ਆਪਣੇ ਬੱਚਿਆਂ ਨੂੰ ਯਹੋਵਾਹ ਦੀ ਵਡਿਆਈ ਕਰਨੀ ਸਿਖਾਓ
1. ਕੀ ਬੱਚੇ ਯਹੋਵਾਹ ਦੀ ਵਡਿਆਈ ਕਰ ਸਕਦੇ ਹਨ?
1 ਜ਼ਬੂਰ 148:12, 13 ਵਿਚ ਮੁੰਡੇ-ਕੁੜੀਆਂ ਨੂੰ “ਯਹੋਵਾਹ ਦੇ ਨਾਮ ਦੀ ਉਸਤਤ ਕਰਨ” ਦੀ ਹੱਲਾਸ਼ੇਰੀ ਦਿੱਤੀ ਗਈ ਹੈ। ਬਾਈਬਲ ਵਿਚ ਅਜਿਹੇ ਬੱਚਿਆਂ ਦੀਆਂ ਕਈ ਉਦਾਹਰਣਾਂ ਹਨ ਜਿਨ੍ਹਾਂ ਨੇ ਯਹੋਵਾਹ ਦੀ ਵਡਿਆਈ ਕੀਤੀ। ਮਿਸਾਲ ਲਈ, ਛੋਟੇ ਹੁੰਦਿਆਂ ‘ਸਮੂਏਲ ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ।’ (1 ਸਮੂ. 2:18) “ਇੱਕ ਨਿੱਕੀ ਕੁੜੀ” ਨੇ ਨਅਮਾਨ ਦੀ ਪਤਨੀ ਨੂੰ ਦੱਸਿਆ ਸੀ ਕਿ ਇਸਰਾਏਲ ਵਿਚ ਯਹੋਵਾਹ ਦਾ ਨਬੀ ਉਸ ਦੇ ਪਤੀ ਦਾ ਕੋੜ੍ਹ ਠੀਕ ਕਰ ਸਕਦਾ ਸੀ। (2 ਰਾਜਿ. 5:1-3) ਯਿਸੂ ਨੇ ਹੈਕਲ ਵਿਚ ਜਾ ਕੇ ਜਦ ਅਸਚਰਜ ਕੰਮ ਕੀਤੇ ਸਨ, ਤਾਂ “ਬਾਲਕਾਂ” ਨੇ ਉੱਚੀ ਆਵਾਜ਼ ਵਿਚ ਕਿਹਾ: “ਦਾਊਦ ਦੇ ਪੁੱਤਰ ਦੀ ਵਡਿਆਈ ਹੋਵੇ।” (ਮੱਤੀ 21:15, ਪਵਿੱਤਰ ਬਾਈਬਲ ਨਵਾਂ ਅਨੁਵਾਦ) ਤਾਂ ਫਿਰ ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਦੀ ਵਡਿਆਈ ਕਰਨੀ ਕਿਵੇਂ ਸਿਖਾ ਸਕਦੇ ਹਨ?
2. ਬੱਚਿਆਂ ਵਾਸਤੇ ਚੰਗੀ ਮਿਸਾਲ ਬਣਨਾ ਮਾਪਿਆਂ ਲਈ ਕਿਉਂ ਜ਼ਰੂਰੀ ਹੈ?
2 ਮਿਸਾਲ ਬਣੋ: ਇਸਰਾਏਲ ਵਿਚ ਪਿਤਾਵਾਂ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਆਪਣੇ ਬੱਚਿਆਂ ਦੇ ਦਿਲਾਂ ਵਿਚ ਸੱਚਾਈ ਬਿਠਾਉਣ ਤੋਂ ਪਹਿਲਾਂ ਖ਼ੁਦ ਆਪਣੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਅਤੇ ਉਸ ਦੇ ਹੁਕਮਾਂ ਲਈ ਆਦਰ ਪੈਦਾ ਕਰਨ। (ਬਿਵ. 6:5-9) ਜੇ ਤੁਸੀਂ ਸੇਵਕਾਈ ਬਾਰੇ ਹੌਸਲਾ-ਅਫ਼ਜ਼ਾਈ ਦੀਆਂ ਗੱਲਾਂ ਕਰੋਗੇ ਅਤੇ ਹਰ ਹਫ਼ਤੇ ਪ੍ਰਚਾਰ ਕਰਨ ਜਾਓਗੇ, ਤਾਂ ਤੁਹਾਡੇ ਬੱਚੇ ਵੀ ਸੇਵਕਾਈ ਨੂੰ ਮਹੱਤਤਾ ਦੇਣਗੇ ਤੇ ਪ੍ਰਚਾਰ ਕਰ ਕੇ ਸੰਤੁਸ਼ਟੀ ਪਾਉਣਗੇ।
3. ਇਕ ਭੈਣ ਨੂੰ ਆਪਣੇ ਮਾਤਾ-ਪਿਤਾ ਦੀ ਮਿਸਾਲ ਤੋਂ ਕਿਵੇਂ ਫ਼ਾਇਦਾ ਹੋਇਆ?
