ਸਭਾਵਾਂ ਤੋਂ ਨੌਜਵਾਨਾਂ ਨੂੰ ਫ਼ਾਇਦਾ ਹੁੰਦਾ ਹੈ
1 “ਕਦੇ-ਕਦੇ ਮੈਂ ਸੋਚਦੀ ਹਾਂ ਕਿ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅਸੀਂ ਉਨ੍ਹਾਂ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਵਿਭਚਾਰ ਕਰਦੇ ਹਨ, ਨਸ਼ੀਲੀਆਂ ਦਵਾਈਆਂ ਲੈਂਦੇ ਹਨ ਅਤੇ ਸ਼ਰਾਬ ਪੀਂਦੇ ਹਨ।” ਕੀ ਤੁਹਾਨੂੰ ਵੀ ਇਸ ਕੁੜੀ ਵਾਂਗ ਇੱਦਾਂ ਹੀ ਲੱਗਦਾ ਹੈ? ਜੇ ਹਾਂ, ਤਾਂ ਫਿਰ ਤੁਹਾਡੇ ਖ਼ਿਆਲ ਵਿਚ ਇਨ੍ਹਾਂ ਬੁਰੀਆਂ ਗੱਲਾਂ ਤੋਂ ਬਚਣ ਵਿਚ ਕਿਹੜੀ ਚੀਜ਼ ਤੁਹਾਡੀ ਮਦਦ ਕਰੇਗੀ? ਇਸ ਦੇ ਲਈ ਮਜ਼ਬੂਤ ਨਿਹਚਾ ਦੀ ਲੋੜ ਹੈ ਕਿ ਸਿਰਫ਼ ਯਹੋਵਾਹ ਦੇ ਦੱਸੇ ਹੋਏ ਰਸਤੇ ਸਹੀ ਹਨ ਕਿਉਂਕਿ ਇਸ ਦੇ ਬਿਨਾਂ “ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ।” (ਇਬ. 11:6) ਸਭਾਵਾਂ ਵਿਚ ਆਉਣ ਨਾਲ ਤੁਹਾਡੀ ਮਸੀਹੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਬੁਰੀਆਂ ਗੱਲਾਂ ਤੋਂ ਬਚਣ ਦਾ ਤੁਹਾਡਾ ਇਰਾਦਾ ਹੋਰ ਵੀ ਪੱਕਾ ਹੋ ਜਾਂਦਾ ਹੈ।
2 ਸਭਾਵਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ: ਸਾਨੂੰ ਖਾਣਾ ਖਾਣ ਦਾ ਮਜ਼ਾ ਕਦੋਂ ਆਉਂਦਾ ਹੈ? ਜਦੋਂ ਅਸੀਂ ਆਪਣੇ ਦੋਸਤਾਂ ਨਾਲ ਬੈਠ ਕੇ ਖਾਂਦੇ ਹਾਂ। ਕੀ ਸ਼ਾਂਤ ਮਾਹੌਲ ਵਿਚ ਆਪਣੇ ਦੋਸਤਾਂ ਨਾਲ ਬੈਠ ਕੇ ਸੁਆਦੀ ਖਾਣਾ ਖਾਣ ਦਾ ਮਜ਼ਾ ਨਹੀਂ ਆਉਂਦਾ? ਇਹ ਗੱਲ ਸਾਡੀਆਂ ਸਭਾਵਾਂ ਬਾਰੇ ਵੀ ਸੱਚ ਹੈ ਕਿਉਂਕਿ ਸਭਾਵਾਂ ਵਿਚ ਬੈਠ ਕੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਅਧਿਆਤਮਿਕ ਖਾਣਾ ਖਾ ਸਕਦੇ ਹਾਂ।
3 ਸਭਾਵਾਂ ਵਿਚ ਜਿਨ੍ਹਾਂ ਗੱਲਾਂ ਤੇ ਚਰਚਾ ਕੀਤੀ ਜਾਂਦੀ ਹੈ ਉਨ੍ਹਾਂ ਤੋਂ ਸਾਨੂੰ ਫ਼ਾਇਦਾ ਹੁੰਦਾ ਹੈ। ਸਾਨੂੰ ਸਭਾਵਾਂ ਵਿਚ ਰੋਜ਼ਮੱਰਾ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਹੱਲ ਬਾਰੇ ਅਤੇ ਬਾਈਬਲ ਦੀਆਂ ਬਹੁਤ ਦਿਲਚਸਪ ਭਵਿੱਖਬਾਣੀਆਂ ਤੋਂ ਇਲਾਵਾ ਹੋਰ ਕਈ ਗੱਲਾਂ ਬਾਰੇ ਦੱਸਿਆ ਜਾਂਦਾ ਹੈ। ਜ਼ਿੰਦਗੀ ਨੂੰ ਕਿਵੇਂ ਸਭ ਤੋਂ ਵਧੀਆ ਤਰੀਕੇ ਨਾਲ ਜੀਉਣਾ ਹੈ ਅਤੇ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰਨਾ ਹੈ, ਇਸ ਬਾਰੇ ਵੀ ਸਾਨੂੰ ਢੁਕਵੀਂ ਸਲਾਹ ਦਿੱਤੀ ਜਾਂਦੀ ਹੈ। ਸਭਾਵਾਂ ਵਿਚ ਸਾਨੂੰ ਸਭ ਤੋਂ ਚੰਗੇ ਦੋਸਤ ਮਿਲਦੇ ਹਨ ਅਤੇ ਅਧਿਆਤਮਿਕ ਮਾਹੌਲ ਵਧੀਆ ਹੋਣ ਕਾਰਨ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। (ਜ਼ਬੂ. 133:1) ਤਾਂ ਫਿਰ, ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਜਦੋਂ ਇਕ ਕੁੜੀ ਨੇ ਕਿਹਾ: “ਮੈਂ ਸਾਰਾ ਦਿਨ ਸਕੂਲ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰ ਕਰ ਕੇ ਥੱਕ ਜਾਂਦੀ ਹਾਂ। ਪਰ ਸਭਾਵਾਂ ਵਿਚ ਜਾ ਕੇ ਮੈਨੂੰ ਅਜਿਹੀ ਤਾਜ਼ਗੀ ਮਿਲਦੀ ਹੈ ਜਿਵੇਂ ਰੇਗਿਸਤਾਨ ਵਿਚ ਪਿਆਸੇ ਨੂੰ ਪਾਣੀ ਮਿਲਣ ਤੇ ਮਿਲਦੀ ਹੈ। ਇਸੇ ਕਰਕੇ ਤਾਂ ਮੈਂ ਅਗਲੇ ਦਿਨ ਸਕੂਲ ਵਿਚਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਉਂਦੀ ਹਾਂ।” ਇਕ ਹੋਰ ਕੁੜੀ ਕਹਿੰਦੀ ਹੈ: “ਯਹੋਵਾਹ ਨੂੰ ਪਿਆਰ ਕਰਨ ਵਾਲੇ ਲੋਕਾਂ ਨਾਲ ਮੇਲ-ਜੋਲ ਰੱਖ ਕੇ ਮੈਨੂੰ ਉਸ ਦੇ ਨੇੜੇ ਰਹਿਣ ਵਿਚ ਮਦਦ ਮਿਲਦੀ ਹੈ।”
4 ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਨਾਂ ਲਿਖਵਾਉਣ ਨਾਲ ਤੁਸੀਂ ਬਾਈਬਲ ਵਿਚਲੀ ਜਾਣਕਾਰੀ ਇਕੱਠੀ ਕਰਨੀ ਸਿੱਖਦੇ ਹੋ। ਫਿਰ ਤੁਸੀਂ ਭਾਸ਼ਣ ਤਿਆਰ ਕਰ ਕੇ ਉਸ ਨੂੰ ਕਿੰਗਡਮ ਹਾਲ ਵਿਚ ਚੰਗੇ ਤਰੀਕੇ ਨਾਲ ਦੇਣਾ ਸਿੱਖਦੇ ਹੋ। ਜ਼ਰਾ ਸੋਚੋ ਕਿ ਅਜਿਹੀ ਸਿਖਲਾਈ ਲੈ ਕੇ ਤੁਸੀਂ ਲੋਕਾਂ ਨੂੰ ਬਾਈਬਲ ਵਿੱਚੋਂ ਅਜਿਹੀਆਂ ਗੱਲਾਂ ਸਿਖਾਉਣ ਦੇ ਕਾਬਲ ਬਣਦੇ ਹੋ ਜਿਨ੍ਹਾਂ ਤੋਂ ਉਨ੍ਹਾਂ ਨੂੰ ਜ਼ਿੰਦਗੀ ਭਰ ਫ਼ਾਇਦਾ ਹੋਵੇਗਾ! ਭਲਾ ਨੌਜਵਾਨਾਂ ਨੂੰ ਅਜਿਹੀ ਬਹੁਮੁੱਲੀ ਸਿਖਲਾਈ ਹੋਰ ਕਿੱਥੋਂ ਮਿਲ ਸਕਦੀ ਹੈ?
