹੈ ਕਿ ਸ਼ਤਾਨ ਕਿੱਥੋਂ ਆਇਆ ਹੈ। ਪਹਿਲੇ ਦੋ ਪੈਰੇ ਪੜ੍ਹੋ ਅਤੇ ਇਨ੍ਹਾਂ ਤੇ ਚਰਚਾ ਕਰੋ। ਜੇ ਵਿਅਕਤੀ ਕਹਿੰਦਾ ਹੈ ਕਿ ਸਕੂਲਾਂ ਵਿਚ ਹੁੰਦੀ ਹਿੰਸਾ “ਮਾਪਿਆਂ ਵੱਲੋਂ ਸਿਖਲਾਈ ਦੀ ਘਾਟ” ਦਾ ਨਤੀਜਾ ਹੈ, ਤਾਂ 2 ਤਿਮੋਥਿਉਸ 3:1-3 ਪੜ੍ਹੋ ਅਤੇ ਉਨ੍ਹਾਂ ਔਗੁਣਾਂ ਨੂੰ ਉਜਾਗਰ ਕਰੋ ਜਿਨ੍ਹਾਂ ਕਰਕੇ ਇਹ ਸਮੱਸਿਆ ਵਧ ਰਹੀ ਹੈ। ਫਿਰ ਮੰਗ ਬਰੋਸ਼ਰ ਦਾ ਪਾਠ 8 ਖੋਲ੍ਹੋ, ਪੈਰਾ 5 ਪੜ੍ਹੋ ਅਤੇ ਗੱਲਬਾਤ ਜਾਰੀ ਰੱਖੋ।

“ਕੀ ਤੁਹਾਡੇ ਖ਼ਿਆਲ ਵਿਚ ਇਹ ਆਸ ਰੱਖਣੀ ਠੀਕ ਹੈ ਕਿ ਸ੍ਰਿਸ਼ਟੀਕਰਤਾ ਸਾਨੂੰ ਉਹ ਗਿਆਨ ਦੇਵੇਗਾ ਜੋ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਜ਼ਰੂਰੀ ਹੈ?” ਜਵਾਬ ਸੁਣਨ ਮਗਰੋਂ ਉਸ ਨੂੰ ਮੰਗ ਬਰੋਸ਼ਰ ਦਿਖਾਓ। ਪਾਠ 8 ਖੋਲ੍ਹੋ ਅਤੇ ਦੱਸੋ ਕਿ ਇਸ ਵਿਚ ਪਰਿਵਾਰ ਦੇ ਹਰ ਮੈਂਬਰ ਲਈ ਬਾਈਬਲ ਦੇ ਕੁਝ ਸਿਧਾਂਤ ਦਿੱਤੇ ਗਏ ਹਨ। ਉਸ ਨੂੰ ਕਹੋ ਕਿ ਜੇ ਉਹ ਚਾਹੇ, ਤਾਂ ਤੁਸੀਂ ਉਸ ਨੂੰ ਦਿਖਾ ਸਕਦੇ ਹੋ ਕਿ ਇਸ ਬਰੋਸ਼ਰ ਤੋਂ ਪੂਰਾ-ਪੂਰਾ ਲਾਭ ਲੈਣ ਲਈ ਬਾਈਬਲ ਦੀ ਮਦਦ ਨਾਲ ਇਸ ਦਾ ਕਿਵੇਂ ਅਧਿਐਨ ਕੀਤਾ ਜਾਂਦਾ ਹੈ।

“ਅੱਜ ਦੇ ਜ਼ਮਾਨੇ ਵਿਚ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਾਂ। ਕੀ ਤੁਸੀਂ ਸੋਚਦੇ ਹੋ ਕਿ ਇਨ੍ਹਾਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਪ੍ਰਾਰਥਨਾ ਸਾਡੀ ਮਦਦ ਕਰ ਸਕਦੀ ਹੈ? [ਜਵਾਬ ਲਈ ਰੁਕੋ।] ਕਈ ਕਹਿੰਦੇ ਹਨ ਕਿ ਪ੍ਰਾਰਥਨਾ ਤੋਂ ਉਨ੍ਹਾਂ ਨੂੰ ਅੰਦਰੂਨੀ ਤਾਕਤ ਮਿਲਦੀ ਹੈ। [ਫ਼ਿਲਿੱਪੀਆਂ 4:6, 7 ਪੜ੍ਹੋ।] ਤਾਂ ਵੀ ਸਾਨੂੰ ਸ਼ਾਇਦ ਲੱਗੇ ਕਿ ਸਾਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਨਹੀਂ ਮਿਲਦਾ। [ਮੰਗ ਬਰੋਸ਼ਰ ਦਾ ਪਾਠ 7 ਖੋਲ੍ਹੋ।] ਇਹ ਬਰੋਸ਼ਰ ਸਮਝਾਉਂਦਾ ਹੈ ਕਿ ਅਸੀਂ ਕਿਵੇਂ ਪ੍ਰਾਰਥਨਾ ਤੋਂ ਲਾਭ ਹਾਸਲ ਕਰ ਸਕਦੇ ਹਾਂ।”

“ਅਸੀਂ ਆਪਣੇ ਗੁਆਂਢੀਆਂ ਨਾਲ ਇਸ ਬਾਰੇ ਗੱਲਬਾਤ ਕਰ ਰਹੇ ਹਾਂ ਕਿ ਜਦ ਕਿ ਬਾਈਬਲ ਇੱਕੋ ਹੈ, ਤਾਂ ਫਿਰ ਈਸਾਈ ਧਰਮ ਕਿਉਂ ਇੰਨੇ ਸਾਰੇ ਫਿਰਕਿਆਂ ਵਿਚ ਵੰਡਿਆ ਹੋਇਆ ਹੈ? ਤੁਹਾਡੇ ਖ਼ਿਆਲ ਵਿਚ ਇੰਨੇ ਵੱਖੋ-ਵੱਖਰੇ ਧਰਮ ਕਿਉਂ ਹਨ? [ਜਵਾਬ ਲਈ ਸਮਾਂ ਦਿਓ। ਮੰਗ ਬਰੋਸ਼ਰ ਦਾ ਪਾਠ 13 ਖੋਲ੍ਹੋ ਅਤੇ ਸ਼ੁਰੂ ਵਿਚ ਦਿੱਤੇ ਸਵਾਲ ਪੜ੍ਹੋ।] ਤੁਸੀਂ ਇਸ ਪਾਠ ਨੂੰ ਪੜ੍ਹ ਕੇ ਇਨ੍ਹਾਂ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਹਾਸਲ ਕਰੋਗੇ।”

ਘਰ-ਸੁਆਮੀ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦੇਣ ਮਗਰੋਂ ਕਹੋ ਕਿ ਤੁਸੀਂ ਉਸ ਨੂੰ ਇਕ ਬਰੋਸ਼ਰ ਵਿੱਚੋਂ ਛੋਟਾ ਜਿਹਾ ਪੈਰਾ ਪੜ੍ਹ ਕੇ ਸੁਣਾਉਣਾ ਚਾਹੁੰਦੇ ਹੋ। ਜੇ ਉਹ ਇਜਾਜ਼ਤ ਦਿੰਦਾ ਹੈ, ਤਾਂ ਮੰਗ ਬਰੋਸ਼ਰ ਦਾ ਪਾਠ 5 ਖੋਲ੍ਹੋ। ਉਸ ਨੂੰ ਪਾਠ ਦੇ ਸ਼ੁਰੂ ਵਿਚ ਦਿੱਤੇ ਸਵਾਲ ਦਿਖਾਓ। ਫਿਰ ਉਸ ਨੂੰ ਪਹਿਲੇ ਸਵਾਲ ਦਾ ਜਵਾਬ ਲੱਭਣ ਲਈ ਕਹੋ ਜਦੋਂ ਤੁਸੀਂ ਪਹਿਲਾ ਪੈਰਾ ਪੜ੍ਹਦੇ ਹੋ। ਪੈਰਾ ਪੜ੍ਹਨ ਮਗਰੋਂ ਫਿਰ ਤੋਂ ਸਵਾਲ ਪੁੱਛੋ ਅਤੇ ਉਸ ਨੂੰ ਜਵਾਬ ਦੇਣ ਦਿਓ। ਬਰੋਸ਼ਰ ਪੇਸ਼ ਕਰੋ ਅਤੇ ਜੇ ਉਹ ਬਰੋਸ਼ਰ ਲੈ ਲੈਂਦਾ ਹੈ, ਤਾਂ ਅਗਲੇ ਦੋ ਸਵਾਲਾਂ ਉੱਤੇ ਚਰਚਾ ਕਰਨ ਲਈ ਦੁਬਾਰਾ ਉਸ ਨੂੰ ਮਿਲਣ ਦਾ ਪ੍ਰਬੰਧ ਕਰੋ।

