ਵੱਡੀਆਂ ਪੁਸਤਿਕਾਵਾਂ ਨਾਲ ਰਾਜ ਦੀ ਖ਼ੁਸ਼ ਖ਼ਬਰੀ ਐਲਾਨ ਕਰੋ
1 ਸੱਚਾਈ ਜਾਣਨਾ ਅਤੇ ਉਨ੍ਹਾਂ ਲੋਕਾਂ ਦੇ ਵਿਚ ਹੋਣਾ ਜੋ ਖ਼ੁਸ਼ ਖ਼ਬਰੀ ਦਾ ਸਰਗਰਮੀ ਨਾਲ ਐਲਾਨ ਕਰ ਰਹੇ ਹਨ ਕਿੰਨੀ ਹੀ ਆਨੰਦ ਦੀ ਗੱਲ ਹੈ! ਪਰਮੇਸ਼ੁਰ ਦੇ ਸੰਗਠਨ ਦੇ ਬਾਹਰ ਵਾਲੇ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਨ ਦੀ ਸਖ਼ਤ ਜ਼ਰੂਰਤ ਹੈ। ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ!, ਅਤੇ “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ” ਵੱਡੀਆਂ ਪੁਸਤਿਕਾਵਾਂ ਵਿਚ ਰਾਜ ਦੇ ਬਾਰੇ ਸੱਚਾਈ ਨੂੰ ਸਰਲਤਾ ਨਾਲ ਸਮਝਾਇਆ ਗਿਆ ਹੈ। ਇਹ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਉੱਤੇ ਜੀਵਨ ਨੂੰ ਸਪੱਸ਼ਟ ਰੂਪ ਵਿਚ ਚਿਤ੍ਰਿਤ ਕਰਦੀਆਂ ਹਨ, ਅਤੇ ਇਹ ਪਾਠਕ ਨੂੰ ਰਾਜ ਦੀਆਂ ਵਾਸਤਵਿਕਤਾਵਾਂ ਵੱਲ ਨਿਰਦੇਸ਼ਿਤ ਕਰਦੀਆਂ ਹਨ ਜੋ ਪਰਮੇਸ਼ੁਰ ਦੇ ਬਚਨ ਵਿਚ ਸਮਝਾਈਆਂ ਗਈਆਂ ਹਨ। ਨਿਰਸੰਦੇਹ, ਕਿਸੇ ਦਿਲਚਸਪੀ ਦਿਖਾਉਣ ਵਾਲੇ ਵਿਅਕਤੀ ਨੂੰ ਇਕ ਵੱਡੀ ਪੁਸਤਿਕਾ ਦੇਣਾ ਸਾਡੇ ਕੰਮ ਦਾ ਕੇਵਲ ਸ਼ੁਰੂਆਤ ਹੀ ਹੈ। (1 ਕੁਰਿੰ. 9:23) ਜਿੱਥੇ ਕਿਤੇ ਅਸੀਂ ਸਾਹਿੱਤ ਦਿੱਤੇ ਹਨ, ਆਓ ਅਸੀਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਵਿੱਚੋਂ ਇਕ ਅਧਿਐਨ ਪੇਸ਼ ਕਰਨ ਦੇ ਮਕਸਦ ਨਾਲ, ਉੱਥੇ ਤਤਪਰਤਾ ਸਹਿਤ ਵਾਪਸ ਜਾਈਏ। ਅਸੀਂ ਇਹ ਅਗਸਤ ਦੇ ਦੌਰਾਨ ਕਿਵੇਂ ਸੰਪੰਨ ਕਰ ਸਕਦੇ ਹਾਂ?