5 ਸਭਾਵਾਂ ਤੋਂ ਪੂਰਾ-ਪੂਰਾ ਫ਼ਾਇਦਾ ਕਿਵੇਂ ਉਠਾਈਏ: ਸਭਾਵਾਂ ਤੋਂ ਜ਼ਿਆਦਾ ਫ਼ਾਇਦਾ ਉਠਾਉਣ ਲਈ ਸਾਨੂੰ ਤਿੰਨ ਕੰਮ ਕਰਨ ਦੀ ਲੋੜ ਹੈ। ਇਹ ਹਨ ਤਿਆਰੀ ਕਰਨੀ, ਹਿੱਸਾ ਲੈਣਾ ਅਤੇ ਪ੍ਰੈਕਟਿਸ ਕਰਨੀ।
6 ਪਹਿਲਾਂ ਤੋਂ ਤਿਆਰੀ ਕਰੋ: ਸਭਾਵਾਂ ਦੀ ਤਿਆਰੀ ਕਰਨ ਲਈ ਇਕ ਸਮਾਂ-ਸਾਰਣੀ ਬਣਾਉਣੀ ਬੜੀ ਜ਼ਰੂਰੀ ਹੈ। ਅਜਿਹਾ ਨਾ ਹੋਵੇ ਕਿ ਸਕੂਲ ਦਾ ਕੰਮ, ਨੌਕਰੀ ਜਾਂ ਦਿਲ-ਪਰਚਾਵਾ ਹੀ ਤੁਹਾਡਾ ਪੂਰਾ ਸਮਾਂ ਲੈ ਲਵੇ ਅਤੇ ਤਿਆਰੀ ਕਰਨ ਲਈ ਤੁਹਾਡੇ ਕੋਲ ਸਮਾਂ ਹੀ ਨਾ ਬਚੇ। ਤਿਆਰੀ ਕਰਨ ਦੀ ਚੰਗੀ ਆਦਤ ਪਾਓ। ਸਭ ਤੋਂ ਪਹਿਲਾਂ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਚਰਚਾ ਕੀਤੇ ਜਾਂਦੇ ਹਫ਼ਤਾਵਾਰ ਬਾਈਬਲ ਪਠਨ ਨੂੰ ਪੜ੍ਹੋ। ਇਸ ਨੂੰ ਪੜ੍ਹਨ ਵਿਚ ਥੋੜ੍ਹਾ ਹੀ ਸਮਾਂ ਲੱਗਦਾ ਹੈ। ਬਾਅਦ ਵਿਚ ਇਸ ਤੇ ਧਿਆਨ ਨਾਲ ਸੋਚੋ। ਕਲੀਸਿਯਾ ਪੁਸਤਕ ਅਧਿਐਨ ਅਤੇ ਪਹਿਰਾਬੁਰਜ ਦੀ ਤਿਆਰੀ ਲਈ ਵੀ ਸਮਾਂ ਕੱਢੋ। ਕੁਝ ਭੈਣ-ਭਰਾ ਇਨ੍ਹਾਂ ਦੀ ਤਿਆਰੀ ਸਭਾ ਤੋਂ ਇਕ ਜਾਂ ਦੋ ਦਿਨ ਪਹਿਲਾਂ ਕਰ ਲੈਂਦੇ ਹਨ। ਜੇ ਹੋ ਸਕੇ, ਤਾਂ ਹਰ ਹਫ਼ਤੇ ਸੇਵਾ ਸਭਾ ਦੀ ਤਿਆਰੀ ਵੀ ਇਵੇਂ ਹੀ ਕਰੋ।
7 ਹਿੱਸਾ ਲਓ: ਬਾਈਬਲ ਦੱਸਦੀ ਹੈ ਕਿ ਜਦੋਂ ਯਿਸੂ 12 ਸਾਲ ਦਾ ਸੀ, ਤਾਂ ਉਹ ਹੈਕਲ ਵਿਚ ਗੁਰੂਆਂ ਨਾਲ ਬੈਠਾ ਮਿਲਿਆ। ਉਹ ਗੁਰੂਆਂ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਨ੍ਹਾਂ ਨਾਲ ਸਵਾਲ-ਜਵਾਬ ਕਰ ਰਿਹਾ ਸੀ। (ਲੂਕਾ 2:46, 47) ਦੂਜੇ ਲਫ਼ਜ਼ਾਂ ਵਿਚ ਉਹ ਪੂਰੀ ਤਰ੍ਹਾਂ ਨਾਲ ਰੁੱਝਾ ਹੋਇਆ ਸੀ। ਇਵੇਂ ਹੀ ਜੇ ਤੁਸੀਂ ਵੀ ਸਭਾਵਾਂ ਵਿਚ ਹਿੱਸਾ ਲੈਣ ਲਈ ਤਨ-ਮਨ ਨਾਲ ਜਤਨ ਕਰਦੇ ਹੋ, ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਫ਼ਾਇਦਾ ਹੋਵੇਗਾ।—ਕਹਾ. 15:23.
8 ਸਭਾਵਾਂ ਵਿਚ ਸਿਖਾਈਆਂ ਜਾ ਰਹੀਆਂ ਗੱਲਾਂ ਤੇ ਤੁਹਾਨੂੰ ਆਪਣਾ ਪੂਰਾ-ਪੂਰਾ ਧਿਆਨ ਲਾਉਣ ਦੀ ਲੋੜ ਹੈ। ਕਦੇ-ਕਦੇ ਭਾਸ਼ਣ ਸੁਣਨ ਨਾਲੋਂ ਭਾਸ਼ਣ ਦੇਣਾ ਸੌਖਾ ਹੁੰਦਾ ਹੈ। ਕਿਉਂ? ਕਿਉਂਕਿ ਜਦੋਂ ਕੋਈ ਹੋਰ ਬੋਲ ਰਿਹਾ ਹੁੰਦਾ ਹੈ, ਤਾਂ ਤੁਹਾਡਾ ਮਨ ਇੱਧਰ-ਉੱਧਰ ਭਟਕ ਸਕਦਾ ਹੈ। ਤੁਸੀਂ ਧਿਆਨ ਲਾ ਕੇ ਕਿਵੇਂ ਸੁਣ ਸਕਦੇ ਹੋ? ਨੋਟ ਲੈਣ ਦੁਆਰਾ। ਭਾਸ਼ਣ ਦੇ ਖ਼ਾਸ ਮੁੱਦੇ ਲਿਖਣ ਨਾਲ ਤੁਸੀਂ ਉਨ੍ਹਾਂ ਨੂੰ ਬਾਅਦ ਵਿਚ ਪੜ੍ਹ ਸਕਦੇ ਹੋ। ਨੋਟ ਲੈਣ ਨਾਲ ਤੁਸੀਂ ਧਿਆਨ ਨਾਲ ਪ੍ਰੋਗ੍ਰਾਮ ਸੁਣ ਸਕੋਗੇ। ਭਾਸ਼ਣਕਾਰ ਦੇ ਨਾਲ-ਨਾਲ ਆਇਤਾਂ ਨੂੰ ਵੀ ਪੜ੍ਹੋ।
9 ਇਸ ਤੋਂ ਇਲਾਵਾ, ਇਹ ਗੱਲ ਠਾਣ ਲਓ ਕਿ ਤੁਸੀਂ ਸਭਾਵਾਂ ਦੌਰਾਨ ਹਰ ਸਵਾਲ-ਜਵਾਬ ਵਿਚ ਹਿੱਸਾ ਲਓਗੇ। ਜੇ ਤੁਸੀਂ ਸੋਚ-ਸਮਝ ਕੇ ਬੋਲੋਗੇ, ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਫ਼ਾਇਦਾ ਹੋਵੇਗਾ। ਕਹਾਉਤਾਂ 15:28 ਕਹਿੰਦਾ ਹੈ: “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦੇ ਮੂੰਹੋਂ ਬੁਰੀਆਂ ਗੱਪਾਂ ਉੱਛਲਦੀਆਂ ਹਨ।”
