ਨਿਮੰਤ੍ਰਣ ਪਰਚਿਆਂ ਦੀ ਚੰਗੀ ਵਰਤੋਂ ਕਰੋ
1 ਕਲੀਸਿਯਾ ਦੇ ਨਿਮੰਤ੍ਰਣ ਪਰਚੇ ਉਸ ਇਲਾਕੇ ਦੇ ਲੋਕਾਂ ਨੂੰ ਰਾਜ ਗ੍ਰਹਿ ਦੇ ਪਤੇ ਬਾਰੇ ਅਤੇ ਸਭਾਵਾਂ ਦੇ ਠੀਕ ਸਮੇਂ ਬਾਰੇ ਸੂਚਿਤ ਕਰਨ ਲਈ ਲਾਭਦਾਇਕ ਹਨ। ਜਿਨ੍ਹਾਂ ਲੋਕਾਂ ਨੂੰ ਤੁਸੀਂ ਮਿਲਦੇ ਹੋ, ਉਨ੍ਹਾਂ ਸਭਨਾਂ ਨੂੰ ਇਕ-ਇਕ ਨਿਮੰਤ੍ਰਣ ਪਰਚਾ ਦੇਣਾ ਚੰਗਾ ਹੋਵੇਗਾ। ਇਸ ਮਕਸਦ ਲਈ, ਹਰੇਕ ਕਲੀਸਿਯਾ ਨੂੰ ਨਿਮੰਤ੍ਰਣ ਪਰਚਿਆਂ ਦੀ ਕਾਫ਼ੀ ਸਪਲਾਈ ਸਟਾਕ ਵਿਚ ਰੱਖਣੀ ਚਾਹੀਦੀ ਹੈ। ਜੇਕਰ ਕਲੀਸਿਯਾ ਆਪਣੇ ਸਭਾ ਸਥਾਨ ਜਾਂ ਸਭਾਵਾਂ ਦੇ ਸਮੇਂ ਨੂੰ ਬਦਲਣ ਵਾਲੀ ਹੈ, ਤਾਂ ਪਰਿਵਰਤਨ ਹੋਣ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ ਨਵੇਂ ਨਿਮੰਤ੍ਰਣ ਪਰਚਿਆਂ ਦਾ ਆਰਡਰ ਦਿੱਤਾ ਜਾਣਾ ਚਾਹੀਦਾ ਹੈ ਤਾਂਕਿ ਸਭਾਵਾਂ ਦੇ ਵਰਤਮਾਨ ਸਮੇਂ ਵਾਲੇ ਨਿਮੰਤ੍ਰਣ ਪਰਚਿਆਂ ਦੀ ਸਪਲਾਈ ਹਮੇਸ਼ਾ ਉਪਲਬਧ ਹੋਵੇ। ਇਸ ਮਕਸਦ ਲਈ ਨਿਮੰਤ੍ਰਣ ਪਰਚਾ ਦਰਖ਼ਾਸਤ ਫਾਰਮ ਵਰਤਿਆ ਜਾਣਾ ਚਾਹੀਦਾ ਹੈ। ਨਿਮੰਤ੍ਰਣ ਪਰਚੇ 40 ਰੁਪਏ ਪ੍ਰਤਿ 1,000 ਦੀ ਕੀਮਤ ਤੇ ਉਪਲਬਧ ਹਨ; ਇਨ੍ਹਾਂ ਨੂੰ ਕੇਵਲ 1,000 ਦੀ ਗਿਣਤੀ ਵਿਚ ਆਰਡਰ ਕੀਤਾ ਜਾਣਾ ਚਾਹੀਦਾ ਹੈ। ਨਿਮੰਤ੍ਰਣ ਪਰਚਿਆਂ ਨੂੰ ਹਾਸਲ ਕਰਨ ਮਗਰੋਂ, ਇਨ੍ਹਾਂ ਨੂੰ ਸਭ ਤੋਂ ਲਾਭਦਾਇਕ ਤਰੀਕੇ ਨਾਲ ਕਿਵੇਂ ਵਰਤਿਆ ਜਾ ਸਕਦਾ ਹੈ?
2 ਬਹੁਤ ਸਾਰੇ ਪ੍ਰਕਾਸ਼ਕਾਂ ਨੇ ਪਾਇਆ ਹੈ ਕਿ ਆਪਣੀ ਜਾਣ-ਪਛਾਣ ਕਰਾਉਣ ਅਤੇ ਗੱਲ-ਬਾਤ ਸ਼ੁਰੂ ਕਰਨ ਦਾ ਇਕ ਪ੍ਰਭਾਵਕਾਰੀ ਤਰੀਕਾ ਹੈ ਕਿਸੇ ਵਿਅਕਤੀ ਨੂੰ ਨਿਮੰਤ੍ਰਣ ਪਰਚਾ ਦੇਣਾ। ਸਭਾ ਕਾਰਜਕ੍ਰਮ ਵੱਲ ਜਾਂ ਪਿਛਲੇ ਪਾਸੇ ਛਪੇ ਸੰਦੇਸ਼ ਵੱਲ ਧਿਆਨ ਖਿੱਚਣ ਨਾਲ ਸਾਡੇ ਕੰਮ ਅਤੇ ਇਸ ਦੇ ਮਕਸਦ ਬਾਰੇ ਚਰਚਾ ਕਰਨ ਦਾ ਰਾਹ ਖੁੱਲ੍ਹ ਸਕਦਾ ਹੈ। ਮਾਤਾ-ਪਿਤਾ ਆਪਣੇ ਛੋਟੇ ਬੱਚਿਆਂ ਵੱਲੋਂ ਘਰਾਂ ਤੇ ਨਿਮੰਤ੍ਰਣ ਪਰਚੇ ਪੇਸ਼ ਕਰਾਉਣ ਦੁਆਰਾ ਉਨ੍ਹਾਂ ਨੂੰ ਸੇਵਕਾਈ ਵਿਚ ਸ਼ਾਮਲ ਕਰ ਸਕਦੇ ਹਨ। ਚਿੱਠੀ ਲਿਖ ਕੇ ਗਵਾਹੀ ਦੇਣ ਵਾਲੇ ਪ੍ਰਕਾਸ਼ਕਾਂ ਨੂੰ ਆਪਣੀ ਚਿੱਠੀ ਨਾਲ ਇਕ ਨਿਮੰਤ੍ਰਣ ਪਰਚਾ ਭੇਜਣਾ ਚਾਹੀਦਾ ਹੈ ਅਤੇ ਉਸ ਵਿਅਕਤੀ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦੇਣਾ ਚਾਹੀਦਾ ਹੈ। ਨਿਮੰਤ੍ਰਣ ਪਰਚਿਆਂ ਨੂੰ ਘਰ-ਵਿਖੇ-ਨਹੀਂ ਘਰਾਂ ਤੇ ਵੀ ਛੱਡਿਆ ਜਾ ਸਕਦਾ ਹੈ, ਬਸ਼ਰਤੇ ਕਿ ਇਨ੍ਹਾਂ ਨੂੰ ਧਿਆਨਪੂਰਵਕ ਦਰਵਾਜ਼ੇ ਦੇ ਥੱਲਿਓਂ ਅੰਦਰ ਧੱਕਿਆ ਜਾਵੇ ਤਾਂਕਿ ਰਾਹਗੀਰਾਂ ਦੀਆਂ ਅੱਖਾਂ ਤੋਂ ਬਿਲਕੁਲ ਓਹਲੇ ਹੋਣ।
3 ਨਿਮੰਤ੍ਰਣ ਪਰਚੇ ਨੇਕਦਿਲ ਵਿਅਕਤੀਆਂ ਨੂੰ ਸੱਚਾਈ ਵੱਲ ਨਿਰਦੇਸ਼ਿਤ ਕਰਨ ਵਿਚ ਸਹਾਇਕ ਰਹੇ ਹਨ। ਇਕ ਅਨੁਭਵ ਅਜਿਹੀ ਔਰਤ ਬਾਰੇ ਦੱਸਦਾ ਹੈ ਜੋ, ਇਕ ਨਿਮੰਤ੍ਰਣ ਪਰਚੇ ਸਦਕਾ, ਬਾਈਬਲ ਨੂੰ ਸਮਝਣ ਦੀ ਆਪਣੀ ਉਮਰ ਭਰ ਦੀ ਇੱਛਾ ਪੂਰੀ ਕਰ ਸਕੀ। ਇਸ ਔਰਤ ਨੇ ਪੂਰੀ ਰਾਤ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਅਗਲੀ ਸਵੇਰ ਨੂੰ ਗਵਾਹਾਂ ਦੇ ਇਕ ਜੋੜੇ ਨੇ ਉਸ ਦੇ ਦਰਵਾਜ਼ੇ ਦੀ ਘੰਟੀ ਵਜਾਈ। ਉਸ ਨੇ ਦਰਵਾਜ਼ੇ ਦੇ ਝਰੋਖੇ ਵਿੱਚੋਂ ਝਾਕਦੇ ਹੋਏ ਕਿਹਾ ਕਿ ਉਹ ਦਰਵਾਜ਼ਾ ਨਹੀਂ ਖੋਲ੍ਹ ਸਕਦੀ। ਗਵਾਹਾਂ ਨੇ ਇਕ ਨਿਮੰਤ੍ਰਣ ਪਰਚਾ ਦਰਵਾਜ਼ੇ ਥੱਲਿਓਂ ਧੱਕ ਦਿੱਤਾ। ਇਸ ਤੇ ਲਿਖਿਆ ਸੀ: “ਆਪਣੀ ਬਾਈਬਲ ਨੂੰ ਜਾਣੋ।” ਉਸ ਨੇ ਇਹ ਦੇਖ ਕੇ ਦਰਵਾਜ਼ਾ ਖੋਲ੍ਹ ਦਿੱਤਾ। ਤੁਰੰਤ ਇਕ ਅਧਿਐਨ ਸ਼ੁਰੂ ਕੀਤਾ ਗਿਆ, ਅਤੇ ਉਸ ਨੇ ਬਾਅਦ ਵਿਚ ਬਪਤਿਸਮਾ ਲੈ ਲਿਆ। ਪਰਮੇਸ਼ੁਰ ਦੀ ਆਤਮਾ ਦੀ ਸ਼ਕਤੀ ਨੂੰ ਕਦੇ ਵੀ ਘੱਟ ਨਾ ਸਮਝਦੇ ਹੋਏ, ਆਓ ਅਸੀਂ ਨਿਯਮਿਤ ਤੌਰ ਤੇ ਨਿਮੰਤ੍ਰਣ ਪਰਚਿਆਂ ਦੀ ਚੰਗੀ ਵਰਤੋਂ ਕਰੀਏ, ਜਿਉਂ-ਜਿਉਂ ਅਸੀਂ ਆਪਣੀ ਸੇਵਕਾਈ ਨੂੰ ਪੂਰਾ ਕਰਦੇ ਹਾਂ।—ਨਾਲੇ ਦੇਖੋ ਫਰਵਰੀ 1994 ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ), ਸਫ਼ਾ 1.