2 ਵੱਡੀ ਪੁਸਤਿਕਾ “ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?” ਪੇਸ਼ ਕਰਦੇ ਸਮੇਂ, ਤੁਸੀਂ ਸ਼ਾਇਦ ਇਹ ਕਹਿ ਕੇ ਦੇਖ ਸਕਦੇ ਹੋ:
◼ “ਅਧਿਕਤਰ ਲੋਕਾਂ ਨੂੰ, ਜਿਨ੍ਹਾਂ ਨਾਲ ਮੈਂ ਗੱਲ ਕੀਤੀ ਹੈ ਇਹ ਅਹਿਸਾਸ ਹੈ ਕਿ ਅੱਜ ਸੰਸਾਰ ਵਿਚ ਵੱਡੀਆਂ ਸਮੱਸਿਆਵਾਂ ਹਨ ਅਤੇ ਉਹ ਕਹਿੰਦੇ ਹਨ ਕਿ ਉਹ ਇਨ੍ਹਾਂ ਨੂੰ ਸੁਲਝਾਈਆਂ ਦੇਖਣਾ ਪਸੰਦ ਕਰਨਗੇ। [ਬੇਰੋਜ਼ਗਾਰੀ, ਵਧਦਾ ਅਪਰਾਧ, ਜਾਂ ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਵਰਗੀਆਂ ਸਥਾਨਕ ਸਮੱਸਿਆਵਾਂ ਦਾ ਜ਼ਿਕਰ ਕਰੋ।] ਇਹ ਚੀਜ਼ਾਂ ਸਾਨੂੰ ਆਪਣੇ ਅਤੇ ਆਪਣੇ ਪਿਆਰਿਆਂ ਦੇ ਭਵਿੱਖ ਦੇ ਬਾਰੇ ਬਹੁਤ ਹੀ ਅਣ-ਸੁਰੱਖਿਅਤ ਮਹਿਸੂਸ ਕਰਾਉਂਦੀਆਂ ਹਨ। ਕੀ ਤੁਸੀਂ ਸੋਚਦੇ ਹੋ ਕਿ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਸਾਨੂੰ ਅਜਿਹੀਆਂ ਕੋਈ ਵੀ ਸਮੱਸਿਆਵਾਂ ਨਹੀਂ ਹੋਣਗੀਆਂ? [ਜਵਾਬ ਲਈ ਸਮਾਂ ਦਿਓ।] ਸ਼ਾਇਦ ਤੁਹਾਨੂੰ ਬਾਈਬਲ ਦੇ ਕੁਝ ਭਾਗ ਪੜ੍ਹਨ ਦਾ ਮੌਕਾ ਮਿਲਿਆ ਹੋਵੇ। ਜੇਕਰ ਮਿਲਿਆ ਹੈ, ਤਾਂ ਕੀ ਤੁਸੀਂ ਪੜ੍ਹਿਆ ਹੈ ਕਿ ਇਹ ਭਵਿੱਖ ਦੇ ਲਈ ਕਿਹੜੇ ਵਾਅਦੇ ਕਰਦੀ ਹੈ?” ਵੱਡੀ ਪੁਸਤਿਕਾ ਸਾਡੀਆਂ ਸਮੱਸਿਆਵਾਂ ਦੇ ਸਫ਼ੇ 19 ਅਤੇ 20 ਵੱਲ ਪਲਟਾਓ, ਅਤੇ ਨਵੇਂ ਸੰਸਾਰ ਦੇ ਬਾਰੇ ਉੱਥੇ ਉਤਕਥਿਤ ਕਈ ਉਤਸ਼ਾਹਜਨਕ ਸ਼ਾਸਤਰਵਚਨਾਂ ਨੂੰ, ਜਿਵੇਂ ਕਿ ਯਸਾਯਾਹ 33:24; 35:5, 6, 7 ਅਤੇ ਜ਼ਬੂਰ 46:9 ਜਾਂ 72:16, ਪੜ੍ਹ ਕੇ ਸੁਣਾਓ। ਵੱਡੀ ਪੁਸਤਿਕਾ ਪੇਸ਼ ਕਰੋ।
