ਸਭਾਵਾਂ ਤੋਂ ਅਸੀਂ ਹੋਰ ਜ਼ਿਆਦਾ ਖ਼ੁਸ਼ੀ ਕਿਵੇਂ ਪ੍ਰਾਪਤ ਕਰੀਏ
1 ਸਭਾਵਾਂ ਸਾਡੀ ਅਧਿਆਤਮਿਕ ਭਲਾਈ ਲਈ ਬਹੁਤ ਜ਼ਰੂਰੀ ਹਨ। ਸਭਾਵਾਂ ਤੋਂ ਅਸੀਂ ਜੋ ਖ਼ੁਸ਼ੀ ਪ੍ਰਾਪਤ ਕਰਦੇ ਹਾਂ ਉਸ ਦਾ ਸਿੱਧਾ ਸੰਬੰਧ ਇਸ ਗੱਲ ਨਾਲ ਹੈ ਕਿ ਅਸੀਂ ਸਭਾਵਾਂ ਤੋਂ ਪਹਿਲਾਂ, ਸਭਾਵਾਂ ਦੌਰਾਨ ਅਤੇ ਸਭਾਵਾਂ ਤੋਂ ਬਾਅਦ ਕੀ ਕਰਦੇ ਹਾਂ। ਅਸੀਂ ਸਭਾਵਾਂ ਵਿਚ ਹਾਜ਼ਰ ਹੋ ਕੇ ਵੱਧ ਤੋਂ ਵੱਧ ਖ਼ੁਸ਼ੀ ਮਾਣਨ ਲਈ ਆਪਣੀ ਅਤੇ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
2 ਸਭਾਵਾਂ ਤੋਂ ਪਹਿਲਾਂ: ਸਭਾਵਾਂ ਦੀ ਤਿਆਰੀ ਦਾ ਸਭਾਵਾਂ ਤੋਂ ਮਿਲਣ ਵਾਲੀ ਖ਼ੁਸ਼ੀ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ। ਜਦੋਂ ਅਸੀਂ ਸਾਰੇ ਹੀ ਚੰਗੀ ਤਿਆਰੀ ਕਰਦੇ ਹਾਂ, ਤਾਂ ਉਦੋਂ ਅਸੀਂ ਹੋਰ ਜ਼ਿਆਦਾ ਧਿਆਨ ਨਾਲ ਸੁਣਾਂਗੇ ਅਤੇ ਹਿੱਸਾ ਲਵਾਂਗੇ। ਇਸ ਤੋਂ ਇਲਾਵਾ, ਜਦੋਂ ਵੀ ਅਸੀਂ ਸਭਾ ਵਿਚ ਕੋਈ ਭਾਸ਼ਣ ਦਿੰਦੇ ਹਾਂ, ਤਾਂ ਸਾਨੂੰ ਇਸ ਦੀ ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਹਾਜ਼ਰੀਨ ਦੇ ਫ਼ਾਇਦੇ ਲਈ ਉਸ ਜਾਣਕਾਰੀ ਨੂੰ ਹਿਦਾਇਤਾਂ ਅਨੁਸਾਰ ਸਹੀ-ਸਹੀ ਪੇਸ਼ ਕਰ ਸਕੀਏ। ਸਾਨੂੰ ਚੰਗੀ ਤਰ੍ਹਾਂ ਰੀਹਰਸਲ ਕਰਨੀ ਚਾਹੀਦੀ ਹੈ। ਜਦੋਂ ਅਸੀਂ ਦਿਲਚਸਪ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਵਾਲੀਆਂ ਸਭਾਵਾਂ ਵਿਚ ਹਿੱਸਾ ਲੈਂਦੇ ਹਾਂ, ਤਾਂ ਇਸ ਨਾਲ ਹਰ ਕਿਸੇ ਨੂੰ ਲਾਭ ਮਿਲਦਾ ਹੈ ਅਤੇ ਸਾਡੀ ਤਰੱਕੀ ਸਭ ਦੇ ਸਾਮ੍ਹਣੇ ਜ਼ਾਹਰ ਹੋ ਜਾਂਦੀ ਹੈ ਤੇ ਸਾਨੂੰ ਬਹੁਤ ਆਨੰਦ ਮਿਲਦਾ ਹੈ।—1 ਤਿਮੋ. 4:15, 16.