ਗਿਆਨ ਕਿਤਾਬ ਪੇਸ਼ ਕਰਨ ਲਈ ਕੁਝ ਸੁਝਾਅ

ਬਾਈਬਲ ਹੱਥ ਵਿਚ ਰੱਖੋ ਅਤੇ ਕਹੋ: “ਅਸੀਂ ਅੱਜ ਤੁਹਾਡੀ ਗਲੀ ਵਿਚ ਸਾਰਿਆਂ ਨੂੰ ਇਕ ਵਚਨ ਪੜ੍ਹ ਕੇ ਸੁਣਾ ਰਹੇ ਹਾਂ। ਇਹ ਕਹਿੰਦਾ ਹੈ . . .” ਯੂਹੰਨਾ 17:3 ਪੜ੍ਹੋ ਅਤੇ ਪੁੱਛੋ: “ਕੀ ਤੁਸੀਂ ਇਸ ਵਾਅਦੇ ਉੱਤੇ ਧਿਆਨ ਦਿੱਤਾ ਕਿ ਜੇ ਸਾਡੇ ਕੋਲ ਸਹੀ ਗਿਆਨ ਹੋਵੇ, ਤਾਂ ਸਾਨੂੰ ਕੀ ਮਿਲੇਗਾ? [ਜਵਾਬ ਲਈ ਰੁਕੋ।] ਸਾਨੂੰ ਇਹ ਗਿਆਨ ਕਿੱਥੋਂ ਮਿਲ ਸਕਦਾ ਹੈ?” ਉਸ ਦਾ ਜਵਾਬ ਜਾਣਨ ਮਗਰੋਂ ਉਸ ਨੂੰ ਗਿਆਨ ਕਿਤਾਬ ਦਿਖਾ ਕੇ ਕਹੋ: “ਇਹ ਕਿਤਾਬ ਸਾਨੂੰ ਸਦੀਪਕ ਜੀਵਨ ਵੱਲ ਲੈ ਜਾਣ ਵਾਲੇ ਗਿਆਨ ਬਾਰੇ ਦੱਸਦੀ ਹੈ। ਇਸ ਵਿਚ ਬਾਈਬਲ ਬਾਰੇ ਲੋਕਾਂ ਦੇ ਆਮ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ।” ਉਸ ਨੂੰ ਵਿਸ਼ਾ-ਸੂਚੀ ਦਿਖਾਓ ਅਤੇ ਪੁੱਛੋ ਕਿ ਕੀ ਉਸ ਨੇ ਕਦੇ ਇਨ੍ਹਾਂ ਵਿੱਚੋਂ ਕਿਸੇ ਵਿਸ਼ੇ ਬਾਰੇ ਸੋਚਿਆ ਹੈ।

“ਕੀ ਤੁਸੀਂ ਕਦੇ ਸੋਚਿਆ ਹੈ ਕਿ ਅੱਜ ਅਸੀਂ ਦੁਨੀਆਂ ਵਿਚ ਜੋ ਅਨਿਆਂ ਅਤੇ ਦੁੱਖ ਦੇਖਦੇ ਹਾਂ ਜਾਂ ਖ਼ੁਦ ਸਹਿੰਦੇ ਹਾਂ, ਕੀ ਪਰਮੇਸ਼ੁਰ ਨੂੰ ਇਸ ਬਾਰੇ ਕੋਈ ਚਿੰਤਾ ਹੈ? [ਜਵਾਬ ਲਈ ਰੁਕੋ।] ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਉਹ ਮੁਸ਼ਕਲ ਸਮਿਆਂ ਵਿਚ ਸਾਨੂੰ ਸੰਭਾਲੇਗਾ।” ਜ਼ਬੂਰ 72:12-17 ਵਿੱਚੋਂ ਕੁਝ ਆਇਤਾਂ ਪੜ੍ਹੋ। ਗਿਆਨ ਕਿਤਾਬ ਦਾ ਅਧਿਆਇ 8 ਖੋਲ੍ਹੋ ਅਤੇ ਦੱਸੋ ਕਿ ਇਹ ਅਧਿਆਇ ਲੱਖਾਂ ਲੋਕਾਂ ਵੱਲੋਂ ਪੁੱਛੇ ਜਾਂਦੇ ਇਸ ਸਵਾਲ ਦਾ ਹੌਸਲਾਦਾਇਕ ਜਵਾਬ ਦਿੰਦਾ ਹੈ ਕਿ ਪਰਮੇਸ਼ੁਰ ਕਿਉਂ ਦੁੱਖਾਂ ਨੂੰ ਇਜਾਜ਼ਤ ਦਿੰਦਾ ਹੈ? ਹੋ ਸਕੇ ਤਾਂ ਪੈਰੇ 3-5 ਵਿਚ ਦਿੱਤੀਆਂ ਬਾਈਬਲ ਦੀਆਂ ਕੁਝ ਆਇਤਾਂ ਉੱਤੇ ਚਰਚਾ ਕਰੋ ਜਾਂ ਇਸ ਉੱਤੇ ਗੱਲਬਾਤ ਕਰਨ ਲਈ ਘਰ-ਸੁਆਮੀ ਨੂੰ ਦੁਬਾਰਾ ਮਿਲੋ।

