ਮਾਪਿਓ—ਆਪਣੇ ਬੱਚਿਆਂ ਨੂੰ ਬਾਲ ਅਵਸਥਾ ਤੋਂ ਸਿਖਾਓ
1 “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” (ਕਹਾ. 22:6) ਮਾਪਿਓ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਕਦੇ ਵੀ ਸੱਚਾਈ ਦੇ ਰਾਹ ਤੋਂ ‘ਨਾ ਹਟਣ,’ ਤਾਂ ਤੁਹਾਨੂੰ ਕਦੋਂ ਉਨ੍ਹਾਂ ਦੀ ਸਿਖਲਾਈ ਸ਼ੁਰੂ ਕਰਨੀ ਚਾਹੀਦੀ ਹੈ? ਛੋਟੀ ਉਮਰ ਤੋਂ ਹੀ!
2 ਜਦੋਂ ਪੌਲੁਸ ਨੇ ਕਿਹਾ ਕਿ ਤਿਮੋਥਿਉਸ ਦੀ ਅਧਿਆਤਮਿਕ ਸਿਖਲਾਈ “ਬਾਲ ਅਵਸਥਾ ਤੋਂ” ਸ਼ੁਰੂ ਹੋਈ ਸੀ, ਤਾਂ ਉਸ ਦੇ ਕਹਿਣ ਦਾ ਸ਼ਾਇਦ ਮਤਲਬ ਸੀ ਕਿ ਤਿਮੋਥਿਉਸ ਨੂੰ ਜਨਮ ਤੋਂ ਹੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। (2 ਤਿਮੋ. 3:14, 15) ਸਿੱਟੇ ਵਜੋਂ, ਤਿਮੋਥਿਉਸ ਵੱਡਾ ਹੋ ਕੇ ਇਕ ਅਧਿਆਤਮਿਕ ਮਨ ਵਾਲਾ ਨੌਜਵਾਨ ਬਣ ਗਿਆ। (ਫ਼ਿਲਿ. 2:19-22) ਮਾਪਿਓ, ਤੁਹਾਨੂੰ ਵੀ ਆਪਣੇ ਬੱਚਿਆਂ ਦੀ “ਬਾਲ ਅਵਸਥਾ” ਤੋਂ ਸਿਖਲਾਈ ਸ਼ੁਰੂ ਕਰਨੀ ਚਾਹੀਦੀ ਹੈ ਤਾਂਕਿ ਉਹ ‘ਯਹੋਵਾਹ ਦੇ ਅੱਗੇ ਵੱਡੇ’ ਹੁੰਦੇ ਜਾਣ।—1 ਸਮੂ. 2:21.
3 ਉਨ੍ਹਾਂ ਨੂੰ ਵਧਣ ਲਈ ਲੋੜੀਂਦਾ ਪਾਣੀ ਦਿਓ: ਜਿੱਦਾਂ ਛੋਟੇ ਪੌਦਿਆਂ ਨੂੰ ਮਜ਼ਬੂਤ ਦਰਖ਼ਤ ਬਣਨ ਲਈ ਲਗਾਤਾਰ ਪਾਣੀ ਦੀ ਲੋੜ ਹੁੰਦੀ ਹੈ, ਉੱਦਾਂ ਹੀ ਹਰ ਉਮਰ ਦੇ ਬੱਚਿਆਂ ਨੂੰ ਪਰਮੇਸ਼ੁਰ ਦੇ ਅਧਿਆਤਮਿਕ ਤੌਰ ਤੇ ਪਰਿਪੱਕ ਸੇਵਕ ਬਣਨ ਲਈ ਬਾਈਬਲ ਸੱਚਾਈ ਦੇ ਪਾਣੀ ਦੀ ਲਗਾਤਾਰ ਜ਼ਰੂਰਤ ਪੈਂਦੀ ਹੈ। ਨਿਯਮਿਤ ਪਰਿਵਾਰਕ ਬਾਈਬਲ ਸਟੱਡੀ ਇਕ ਮੁੱਖ ਜ਼ਰੀਆ ਹੈ ਜਿਸ ਰਾਹੀਂ ਤੁਸੀਂ ਬੱਚਿਆਂ ਨੂੰ ਸੱਚਾਈ ਸਿਖਾ ਸਕਦੇ ਹੋ ਅਤੇ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਪਰ ਇਹ ਵੀ ਦੇਖੋ ਕਿ ਹਰ ਬੱਚਾ ਕਿੰਨੀ ਦੇਰ ਤਕ ਧਿਆਨ ਲਗਾ ਕੇ ਸਟੱਡੀ ਕਰ ਸਕਦਾ ਹੈ। ਛੋਟੇ ਬੱਚਿਆਂ ਨੂੰ ਲੰਬੇ ਸਮੇਂ ਤਕ ਸਟੱਡੀ ਕਰਾਉਣ ਦੀ ਬਜਾਇ ਹਫ਼ਤੇ ਵਿਚ ਕਈ ਵਾਰ ਥੋੜ੍ਹੇ-ਥੋੜ੍ਹੇ ਸਮੇਂ ਲਈ ਸਟੱਡੀ ਕਰਾਉਣ ਨਾਲ ਜ਼ਿਆਦਾ ਫ਼ਾਇਦਾ ਹੋਵੇਗਾ।—ਬਿਵ. 11:18, 19.
