ਚੰਗੇ ਆਚਰਣ ਦੁਆਰਾ ਗਵਾਹੀ ਦੇਣਾ
1 ਅੱਜ ਦੇ ਇਜਾਜ਼ਤੀ ਸਮਾਜ ਵਿਚ, ਬਹੁਤ ਸਾਰੇ ਨੌਜਵਾਨ ਬਿਨਾਂ ਸੋਚੇ-ਸਮਝੇ ਆਪਣੇ ਜੀਵਨ ਨੂੰ ਨਸ਼ੀਲੀਆਂ ਦਵਾਈਆਂ, ਅਨੈਤਿਕਤਾ, ਬਗਾਵਤ, ਅਤੇ ਹਿੰਸਾ ਦੇ ਕਾਰਨ ਬਰਬਾਦ ਕਰ ਦਿੰਦੇ ਹਨ। ਇਸ ਦੇ ਉਲਟ, ਮਸੀਹੀ ਕਲੀਸਿਯਾ ਵਿਚ ਨੈਤਿਕ ਪੱਖੋਂ ਗੁਣਕਾਰੀ ਨੌਜਵਾਨਾਂ ਦਾ ਮਿਸਾਲੀ ਆਚਰਣ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ ਅਤੇ ਇਹ ਮਿਸਾਲੀ ਆਚਰਣ ਯਹੋਵਾਹ ਦੀ ਨਜ਼ਰ ਵਿਚ ਯਕੀਨਨ ਇਕ ਬਹੁਤ ਸੁੰਦਰ ਗੁਣ ਹੈ। ਇਹ ਇਕ ਜ਼ਬਰਦਸਤ ਗਵਾਹੀ ਦਿੰਦਾ ਹੈ ਜੋ ਦੂਜਿਆਂ ਨੂੰ ਸੱਚਾਈ ਵੱਲ ਖਿੱਚ ਸਕਦਾ ਹੈ।—1 ਪਤ. 2:12.
2 ਬਹੁਤ ਸਾਰੇ ਅਨੁਭਵ ਦਿਖਾਉਂਦੇ ਹਨ ਕਿ ਮਸੀਹੀ ਨੌਜਵਾਨਾਂ ਦਾ ਚੰਗਾ ਆਚਰਣ, ਦੇਖਣ ਵਾਲਿਆਂ ਉੱਤੇ ਚੰਗਾ ਅਸਰ ਪਾਉਂਦਾ ਹੈ। ਇਕ ਸਕੂਲ ਦੀ ਅਧਿਆਪਕਾ ਨੇ ਇਕ ਨੌਜਵਾਨ ਗਵਾਹ ਜੋ ਉਸ ਦੀ ਵਿਦਿਆਰਥਣ ਸੀ, ਬਾਰੇ ਗੱਲ ਕਰਦੇ ਹੋਏ ਆਪਣੀ ਪੂਰੀ ਕਲਾਸ ਨੂੰ ਦੱਸਿਆ ਕਿ ਇਸ ਕੁੜੀ ਦਾ ਪਰਮੇਸ਼ੁਰ, ਯਹੋਵਾਹ, ਹੀ ਸੱਚਾ ਪਰਮੇਸ਼ੁਰ ਹੈ। ਉਸ ਨੇ ਇੰਜ ਇਸ ਲਈ ਕਿਹਾ ਕਿਉਂਕਿ ਇਸ ਕੁੜੀ ਦਾ ਵਤੀਰਾ ਹਮੇਸ਼ਾ ਆਦਰ ਭਰਿਆ ਹੁੰਦਾ ਹੈ। ਇਕ ਹੋਰ ਅਧਿਆਪਕ ਨੇ ਸੰਸਥਾ ਨੂੰ ਲਿਖਦੇ ਹੋਏ ਕਿਹਾ: “ਮੈਂ ਉਨ੍ਹਾਂ ਸਦਾਚਾਰੀ ਨੌਜਵਾਨਾਂ ਲਈ ਤੁਹਾਡੀ ਸ਼ਲਾਘਾ ਕਰਨੀ ਚਾਹੁੰਦਾ ਹਾਂ ਜੋ ਤੁਹਾਡੇ ਧਰਮ ਵਿਚ ਹਨ। . . . ਤੁਹਾਡੇ ਨੌਜਵਾਨ ਸੱਚ-ਮੁੱਚ ਮਿਸਾਲੀ ਹਨ। ਉਹ ਆਪਣੇ ਵੱਡਿਆਂ ਦਾ ਆਦਰ ਕਰਦੇ ਹਨ, ਸੁਸ਼ੀਲ ਹਨ, ਅਤੇ ਉਨ੍ਹਾਂ ਦਾ ਪਹਿਰਾਵਾ ਚੰਗਾ ਹੁੰਦਾ ਹੈ। ਅਤੇ ਉਨ੍ਹਾਂ ਨੂੰ ਆਪਣੀ ਬਾਈਬਲ ਦਾ ਕਿੰਨਾ ਜ਼ਿਆਦਾ ਗਿਆਨ ਹੈ! ਇਸੇ ਨੂੰ ਧਰਮ ਆਖਦੇ ਹਨ!”
