ਦੁਨੀਆਂ ਭਰ ਵਿਚ ਹੋਣ ਵਾਲੇ “ਸਾਡਾ ਛੁਟਕਾਰਾ ਨੇੜੇ ਹੈ!” ਜ਼ਿਲ੍ਹਾ ਸੰਮੇਲਨ ਦੀ ਮਸ਼ਹੂਰੀ ਕਰਨ ਦੀ ਮੁਹਿੰਮ
ਕਲੀਸਿਯਾ ਦਾ ਹਰ ਪ੍ਰਕਾਸ਼ਕ ਖ਼ਾਸ ਸੱਦਾ-ਪੱਤਰ ਵੰਡੇਗਾ
1 ਇਸ ਸਾਲ ਤਕਰੀਬਨ 155 ਦੇਸ਼ਾਂ ਵਿਚ ਜ਼ਿਲ੍ਹਾ ਸੰਮੇਲਨ ਕੀਤੇ ਜਾਣਗੇ ਅਤੇ ਇਕ ਖ਼ਾਸ ਸੱਦਾ-ਪੱਤਰ ਦੀ ਮਦਦ ਨਾਲ ਇਨ੍ਹਾਂ ਦੀ ਮਸ਼ਹੂਰੀ ਕਰਨ ਵਾਸਤੇ ਇਕ ਮੁਹਿੰਮ ਚਲਾਈ ਜਾਵੇਗੀ। ਇਹ ਮੁਹਿੰਮ ਧਰਤੀ ਦੇ ਉੱਤਰੀ ਭਾਗਾਂ ਵਿਚ ਬਸੰਤ ਰੁੱਤ (2006 ਦੇ ਮੁਢਲੇ ਮਹੀਨਿਆਂ) ਤੋਂ ਲੈ ਕੇ ਉਦੋਂ ਤਕ ਚੱਲਦੀ ਰਹੇਗੀ ਜਦੋਂ ਤਕ ਕਿ ਦੁਨੀਆਂ ਭਰ ਵਿਚ ਸਾਰੇ ਸੰਮੇਲਨ ਹੋ ਨਹੀਂ ਜਾਂਦੇ। ਇਸ ਮੁਹਿੰਮ ਵਿਚ ਜੁਲਾਈ ਦੌਰਾਨ ਅਤੇ ਅਗਸਤ 2006 ਦੇ ਪਹਿਲੇ ਹਫ਼ਤੇ ਵਿਚ ਜਰਮਨੀ, ਚੈੱਕ ਗਣਰਾਜ ਅਤੇ ਪੋਲੈਂਡ ਵਿਚ ਹੋਣ ਵਾਲੇ ਖ਼ਾਸ ਸੰਮੇਲਨਾਂ ਦੀ ਵੀ ਮਸ਼ਹੂਰੀ ਕੀਤੀ ਜਾਵੇਗੀ।
2 ਅਸੀਂ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਰਹਿ ਰਹੇ ਹਾਂ ਤੇ ਅੰਤ ਹੁਣ ਬਹੁਤ ਹੀ ਨਜ਼ਦੀਕ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਸੰਮੇਲਨਾਂ ਵਿਚ ਪਰਮੇਸ਼ੁਰ ਦੇ ਵਾਅਦੇ ਉੱਤੇ ਜ਼ੋਰ ਦਿੱਤਾ ਜਾਵੇਗਾ ਕਿ ਉਹ ਬੁਰਾਈ ਨਾਲ ਭਰੀ ਇਸ ਦੁਨੀਆਂ ਤੋਂ ਸਾਨੂੰ ਜਲਦੀ ਹੀ ਛੁਟਕਾਰਾ ਦੇਣ ਵਾਲਾ ਹੈ। ਇਹ ਵਾਅਦਾ ਨੇਕਦਿਲ ਲੋਕਾਂ ਦੇ ਦਿਲਾਂ ਨੂੰ ਜ਼ਰੂਰ ਛੋਹੇਗਾ। ਇਹ ਸੰਦੇਸ਼ ਉਨ੍ਹਾਂ ਨੂੰ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਬਾਰੇ ਸੋਚਣ ਲਈ ਪ੍ਰੇਰੇਗਾ। ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ 98,000 ਤੋਂ ਜ਼ਿਆਦਾ ਕਲੀਸਿਯਾਵਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ ਜੋਸ਼ ਨਾਲ ਆਪਣੇ ਜ਼ਿਲ੍ਹਾ ਸੰਮੇਲਨ ਦੀ ਮਸ਼ਹੂਰੀ ਕਰਨ ਤਾਂਕਿ ਲੱਖਾਂ ਲੋਕ ਦਿਲਾਸੇ ਤੇ ਉਮੀਦ ਦਾ ਸੰਦੇਸ਼ ਸੁਣ ਸਕਣ।