“ਤਕਰੀਬਨ ਹਰ ਇਨਸਾਨ ਨੇ ਆਪਣੇ ਕਿਸੇ ਪਿਆਰੇ ਦੀ ਮੌਤ ਦਾ ਦੁੱਖ ਸਹਿਆ ਹੈ। ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ ਕਿ ਕੀ ਅਸੀਂ ਕਦੇ ਉਨ੍ਹਾਂ ਨੂੰ ਦੁਬਾਰਾ ਮਿਲਾਂਗੇ? [ਜਵਾਬ ਲਈ ਸਮਾਂ ਦਿਓ।] ਯਿਸੂ ਨੇ ਇਹ ਸਾਬਤ ਕਰ ਕੇ ਦਿਖਾਇਆ ਸੀ ਕਿ ਸਾਡੇ ਪਿਆਰੇ ਮੌਤ ਦੇ ਸ਼ਿਕੰਜੇ ਤੋਂ ਛੁਡਾਏ ਜਾ ਸਕਦੇ ਹਨ। [ਯੂਹੰਨਾ 11:11, 25, 44 ਪੜ੍ਹੋ।] ਹਾਲਾਂਕਿ ਇਹ ਘਟਨਾ ਸਦੀਆਂ ਪਹਿਲਾਂ ਵਾਪਰੀ ਸੀ, ਪਰ ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਨੇ ਸਾਡੇ ਲਈ ਕੀ ਕਰਨ ਦਾ ਵਾਅਦਾ ਕੀਤਾ ਹੈ।” ਗਿਆਨ ਕਿਤਾਬ ਦੇ ਸਫ਼ਾ 85 ਉੱਤੇ ਦਿੱਤੀ ਤਸਵੀਰ ਦਿਖਾਓ ਅਤੇ ਉਸ ਉੱਤੇ ਲਿਖੇ ਸ਼ਬਦ ਪੜ੍ਹੋ। ਫਿਰ ਸਫ਼ਾ 86 ਉੱਤੇ ਦਿੱਤੀ ਤਸਵੀਰ ਦਿਖਾ ਕੇ ਉਸ ਉੱਤੇ ਟਿੱਪਣੀ ਕਰੋ। ਦੁਬਾਰਾ ਆ ਕੇ ਚਰਚਾ ਜਾਰੀ ਰੱਖਣ ਲਈ ਇਹ ਸਵਾਲ ਪੁੱਛੋ: “ਕੀ ਤੁਸੀਂ ਜਾਣਨਾ ਚਾਹੋਗੇ ਕਿ ਇਨਸਾਨ ਕਿਉਂ ਬੁੱਢਾ ਹੁੰਦਾ ਤੇ ਮਰ ਜਾਂਦਾ ਹੈ?” ਦੁਬਾਰਾ ਜਾ ਕੇ ਅਧਿਆਇ 6 ਉੱਤੇ ਚਰਚਾ ਕਰੋ।

“ਕੀ ਤੁਸੀਂ ਕਦੇ ਵਿਚਾਰ ਕੀਤਾ ਹੈ ਕਿ ਇਨਸਾਨ ਲੰਬੀ ਉਮਰ ਕਿਉਂ ਚਾਹੁੰਦਾ ਹੈ?” ਉਸ ਦਾ ਜਵਾਬ ਜਾਣਨ ਮਗਰੋਂ, ਗਿਆਨ ਕਿਤਾਬ ਦਾ ਅਧਿਆਇ 6 ਖੋਲ੍ਹੋ ਅਤੇ ਪੈਰਾ 3 ਪੜ੍ਹੋ। ਉਸ ਵਿਚ ਦਿੱਤੀਆਂ ਆਇਤਾਂ ਉੱਤੇ ਤਰਕ ਕਰੋ। ਪੈਰੇ ਦੇ ਅਖ਼ੀਰ ਵਿਚ ਦਿੱਤੇ ਦੋ ਸਵਾਲਾਂ ਨੂੰ ਪੜ੍ਹ ਕੇ ਘਰ-ਸੁਆਮੀ ਨੂੰ ਪੁੱਛੋ ਕਿ ਕੀ ਉਹ ਇਨ੍ਹਾਂ ਦਾ ਜਵਾਬ ਜਾਣਨਾ ਚਾਹੇਗਾ। ਜੇ ਉਹ ਹਾਂ ਕਹਿੰਦਾ ਹੈ, ਤਾਂ ਅਗਲੇ ਕੁਝ ਪੈਰਿਆਂ ਦੀ ਚਰਚਾ ਕਰੋ।

“ਅਸੀਂ ਲੋਕਾਂ ਨੂੰ ਪੁੱਛ ਰਹੇ ਹਾਂ ਕਿ ਉਹ ਇਸ ਗੱਲ ਵਿਚ ਵਿਸ਼ਵਾਸ ਕਰਦੇ ਹਨ ਜਾਂ ਨਹੀਂ . . .” ਉਤਪਤ 1:1 ਪੜ੍ਹੋ ਤੇ ਫਿਰ ਪੁੱਛੋ: “ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?” ਜੇ ਉਹ ਸਹਿਮਤ ਹੁੰਦਾ ਹੈ, ਤਾਂ ਕਹੋ: “ਮੈਂ ਵੀ ਇਸ ਨਾਲ ਸਹਿਮਤ ਹਾਂ। ਪਰ ਕੀ ਤੁਸੀਂ ਸੋਚਦੇ ਹੋ ਕਿ ਜੇ ਪਰਮੇਸ਼ੁਰ ਨੇ ਸਭ ਕੁਝ ਬਣਾਇਆ ਹੈ, ਤਾਂ ਦੁਨੀਆਂ ਵਿਚ ਬੁਰਾਈ ਵੀ ਉਸੇ ਨੇ ਪੈਦਾ ਕੀਤੀ ਹੈ?” ਉਸ ਦੇ ਜਵਾਬ ਉੱਤੇ ਕੁਝ ਟਿੱਪਣੀ ਦੇਣ ਤੋਂ ਬਾਅਦ ਉਪਦੇਸ਼ਕ ਦੀ ਪੋਥੀ 7:29 ਪੜ੍ਹੋ। ਗਿਆਨ ਕਿਤਾਬ ਦਾ ਅਧਿਆਇ 8 ਖੋਲ੍ਹੋ ਅਤੇ ਦੂਜਾ ਪੈਰਾ ਪੜ੍ਹੋ। ਪਰ ਜੇ ਘਰ-ਸੁਆਮੀ ਉਤਪਤ 1:1 ਨਾਲ ਸਹਿਮਤ ਨਹੀਂ ਹੁੰਦਾ, ਤਾਂ ਉਸ ਨੂੰ ਸ੍ਰਿਸ਼ਟੀਕਰਤਾ ਦੀ ਹੋਂਦ ਦੇ ਸਬੂਤਾਂ ਦੀ ਜਾਂਚ ਕਰਨ ਲਈ ਉਤਸ਼ਾਹਿਤ ਕਰੋ।—ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 84-6 ਦੇਖੋ।

