ਨਵਾਂ ਬਰੋਸ਼ਰ ਪੇਸ਼ ਕਰੋ!
1. ਅਸੀਂ ਨਵੰਬਰ ਵਿਚ ਕਿਹੜਾ ਬਰੋਸ਼ਰ ਪੇਸ਼ ਕਰਾਂਗੇ ਤੇ ਇਸ ਦਾ ਕੀ ਮਕਸਦ ਹੈ?
1 ਸਾਲ 2009 ਵਿਚ “ਜਾਗਦੇ ਰਹੋ!” ਜ਼ਿਲ੍ਹਾ ਸੰਮੇਲਨ ਵਿਚ ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? ਨਾਂ ਦਾ ਨਵਾਂ ਬਰੋਸ਼ਰ ਰਿਲੀਜ਼ ਕੀਤਾ ਗਿਆ ਸੀ। ਨਵੰਬਰ ਵਿਚ ਸਾਰੀਆਂ ਕਲੀਸਿਯਾਵਾਂ ਪਹਿਲੀ ਵਾਰ ਇਹ ਬਰੋਸ਼ਰ ਪੇਸ਼ ਕਰਨਗੀਆਂ। ਇਸ ਬਰੋਸ਼ਰ ਤੋਂ ਸਾਡੇ ਇਲਾਕੇ ਦੇ ਲੋਕਾਂ ਨੂੰ ਕੀ ਫ਼ਾਇਦਾ ਹੋਵੇਗਾ? ਖ਼ਾਸ ਕਰਕੇ ਮਸੀਹੀ ਧਰਮ ਨੂੰ ਨਾ ਮੰਨਣ ਵਾਲੇ ਲੋਕ ਬਾਈਬਲ ਬਾਰੇ ਬਹੁਤ ਘੱਟ ਜਾਣਦੇ ਹਨ। ਇਸ ਬਰੋਸ਼ਰ ਦੇ ਸਫ਼ਾ 3 ʼਤੇ ਦੱਸਿਆ ਗਿਆ ਹੈ ਕਿ ਇਹ ‘ਬਾਈਬਲ ਦੀਆਂ ਮੋਟੀਆਂ-ਮੋਟੀਆਂ ਗੱਲਾਂ ਨੂੰ ਸਮਝਣ’ ਲਈ ਤਿਆਰ ਕੀਤਾ ਗਿਆ ਹੈ।
2. ਅਸੀਂ ਬਰੋਸ਼ਰ ਕਿਵੇਂ ਪੇਸ਼ ਕਰ ਸਕਦੇ ਹਾਂ?
2 ਬਰੋਸ਼ਰ ਕਿਵੇਂ ਪੇਸ਼ ਕਰੀਏ: ਅਸੀਂ ਈਸਾਈ ਲੋਕਾਂ ਨੂੰ ਕਹਿ ਸਕਦੇ ਹਾਂ: “ਤੁਹਾਡਾ ਇਸ ਹਵਾਲੇ ਬਾਰੇ ਕੀ ਵਿਚਾਰ ਹੈ? [2 ਤਿਮੋਥਿਉਸ 3:16 ਪੜ੍ਹੋ।] ਕਈ ਲੋਕ ਇਸ ਗੱਲ ਨਾਲ ਸਹਿਮਤ ਹੁੰਦੇ ਹਨ, ਪਰ ਕੁਝ ਕਹਿੰਦੇ ਹਨ ਕਿ ਬਾਈਬਲ ਸਿਰਫ਼ ਇਕ ਚੰਗੀ ਕਿਤਾਬ ਹੈ। ਤੁਸੀਂ ਬਾਈਬਲ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ।] ਭਾਵੇਂ ਅਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋਈਏ, ਫਿਰ ਵੀ ਬਾਈਬਲ ਦੀ ਜਾਂਚ ਕਰਨ ਨਾਲ ਫ਼ਾਇਦੇ ਹੋ ਸਕਦੇ ਹਨ। [ਸਫ਼ਾ 3 ʼਤੇ ਦਿੱਤੇ ਵਿਸ਼ੇ ਹੇਠ ਸ਼ੁਰੂਆਤੀ ਲਾਈਨਾਂ ਪੜ੍ਹੋ।] ਇਸ ਬਰੋਸ਼ਰ ਵਿਚ ਬਾਈਬਲ ਦੀਆਂ ਮੋਟੀਆਂ-ਮੋਟੀਆਂ ਗੱਲਾਂ ਨੂੰ ਪੜ੍ਹ ਕੇ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਾਰੀ ਬਾਈਬਲ ਦਾ ਇੱਕੋ ਵਿਸ਼ਾ ਤੇ ਇੱਕੋ ਸੰਦੇਸ਼ ਹੈ।”
3. ਅਸੀਂ ਉਨ੍ਹਾਂ ਲੋਕਾਂ ਨੂੰ ਬਰੋਸ਼ਰ ਕਿੱਦਾਂ ਪੇਸ਼ ਕਰ ਸਕਦੇ ਹਾਂ ਜੋ ਮਸੀਹੀ ਧਰਮ ਨੂੰ ਨਹੀਂ ਮੰਨਦੇ?