4 ਆਪਣੇ ਬੱਚਿਆਂ ਦੀ ਸਿੱਖਣ ਦੀ ਕਾਬਲੀਅਤ ਨੂੰ ਕਦੀ ਘੱਟ ਨਾ ਸਮਝੋ। ਉਨ੍ਹਾਂ ਨੂੰ ਬਾਈਬਲ ਵਿੱਚੋਂ ਕਹਾਣੀਆਂ ਸੁਣਾਓ। ਉਨ੍ਹਾਂ ਨੂੰ ਬਾਈਬਲ ਸਮਿਆਂ ਵਿਚ ਵਾਪਰੀਆਂ ਘਟਨਾਵਾਂ ਦੀਆਂ ਤਸਵੀਰਾਂ ਬਣਾਉਣ ਜਾਂ ਨਾਟਕ ਖੇਡਣ ਲਈ ਕਹੋ। ਸੋਸਾਇਟੀ ਦੇ ਵਿਡਿਓ ਅਤੇ ਆਡੀਓ-ਕੈਸਟਾਂ ਨੂੰ ਇਸਤੇਮਾਲ ਕਰੋ। ਤੁਸੀਂ ਬਾਈਬਲ ਡਰਾਮਿਆਂ ਦੀਆਂ ਆਡੀਓ-ਕੈਸਟਾਂ ਵੀ ਇਸਤੇਮਾਲ ਕਰ ਸਕਦੇ ਹੋ। ਆਪਣੇ ਬੱਚੇ ਦੀ ਉਮਰ ਅਤੇ ਸਿੱਖਣ ਦੀ ਯੋਗਤਾ ਅਨੁਸਾਰ ਪਰਿਵਾਰਕ ਅਧਿਐਨ ਕਰਵਾਓ। ਸ਼ੁਰੂ-ਸ਼ੁਰੂ ਵਿਚ ਉਸ ਨਾਲ ਥੋੜ੍ਹੇ-ਥੋੜ੍ਹੇ ਸਮੇਂ ਲਈ ਆਸਾਨ ਵਿਸ਼ਿਆਂ ਦੀ ਸਟੱਡੀ ਕਰੋ; ਪਰ ਜਿੱਦਾਂ-ਜਿੱਦਾਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਸਟੱਡੀ ਦਾ ਸਮਾਂ ਵਧਾਉਂਦੇ ਜਾਓ ਅਤੇ ਹੋਰ ਡੂੰਘੇ ਵਿਸ਼ਿਆਂ ਉੱਤੇ ਚਰਚਾ ਕਰੋ। ਬਾਈਬਲ ਸਟੱਡੀ ਨੂੰ ਦਿਲਚਸਪ ਬਣਾਓ ਤੇ ਸਿਖਾਉਣ ਦੇ ਵੰਨ-ਸੁਵੰਨੇ ਤਰੀਕੇ ਅਪਣਾਓ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਪਰਮੇਸ਼ੁਰ ਦੇ ਬਚਨ “ਦੀ ਲੋਚ” ਕਰਨ, ਤਾਂ ਅਧਿਆਤਮਿਕ ਭੋਜਨ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਆਦੀ ਬਣਾਓ।—1 ਪਤ. 2:2.
5 ਉਨ੍ਹਾਂ ਨੂੰ ਕਲੀਸਿਯਾ ਦਾ ਹਿੱਸਾ ਬਣਾਓ: ਆਪਣੇ ਬੱਚਿਆਂ ਨੂੰ ਨਵੇਂ-ਨਵੇਂ ਟੀਚੇ ਰੱਖਣ ਦੀ ਪ੍ਰੇਰਣਾ ਦਿਓ ਤਾਂਕਿ ਉਹ ਕਲੀਸਿਯਾ ਦਾ ਹਿੱਸਾ ਬਣ ਸਕਣ। ਪਹਿਲਾ ਟੀਚਾ ਕੀ ਹੋ ਸਕਦਾ ਹੈ? ਦੋ ਛੋਟੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ: “ਅਸੀਂ ਦੋਨਾਂ ਬੱਚਿਆਂ ਨੂੰ ਕਿੰਗਡਮ ਹਾਲ ਵਿਚ ਸਭਾਵਾਂ ਦੌਰਾਨ ਚੁੱਪ-ਚਾਪ ਬੈਠਣਾ ਸਿਖਾਇਆ।” ਬਾਅਦ ਵਿਚ ਬੱਚਿਆਂ ਦੀ ਮਦਦ ਕਰੋ ਕਿ ਉਹ ਸਭਾਵਾਂ ਵਿਚ ਆਪਣੇ ਸ਼ਬਦਾਂ ਵਿਚ ਜਵਾਬ ਦੇ ਸਕਣ। ਉਹ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਦਾਖ਼ਲਾ ਲੈਣ ਦਾ ਵੀ ਟੀਚਾ ਰੱਖ ਸਕਦੇ ਹਨ। ਉਹ ਖੇਤਰ ਸੇਵਕਾਈ ਵਿਚ ਘਰ-ਸੁਆਮੀ ਨੂੰ ਟ੍ਰੈਕਟ ਦੇਣ, ਬਾਈਬਲ ਵਿੱਚੋਂ ਇਕ ਆਇਤ ਪੜ੍ਹਨ, ਛੋਟੀ ਜਿਹੀ ਪੇਸ਼ਕਾਰੀ ਦੇ ਕੇ ਰਸਾਲੇ ਪੇਸ਼ ਕਰਨ ਅਤੇ ਘਰ-ਸੁਆਮੀ ਨੂੰ ਚੰਗੀ ਗਵਾਹੀ ਦੇਣ ਦੇ ਵਧੀਆ ਟੀਚੇ ਰੱਖ ਸਕਦੇ ਹਨ।
6 ਉਨ੍ਹਾਂ ਲਈ ਚੰਗੀ ਮਿਸਾਲ ਬਣੋ: ਕੀ ਤੁਹਾਡੇ ਬੱਚੇ ਤੁਹਾਨੂੰ ਹਰ ਰੋਜ਼ ਯਹੋਵਾਹ ਬਾਰੇ ਗੱਲਾਂ ਕਰਦੇ ਅਤੇ ਉਸ ਨੂੰ ਪ੍ਰਾਰਥਨਾ ਕਰਦੇ ਸੁਣਦੇ ਹਨ? ਕੀ ਉਹ ਤੁਹਾਨੂੰ ਉਸ ਦੇ ਬਚਨ ਦਾ ਅਧਿਐਨ ਕਰਦੇ, ਸਭਾਵਾਂ ਵਿਚ ਹਾਜ਼ਰ ਹੁੰਦੇ, ਪ੍ਰਚਾਰ ਕਰਦੇ ਅਤੇ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਦੇਖਦੇ ਹਨ? (ਜ਼ਬੂ. 40:8) ਇਹ ਜ਼ਰੂਰੀ ਹੈ ਕਿ ਉਹ ਤੁਹਾਨੂੰ ਇਸ ਤਰ੍ਹਾਂ ਕਰਦੇ ਦੇਖਣ ਅਤੇ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਇਹ ਸਭ ਕੰਮ ਉਨ੍ਹਾਂ ਨਾਲ ਮਿਲ ਕੇ ਕਰੋ। ਇਕ ਭੈਣ ਜਿਸ ਦੇ ਛੇ ਬੱਚੇ ਵੱਡੇ ਹੋ ਕੇ ਵਫ਼ਾਦਾਰ ਗਵਾਹ ਬਣੇ ਹਨ, ਦੀ ਇਕ ਧੀ ਨੇ ਕਿਹਾ: “ਜਿਸ ਗੱਲ ਨੇ ਸਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ, ਉਹ ਸੀ ਮੰਮੀ ਦੀ ਆਪਣੀ ਮਿਸਾਲ। ਗੱਲਾਂ ਨਾਲੋਂ ਜ਼ਿਆਦਾ ਉਨ੍ਹਾਂ ਦੀ ਮਿਸਾਲ ਨੇ ਸਾਡੇ ਉੱਤੇ ਅਸਰ ਕੀਤਾ।” ਇਕ ਚਾਰ ਬੱਚਿਆਂ ਦੀ ਮਾਂ ਨੇ ਕਿਹਾ: “ਅਸੀਂ ਸਿਰਫ਼ ਇਹ ਕਹਿੰਦੇ ਹੀ ਨਹੀਂ ਸੀ ਕਿ ‘ਯਹੋਵਾਹ ਸਾਡੀ ਜ਼ਿੰਦਗੀ ਵਿਚ ਪਹਿਲੀ ਥਾਂ ਰੱਖਦਾ ਹੈ,’ ਸਗੋਂ ਅਸੀਂ ਇਸ ਅਨੁਸਾਰ ਜੀਉਂਦੇ ਵੀ ਸੀ।”
7 ਇਸ ਲਈ ਮਾਪਿਓ, ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਨੂੰ ਸਿਖਲਾਈ ਦਿਓ, ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਸਿਖਾਓ, ਉਨ੍ਹਾਂ ਨੂੰ ਨਵੇਂ-ਨਵੇਂ ਟੀਚੇ ਰੱਖਣ ਦੀ ਪ੍ਰੇਰਣਾ ਦਿਓ ਅਤੇ ਉਨ੍ਹਾਂ ਲਈ ਵਧੀਆ ਮਿਸਾਲ ਕਾਇਮ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਦੇ ਪਛਤਾਵਾ ਨਹੀਂ ਹੋਵੇਗਾ!