ਮਾਪਿਓ—ਆਪਣੇ ਬੱਚਿਆਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦਿਓ
1 ਸਾਡੀਆਂ ਕਲੀਸਿਯਾਵਾਂ ਬਹੁਤ ਸਾਰੇ ਬੱਚਿਆਂ ਨਾਲ ਵਰੋਸਾਈਆਂ ਗਈਆਂ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਦੀ ਸੱਚੀ ਇੱਛਾ ਹੈ। (ਉਪ. 12:1) ਇਹ ਉਨ੍ਹਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਉਸ ਦੀ ਪ੍ਰਸ਼ੰਸਾ ਕਰਨ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। (ਜ਼ਬੂ. 148:12-14) ਇਸ ਲਈ, ਮਾਪੇ ਆਪਣੇ ਬੱਚਿਆਂ ਨੂੰ ਜੋ ਦਿਨ-ਬ-ਦਿਨ ਸਿਖਲਾਈ ਦਿੰਦੇ ਹਨ, ਉਸ ਵਿਚ ਇਹ ਹਿਦਾਇਤ ਵੀ ਸ਼ਾਮਲ ਹੋਣੀ ਚਾਹੀਦੀ ਹੈ ਕਿ ਰਾਜ-ਪ੍ਰਚਾਰ ਕਾਰਜ ਵਿਚ ਦੂਜਿਆਂ ਨਾਲ ਆਪਣੀ ਨਿਹਚਾ ਕਿਵੇਂ ਸਾਂਝੀ ਕਰਨੀ ਹੈ।—ਬਿਵ. 6:6, 7.
2 ਬੱਚਿਆਂ ਨੂੰ ਪ੍ਰਗਤੀਸ਼ੀਲ ਕਦਮਾਂ ਵਿਚ ਸਿਖਲਾਈ ਦਿਓ: ਬੱਚਿਆਂ ਨੂੰ ਬਹੁਤ ਹੀ ਛੋਟੀ ਉਮਰ ਤੇ ਆਪਣੇ ਮਾਪਿਆਂ ਨਾਲ ਸੇਵਕਾਈ ਵਿਚ ਜਾਣ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਸੇਵਕਾਈ ਵਿਚ ਜਾਣ ਤੋਂ ਪਹਿਲਾਂ, ਆਪਣੇ ਬੱਚਿਆਂ ਨੂੰ ਅਰਥਪੂਰਣ ਭਾਗ ਲੈਣ ਲਈ ਤਿਆਰ ਕਰੋ। ਪਹਿਲਾਂ ਨਿਸ਼ਚਿਤ ਕਰੋ ਕਿ ਤੁਸੀਂ ਦਰਵਾਜ਼ੇ ਤੇ ਉਨ੍ਹਾਂ ਤੋਂ ਕੀ ਕਰਨ ਦੀ ਆਸ ਰੱਖਦੇ ਹੋ। ਬਹੁਤ ਛੋਟੇ ਬੱਚੇ ਟ੍ਰੈਕਟ ਅਤੇ ਨਿਮੰਤ੍ਰਣ ਪਰਚੇ ਦੇ ਸਕਦੇ ਹਨ ਅਤੇ ਲੋਕਾਂ ਨੂੰ ਰਾਜ ਗ੍ਰਹਿ ਆਉਣ ਦਾ ਸੱਦਾ ਦੇ ਸਕਦੇ ਹਨ। ਚੰਗੀ ਤਰ੍ਹਾਂ ਨਾਲ ਪੜ੍ਹ ਸਕਣ ਵਾਲੇ ਛੋਟੇ ਬੱਚਿਆਂ ਨੂੰ ਦਰਵਾਜ਼ੇ ਤੇ ਸ਼ਾਸਤਰਵਚਨ ਪੜ੍ਹਨ ਲਈ ਕਿਹਾ ਜਾ ਸਕਦਾ ਹੈ। ਉਹ ਸੰਖੇਪ ਪੇਸ਼ਕਾਰੀ ਇਸਤੇਮਾਲ ਕਰਦੇ ਹੋਏ, ਰਸਾਲੇ ਪੇਸ਼ ਕਰ ਸਕਦੇ ਹਨ। ਜਿਉਂ-ਜਿਉਂ ਉਹ ਅਨੁਭਵ ਹਾਸਲ ਕਰਦੇ ਹਨ, ਉਨ੍ਹਾਂ ਨੂੰ ਆਪਣੀ ਪੇਸ਼ਕਾਰੀ ਵਿਚ ਬਾਈਬਲ ਇਸਤੇਮਾਲ ਕਰਨ ਦੀ ਸਿਖਲਾਈ ਦਿਓ। ਬਹੁਤ ਸਾਰੇ ਜਵਾਨ ਪ੍ਰਕਾਸ਼ਕਾਂ ਨੇ ਖ਼ੁਦ ਆਪਣਾ ਰਸਾਲਾ ਮਾਰਗ ਸ਼ੁਰੂ ਕੀਤਾ ਹੈ ਅਤੇ ਨਿਯਮਿਤ ਤੌਰ ਤੇ ਪੁਨਰ-ਮੁਲਾਕਾਤਾਂ ਕਰਦੇ ਹਨ। ਇਕ ਬੱਚੇ ਦਾ ਦੂਜੇ ਬੱਚੇ ਨਾਲ ਕੰਮ ਕਰਨ ਦੀ ਬਜਾਇ, ਬਾਲਗ ਨਾਲ ਕੰਮ ਕਰਨਾ ਵਧੀਆ ਹੋਵੇਗਾ। ਬਾਲਗ ਘਰ-ਸੁਆਮੀ ਨੂੰ ਸਮਝਾ ਸਕਦਾ ਹੈ ਕਿ ਬੱਚੇ ਨੂੰ ਸੇਵਕਾਈ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ।
3 ਇਕ ਛੋਟੀ ਕੁੜੀ ਨੇ ਬਜ਼ੁਰਗਾਂ ਤੋਂ ਮਦਦ ਮੰਗੀ ਤਾਂਕਿ ਉਹ ਇਕ ਰਾਜ ਪ੍ਰਕਾਸ਼ਕ ਬਣਨ ਦੇ ਯੋਗ ਹੋ ਸਕੇ। ਭਾਵੇਂ ਉਹ ਉਸ ਸਮੇਂ ਕੇਵਲ ਪੰਜ ਸਾਲ ਦੀ ਹੀ ਸੀ ਅਤੇ ਪੜ੍ਹਨਾ ਨਹੀਂ ਜਾਣਦੀ ਸੀ, ਉਹ ਰਾਜ ਸੰਦੇਸ਼ ਨੂੰ ਦਰਵਾਜ਼ਿਆਂ ਤੇ ਪ੍ਰਭਾਵਕਾਰੀ ਤਰੀਕੇ ਨਾਲ ਪੇਸ਼ ਕਰ ਸਕਦੀ ਸੀ। ਉਸ ਨੇ ਸ਼ਾਸਤਰਵਚਨਾਂ ਦੀ ਜਗ੍ਹਾ ਨੂੰ ਯਾਦ ਕੀਤਾ, ਇਨ੍ਹਾਂ ਨੂੰ ਖੋਲ੍ਹਿਆ, ਘਰ-ਸੁਆਮੀ ਨੂੰ ਇਨ੍ਹਾਂ ਨੂੰ ਪੜ੍ਹਨ ਲਈ ਕਿਹਾ, ਅਤੇ ਫਿਰ ਉਸ ਨੇ ਇਨ੍ਹਾਂ ਨੂੰ ਸਮਝਾਇਆ।
4 ਬੱਚਿਆਂ ਨੂੰ ਮਾਪਿਆਂ ਦੀ ਮਿਸਾਲ ਦੁਆਰਾ ਇਹ ਵੀ ਸਿਖਾਇਆ ਜਾਣਾ ਚਾਹੀਦਾ ਹੈ ਕਿ ਸੇਵਕਾਈ ਵਿਚ ਨਿਯਮਿਤ ਤੌਰ ਤੇ ਭਾਗ ਲੈਣ ਲਈ ਇਕ ਚੰਗੀ ਸਮਾਂ-ਸਾਰਣੀ ਬਣਾਉਣੀ ਕਿੰਨੀ ਲਾਭਦਾਇਕ ਹੈ। ਮਾਪਿਆਂ ਨੂੰ ਸੇਵਕਾਈ ਲਈ ਬਾਕਾਇਦਾ ਹਫ਼ਤਾਵਾਰ ਰੁਟੀਨ ਬਣਾ ਕੇ ਇਸ ਤੇ ਕਾਇਮ ਰਹਿਣਾ ਚਾਹੀਦਾ ਹੈ, ਤਾਂਕਿ ਬੱਚਿਆਂ ਨੂੰ ਪਤਾ ਹੋਵੇ ਕਿ ਹਫ਼ਤੇ ਦਾ ਕਿਹੜਾ ਸਮਾਂ ਹਮੇਸ਼ਾ ਪ੍ਰਚਾਰ ਕੰਮ ਲਈ ਅਲੱਗ ਰੱਖਿਆ ਜਾਂਦਾ ਹੈ।
5 ਜਦੋਂ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸੇਵਕਾਈ ਨੂੰ ਪਸੰਦ ਕਰਨ ਅਤੇ ਇਸ ਦਾ ਆਨੰਦ ਲੈਣ ਦੀ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਉਹ ਭਵਿੱਖ ਵਿਚ ਹੋਰ ਜ਼ਿਆਦਾ ਵਿਸ਼ੇਸ਼-ਸਨਮਾਨ ਹਾਸਲ ਕਰਨ ਲਈ ਪ੍ਰੇਰਿਤ ਹੋਣਗੇ, ਸ਼ਾਇਦ ਇਸ ਵਿਚ ਪਾਇਨੀਅਰ ਸੇਵਾ ਵੀ ਸ਼ਾਮਲ ਹੋਵੇ। (1 ਕੁਰਿੰ. 15:58) ਸਾਨੂੰ ਸਾਰਿਆਂ ਨੂੰ ਸਾਡੇ ਵਿਚਕਾਰ ਮੌਜੂਦ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਯਹੋਵਾਹ ਦੇ ਪ੍ਰਸ਼ੰਸਕਾਂ ਵਜੋਂ ਚੰਗੀ ਤਰੱਕੀ ਕਰਨ।