3 ਕਈ ਵਾਰ ਪ੍ਰਚਾਰ ਵਿਚ ਅਸੀਂ ਉਨ੍ਹਾਂ ਲੋਕਾਂ ਨੂੰ ਮਿਲਦੇ ਹਾਂ ਜੋ ਮਸੀਹੀ ਧਰਮ ਨੂੰ ਨਹੀਂ ਮੰਨਦੇ, ਪਰ ਉਹ ਇਹ ਜ਼ਰੂਰ ਮੰਨਦੇ ਹਨ ਕਿ ਬਾਈਬਲ ਇਕ ਪਵਿੱਤਰ ਗ੍ਰੰਥ ਹੈ। ਉਨ੍ਹਾਂ ਨੂੰ ਅਸੀਂ ਇਹ ਕਹਿ ਸਕਦੇ ਹਾਂ: “ਤੁਹਾਡੇ ਖ਼ਿਆਲ ਵਿਚ ਕੀ ਰੱਬ ਉਨ੍ਹਾਂ ਹਲੀਮ ਲੋਕਾਂ ਦੀ ਪਰਵਾਹ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਅਤੇ ਬੇਇਨਸਾਫ਼ੀ ਝੱਲਣੀ ਪੈਂਦੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਕੁਝ ਪੜ੍ਹ ਕੇ ਸੁਣਾਵਾਂ ਕਿ ਰੱਬ ਨੇ ਇਸ ਬਾਰੇ ਕੀ ਵਾਅਦਾ ਕੀਤਾ ਹੈ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਜ਼ਬੂਰਾਂ ਦੀ ਪੋਥੀ 37:11 ਪੜ੍ਹੋ।] ਤੁਹਾਡੇ ਖ਼ਿਆਲ ਵਿਚ ਇਹ ਭਵਿੱਖਬਾਣੀ ਪੂਰੀ ਹੋਣ ਤੇ ਧਰਤੀ ਕਿਸ ਤਰ੍ਹਾਂ ਦੀ ਬਣ ਜਾਵੇਗੀ? [ਜਵਾਬ ਲਈ ਸਮਾਂ ਦਿਓ।] ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਦਾ ਹਰ ਇਨਸਾਨ ਬਾਈਬਲ ਤੋਂ ਉਮੀਦ ਅਤੇ ਦਿਲਾਸਾ ਪਾ ਸਕਦਾ ਹੈ।” ਇਹ ਕਹਿਣ ਤੋਂ ਬਾਅਦ ਸਫ਼ਾ 3 ʼਤੇ ਦਿੱਤੇ ਵਿਸ਼ੇ ਹੇਠ ਸ਼ੁਰੂਆਤੀ ਲਾਈਨਾਂ ਪੜ੍ਹੋ।
4. ਅਸੀਂ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਬਰੋਸ਼ਰ ਕਿੱਦਾਂ ਵਰਤ ਸਕਦੇ ਹਾਂ?
4 ਬਾਈਬਲ ਸਟੱਡੀ ਸ਼ੁਰੂ ਕਰੋ: ਰਿਟਰਨ ਵਿਜ਼ਿਟ ਕਰਦੇ ਸਮੇਂ ਅਸੀਂ ਘਰ-ਮਾਲਕ ਨੂੰ ਯਾਦ ਕਰਾ ਸਕਦੇ ਹਾਂ ਕਿ ਪਿੱਛਲੀ ਵਾਰ ਅਸੀਂ ਉਨ੍ਹਾਂ ਨਾਲ ਕਿਹੜੀ ਗੱਲਬਾਤ ਕੀਤੀ ਸੀ। ਉਸੇ ਗੱਲਬਾਤ ਨੂੰ ਜਾਰੀ ਰੱਖਦੇ ਹੋਏ ਬਰੋਸ਼ਰ ਵਿੱਚੋਂ ਇਕ ਜਾਂ ਦੋ ਪੈਰੇ ਚਰਚਾ ਕਰੋ ਅਤੇ ਦਿੱਤੇ ਗਏ ਸਵਾਲਾਂ ਨੂੰ ਵੀ ਵਰਤੋ। ਜੇ ਠੀਕ ਲੱਗੇ, ਤਾਂ ਉਨ੍ਹਾਂ ਨਾਲ ਬਰੋਸ਼ਰ ਦਾ ਅਖ਼ੀਰਲਾ ਸਫ਼ਾ ਪੜ੍ਹੋ। ਫਿਰ ਉਨ੍ਹਾਂ ਦੇ ਹੱਥ ਵਿਚ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਫੜਾਓ ਤੇ ਪੁੱਛੋ ਕਿ ਉਨ੍ਹਾਂ ਨੂੰ ਇਸ ਵਿੱਚੋਂ ਕਿਹੜਾ ਪਾਠ ਸਭ ਤੋਂ ਵਧੀਆ ਲੱਗਦਾ ਹੈ। ਉਸ ਪਾਠ ਦੇ ਇਕ ਜਾਂ ਦੋ ਪੈਰਿਆਂ ਦੀ ਚਰਚਾ ਕਰੋ। ਆਓ ਆਪਾਂ ਨਵੰਬਰ ਵਿਚ ਪੂਰੇ ਜੋਸ਼ ਨਾਲ ਇਹ ਬਰੋਸ਼ਰ ਲੋਕਾਂ ਨੂੰ ਦੇਈਏ!