3 ਜੇਕਰ ਵੱਡੀ ਪੁਸਤਿਕਾ “ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?” ਦਿੱਤੀ ਗਈ ਸੀ, ਤਾਂ ਪੁਨਰ-ਮੁਲਾਕਾਤ ਤੇ ਤੁਸੀਂ ਇਹ ਕਹਿਣ ਦੇ ਦੁਆਰਾ ਚਰਚਾ ਸ਼ੁਰੂ ਕਰ ਸਕਦੇ ਹੋ:
◼ “ਪਿਛਲੀ ਵਾਰ ਅਸੀਂ ਚਰਚਾ ਕੀਤੀ ਸੀ ਕਿ ਪਰਮੇਸ਼ੁਰ ਨੇ ਸਾਡੀਆਂ ਸਮੱਸਿਆਵਾਂ ਨੂੰ ਹਲ ਕਰਨ ਅਤੇ ਇਕ ਬਿਹਤਰ ਸੰਸਾਰ ਸਥਾਪਿਤ ਕਰਨ ਦੇ ਵਾਅਦੇ ਕੀਤੇ ਹਨ। ਜਿਹੜੀ ਵੱਡੀ ਪੁਸਤਿਕਾ ਮੈਂ ਤੁਹਾਡੇ ਕੋਲ ਛੱਡ ਕੇ ਗਿਆ ਸੀ ਉਹ ਇਹ ਚਰਚਾ ਕਰਦੀ ਹੈ ਕਿ ਅਸੀਂ ਬਾਈਬਲ ਉੱਤੇ ਵਿਸ਼ਵਾਸ ਕਰ ਸਕਦੇ ਹਾਂ ਜਾਂ ਨਹੀਂ ਅਤੇ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਬਿਹਤਰ ਹਾਲਤਾਂ ਸਾਡੇ ਦਿਨਾਂ ਵਿਚ ਆ ਰਹੀਆਂ ਹਨ। ਮਿਸਾਲ ਲਈ, ਇਹ ਦਿਖਾਉਂਦੀ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਬਾਈਬਲ ਨੇ ਸਹੀ-ਸਹੀ ਪੂਰਵ-ਸੂਚਿਤ ਕੀਤਾ ਸੀ ਕਿ ਸਾਡੇ ਦਿਨਾਂ ਵਿਚ ਹਾਲਤਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਅਤੇ ਕਿਹਾ ਕਿ ਇਹ ਭੈੜੀਆਂ ਹਾਲਤਾਂ ਉਸ ਲੱਛਣ ਦਾ ਭਾਗ ਹੋਣਗੀਆਂ ਕਿ ਇਕ ਵਿਸ਼ਵ ਪਰਿਵਰਤਨ ਅਤਿ ਨੇੜੇ ਹੈ।” ਵੱਡੀ ਪੁਸਤਿਕਾ ਸਾਡੀਆਂ ਸਮੱਸਿਆਵਾਂ ਦੇ ਸਫ਼ਾ 13 ਨੂੰ ਖੋਲ੍ਹੋ, ਅਤੇ ‘ਉਹ ਲੱਛਣ’ ਦੇ ਸਿਰਲੇਖ ਹੇਠ ਪਹਿਲਾ ਪੈਰਾ ਪੜ੍ਹੋ। ਫਿਰ ਕਹੋ: “ਕੀ ਅਸੀਂ ਅੱਜ ਅਜਿਹੀਆਂ ਹਾਲਤਾਂ ਨਹੀਂ ਦੇਖਦੇ ਹਾਂ? ਕੀ ਤੁਸੀਂ ਜਾਣਦੇ ਹੋ ਕਿ ਇਹ ਕੀ ਪੂਰਵ-ਸੂਚਿਤ ਕਰਦੀਆਂ ਹਨ?” ਜਵਾਬ ਲਈ ਸਮਾਂ ਦਿਓ। 