3 ਕਲੀਸਿਯਾਵਾਂ ਨੂੰ ਜਿਸ ਭਾਸ਼ਾ ਦੇ ਸੰਮੇਲਨ ਵਿਚ ਜਾਣ ਲਈ ਕਿਹਾ ਗਿਆ ਹੈ, ਕਲੀਸਿਯਾਵਾਂ ਨੂੰ ਉਸ ਭਾਸ਼ਾ ਵਿਚ ਸੱਦਾ-ਪੱਤਰ ਚੋਖੀ ਮਾਤਰਾ ਵਿਚ ਭੇਜੇ ਜਾਣਗੇ ਤਾਂਕਿ ਹਰ ਪ੍ਰਕਾਸ਼ਕ 15 ਸੱਦਾ-ਪੱਤਰ ਵੰਡ ਸਕੇ। ਸੰਮੇਲਨ ਵਾਲੇ ਸ਼ਹਿਰ ਵਿਚ ਹਰ ਪ੍ਰਕਾਸ਼ਕ ਨੂੰ ਵੰਡਣ ਲਈ 30 ਸੱਦਾ-ਪੱਤਰ ਦਿੱਤੇ ਜਾਣਗੇ। ਵਾਧੂ ਸੱਦਾ-ਪੱਤਰ ਕਲੀਸਿਯਾ ਦੇ ਪਾਇਨੀਅਰ ਵਰਤ ਸਕਦੇ ਹਨ। ਹਰ ਕਲੀਸਿਯਾ ਆਪਣੇ ਸੰਮੇਲਨ ਤੋਂ ਤਿੰਨ ਹਫ਼ਤੇ ਪਹਿਲਾਂ ਇਹ ਮੁਹਿੰਮ ਸ਼ੁਰੂ ਕਰੇਗੀ। ਇਸ ਤਰ੍ਹਾਂ ਕਲੀਸਿਯਾ ਨੂੰ ਆਪਣੇ ਇਲਾਕੇ ਦੇ ਜ਼ਿਆਦਾਤਰ ਲੋਕਾਂ ਨੂੰ ਸੱਦਾ-ਪੱਤਰ ਦੇਣ ਲਈ ਕਾਫ਼ੀ ਸਮਾਂ ਮਿਲੇਗਾ।
4 ਸੱਦਾ-ਪੱਤਰ ਉੱਤੇ ਸੰਮੇਲਨ ਦਾ ਪਤਾ ਤੇ ਤਾਰੀਖ਼ਾਂ ਲਿਖਣ ਲਈ ਜਗ੍ਹਾ ਦਿੱਤਾ ਗਈ ਹੈ। ਸਾਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਿੱਥੇ ਕਿਤੇ ਵੀ ਸੰਭਵ ਹੋਵੇ, ਉੱਥੇ ਹਰ ਘਰ-ਸੁਆਮੀ ਦੇ ਹੱਥ ਵਿਚ ਇਹ ਸੱਦਾ-ਪੱਤਰ ਦਿੱਤਾ ਜਾਵੇ। ਜੇ ਲੋਕ ਘਰ ਨਹੀਂ ਮਿਲਦੇ, ਤਾਂ ਧਿਆਨ ਨਾਲ ਉਨ੍ਹਾਂ ਦੇ ਦਰਵਾਜ਼ੇ ਤੇ ਇਹ ਸੱਦਾ-ਪੱਤਰ ਛੱਡੇ ਜਾ ਸਕਦੇ ਹਨ। ਜਿਹੜੇ ਪ੍ਰਕਾਸ਼ਕ ਸੰਮੇਲਨ ਵਾਲੇ ਸ਼ਹਿਰ ਤੋਂ ਦੂਰ ਰਹਿੰਦੇ ਹਨ, ਉਹ ਉਨ੍ਹਾਂ ਲੋਕਾਂ ਨੂੰ ਸੱਦਾ-ਪੱਤਰ ਦੇ ਸਕਦੇ ਹਨ ਜਿਨ੍ਹਾਂ ਨੂੰ ਉਹ ਅਧਿਐਨ ਕਰਾਉਂਦੇ ਹਨ ਜਾਂ ਪੁਨਰ-ਮੁਲਾਕਾਤਾਂ ਕਰਦੇ ਹਨ। ਸੰਮੇਲਨ ਨੂੰ ਜਾਂਦਿਆਂ ਸਫ਼ਰ ਦੌਰਾਨ ਵੀ ਇਨ੍ਹਾਂ ਨੂੰ ਵੰਡਿਆ ਜਾ ਸਕਦਾ ਹੈ। ਤਿੰਨਾਂ ਹਫ਼ਤਿਆਂ ਦੌਰਾਨ ਸਾਰੇ ਸੱਦਾ-ਪੱਤਰ ਵੰਡਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
5 ਸਾਨੂੰ ਯਕੀਨ ਹੈ ਕਿ “ਸਾਡਾ ਛੁਟਕਾਰਾ ਨੇੜੇ ਹੈ!” ਜ਼ਿਲ੍ਹਾ ਸੰਮੇਲਨ ਦੀ ਮਸ਼ਹੂਰੀ ਵਾਸਤੇ ਦੁਨੀਆਂ ਭਰ ਵਿਚ ਕੀਤੇ ਜਾਣ ਵਾਲੇ ਸਾਡੇ ਸਾਂਝੇ ਜਤਨਾਂ ਰਾਹੀਂ ਲੋਕਾਂ ਨੂੰ ਜ਼ਬਰਦਸਤ ਗਵਾਹੀ ਮਿਲੇਗੀ। ਸਾਡੀ ਇਹੀ ਦੁਆ ਹੈ ਕਿ ਦੁਨੀਆਂ ਭਰ ਵਿਚ ਚਲਾਈ ਜਾਣ ਵਾਲੀ ਇਸ ਮੁਹਿੰਮ ਵਿਚ ਹਿੱਸਾ ਲੈਣ ਦੇ ਤੁਹਾਡੇ ਜਤਨਾਂ ਤੇ ਯਹੋਵਾਹ ਭਰਪੂਰ ਬਰਕਤਾਂ ਪਾਵੇ।