“ਅੱਜ ਨੈਤਿਕ ਕਦਰਾਂ-ਕੀਮਤਾਂ ਬਹੁਤ ਤੇਜ਼ੀ ਨਾਲ ਬਦਲ ਰਹੀਆਂ ਹਨ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਕਰਕੇ ਸਾਨੂੰ ਇਕ ਅਜਿਹੇ ਭਰੋਸੇਯੋਗ ਮਾਰਗ-ਦਰਸ਼ਕ ਦੀ ਲੋੜ ਹੈ ਜੋ ਸਾਨੂੰ ਜ਼ਿੰਦਗੀ ਵਿਚ ਸਹੀ ਰਾਹ ਦਿਖਾ ਸਕੇ? [ਜਵਾਬ ਲਈ ਰੁਕੋ।] ਭਾਵੇਂ ਕਿ ਬਾਈਬਲ ਇਕ ਬਹੁਤ ਹੀ ਪੁਰਾਣੀ ਕਿਤਾਬ ਹੈ, ਪਰ ਇਹ ਸਾਨੂੰ ਅੱਜ ਵੀ ਸਾਡੀ ਰਹਿਣੀ-ਬਹਿਣੀ ਅਤੇ ਖ਼ੁਸ਼ਹਾਲ ਪਰਿਵਾਰਕ ਜ਼ਿੰਦਗੀ ਬਾਰੇ ਫ਼ਾਇਦੇਮੰਦ ਸਲਾਹ ਦਿੰਦੀ ਹੈ।” ਗਿਆਨ ਪੁਸਤਕ ਦਾ ਅਧਿਆਇ 2 ਖੋਲ੍ਹੋ ਤੇ 10ਵੇਂ ਪੈਰੇ ਤੋਂ ਲੈ ਕੇ 11ਵੇਂ ਪੈਰੇ ਦੇ ਪਹਿਲੇ ਵਾਕ ਤਕ ਪੜ੍ਹੋ। ਪੈਰਾ 10 ਵਿਚ ਦਿੱਤਾ 2 ਤਿਮੋਥਿਉਸ 3:16, 17 ਵੀ ਪੜ੍ਹੋ।

“ਕੀ ਤੁਸੀਂ ਜਾਣਨਾ ਚਾਹੋਗੇ ਕਿ ਸਾਡਾ ਅਤੇ ਸਾਡੀ ਧਰਤੀ ਦਾ ਭਵਿੱਖ ਕੀ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਇਸ ਭਵਿੱਖ ਦਾ ਸਾਰ ਇਕ ਸ਼ਬਦ ਵਿਚ ਦਿੰਦੀ ਹੈ—ਫਿਰਦੌਸ! ਜਦੋਂ ਪਰਮੇਸ਼ੁਰ ਨੇ ਪਹਿਲੇ ਮਨੁੱਖੀ ਜੋੜੇ ਨੂੰ ਬਣਾਇਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਫਿਰਦੌਸ ਜਾਂ ਇਕ ਸੋਹਣੇ ਬਾਗ਼ ਵਿਚ ਰੱਖਿਆ ਸੀ। ਜ਼ਰਾ ਇਸ ਬਿਰਤਾਂਤ ਵੱਲ ਧਿਆਨ ਦਿਓ ਕਿ ਉਹ ਫਿਰਦੌਸ ਕਿੱਦਾਂ ਦਾ ਸੀ।” ਗਿਆਨ ਕਿਤਾਬ ਦਾ ਸਫ਼ਾ 8 ਖੋਲ੍ਹੋ ਅਤੇ ਉਪ-ਸਿਰਲੇਖ “ਪਰਾਦੀਸ ਵਿਚ ਜੀਵਨ” ਦੇ ਹੇਠਾਂ ਪੈਰਾ 9 ਪੜ੍ਹੋ। ਫਿਰ ਪੈਰਾ 10 ਵਿਚ ਦਿੱਤੇ ਮੁੱਦਿਆਂ ਦੀ ਚਰਚਾ ਕਰੋ ਅਤੇ ਯਸਾਯਾਹ 55:10, 11 ਪੜ੍ਹੋ। ਘਰ-ਸੁਆਮੀ ਨੂੰ ਪੁੱਛੋ ਕਿ ਕੀ ਉਹ ਜਾਣਨਾ ਚਾਹੇਗਾ ਕਿ ਮੁੜ ਬਹਾਲ ਕੀਤੀ ਗਈ ਬਾਗ਼ ਰੂਪੀ ਧਰਤੀ ਉੱਤੇ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ। ਜੇ ਉਹ ਹਾਂ ਕਹਿੰਦਾ ਹੈ, ਤਾਂ ਤੁਸੀਂ ਪੈਰੇ 11-16 ਦੀ ਚਰਚਾ ਕਰ ਸਕਦੇ ਹੋ।