3 ਸਭਾਵਾਂ ਦੌਰਾਨ: ਸਭਾਵਾਂ ਵਿਚ ਟਿੱਪਣੀਆਂ ਦੇਣ ਨਾਲ ਸਾਨੂੰ ਸਭਾਵਾਂ ਦਾ ਹੋਰ ਜ਼ਿਆਦਾ ਆਨੰਦ ਮਾਣਨ ਵਿਚ ਮਦਦ ਮਿਲ ਸਕਦੀ ਹੈ। ਜਿਨ੍ਹਾਂ ਭਾਸ਼ਣਾਂ ਵਿਚ ਹਾਜ਼ਰੀਨਾਂ ਨੇ ਵੀ ਹਿੱਸਾ ਲੈਣਾ ਹੁੰਦਾ ਹੈ, ਉਨ੍ਹਾਂ ਭਾਸ਼ਣਾਂ ਨੂੰ ਕਲੀਸਿਯਾ ਵਿਚ ਹਰੇਕ ਨੂੰ ਆਪਣੀ ਨਿੱਜੀ ਨਿਯੁਕਤੀ ਸਮਝ ਕੇ ਤਿਆਰ ਕਰਨਾ ਚਾਹੀਦਾ ਹੈ। ਸੰਖੇਪ ਵਿਚ ਅਤੇ ਵਿਸ਼ੇ ਅਨੁਸਾਰ ਦਿੱਤੀਆਂ ਗਈਆਂ ਟਿੱਪਣੀਆਂ ਅਕਸਰ ਸਭ ਤੋਂ ਜ਼ਿਆਦਾ ਅਸਰਦਾਰ ਹੁੰਦੀਆਂ ਹਨ। ਥੋੜ੍ਹੇ ਸ਼ਬਦਾਂ ਵਿਚ ਦੱਸੇ ਗਏ ਉਤਸ਼ਾਹਜਨਕ ਅਨੁਭਵ ਸਾਨੂੰ ਹੌਸਲਾ ਦੇ ਸਕਦੇ ਹਨ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਕਰ ਸਕਦੇ ਹਨ। ਇਸ ਲਈ ਜਦੋਂ ਵੀ ਪ੍ਰੋਗ੍ਰਾਮ ਵਿਚ ਅਨੁਭਵ ਦੱਸਣ ਲਈ ਕਿਹਾ ਜਾਂਦਾ ਹੈ, ਤਾਂ ਸਾਨੂੰ ਅਨੁਭਵ ਦੱਸਣ ਲਈ ਤਿਆਰ ਰਹਿਣਾ ਚਾਹੀਦਾ ਹੈ। (ਕਹਾ. 15:23; ਰਸੂ. 15:3) ਸਭਾ ਵਿਚ ਭਾਸ਼ਣ ਦਿੰਦੇ ਸਮੇਂ ਸਾਨੂੰ ਪੂਰੇ ਜੋਸ਼ ਅਤੇ ਵਿਸ਼ਵਾਸ ਨਾਲ ਬੋਲਣਾ ਚਾਹੀਦਾ ਹੈ ਤੇ ਭਾਸ਼ਣ ਨੂੰ ਦਿਲਚਸਪ, ਤਰਕਸ਼ੀਲ ਅਤੇ ਵਿਵਹਾਰਕ ਬਣਾਉਣਾ ਚਾਹੀਦਾ ਹੈ।
4 ਸਭਾਵਾਂ ਤੋਂ ਬਾਅਦ: ਦੂਜਿਆਂ ਨੂੰ ਮਿਲਣ, ਉਨ੍ਹਾਂ ਨਾਲ ਪਿਆਰ ਭਰੇ ਸ਼ਬਦ ਬੋਲਣ ਅਤੇ ਸਭਾ ਵਿਚ ਵਿਚਾਰੇ ਗਏ ਕੁਝ ਮੁੱਖ ਨੁਕਤਿਆਂ ਨੂੰ ਸਾਂਝਾ ਕਰਨ ਨਾਲ ਸਾਨੂੰ ਸਾਰਿਆਂ ਨੂੰ ਲਾਭ ਮਿਲੇਗਾ। ਨੌਜਵਾਨਾਂ, ਬਜ਼ੁਰਗਾਂ ਅਤੇ ਨਵੇਂ ਵਿਅਕਤੀਆਂ ਨੂੰ ਹਿੱਸਾ ਲੈਂਦੇ ਹੋਏ ਦੇਖ ਕੇ ਆਪਣੀ ਖ਼ੁਸ਼ੀ ਪ੍ਰਗਟ ਕਰਨ ਨਾਲ ਭਾਈਚਾਰੇ ਦਾ ਪ੍ਰੇਮ ਡੂੰਘਾ ਹੁੰਦਾ ਹੈ। ਜੇ ਕੁਝ ਭੈਣ-ਭਰਾ ਸਭਾਵਾਂ ਵਿਚ ਨਾ ਆ ਸਕਣ, ਤਾਂ ਉਨ੍ਹਾਂ ਦੀ ਨੁਕਤਾਚੀਨੀ ਕਰਨ ਦੀ ਬਜਾਇ ਸਾਨੂੰ ਸਭਾਵਾਂ ਵਿਚ ਹਾਜ਼ਰ ਹੋਣ ਨਾਲ ਮਿਲੀ ਖ਼ੁਸ਼ੀ ਉਨ੍ਹਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਸਭਾਵਾਂ ਵਿਚ ਹਾਜ਼ਰ ਹੋਣ ਲਈ ਉਤਸ਼ਾਹ ਮਿਲੇਗਾ।—ਇਬ. 10:24, 25.
5 ਆਓ ਅਸੀਂ ਇਕ ਦੂਜੇ ਦੀ ਹੌਸਲਾ-ਅਫ਼ਜ਼ਾਈ ਕਰਨ ਵਾਲੇ ਇਸ ਮਹੱਤਵਪੂਰਣ ਪ੍ਰਬੰਧ ਤੋਂ ਨਾ ਖੁੰਝੀਏ। (ਰੋਮੀ. 1:11, 12) ਆਪਣੇ ਵੱਲੋਂ ਪੂਰਾ ਜਤਨ ਕਰਨ ਦੁਆਰਾ, ਅਸੀਂ ਸਾਰੇ ਹੀ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਤੋਂ ਮਿਲਣ ਵਾਲੀ ਖ਼ੁਸ਼ੀ ਨੂੰ ਕਾਇਮ ਰੱਖ ਸਕਦੇ ਹਾਂ।