3 ਇਕ ਭੈਣ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੋਈ ਦੱਸਦੀ ਹੈ: “ਜਦ ਮੈਂ ਛੋਟੀ ਹੁੰਦੀ ਸੀ, ਉਦੋਂ ਸਾਡਾ ਪਰਿਵਾਰ ਹਰ ਸ਼ਨੀਵਾਰ ਤੇ ਐਤਵਾਰ ਪ੍ਰਚਾਰ ਤੇ ਜਾਂਦਾ ਸੀ। ਮੈਂ ਦੇਖਿਆ ਕਿ ਮੇਰੇ ਮਾਤਾ-ਪਿਤਾ ਨੂੰ ਪ੍ਰਚਾਰ ਕਰਨ ਵਿਚ ਬਹੁਤ ਮਜ਼ਾ ਆਉਂਦਾ ਸੀ। ਸੋ ਬਚਪਨ ਤੋਂ ਹੀ ਸਾਡੇ ਮਨਾਂ ਵਿਚ ਇਹ ਗੱਲ ਘਰ ਕਰ ਗਈ ਕਿ ਸੇਵਕਾਈ ਵਾਕਈ ਮਜ਼ੇਦਾਰ ਕੰਮ ਹੈ।” ਇਹ ਭੈਣ ਸੱਤ ਸਾਲ ਦੀ ਉਮਰ ਵਿਚ ਹੀ ਬਪਤਿਸਮਾ-ਰਹਿਤ ਪਬਲੀਸ਼ਰ ਬਣ ਗਈ ਤੇ ਹੁਣ ਉਹ 32 ਸਾਲਾਂ ਤੋਂ ਪੂਰੇ ਸਮੇਂ ਦੀ ਸੇਵਕਾਈ ਕਰ ਰਹੀ ਹੈ।
4. ਬੱਚਿਆਂ ਨੂੰ ਲਗਾਤਾਰ ਸਿਖਲਾਈ ਦੇਣ ਦਾ ਕੀ ਮਤਲਬ ਹੈ?
4 ਲਗਾਤਾਰ ਸਿਖਲਾਈ: ਸੇਵਕਾਈ ਕਰਦਿਆਂ ਬੱਚਿਆਂ ਨੂੰ ਵੀ ਕੁਝ ਕਰਨ ਲਈ ਕਹੋ। ਸ਼ਾਇਦ ਉਹ ਦਰਵਾਜ਼ੇ ਦੀ ਘੰਟੀ ਵਜਾ ਸਕਦੇ ਹਨ, ਘਰ-ਸੁਆਮੀ ਨੂੰ ਟ੍ਰੈਕਟ ਦੇ ਸਕਦੇ ਹਨ ਜਾਂ ਕੋਈ ਆਇਤ ਪੜ੍ਹ ਸਕਦੇ ਹਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੂੰ ਖ਼ੁਸ਼ੀ ਮਿਲੇਗੀ ਅਤੇ ਰਾਜ ਦਾ ਸੰਦੇਸ਼ ਸੁਣਾਉਣ ਦੀ ਉਨ੍ਹਾਂ ਵਿਚ ਹਿੰਮਤ ਆਵੇਗੀ। ਜਿੱਦਾਂ-ਜਿੱਦਾਂ ਉਹ ਵੱਡੇ ਹੁੰਦੇ ਜਾਂਦੇ ਹਨ, ਉਨ੍ਹਾਂ ਨੂੰ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣਾ ਚਾਹੀਦਾ ਹੈ। ਇਸ ਲਈ ਤਰੱਕੀ ਕਰਨ ਵਿਚ ਉਨ੍ਹਾਂ ਦੀ ਮਦਦ ਕਰੋ ਅਤੇ ਸੋਚੋ ਕਿ ਉਹ ਕਿਹੜੇ ਅਧਿਆਤਮਿਕ ਟੀਚੇ ਰੱਖ ਸਕਦੇ ਹਨ।
5. ਬਪਤਿਸਮਾ-ਰਹਿਤ ਪਬਲੀਸ਼ਰ ਬਣਨ ਵਾਸਤੇ ਬੱਚੇ ਲਈ ਕੀ ਕਰਨਾ ਜ਼ਰੂਰੀ ਹੈ?