3 ਇਕ ਹੋਰ ਸਕੂਲ ਦੀ ਅਧਿਆਪਕਾ ਆਪਣੀ ਕਲਾਸ ਦੇ ਸੱਤ-ਸਾਲਾ ਗਵਾਹ ਦੇ ਚੰਗੇ ਆਚਰਣ ਤੋਂ ਕਾਫ਼ੀ ਪ੍ਰਭਾਵਿਤ ਹੋਈ। ਉਹ ਇਸ ਮੁੰਡੇ ਦੇ ਨਰਮ ਅਤੇ ਮਨਮੋਹਣੇ ਸੁਭਾਅ, ਜੋ ਉਸ ਨੂੰ ਦੂਜੇ ਮੁੰਡਿਆਂ ਤੋਂ ਵਖਰਿਆਉਂਦਾ ਸੀ, ਵੱਲ ਖਿੱਚੀ ਗਈ। ਉਹ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਈ ਕਿ ਮੁੰਡਾ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਮਾਮਲੇ ਵਿਚ ਬਹੁਤ ਸੰਜੀਦਾ ਸੀ—ਉਹ ਆਪਣੇ ਵਿਸ਼ਵਾਸਾਂ ਕਾਰਨ ਦੂਜਿਆਂ ਤੋਂ ਵੱਖਰਾ ਨਜ਼ਰ ਆਉਣ ਤੇ ਸ਼ਰਮਿੰਦਾ ਨਹੀਂ ਸੀ। ਉਹ ਦੇਖ ਸਕਦੀ ਸੀ ਕਿ ਉਸ ਦਾ ਅੰਤਹਕਰਣ ਚੰਗੀ ਤਰ੍ਹਾਂ ਸਿੱਖਿਅਤ ਸੀ ਅਤੇ ਕਿ ਉਹ “ਭਲੇ ਬੁਰੇ ਦੀ ਜਾਚ ਕਰਨ” ਦੀ ਯੋਗਤਾ ਰੱਖਦਾ ਸੀ। (ਇਬ. 5:14) ਬਾਅਦ ਵਿਚ, ਇਸ ਮੁੰਡੇ ਦੀ ਮਾਂ ਇਸ ਅਧਿਆਪਕਾ ਨੂੰ ਮਿਲੀ, ਅਤੇ ਇਕ ਬਾਈਬਲ ਅਧਿਐਨ ਸ਼ੁਰੂ ਕੀਤਾ। ਆਖ਼ਰ, ਇਸ ਅਧਿਆਪਕਾ ਨੇ ਬਪਤਿਸਮਾ ਲਿਆ ਅਤੇ ਬਾਅਦ ਵਿਚ ਇਕ ਨਿਯਮਿਤ ਪਾਇਨੀਅਰ ਬਣੀ!
