ਪ੍ਰਸ਼ਨ ਡੱਬੀ
◼ ਅਸੀਂ ਆਪਣੀਆਂ ਸਭਾਵਾਂ ਦੀ ਪ੍ਰਭਾਵਕਤਾ ਨੂੰ ਵਧਾਉਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ?
ਕੁਝ ਸ਼ਾਇਦ ਇਹ ਮਹਿਸੂਸ ਕਰਨ ਕਿ ਕੇਵਲ ਬਜ਼ੁਰਗ ਅਤੇ ਸਹਾਇਕ ਸੇਵਕ ਹੀ ਕਲੀਸਿਯਾ ਸਭਾਵਾਂ ਦੀ ਸਫ਼ਲਤਾ ਲਈ ਜ਼ਿੰਮੇਵਾਰ ਹਨ ਕਿਉਂਕਿ ਉਹੀ ਸਭਾਵਾਂ ਨੂੰ ਸੰਚਾਲਿਤ ਕਰਦੇ ਹਨ ਅਤੇ ਜ਼ਿਆਦਾਤਰ ਭਾਗਾਂ ਨੂੰ ਸੰਭਾਲਦੇ ਹਨ। ਅਸਲ ਵਿਚ, ਸਭਾਵਾਂ ਨੂੰ ਦਿਲਚਸਪ ਅਤੇ ਲਾਹੇਵੰਦ ਬਣਾਉਣ ਵਿਚ ਅਸੀਂ ਸਾਰੇ ਹੀ ਨਿੱਜੀ ਤੌਰ ਤੇ ਯੋਗਦਾਨ ਪਾ ਸਕਦੇ ਹਾਂ। ਅਸੀਂ ਹੇਠਾਂ ਦਿੱਤੇ ਦਸ ਤਰੀਕਿਆਂ ਦੁਆਰਾ ਸਭਾਵਾਂ ਨੂੰ ਹੋਰ ਜ਼ਿਆਦਾ ਪ੍ਰਭਾਵਕਾਰੀ ਬਣਾਉਣ ਵਿਚ ਮਦਦ ਦੇ ਸਕਦੇ ਹਾਂ:
ਪਹਿਲਾਂ ਤੋਂ ਤਿਆਰੀ ਕਰੋ। ਜਦੋਂ ਅਸੀਂ ਚੰਗੀ ਤਰ੍ਹਾਂ ਤਿਆਰੀ ਕਰਦੇ ਹਾਂ, ਤਾਂ ਸਭਾਵਾਂ ਸਾਨੂੰ ਦਿਲਚਸਪ ਲੱਗਦੀਆਂ ਹਨ। ਜਦੋਂ ਅਸੀਂ ਸਾਰੇ ਇਸ ਤਰ੍ਹਾਂ ਕਰਦੇ ਹਾਂ, ਤਾਂ ਸਭਾਵਾਂ ਹੋਰ ਜ਼ਿਆਦਾ ਜੋਸ਼ ਭਰੀਆਂ ਅਤੇ ਉਤਸ਼ਾਹਜਨਕ ਹੁੰਦੀਆਂ ਹਨ। ਨਿਯਮਿਤ ਤੌਰ ਤੇ ਹਾਜ਼ਰ ਹੋਵੋ। ਵੱਡੀ ਹਾਜ਼ਰੀ ਤੋਂ ਸਾਰੇ ਹਾਜ਼ਰ ਲੋਕ ਜ਼ਿਆਦਾ ਉਤਸ਼ਾਹਿਤ ਹੁੰਦੇ ਹਨ, ਅਤੇ ਇਹ ਸਭਾਵਾਂ ਵਿਚ ਹਾਜ਼ਰੀ ਦੀ ਮਹੱਤਤਾ ਲਈ ਕਦਰ ਵਧਾਉਂਦੀ ਹੈ। ਸਮੇਂ ਸਿਰ ਪਹੁੰਚੋ। ਜੇਕਰ ਅਸੀਂ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਸੀਟ ਉੱਤੇ ਬੈਠੇ ਹੋਈਏ, ਤਾਂ ਅਸੀਂ ਆਰੰਭਕ ਗੀਤ ਅਤੇ ਪ੍ਰਾਰਥਨਾ ਵਿਚ ਭਾਗ ਲੈ ਸਕਦੇ ਹਾਂ ਅਤੇ ਇਸ ਤਰ੍ਹਾਂ ਸਭਾ ਤੋਂ ਪੂਰਾ ਲਾਭ ਹਾਸਲ ਕਰ ਸਕਦੇ ਹਾਂ। ਚੰਗੀ ਤਰ੍ਹਾਂ ਨਾਲ ਲੈਸ ਹੋ ਕੇ ਆਓ। ਆਪਣੇ ਨਾਲ ਆਪਣੀ ਬਾਈਬਲ ਅਤੇ ਸਭਾਵਾਂ ਵਿਚ ਵਰਤੇ ਜਾਣ ਵਾਲੇ ਪ੍ਰਕਾਸ਼ਨ ਲਿਆਉਣ ਦੁਆਰਾ, ਸਾਡਾ ਧਿਆਨ ਚਰਚਾ ਉੱਤੇ ਬਣਿਆ ਰਹਿੰਦਾ ਹੈ ਅਤੇ ਅਸੀਂ ਇਸ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ। ਧਿਆਨ ਨੂੰ ਉਖੜਨ ਨਾ ਦਿਓ। ਜੇਕਰ ਅਸੀਂ ਅੱਗੇ ਬੈਠੀਏ ਤਾਂ ਸ਼ਾਇਦ ਅਸੀਂ ਜ਼ਿਆਦਾ ਧਿਆਨ ਦੇਵਾਂਗੇ। ਫੁਸਰ-ਫੁਸਰ ਕਰਨਾ ਅਤੇ ਵਾਰ-ਵਾਰ ਪਖਾਨੇ ਜਾਣਾ ਸਾਡਾ ਅਤੇ ਦੂਜਿਆਂ ਦਾ ਧਿਆਨ ਉਖੇੜ ਸਕਦਾ ਹੈ। ਹਿੱਸਾ ਲਓ। ਜਦੋਂ ਸਾਡੇ ਵਿੱਚੋਂ ਜ਼ਿਆਦਾ ਭੈਣ-ਭਰਾ ਹੱਥ ਚੁੱਕਦੇ ਹਨ ਅਤੇ ਟਿੱਪਣੀ ਦਿੰਦੇ ਹਨ, ਤਾਂ ਨਿਹਚਾ ਦੇ ਇਨ੍ਹਾਂ ਪ੍ਰਗਟਾਵਿਆਂ ਤੋਂ ਜ਼ਿਆਦਾ ਲੋਕ ਉਤਸ਼ਾਹਿਤ ਅਤੇ ਤਕੜੇ ਹੁੰਦੇ ਹਨ। ਸੰਖਿਪਤ ਟਿੱਪਣੀਆਂ ਦਿਓ। ਇਸ ਤਰ੍ਹਾਂ ਕਰਨ ਨਾਲ ਦੂਸਰਿਆਂ ਨੂੰ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ। ਸਾਡੀਆਂ ਸੰਖਿਪਤ ਟਿੱਪਣੀਆਂ ਅਧਿਐਨ ਕੀਤੀ ਜਾ ਰਹੀ ਸਾਮੱਗਰੀ ਵਿੱਚੋਂ ਹੋਣੀਆਂ ਚਾਹੀਦੀਆਂ ਹਨ। ਭਾਸ਼ਣ-ਨਿਯੁਕਤੀਆਂ ਨੂੰ ਪੂਰਾ ਕਰੋ। ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਸਿੱਖਿਆਰਥੀਆਂ ਵਜੋਂ ਜਾਂ ਸੇਵਾ ਸਭਾ ਵਿਚ ਹਿੱਸਾ ਲੈਣ ਵਾਲਿਆਂ ਵਜੋਂ ਭਾਸ਼ਣ-ਨਿਯੁਕਤੀਆਂ ਦੀ ਚੰਗੀ ਤਰ੍ਹਾਂ ਤਿਆਰੀ ਕਰੋ, ਪਹਿਲਾਂ ਤੋਂ ਅਭਿਆਸ ਕਰੋ, ਅਤੇ ਆਪਣੇ ਨਿਯੁਕਤ ਭਾਸ਼ਣ ਨੂੰ ਦੇਣ ਦਾ ਜਤਨ ਕਰੋ। ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕਰੋ। ਦੂਜਿਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਦੇ ਜਤਨਾਂ ਦੀ ਕਿੰਨੀ ਕਦਰ ਕਰਦੇ ਹੋ। ਇਹ ਉਨ੍ਹਾਂ ਨੂੰ ਉਤਸ਼ਾਹ ਦਿੰਦਾ ਹੈ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਵਧੀਆ ਕਰਨ ਲਈ ਪ੍ਰੇਰਦਾ ਹੈ। ਇਕ ਦੂਜੇ ਨੂੰ ਉਤਸ਼ਾਹ ਦਿਓ। ਸਭਾਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਸਨੇਹੀ ਨਮਸਕਾਰ ਅਤੇ ਉਤਸ਼ਾਹਜਨਕ ਗੱਲਾਂ-ਬਾਤਾਂ ਉਸ ਆਨੰਦ ਅਤੇ ਲਾਭ ਨੂੰ ਹੋਰ ਵਧਾ ਦਿੰਦੀਆਂ ਹਨ ਜੋ ਸਾਨੂੰ ਸਭਾਵਾਂ ਵਿਚ ਹਾਜ਼ਰ ਹੋਣ ਤੋਂ ਮਿਲਦੇ ਹਨ।