2 ਪਤਰਸ 3:9, 13 ਪੜ੍ਹੋ। ਗ੍ਰਹਿ ਬਾਈਬਲ ਅਧਿਐਨ ਦੇ ਦੁਆਰਾ ਹੋਰ ਸਿੱਖਣ ਦੇ ਲਈ ਉਤਸ਼ਾਹ ਦਿਓ।
4 ਵੱਡੀ ਪੁਸਤਿਕਾ “ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ!” ਨੂੰ ਇਕ ਬਹੁਤ ਹੀ ਸੰਖੇਪ ਪੇਸ਼ਕਾਰੀ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਕਵਰ ਨੂੰ ਦਿਖਾਉਂਦੇ ਹੋਏ, ਤੁਸੀਂ ਸ਼ਾਇਦ ਕਹੋ:
◼ “ਮੈਂ ਤੁਹਾਨੂੰ ਕੁਝ ਅਜਿਹਾ ਦਿਖਾਉਣਾ ਚਾਹੁੰਦਾ ਹੈ ਜਿਸ ਵਿਚ ਇਕ ਸੁੰਦਰ ਸੰਦੇਸ਼ ਹੈ।” ਧਰਤੀ ਉਤੇ ਜੀਵਨ ਵੱਡੀ ਪੁਸਤਿਕਾ ਖੋਲ੍ਹੋ, ਅਤੇ ਭੂਮਿਕਾ ਦਾ ਪਹਿਲਾ ਪੈਰਾ ਪੜ੍ਹੋ। ਫਿਰ ਅੱਗੇ ਕਹੋ: “ਇਹ ਇਸ ਸਵਾਲ ਦਾ ਵੀ ਜਵਾਬ ਦਿੰਦੀ ਹੈ [ਤਸਵੀਰ ਨੰਬਰ 8 ਉੱਤੇ ਦਿੱਤੇ ਸਿਰਲੇਖ ਵੱਲ ਪਲਟਾਓ]: ‘ਆਦਮੀ ਕਿਉਂ ਮਰ ਜਾਂਦਾ ਹੈ?’ ਤੁਸੀਂ ਇਸ ਵੱਡੀ ਪੁਸਤਿਕਾ ਵਿਚ ਦਿੱਤੀਆਂ ਗਈਆਂ ਤਸਵੀਰਾਂ ਨੂੰ ਜਾਂਚਣਾ ਅਤੇ ਹਵਾਲਿਆਂ ਨੂੰ ਪੜ੍ਹਨਾ ਦਿਲਚਸਪ ਪਾਓਗੇ। ਜੇਕਰ ਤੁਸੀਂ ਇਹ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹ ਕਾਪੀ ਲੈ ਸਕਦੇ ਹੋ।” ਜੇਕਰ ਵੱਡੀ ਪੁਸਤਿਕਾ ਸਵੀਕਾਰ ਕੀਤੀ ਜਾਂਦੀ ਹੈ, ਤਾਂ ਘਰ-ਸੁਆਮੀ ਨਾਲ ਅਜਿਹਾ ਇਕ ਸਵਾਲ ਛੱਡ ਜਾਓ ਜਿਵੇਂ ਕਿ: “ਤੁਹਾਡੇ ਵਿਚਾਰ ਵਿਚ ਅਜਿਹੀਆਂ ਹਾਲਤਾਂ ਵਿਚ ਰਹਿਣ ਦੇ ਲਈ ਤੁਹਾਨੂੰ ਕੀ ਕਰਨਾ ਹੋਵੇਗਾ?” ਅਤੇ ਕਹੋ ਕਿ ਤੁਸੀਂ ਇਸ ਸਵਾਲ ਦਾ ਜਵਾਬ ਦੇਣ ਦੇ ਲਈ ਵਾਪਸ ਆਓਗੇ।