ਤੁਹਾਡੇ ਤੋਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲੈਣ ਵਾਲਿਆਂ ਨੂੰ ਦੁਬਾਰਾ ਮਿਲਣ ਤੇ ਤੁਸੀਂ ਇਹ ਕਹਿ ਸਕਦੇ ਹੋ:

“ਪਿਛਲੀ ਵਾਰ ਤੁਹਾਨੂੰ ਪਹਿਰਾਬੁਰਜ ਰਸਾਲੇ ਦੀ ਕਾਪੀ ਦੇ ਕੇ ਮੈਨੂੰ ਬੜੀ ਖ਼ੁਸ਼ੀ ਹੋਈ ਸੀ। ਤੁਸੀਂ ਸ਼ਾਇਦ ਧਿਆਨ ਦਿੱਤਾ ਹੋਣਾ ਕਿ ਇਸ ਰਸਾਲੇ ਦਾ ਪੂਰਾ ਨਾਂ ਹੈ ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਰਾਜ ਕੀ ਹੈ ਅਤੇ ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਕੀ ਅਰਥ ਰੱਖ ਸਕਦਾ ਹੈ।” ਫਿਰ ਮੰਗ ਬਰੋਸ਼ਰ ਦਾ ਪਾਠ 6 ਖੋਲ੍ਹੋ। ਉੱਨੇ ਹੀ ਪੈਰਿਆਂ ਨੂੰ ਪੜ੍ਹ ਕੇ ਚਰਚਾ ਕਰੋ ਜਿੰਨਾ ਕੁ ਘਰ-ਸੁਆਮੀ ਕੋਲ ਸਮਾਂ ਹੈ।

“ਕੁਝ ਦਿਨ ਪਹਿਲਾਂ ਮੈਂ ਤੁਹਾਨੂੰ ਮਿਲਿਆ ਸੀ ਅਤੇ ਤੁਸੀਂ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲੇ ਲਏ ਸਨ। ਇਹ ਰਸਾਲੇ ਬਾਈਬਲ ਲਈ ਅਤੇ ਇਸ ਵਿਚ ਦਿੱਤੀ ਗਈ ਨੈਤਿਕ ਸੇਧ ਲਈ ਲੋਕਾਂ ਦੇ ਦਿਲਾਂ ਵਿਚ ਆਦਰ ਪੈਦਾ ਕਰਦੇ ਹਨ। ਮੈਂ ਸੋਚਦਾ ਹਾਂ ਕਿ ਸਾਰਿਆਂ ਲਈ ਪਰਮੇਸ਼ੁਰ ਦੇ ਬਚਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਇਸ ਲਈ ਮੈਂ ਤੁਹਾਨੂੰ ਕੁਝ ਦਿਖਾਉਣ ਲਈ ਦੁਬਾਰਾ ਆਇਆ ਹਾਂ ਜੋ ਬਾਈਬਲ ਨੂੰ ਸਮਝਣ ਵਿਚ ਤੁਹਾਡੀ ਮਦਦ ਕਰੇਗਾ।” ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਦਿਖਾਓ ਅਤੇ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ।

ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕਰਨ ਲਈ ਇਸ ਪੇਸ਼ਕਾਰੀ ਨੂੰ ਅਜ਼ਮਾ ਕੇ ਦੇਖੋ:

“ਅੱਜ-ਕੱਲ੍ਹ ਚੰਗੀ ਸਿੱਖਿਆ ਹਾਸਲ ਕਰਨ ਦੀ ਲੋੜ ਉੱਤੇ ਕਾਫ਼ੀ ਜ਼ੋਰ ਦਿੱਤਾ ਜਾਂਦਾ ਹੈ। ਤੁਹਾਡੇ ਖ਼ਿਆਲ ਵਿਚ ਇਕ ਵਿਅਕਤੀ ਨੂੰ ਜੀਵਨ ਵਿਚ ਖ਼ੁਸ਼ੀ ਅਤੇ ਕਾਮਯਾਬੀ ਹਾਸਲ ਕਰਨ ਲਈ ਕਿਸ ਕਿਸਮ ਦੀ ਸਿੱਖਿਆ ਲੈਣੀ ਚਾਹੀਦੀ ਹੈ? [ਜਵਾਬ ਲਈ ਸਮਾਂ ਦਿਓ। ਫਿਰ ਕਹਾਉਤਾਂ 9:10, 11 ਪੜ੍ਹੋ।] ਇਸ ਕਿਤਾਬ [ਕਿਤਾਬ ਦਾ ਨਾਂ ਪੜ੍ਹੋ] ਵਿਚ ਬਾਈਬਲ ਦਾ ਗਿਆਨ ਦਿੱਤਾ ਗਿਆ ਹੈ। ਇਹ ਸਾਨੂੰ ਸਦੀਪਕ ਜ਼ਿੰਦਗੀ ਵੱਲ ਲੈ ਜਾਣ ਵਾਲੇ ਗਿਆਨ ਦੇ ਇੱਕੋ-ਇਕ ਸੋਮੇ ਬਾਰੇ ਦੱਸਦੀ ਹੈ।” ਕਿਤਾਬ ਵਿੱਚੋਂ ਇਕ ਖ਼ਾਸ ਉਦਾਹਰਣ ਦਿਖਾਓ ਅਤੇ ਘਰ-ਸੁਆਮੀ ਨੂੰ ਕਿਤਾਬ ਪੜ੍ਹਨ ਲਈ ਉਤਸ਼ਾਹਿਤ ਕਰੋ।

