ਸਾਂਭ ਕੇ ਰੱਖੋ
ਕੀ ਤੁਸੀਂ ਇਹ ਬਰੋਸ਼ਰ ਵਰਤ ਰਹੇ ਹੋ?
ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
ਕਿਨ੍ਹਾਂ ਲਈ? ਜੋ ਬਾਈਬਲ ਬਾਰੇ ਇੰਨਾ ਜਾਣਦੇ ਨਹੀਂ, ਖ਼ਾਸਕਰ ਜੋ ਮਸੀਹੀ ਧਰਮ ਨੂੰ ਨਹੀਂ ਮੰਨਦੇ
ਕਿਵੇਂ ਪੇਸ਼ ਕਰੀਏ: “ਅਸੀਂ ਇਸ ਧਰਮ-ਗ੍ਰੰਥ ਵਿੱਚੋਂ ਇਸ ਆਇਤ ʼਤੇ ਤੁਹਾਡਾ ਵਿਚਾਰ ਪੁੱਛਣਾ ਚਾਹੁੰਦੇ ਹਾਂ। [ਜ਼ਬੂਰ 37:11 ਪੜ੍ਹੋ ਜਿਸ ਦਾ ਜ਼ਿਕਰ 11ਵੇਂ ਭਾਗ ਵਿਚ ਕੀਤਾ ਗਿਆ ਹੈ।] ਜਦੋਂ ਇਹ ਭਵਿੱਖਬਾਣੀ ਪੂਰੀ ਹੋਵੇਗੀ, ਤੁਹਾਡੇ ਖ਼ਿਆਲ ਵਿਚ ਧਰਤੀ ਉੱਤੇ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ? [ਜਵਾਬ ਲਈ ਸਮਾਂ ਦਿਓ।] ਇਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਸਾਰੇ ਸਭਿਆਚਾਰਾਂ ਅਤੇ ਧਰਮਾਂ ਦੇ ਲੋਕਾਂ ਨੂੰ ਬਾਈਬਲ ਵਿੱਚੋਂ ਕਿਹੋ ਜਿਹੀ ਉਮੀਦ ਅਤੇ ਦਿਲਾਸਾ ਮਿਲ ਸਕਦਾ ਹੈ।” ਸਫ਼ਾ 3 ਦੇ ਸਿਰਲੇਖ ਹੇਠਲਾ ਪੈਰਾ ਪੜ੍ਹੋ ਅਤੇ ਫਿਰ ਬਰੋਸ਼ਰ ਪੇਸ਼ ਕਰੋ।
ਸੁਝਾਅ: ਜੇ ਤੁਸੀਂ ਕਿਸੇ ਹੋਰ ਧਰਮ ਦੇ ਵਿਅਕਤੀ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਤੋਂ ਸਟੱਡੀ ਕਰ ਰਹੇ ਹੋ, ਤਾਂ ਹਰ ਸਟੱਡੀ ਦੇ ਸ਼ੁਰੂ ਜਾਂ ਸਮਾਪਤੀ ਵਿਚ ਕੁਝ ਮਿੰਟਾਂ ਲਈ ਇਸ ਬਰੋਸ਼ਰ ਦੇ ਇਕ ਭਾਗ ਦੀ ਚਰਚਾ ਕਰੋ ਤਾਂਕਿ ਉਸ ਨੂੰ ਬਾਈਬਲ ਦੀਆਂ ਮੋਟੀਆਂ-ਮੋਟੀਆਂ ਗੱਲਾਂ ਪਤਾ ਲੱਗ ਜਾਣ।
ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?
ਕਿਨ੍ਹਾਂ ਲਈ? ਜਿਨ੍ਹਾਂ ਨੂੰ ਪੈਸੇ ਦੀ ਤੰਗੀ ਜਾਂ ਦੁਖਦਾਈ ਘਟਨਾ ਕਰਕੇ ਤਸੱਲੀ ਦੀ ਲੋੜ ਹੈ
ਕਿਵੇਂ ਪੇਸ਼ ਕਰੀਏ: “ਦੁਖਦਾਈ ਘਟਨਾਵਾਂ ਵਾਪਰਨ ਤੇ ਕਈ ਲੋਕ ਸੋਚਦੇ ਹਨ ਕਿ ਕੀ ਪਰਮੇਸ਼ੁਰ ਹੈ? ਜੇ ਹੈ, ਤਾਂ ਕੀ ਉਸ ਨੂੰ ਸਾਡਾ ਫ਼ਿਕਰ ਹੈ? ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਇਸ ਸਵਾਲ ਦੇ ਜਵਾਬ ਲਈ ਇਸ ਸਿਧਾਂਤ ʼਤੇ ਗੌਰ ਕਰੋ।” ਇਬਰਾਨੀਆਂ 3:4 ਪੜ੍ਹੋ। ਆਲੇ-ਦੁਆਲੇ ਦੀਆਂ ਚੀਜ਼ਾਂ ਬਾਰੇ ਗੱਲ ਕਰੋ ਜਿਨ੍ਹਾਂ ਦਾ ਬਣਾਉਣ ਵਾਲਾ ਹੈ। ਫਿਰ ਕਹੋ: “ਮੇਰੇ ਕੋਲ ਆਹ ਬਰੋਸ਼ਰ ਹੈ ਜਿਸ ਤੋਂ ਤੁਹਾਨੂੰ ਜ਼ਰੂਰ ਦਿਲਾਸਾ ਮਿਲੇਗਾ—ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ? [ਕਵਰ ʼਤੇ ਸਵਾਲ ਪੜ੍ਹੋ।] ਇਸ ਵਿਚ ਪੱਕਾ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਹੈ। ਇਸ ਵਿਚ ਇਹ ਵੀ ਦੱਸਿਆ ਹੈ ਕਿ ਉਹ ਜਲਦੀ ਹੀ ਸਾਰੇ ਬੁਰੇ ਹਾਲਾਤਾਂ ਨੂੰ ਖ਼ਤਮ ਕਰੇਗਾ। ਕੀ ਤੁਸੀਂ ਪੜ੍ਹਨਾ ਚਾਹੋਗੇ?” ਦੁਬਾਰਾ ਘਰ-ਮਾਲਕ ਨੂੰ ਮਿਲਣ ਦਾ ਇੰਤਜ਼ਾਮ ਕਰੋ।
ਸੁਝਾਅ: ਦੁਬਾਰਾ ਮਿਲਣ ਤੇ ਤੁਸੀਂ ਕਹਿ ਸਕਦੇ ਹੋ: “ਪਿਛਲੀ ਵਾਰ ਅਸੀਂ ਪਰਮੇਸ਼ੁਰ ਦੀ ਹੋਂਦ ਦਾ ਸਬੂਤ ਦੇਖਿਆ ਸੀ। ਤੁਸੀਂ ਸਫ਼ੇ 7 ʼਤੇ ਇਸ ਸਬੂਤ ਬਾਰੇ ਪੜ੍ਹਿਆ ਹੋਣਾ। [ਤਸਵੀਰ ਦਿਖਾਓ ਅਤੇ ਪੈਰਾ 15 ਦਾ ਨਿਚੋੜ ਦਿਓ।] ਇਸ ਇਕ ਮਿਸਾਲ ਤੋਂ ਦੇਖਿਆ ਜਾ ਸਕਦਾ ਹੈ ਕਿ ਪਰਮੇਸ਼ੁਰ ਵਾਕਈ ਹੈ ਤੇ ਉਸ ਨੂੰ ਸਾਡਾ ਫ਼ਿਕਰ ਹੈ। [ਸਫ਼ਾ 9 ʼਤੇ ਪੈਰਾ 27 ਪੜ੍ਹੋ।] ਬਾਈਬਲ ਦੀ ਜਾਂਚ ਕਰਨ ਨਾਲ ਰੋਜ਼ ਜ਼ਿੰਦਗੀ ਵਿਚ ਆਉਂਦੀਆਂ ਸਮੱਸਿਆਵਾਂ ਨਾਲ ਸਿੱਝਣ ਵਿਚ ਮੈਨੂੰ ਮਦਦ ਮਿਲੀ ਹੈ ਕਿਉਂਕਿ ਇਸ ਤੋਂ ਪਰਮੇਸ਼ੁਰ ਦਾ ਨਜ਼ਰੀਆ ਪਤਾ ਲੱਗਦਾ ਹੈ।” ਦਿਖਾਓ ਕਿ ਬਾਈਬਲ ਸਟੱਡੀ ਕਿੱਦਾਂ ਕੀਤੀ ਜਾਂਦੀ ਹੈ।
ਮੌਤ ਦਾ ਗਮ ਕਿੱਦਾਂ ਸਹੀਏ?