5 ਜਿੱਥੇ “ਧਰਤੀ ਉਤੇ ਜੀਵਨ” ਵੱਡੀ ਪੁਸਤਿਕਾ ਦਿੱਤੀ ਗਈ ਹੈ, ਉੱਥੇ ਪੁਨਰ-ਮੁਲਾਕਾਤ ਕਰਦੇ ਸਮੇਂ ਤੁਸੀਂ ਕੀ ਕਹੋਗੇ? ਤੁਸੀਂ ਇਹ ਪ੍ਰਸਤਾਵਨਾ ਅਜ਼ਮਾ ਸਕਦੇ ਹੋ:
◼ ਧਰਤੀ ਉਤੇ ਜੀਵਨ ਵੱਡੀ ਪੁਸਤਿਕਾ ਵਿਚ ਤਸਵੀਰ ਨੰਬਰ 49 ਦਿਖਾਓ ਅਤੇ ਪੁੱਛੋ, “ਕੀ ਇਹ ਇਕ ਸੋਹਣੀ ਤਸਵੀਰ ਨਹੀਂ ਹੈ? [ਜਵਾਬ ਲਈ ਸਮਾਂ ਦਿਓ।] ਇਹ ਉਸ ਵੱਡੀ ਪੁਸਤਿਕਾ ਵਿਚ ਹੈ ਜੋ ਮੈਂ ਤੁਹਾਡੇ ਕੋਲ ਪਿਛਲੀ ਮੁਲਾਕਾਤ ਤੇ ਛੱਡ ਕੇ ਗਿਆ ਸੀ। ਮੈਂ ਤੁਹਾਡੇ ਤੋਂ ਅਗਲੇ ਸਫ਼ੇ ਦਾ ਸਵਾਲ ਪੁੱਛਣਾ ਚਾਹੁੰਦਾ ਹਾਂ।” ਤਸਵੀਰ ਨੰਬਰ 50 ਵੱਲ ਪਲਟਾਓ ਅਤੇ ਸਵਾਲ ਪੜ੍ਹੋ: “‘ਕੀ ਤੁਸੀਂ ਉਸ ਸੁੰਦਰ ਫਿਰਦੌਸ ਵਿਚ ਸਦਾ ਲਈ ਰਹਿਣਾ ਚਾਹੁੰਦੇ ਹੋ?’ [ਜਵਾਬ ਲਈ ਸਮਾਂ ਦਿਓ।] ਜੇਕਰ ਇਹ ਤੁਹਾਡੀ ਇੱਛਾ ਹੈ, ਤਾਂ ਧਿਆਨ ਦਿਓ ਕਿ ਇਹ ਉਸ ਬਾਰੇ ਕੀ ਕਹਿੰਦੀ ਜੋ ਤੁਹਾਨੂੰ ਕਰਨਾ ਚਾਹੀਦਾ ਹੈ: ‘ਤੱਦ, ਹੋਰ ਸਿਖੋ ਜੋ ਪ੍ਰਮੇਸ਼ਵਰ ਕਹਿੰਦਾ ਹੈ।’ [ਪੜ੍ਹੋ ਯੂਹੰਨਾ 17:3.] ਮੈਨੂੰ ਤੁਹਾਡੇ ਨਾਲ ਮੁਫ਼ਤ ਵਿਚ ਬਾਈਬਲ ਅਧਿਐਨ ਕਰਨ ਵਿਚ ਖ਼ੁਸ਼ੀ ਹੋਵੇਗੀ। ਕੀ ਤੁਸੀਂ ਇਹ ਚਾਹੋਗੇ?” ਵਾਪਸ ਜਾਣ ਦਾ ਇਕ ਨਿਸ਼ਚਿਤ ਸਮਾਂ ਨਿਯੁਕਤ ਕਰੋ।