ਹੋਰ ਕਿਤਾਬਾਂ

ਹੋਰ ਕਿਤਾਬਾਂ ਅਤੇ ਬਰੋਸ਼ਰਾਂ ਨੂੰ ਪੇਸ਼ ਕਰਨ ਲਈ ਕੁਝ ਪੇਸ਼ਕਾਰੀਆਂ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਵਿਚ ਇਨ੍ਹਾਂ ਸਿਰਲੇਖਾਂ ਹੇਠ ਮਿਲ ਸਕਦੀਆਂ ਹਨ:

Presentations (ਪੇਸ਼ਕਾਰੀਆਂ)

List by Publication

ਸਿੱਧੀ ਪੇਸ਼ਕਸ਼

ਬਾਈਬਲ ਸਟੱਡੀ ਸ਼ੁਰੂ ਕਰਨ ਲਈ ਸਿੱਧੀ ਪੇਸ਼ਕਸ਼ ਕਰ ਕੇ ਦੇਖੋ:

“ਕੀ ਤੁਸੀਂ ਜਾਣਦੇ ਹੋ ਕਿ ਕੇਵਲ ਕੁਝ ਹੀ ਮਿੰਟਾਂ ਵਿਚ ਤੁਸੀਂ ਇਕ ਅਹਿਮ ਸਵਾਲ ਦਾ ਬਾਈਬਲ ਵਿੱਚੋਂ ਜਵਾਬ ਪਾ ਸਕਦੇ ਹੋ? ਮਿਸਾਲ ਲਈ, . . .” ਫਿਰ ਮੰਗ ਬਰੋਸ਼ਰ ਦੇ ਕਿਸੇ ਇਕ ਪਾਠ ਦੇ ਸ਼ੁਰੂ ਵਿਚ ਦਿੱਤਾ ਗਿਆ ਕੋਈ ਸਵਾਲ ਪੁੱਛੋ ਜਿਸ ਬਾਰੇ ਤੁਸੀਂ ਸੋਚਦੇ ਹੋ ਕਿ ਉਸ ਵਿਅਕਤੀ ਨੂੰ ਦਿਲਚਸਪੀ ਹੋਵੇਗੀ।

“ਮੈਂ ਤੁਹਾਨੂੰ ਮੁਫ਼ਤ ਬਾਈਬਲ ਸਟੱਡੀ ਪ੍ਰੋਗ੍ਰਾਮ ਦਿਖਾਉਣ ਲਈ ਆਇਆ ਹਾਂ। ਇਸ ਨੂੰ ਦਿਖਾਉਣ ਲਈ ਮਸਾਂ ਪੰਜ ਮਿੰਟ ਲੱਗਣਗੇ। ਕੀ ਤੁਸੀਂ ਮੈਨੂੰ ਪੰਜ ਮਿੰਟ ਦੇ ਸਕਦੇ ਹੋ?” ਜੇ ਵਿਅਕਤੀ ਹਾਂ ਕਹਿੰਦਾ ਹੈ, ਤਾਂ ਮੰਗ ਬਰੋਸ਼ਰ ਦੇ ਪਹਿਲੇ ਪਾਠ ਵਿੱਚੋਂ ਸਟੱਡੀ ਕਰ ਕੇ ਦਿਖਾਓ। ਸਿਰਫ਼ ਇਕ-ਦੋ ਚੋਣਵੀਆਂ ਆਇਤਾਂ ਪੜ੍ਹੋ। ਬਾਅਦ ਵਿਚ ਪੁੱਛੋ: “ਤੁਸੀਂ ਪਾਠ 2 ਦੀ ਚਰਚਾ ਕਰਨ ਲਈ ਕਦੋਂ 15 ਕੁ ਮਿੰਟ ਕੱਢ ਸਕਦੇ ਹੋ?”

“ਬਹੁਤ ਸਾਰੇ ਲੋਕਾਂ ਕੋਲ ਬਾਈਬਲ ਤਾਂ ਹੈ, ਪਰ ਉਹ ਇਹ ਨਹੀਂ ਜਾਣਦੇ ਕਿ ਇਸ ਵਿਚ ਭਵਿੱਖ ਬਾਰੇ ਸਾਡੇ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਇਸ ਕਿਤਾਬ [ਮੰਗ ਬਰੋਸ਼ਰ ਜਾਂ ਗਿਆਨ ਕਿਤਾਬ] ਦਾ ਹਫ਼ਤੇ ਵਿਚ ਲਗਭਗ ਇਕ ਘੰਟਾ ਅਧਿਐਨ ਕਰਨ ਦੁਆਰਾ ਤੁਸੀਂ ਕੁਝ ਹੀ ਮਹੀਨਿਆਂ ਵਿਚ ਬਾਈਬਲ ਦੀ ਬੁਨਿਆਦੀ ਸਮਝ ਹਾਸਲ ਕਰ ਸਕਦੇ ਹੋ। ਮੈਨੂੰ ਇਹ ਵਿਖਾਉਣ ਵਿਚ ਬਹੁਤ ਖ਼ੁਸ਼ੀ ਹੋਵੇਗੀ ਕਿ ਇਹ ਅਧਿਐਨ ਕਿਵੇਂ ਕੀਤਾ ਜਾਂਦਾ ਹੈ।”