4 ਇਕ ਜਵਾਨ ਆਦਮੀ ਆਪਣੇ ਸਕੂਲ ਵਿਚ ਇਕ ਗਵਾਹ ਦੇ ਚੰਗੇ ਆਚਰਣ ਤੋਂ ਪ੍ਰਭਾਵਿਤ ਹੋਇਆ ਸੀ। ਉਹ ਸੱਚ-ਮੁੱਚ ਵੱਖਰੀ ਸੀ—ਉਹ ਬਹੁਤ ਹੀ ਸੁਸ਼ੀਲ ਅਤੇ ਮਿਹਨਤੀ ਸੀ, ਅਤੇ ਉਸ ਦਾ ਪਹਿਰਾਵਾ ਹਮੇਸ਼ਾ ਚੰਗਾ ਹੁੰਦਾ ਸੀ; ਨਾਲੇ, ਦੂਜੀਆਂ ਕੁੜੀਆਂ ਦੇ ਉਲਟ, ਉਹ ਕਦੀ ਵੀ ਮੁੰਡਿਆਂ ਨਾਲ ਅੱਖ ਮਟੱਕਾ ਨਹੀਂ ਕਰਦੀ ਸੀ। ਉਹ ਦੇਖ ਸਕਦਾ ਸੀ ਕਿ ਉਹ ਬਾਈਬਲ ਦੇ ਸਿਧਾਂਤਾਂ ਅਨੁਸਾਰ ਜੀ ਰਹੀ ਸੀ। ਇਸ ਜਵਾਨ ਆਦਮੀ ਨੇ ਉਸ ਨੂੰ ਉਸ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਸਵਾਲ ਪੁੱਛੇ ਅਤੇ ਜੋ ਕੁਝ ਉਸ ਨੇ ਸਿੱਖਿਆ ਉਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਅਧਿਐਨ ਕਰਨਾ ਸ਼ੁਰੂ ਕੀਤਾ, ਛੇਤੀ ਹੀ ਬਪਤਿਸਮਾ ਲੈ ਲਿਆ, ਅਤੇ ਆਖ਼ਰਕਾਰ ਪਾਇਨੀਅਰ ਸੇਵਕਾਈ ਅਤੇ ਬੈਥਲ ਸੇਵਾ ਵਿਚ ਹਿੱਸਾ ਲਿਆ।
5 ਜੇਕਰ ਤੁਸੀਂ ਇਕ ਜਵਾਨ ਮਸੀਹੀ ਹੋ ਜੋ ਦੂਜਿਆਂ ਨੂੰ ਚੰਗੀ ਗਵਾਹੀ ਦੇਣੀ ਚਾਹੁੰਦੇ ਹੋ, ਤਾਂ ਹਰ ਤਰੀਕੇ ਨਾਲ ਆਪਣੇ ਆਚਰਣ ਦੀ ਚੌਕਸੀ ਕਰੋ। ਕਦੀ ਵੀ ਸੰਸਾਰ ਦੇ ਇਜਾਜ਼ਤੀ ਰਵੱਈਏ, ਦ੍ਰਿਸ਼ਟੀਕੋਣ, ਜਾਂ ਜੀਵਨ-ਢੰਗ ਵੱਲ ਆਕਰਸ਼ਿਤ ਹੋਣ ਦੁਆਰਾ ਆਪਣੀ ਚੌਕਸੀ ਨੂੰ ਢਿੱਲਾ ਨਾ ਪੈਣ ਦਿਓ। ਨਾ ਕੇਵਲ ਕਲੀਸਿਯਾ ਸਭਾਵਾਂ ਵਿਚ ਅਤੇ ਖੇਤਰ ਸੇਵਕਾਈ ਵਿਚ ਹਿੱਸਾ ਲੈਂਦੇ ਸਮੇਂ, ਬਲਕਿ ਸਕੂਲ ਵਿਚ ਅਤੇ ਮਨੋਰੰਜਨ ਕਰਦੇ ਸਮੇਂ ਵੀ ਆਪਣੀ ਬੋਲੀ, ਪਹਿਰਾਵੇ, ਅਤੇ ਸ਼ਿੰਗਾਰ ਵਿਚ ਉੱਚ ਮਿਸਾਲ ਕਾਇਮ ਕਰੋ। (1 ਤਿਮੋ. 4:12) ਤੁਹਾਨੂੰ ਉਦੋਂ ਸੱਚੀ ਖ਼ੁਸ਼ੀ ਮਿਲੇਗੀ ਜਦੋਂ ਕੋਈ ਵਿਅਕਤੀ ਸੱਚਾਈ ਵਿਚ ਇਸ ਕਰਕੇ ਦਿਲਚਸਪੀ ਲੈਂਦਾ ਹੈ, ਕਿਉਂਕਿ ਤੁਸੀਂ ਆਪਣੇ ਚੰਗੇ ਆਚਰਣ ਦੁਆਰਾ ‘ਆਪਣੇ ਚਾਨਣ ਨੂੰ ਚਮਕਣ’ ਦਿੱਤਾ ਹੈ।—ਮੱਤੀ 5:16.