6 ਵੱਡੀ ਪੁਸਤਿਕਾ “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ” ਪੇਸ਼ ਕਰਦੇ ਸਮੇਂ, ਤੁਸੀਂ ਸ਼ਾਇਦ ਪੂਰੇ ਕਵਰ ਦੀ ਤਸਵੀਰ ਨੂੰ ਦਿਖਾ ਕੇ ਇਹ ਪੁੱਛਦੇ ਹੋਏ ਸ਼ੁਰੂ ਕਰੋ:
◼ “ਤੁਹਾਡੇ ਖ਼ਿਆਲ ਵਿਚ ਪੂਰੀ ਧਰਤੀ ਨੂੰ ਇੰਜ ਨਜ਼ਰ ਆਉਣ ਦੇ ਲਈ ਕੀ ਕਰਨ ਦੀ ਜ਼ਰੂਰਤ ਹੋਵੇਗੀ?” ਜਵਾਬ ਲਈ ਸਮਾਂ ਦਿਓ। ਤਸਵੀਰ ਦੀਆਂ ਕੁਝ ਵਿਸ਼ੇਸ਼ਤਾਵਾਂ ਨੂੰ ਵਰਣਿਤ ਕਰੋ ਜੋ ਸਫ਼ੇ 3 ਉੱਤੇ ਬਿਆਨ ਕੀਤੀਆਂ ਗਈਆਂ ਹਨ। ਫਿਰ ਕਹੋ: “ਅਧਿਕਤਰ ਲੋਕ ਮਹਿਸੂਸ ਕਰਦੇ ਹਨ ਕਿ ਇਸ ਤਰ੍ਹਾਂ ਦਾ ਸੰਸਾਰ ਬਣਾਉਣਾ ਨਾਮੁਮਕਿਨ ਹੈ। ਪਰੰਤੂ ਪਰਮੇਸ਼ੁਰ ਦੇ ਲਈ ਇਹ ਸੰਪੰਨ ਕਰਨਾ ਨਾਮੁਮਕਿਨ ਨਹੀਂ ਹੈ। [ਪੈਰਾ 43 ਵਿੱਚੋਂ ਕੁਝ ਨੁਕਤੇ ਸਾਂਝੇ ਕਰੋ; ਫਿਰ ਯਸਾਯਾਹ 9:6, 7 ਪੜ੍ਹੋ।] ਪਰਮੇਸ਼ੁਰ ਨੇ ਇਕ ਨਵਾਂ ਸੰਸਾਰ ਲਿਆਉਣ ਦਾ ਵਾਅਦਾ ਕੀਤਾ ਹੈ ਜਿਸ ਵਿਚ ਸਾਰੀਆਂ ਕੌਮਾਂ ਦੇ ਲੋਕ ਇਕ ਅਦਭੁਤ ਪਰਾਦੀਸ ਦਾ ਆਨੰਦ ਮਾਣਨਗੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਵੱਡੀ ਪੁਸਤਿਕਾ ਪੜ੍ਹੋ। ਇਹ ਦਿਖਾਏਗੀ ਕਿ ਕਿਵੇਂ ਤੁਸੀਂ ਅਤੇ ਤੁਹਾਡਾ ਪਰਿਵਾਰ ਪਰਮੇਸ਼ੁਰ ਦੇ ਬਣਾਏ ਹੋਏ ਇਕ ਸ਼ਾਨਦਾਰ ਭਵਿੱਖ ਦਾ ਆਨੰਦ ਮਾਣ ਸਕਦੇ ਹੋ।”
7 ਪੁਨਰ-ਮੁਲਾਕਾਤ ਤੇ, ਤੁਸੀਂ ਵੱਡੀ ਪੁਸਤਿਕਾ “ਵੇਖ!” ਨੂੰ ਇਹ ਸਮਝਾਉਣ ਦੇ ਲਈ ਪ੍ਰਯੋਗ ਕਰ ਸਕਦੇ ਹੋ ਕਿ ਬਾਈਬਲ ਦੇ ਬਾਰੇ ਹੋਰ ਸਿੱਖਣ ਦੀ ਜ਼ਰੂਰਤ ਕਿਉਂ ਹੈ। ਸ਼ਾਇਦ ਕਵਰ ਨੂੰ ਫਿਰ ਤੋਂ ਦਿਖਾਉਂਦੇ ਹੋਏ ਕਹੋ:
