ਕੀ ਤੁਸੀਂ ਸੱਦਾ-ਪੱਤਰ ਇਸਤੇਮਾਲ ਕਰ ਰਹੇ ਹੋ?
ਇਕ ਦਿਨ ਇਕ 11 ਸਾਲਾਂ ਦੇ ਮੁੰਡੇ ਨੂੰ ਇਕ ਸੱਦਾ-ਪੱਤਰ ਲੱਭਿਆ ਜਿਸ ਉੱਤੇ ਨਰਕ ਬਾਰੇ ਭਾਸ਼ਣ ਦਾ ਇਸ਼ਤਿਹਾਰ ਦਿੱਤਾ ਸੀ। ਬਾਅਦ ਵਿਚ ਇਸ ਮੁੰਡੇ ਨੇ ਕਿਹਾ: “ਇਸ ਵਿਸ਼ੇ ਵਿਚ ਮੈਨੂੰ ਬਹੁਤ ਦਿਲਚਸਪੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਹਮੇਸ਼ਾ ਗ਼ਲਤ ਕੰਮ ਹੀ ਕਰਦਾ ਸੀ। ਮੈਨੂੰ ਇਸ ਗੱਲ ਤੋਂ ਡਰ ਲੱਗਦਾ ਸੀ ਕਿ ਮੈਨੂੰ ਮਰਨ ਤੋਂ ਬਾਅਦ ਨਰਕ ਦੀ ਅੱਗ ਵਿਚ ਸਾੜਿਆ ਜਾਵੇਗਾ।” ਉਸ ਨੇ ਭਾਸ਼ਣ ਸੁਣਿਆ ਤੇ ਬਾਈਬਲ ਸਟੱਡੀ ਕਰ ਕੇ ਇਕ ਸਾਲ ਬਾਅਦ ਬਪਤਿਸਮਾ ਲੈ ਲਿਆ। ਇਸ ਤਰ੍ਹਾਂ ਕਾਰਲ ਕਲਾਈਨ ਦੀ ਮਸੀਹੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ ਤੇ ਬਾਅਦ ਵਿਚ ਉਹ ਕਈ ਸਾਲਾਂ ਤਕ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਰਿਹਾ। ਇਹ ਸਭ ਇਕ ਸੱਦਾ-ਪੱਤਰ ਦੀ ਬਦੌਲਤ ਹੀ ਹੋਇਆ।
ਅੱਜ ਵੀ ਸੱਦਾ-ਪੱਤਰ ਲੋਕਾਂ ਨੂੰ ਗਵਾਹੀ ਦੇਣ ਦਾ ਇਕ ਵਧੀਆ ਜ਼ਰੀਆ ਹਨ। ਕਈ ਪ੍ਰਕਾਸ਼ਕਾਂ ਨੇ ਦੇਖਿਆ ਹੈ ਕਿ ਕਿਸੇ ਨੂੰ ਸੱਦਾ-ਪੱਤਰ ਦੇਣ ਨਾਲ ਆਪਣੀ ਜਾਣ-ਪਛਾਣ ਕਰਾਉਣੀ ਤੇ ਗੱਲ ਸ਼ੁਰੂ ਕਰਨੀ ਆਸਾਨ ਹੁੰਦੀ ਹੈ। ਮਾਪੇ ਸੇਵਕਾਈ ਵਿਚ ਆਪਣੇ ਬੱਚਿਆਂ ਨੂੰ ਸੱਦਾ-ਪੱਤਰ ਦੇਣ ਲਈ ਕਹਿ ਸਕਦੇ ਹਨ। ਚਿੱਠੀਆਂ ਰਾਹੀਂ ਗਵਾਹੀ ਦੇਣ ਵਾਲੇ ਪ੍ਰਕਾਸ਼ਕ ਚਿੱਠੀਆਂ ਵਿਚ ਸੱਦਾ-ਪੱਤਰ ਰੱਖ ਕੇ ਮਸੀਹੀ ਸਭਾਵਾਂ ਬਾਰੇ ਜਾਣਕਾਰੀ ਦੇ ਸਕਦੇ ਹਨ। ਇਸ ਤੋਂ ਇਲਾਵਾ, ਸੱਦਾ-ਪੱਤਰ ਦੇ ਕੇ ਬਾਈਬਲ ਵਿਦਿਆਰਥੀਆਂ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਆਪਣੀਆਂ ਸਭਾਵਾਂ ਵਿਚ ਬੁਲਾਉਣਾ ਆਸਾਨ ਹੈ।
ਕੀ ਤੁਸੀਂ ਸੇਵਕਾਈ ਵਿਚ ਸੱਦਾ-ਪੱਤਰ ਇਸਤੇਮਾਲ ਕਰਦੇ ਹੋ?