“ਮੈਂ ਤੁਹਾਨੂੰ ਇਕ ਮੁਫ਼ਤ ਬਾਈਬਲ ਸਟੱਡੀ ਕੋਰਸ ਪੇਸ਼ ਕਰਨ ਆਇਆ ਹਾਂ। ਜੇ ਤੁਸੀਂ ਇਜਾਜ਼ਤ ਦਿਓ, ਤਾਂ ਮੈਂ ਕੁਝ ਮਿੰਟਾਂ ਵਿਚ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਕਿਵੇਂ ਤਕਰੀਬਨ 200 ਦੇਸ਼ਾਂ ਵਿਚ ਕਈ ਪਰਿਵਾਰ ਆਪਣੇ ਘਰਾਂ ਵਿਚ ਬਾਈਬਲ ਦੀ ਚਰਚਾ ਕਰਦੇ ਹਨ। ਅਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਵਿਸ਼ੇ ਉੱਤੇ ਚਰਚਾ ਕਰ ਸਕਦੇ ਹਾਂ। [ਗਿਆਨ ਪੁਸਤਕ ਦੀ ਵਿਸ਼ਾ-ਸੂਚੀ ਦਿਖਾਓ।] ਤੁਹਾਨੂੰ ਖ਼ਾਸ ਕਰਕੇ ਕਿਹੜਾ ਵਿਸ਼ਾ ਦਿਲਚਸਪ ਲੱਗਦਾ ਹੈ?” ਉਸ ਨੂੰ ਵਿਸ਼ਾ ਚੁਣਨ ਦਿਓ। ਚੁਣੇ ਗਏ ਅਧਿਆਇ ਨੂੰ ਖੋਲ੍ਹੋ ਅਤੇ ਪਹਿਲੇ ਪੈਰੇ ਤੋਂ ਸਟੱਡੀ ਸ਼ੁਰੂ ਕਰੋ।

“ਮੈਂ ਲੋਕਾਂ ਨੂੰ ਮੁਫ਼ਤ ਵਿਚ ਬਾਈਬਲ ਸਿਖਾਉਂਦਾ ਹਾਂ ਤੇ ਤੁਸੀਂ ਵੀ ਬਾਈਬਲ ਬਾਰੇ ਸਿੱਖ ਸਕਦੇ ਹੋ। ਅਸੀਂ ਬਾਈਬਲ ਸਟੱਡੀ ਲਈ ਇਹ ਕਿਤਾਬ ਇਸਤੇਮਾਲ ਕਰਦੇ ਹਾਂ। [ਗਿਆਨ ਕਿਤਾਬ ਦਿਖਾਓ।] ਇਹ ਕੋਰਸ ਕੁਝ ਹੀ ਮਹੀਨਿਆਂ ਲਈ ਹੈ ਅਤੇ ਇਸ ਵਿਚ ਤੁਹਾਨੂੰ ਅਜਿਹੇ ਸਵਾਲਾਂ ਦੇ ਜਵਾਬ ਮਿਲਣਗੇ ਜਿਵੇਂ: ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ? ਅਸੀਂ ਕਿਉਂ ਬੁੱਢੇ ਹੋ ਕੇ ਮਰ ਜਾਂਦੇ ਹਾਂ? ਸਾਡੇ ਮਰੇ ਹੋਏ ਪਿਆਰਿਆਂ ਨੂੰ ਕੀ ਹੁੰਦਾ ਹੈ? ਅਤੇ ਅਸੀਂ ਕਿਵੇਂ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹਾਂ? ਜੇ ਤੁਸੀਂ ਇਜਾਜ਼ਤ ਦਿਓ, ਤਾਂ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਇਹ ਸਟੱਡੀ ਕਿਵੇਂ ਕੀਤੀ ਜਾਂਦੀ ਹੈ।”

ਜੇ ਕਿਸੇ ਖ਼ਾਸ ਪੇਸ਼ਕਾਰੀ ਨੂੰ ਵਰਤਣ ਨਾਲ ਤੁਹਾਨੂੰ ਲੋਕਾਂ ਦੀ ਦਿਲਚਸਪੀ ਜਗਾਉਣ ਵਿਚ ਸਫ਼ਲਤਾ ਮਿਲੀ ਹੈ, ਤਾਂ ਇਸ ਨੂੰ ਇਸਤੇਮਾਲ ਕਰਦੇ ਰਹੋ! ਤੁਸੀਂ ਇਸ ਨੂੰ ਹਰ ਮਹੀਨੇ ਦੀ ਸਾਹਿੱਤ ਪੇਸ਼ਕਸ਼ ਅਨੁਸਾਰ ਢਾਲ਼ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