◼ “ਜਦੋਂ ਮੈਂ ਪਹਿਲੀ ਵਾਰ ਤੁਹਾਨੂੰ ਇਹ ਤਸਵੀਰ ਦਿਖਾਈ ਸੀ, ਤਾਂ ਅਸੀਂ ਸਹਿਮਤ ਹੋਏ ਸਨ ਕਿ ਅਸੀਂ ਅਜਿਹੇ ਇਕ ਅਦਭੁਤ ਸੰਸਾਰ ਵਿਚ ਜੀਉਣਾ ਪਸੰਦ ਕਰਾਂਗੇ। ਇਸ ਨੂੰ ਮੁਮਕਿਨ ਕਰਨ ਲਈ, ਸਾਨੂੰ ਸਾਰਿਆਂ ਨੂੰ ਕੁਝ ਕਰਨ ਦੀ ਜ਼ਰੂਰਤ ਹੈ।” ਵੱਡੀ ਪੁਸਤਿਕਾ “ਵੇਖ!” ਦੇ ਪੈਰਾ 52 ਵੱਲ ਖੋਲ੍ਹੋ; ਪੈਰੇ ਅਤੇ ਯੂਹੰਨਾ 17:3 ਦੇ ਸ਼ਾਸਤਰਵਚਨ ਨੂੰ ਪੜ੍ਹੋ। ਜਾਣਕਾਰੀ ਨੂੰ ਪੈਰਾ 53 ਵਿਚ ਉਚਿਤ ਬਾਈਬਲ ਸਿੱਖਿਆ ਦੇ ਬਾਰੇ ਦਿੱਤੇ ਗਏ ਦ੍ਰਿਸ਼ਟਾਂਤ ਦੇ ਨਾਲ ਜੋੜੋ, ਅਤੇ ਫਿਰ ਸਮਝਾਓ ਕਿ ਯਹੋਵਾਹ ਦੇ ਗਵਾਹ ਘਰਾਂ ਵਿਚ ਅਜਿਹੀ ਸਿੱਖਿਆ ਮੁਫ਼ਤ ਵਿਚ ਪੇਸ਼ ਕਰਦੇ ਹਨ। ਗਿਆਨ ਪੁਸਤਕ ਦਾ ਪ੍ਰਯੋਗ ਕਰਦੇ ਹੋਏ, ਸਾਡੇ ਅਧਿਐਨ ਦੇ ਤਰੀਕੇ ਨੂੰ ਪ੍ਰਦਰਸ਼ਿਤ ਕਰਨ ਦੀ ਪੇਸ਼ਕਸ਼ ਕਰੋ।
8 ਜੇਕਰ ਤੁਸੀਂ ਦੂਜੀਆਂ ਵੱਡੀਆਂ ਪੁਸਤਿਕਾਵਾਂ ਇਸਤੇਮਾਲ ਕਰ ਰਹੇ ਹੋ, ਤਾਂ ਤੁਸੀਂ ਉੱਤੇ ਸੁਝਾਉ ਕੀਤੀਆਂ ਗਈਆਂ ਪੇਸ਼ਕਾਰੀਆਂ ਨੂੰ ਨਮੂਨੇ ਦੇ ਤੌਰ ਤੇ ਇਸਤੇਮਾਲ ਕਰਦੇ ਹੋਏ, ਖ਼ੁਦ ਆਪਣੀਆਂ ਪੇਸ਼ਕਾਰੀਆਂ ਤਿਆਰ ਕਰ ਸਕਦੇ ਹੋ। ਜਿੱਥੇ ਕਿਤੇ ਵੀ ਦਿਲਚਸਪੀ ਦਿਖਾਈ ਜਾਂਦੀ ਹੈ, ਉੱਥੇ ਘਰ-ਸੁਆਮੀ ਦਾ ਨਾਂ ਅਤੇ ਪਤਾ ਅਤੇ ਚਰਚਾ ਕੀਤੇ ਗਏ ਵਿਸ਼ੇ ਨੂੰ ਨਿਸ਼ਚਿਤ ਨੋਟ ਕਰੋ, ਤਾਂਕਿ ਤੁਸੀਂ ਪੁਨਰ-ਮੁਲਾਕਾਤ ਤੇ ਇਕ ਫਲਦਾਇਕ ਚਰਚਾ ਕਰ ਸਕੋ। ਜਿਉਂ-ਜਿਉਂ ਤੁਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਹੋ, ਚੰਗੀ ਤਿਆਰੀ ਕਰੋ ਅਤੇ ਯਹੋਵਾਹ ਦੀ ਬਰਕਤ ਭਾਲੋ।