5 ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਬਪਤਿਸਮਾ-ਰਹਿਤ ਪਬਲੀਸ਼ਰ ਬਣਨ ਦੇ ਲਾਇਕ ਹਨ ਜਾਂ ਉਹ ਖ਼ੁਦ ਪਬਲੀਸ਼ਰ ਬਣਨ ਦੀ ਇੱਛਾ ਪ੍ਰਗਟਾਉਂਦੇ ਹਨ, ਤਾਂ ਇਸ ਬਾਰੇ ਬਜ਼ੁਰਗਾਂ ਨਾਲ ਗੱਲ ਕਰੋ। ਪਬਲੀਸ਼ਰ ਬਣਨ ਨਾਲ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਕਰਨ ਦੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇਗਾ। ਯਾਦ ਰੱਖੋ ਕਿ ਪਬਲੀਸ਼ਰ ਬਣਨ ਲਈ ਉਨ੍ਹਾਂ ਨੂੰ ਬਪਤਿਸਮਾ-ਪ੍ਰਾਪਤ ਬਾਲਗਾਂ ਜਿੰਨਾ ਗਿਆਨ ਹੋਣਾ ਜ਼ਰੂਰੀ ਨਹੀਂ ਹੈ। ਕੀ ਤੁਹਾਡਾ ਬੱਚਾ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਨੂੰ ਸਮਝਦਾ ਹੈ? ਕੀ ਉਹ ਬਾਈਬਲ ਦੇ ਨੈਤਿਕ ਮਿਆਰਾਂ ਤੇ ਚੱਲਦਾ ਹੈ? ਕੀ ਉਹ ਪ੍ਰਚਾਰ ਕਰਨਾ ਅਤੇ ਯਹੋਵਾਹ ਦੇ ਗਵਾਹ ਵਜੋਂ ਆਪਣੀ ਪਛਾਣ ਬਣਾਉਣੀ ਚਾਹੁੰਦਾ ਹੈ? ਜੇ ਹਾਂ, ਤਾਂ ਬਜ਼ੁਰਗ ਸ਼ਾਇਦ ਫ਼ੈਸਲਾ ਕਰਨ ਕਿ ਉਹ ਬਪਤਿਸਮਾ-ਰਹਿਤ ਪਬਲੀਸ਼ਰ ਬਣਨ ਦੇ ਲਾਇਕ ਹੈ।—ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ), ਸਫ਼ੇ 79-82 ਦੇਖੋ।
6. ਬੱਚਿਆਂ ਨੂੰ ਸਿਖਲਾਈ ਦੇਣ ਦੇ ਕੀ ਫ਼ਾਇਦੇ ਹਨ?
6 ਬੱਚਿਆਂ ਨੂੰ ਦਿਲੋਂ ਯਹੋਵਾਹ ਦੀ ਵਡਿਆਈ ਕਰਨੀ ਸਿਖਾਉਣ ਲਈ ਮਿਹਨਤ ਕਰਨ ਦੀ ਲੋੜ ਹੈ। ਪਰ ਮਾਪਿਆਂ ਨੂੰ ਜਿੰਨੀ ਖ਼ੁਸ਼ੀ ਆਪਣੇ ਬੱਚਿਆਂ ਦੀ ਅਧਿਆਤਮਿਕ ਤਰੱਕੀ ਦੇਖ ਕੇ ਹੁੰਦੀ ਹੈ, ਉੱਨੀ ਖ਼ੁਸ਼ੀ ਹੋਰ ਕਿਸੇ ਚੀਜ਼ ਤੋਂ ਨਹੀਂ ਹੁੰਦੀ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਜਦ ਬੱਚੇ ਯਹੋਵਾਹ ਦੇ ਅਸਚਰਜ ਕੰਮਾਂ ਬਾਰੇ ਹੋਰਨਾਂ ਨੂੰ ਦੱਸਦੇ ਹਨ, ਤਾਂ ਇਹ ਦੇਖ ਕੇ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।