ਕਿਨ੍ਹਾਂ ਲਈ? ਜਿਨ੍ਹਾਂ ਨੂੰ ਦਿਲਾਸੇ ਦੀ ਅਤੇ ਵਿਸ਼ਵਾਸ ਪੱਕਾ ਕਰਨ ਦੀ ਲੋੜ ਹੈ ਕਿ ਮਰੇ ਹੋਏ ਲੋਕ ਜ਼ਿੰਦਾ ਕੀਤੇ ਜਾਣਗੇ
ਕਿਵੇਂ ਪੇਸ਼ ਕਰੀਏ: “ਕਈ ਲੋਕ ਸਹਿਮਤ ਹੋਣਗੇ ਕਿ ਕਿਸੇ ਅਜ਼ੀਜ਼ ਦਾ ਵਿਛੋੜਾ ਝੱਲਣਾ ਔਖਾ ਹੁੰਦਾ ਹੈ। ਤੁਹਾਡੇ ਖ਼ਿਆਲ ਵਿਚ ਕਿਹੜੀ ਗੱਲ ਦੁੱਖ ਸਹਿਣ ਵਿਚ ਲੋਕਾਂ ਦੀ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਕਈ ਲੋਕਾਂ ਨੂੰ ਯਿਸੂ ਮਸੀਹ ਦਾ ਇਹ ਵਾਅਦਾ ਪੜ੍ਹ ਕੇ ਦਿਲਾਸਾ ਮਿਲਿਆ। [ਸਫ਼ਾ 27 ਤੋਂ ਯੂਹੰਨਾ 5:21, 28, 29 ਪੜ੍ਹੋ।] ਸਫ਼ਾ 26 ʼਤੇ ਤਸਵੀਰ ਦੇਖੋ। ਇੱਥੇ ਯਿਸੂ ਲਾਜ਼ਰ ਨੂੰ ਜੀਉਂਦਾ ਕਰ ਰਿਹਾ ਹੈ। ਬਰੋਸ਼ਰ ਵਿਚ ਦੱਸਿਆ ਹੈ ਕਿ ਸਾਨੂੰ ਹੁਣ ਕਿਵੇਂ ਦਿਲਾਸਾ ਮਿਲ ਸਕਦਾ ਹੈ ਅਤੇ ਅਸੀਂ ਦੂਜਿਆਂ ਨੂੰ ਕਿਵੇਂ ਦਿਲਾਸਾ ਦੇ ਸਕਦੇ ਹਾਂ।”
ਸੁਝਾਅ: ਜੇ ਘਰ-ਮਾਲਕ ਬਰੋਸ਼ਰ ਲੈ ਲਵੇ, ਤਾਂ ਉਸ ਨਾਲ ਸਫ਼ਾ 28 ʼਤੇ ਪੈਰਾ 4 ਪੜ੍ਹੋ ਤੇ ਕਹੋ: “ਮੈਂ ਵਾਪਸ ਆ ਕੇ ਗੱਲ ਕਰਾਂਗਾ ਕਿ ਬਾਈਬਲ ਮੁਤਾਬਕ ਅਸੀਂ ਕਿਨ੍ਹਾਂ ਬਰਕਤਾਂ ਦੀ ਉਮੀਦ ਰੱਖ ਸਕਦੇ ਹਾਂ।” ਵਾਪਸ ਜਾ ਕੇ ਸਫ਼ਾ 30 ʼਤੇ ਦਿੱਤੇ ਕਿਸੇ ਇਕ ਨੁਕਤੇ ਬਾਰੇ ਗੱਲ ਕਰੋ।