10 ਸਿੱਖੀਆਂ ਗੱਲਾਂ ਤੇ ਅਮਲ ਕਰੋ: ਆਖ਼ਰ ਵਿਚ ਯਕੀਨੀ ਹੋਵੋ ਕਿ ਜੋ ਗੱਲਾਂ ਤੁਸੀਂ ਸਿੱਖੀਆਂ ਹਨ ਉਹ ‘ਤੁਹਾਡੇ ਵਿੱਚ ਕੰਮ ਕਰਦੀਆਂ ਹਨ।’ (1 ਥੱਸ. 2:13) ਇਨ੍ਹਾਂ ਸਿੱਖੀਆਂ ਹੋਈਆਂ ਚੰਗੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਤੁਸੀਂ ਯਹੋਵਾਹ ਪਰਮੇਸ਼ੁਰ ਦੇ ਹੋਰ ਨੇੜੇ ਆ ਜਾਓਗੇ। ਜੇ ਤੁਸੀਂ “ਸਚਿਆਈ ਉੱਤੇ ਚੱਲਦੇ” ਰਹੋਗੇ ਅਤੇ ਇਸ ਨੂੰ ਆਪਣਾ ਬਣਾਓਗੇ, ਤਾਂ ਪਰਮੇਸ਼ੁਰ ਤੁਹਾਡੇ ਲਈ ਅਸਲੀ ਹੋ ਜਾਵੇਗਾ ਅਤੇ ਤੁਹਾਨੂੰ ਬੜੀ ਖ਼ੁਸ਼ੀ ਤੇ ਤਸੱਲੀ ਮਿਲੇਗੀ।—3 ਯੂਹੰ. 4.
11 ਨੌਜਵਾਨ ਭੈਣੋ-ਭਰਾਵੋ, ਜੇ ਤੁਸੀਂ ਬਾਕਾਇਦਾ ਸਭਾਵਾਂ ਦੀ ਤਿਆਰੀ ਕਰਦੇ ਹੋ, ਇਨ੍ਹਾਂ ਵਿਚ ਹਿੱਸਾ ਲੈਂਦੇ ਹੋ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਹੋ, ਤਾਂ ਤੁਸੀਂ ਸਭਾਵਾਂ ਦਾ ਪੂਰਾ ਮਜ਼ਾ ਉਠਾ ਸਕੋਗੇ। ਦੂਜੇ ਪਾਸੇ ਤੁਸੀਂ ਇਨ੍ਹਾਂ ਤੋਂ ਪੂਰਾ-ਪੂਰਾ ਫ਼ਾਇਦਾ ਉਠਾ ਸਕੋਗੇ। ਇਸ ਤਰ੍ਹਾਂ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਤੁਹਾਡਾ ਆਪਣੇ ਸਵਰਗੀ ਪਿਤਾ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਇਰਾਦਾ ਹੋਰ ਵੀ ਪੱਕਾ ਹੋ ਜਾਵੇਗਾ।—ਜ਼ਬੂ. 145:18.