ਨੌਜਵਾਨ ਜੋ ਜੋਤਾਂ ਵਾਂਗ ਦਿੱਸਦੇ ਹਨ
1. ਬਾਈਬਲ ਕਿਵੇਂ ਸੰਕੇਤ ਕਰਦੀ ਹੈ ਕਿ ਮਸੀਹੀ ਵੱਖਰੇ ਨਜ਼ਰ ਆਉਣਗੇ ਅਤੇ ਇਹ ਸ਼ਬਦ ਅੱਜ ਮਸੀਹੀ ਨੌਜਵਾਨਾਂ ਤੇ ਕਿਵੇਂ ਲਾਗੂ ਹੁੰਦੇ ਹਨ?
1 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਸੀਂ ਜਗਤ ਦੇ ਚਾਨਣ ਹੋ।” (ਮੱਤੀ 5:14, 16) ਜਿਵੇਂ ਪਹਾੜੀ ਦੀ ਟੀਸੀ ਉੱਤੇ ਬਣਿਆ ਨਗਰ ਸੂਰਜ ਦੀ ਰੌਸ਼ਨੀ ਵਿਚ ਚਮਕਦਾ ਦਿਖਾਈ ਦਿੰਦਾ ਹੈ, ਉਸੇ ਤਰ੍ਹਾਂ ਮਸੀਹੀ ਨੌਜਵਾਨ ਹੋਰਨਾਂ ਤੋਂ ਵੱਖਰੇ ਨਜ਼ਰ ਆਉਂਦੇ ਹਨ। ਉਹ ਆਪਣੇ ਨੇਕ ਚਾਲ-ਚਲਣ ਅਤੇ ਜੋਸ਼ ਨਾਲ ਪ੍ਰਚਾਰ ਦਾ ਕੰਮ ਕਰਨ ਕਰਕੇ “ਜਗਤ ਉੱਤੇ ਜੋਤਾਂ ਵਾਂਙੁ ਦਿੱਸਦੇ” ਹਨ।—ਫ਼ਿਲਿ. 2:15; ਮਲਾ. 3:18.
2. ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਅਧਿਆਪਕਾਂ ਅਤੇ ਸਹਿਪਾਠੀਆਂ ਨੂੰ ਗਵਾਹੀ ਦੇ ਸਕਦੇ ਹੋ?
2 ਸਕੂਲ ਵਿਚ: ਤੁਸੀਂ ਸਕੂਲ ਵਿਚ ਗਵਾਹੀ ਕਿਵੇਂ ਦੇ ਸਕਦੇ ਹੋ? ਕੁਝ ਨੌਜਵਾਨਾਂ ਨੇ ਕਲਾਸ ਵਿਚ ਨਸ਼ਿਆਂ, ਕ੍ਰਮ-ਵਿਕਾਸ ਅਤੇ ਕੁਦਰਤੀ ਆਫ਼ਤਾਂ ਆਦਿ ਵਿਸ਼ਿਆਂ ਉੱਤੇ ਕੀਤੀ ਜਾਂਦੀ ਚਰਚਾ ਦਾ ਲਾਹਾ ਲਿਆ ਹੈ। ਇਕ ਭੈਣ ਨੇ ਅੱਤਵਾਦ ਉੱਤੇ ਲੇਖ ਲਿਖ ਕੇ ਗਵਾਹੀ ਦਿੱਤੀ ਕਿ ਪਰਮੇਸ਼ੁਰ ਦਾ ਰਾਜ ਹੀ ਇਸ ਸਮੱਸਿਆ ਨੂੰ ਹੱਲ ਕਰ ਸਕਦਾ ਹੈ। ਸੋਚ-ਸਮਝ ਕੇ ਲਿਖੇ ਇਸ ਲੇਖ ਤੋਂ ਉਸ ਦੀ ਅਧਿਆਪਕਾ ਬਹੁਤ ਪ੍ਰਭਾਵਿਤ ਹੋਈ ਤੇ ਇਸ ਤਰ੍ਹਾਂ ਭੈਣ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਅਧਿਆਪਕਾ ਨਾਲ ਅੱਗੋਂ ਗੱਲਬਾਤ ਕਰਨ ਦਾ ਮੌਕਾ ਮਿਲ ਗਿਆ।
3. ਸਕੂਲ ਵਿਚ ਆਪਣੇ ਚਾਲ-ਚਲਣ ਦੇ ਜ਼ਰੀਏ ਤੁਸੀਂ ਆਪਣਾ ਚਾਨਣ ਕਿਵੇਂ ਚਮਕਾ ਸਕਦੇ ਹੋ?
3 ਆਪਣੇ ਚਾਲ-ਚਲਣ, ਢੁਕਵੇਂ ਕੱਪੜਿਆਂ ਅਤੇ ਹਾਰ-ਸ਼ਿੰਗਾਰ ਦੁਆਰਾ ਵੀ ਤੁਸੀਂ ਆਪਣਾ ਚਾਨਣ ਚਮਕਾ ਸਕਦੇ ਹੋ। (1 ਕੁਰਿੰ. 4:9; 1 ਤਿਮੋ. 2:9) ਜਦੋਂ ਵਿਦਿਆਰਥੀ ਅਤੇ ਅਧਿਆਪਕ ਦੇਖਣਗੇ ਕਿ ਤੁਹਾਡਾ ਚੱਜ-ਆਚਾਰ ਹੋਰਨਾਂ ਤੋਂ ਵੱਖਰਾ ਹੈ, ਤਾਂ ਕੁਝ ਸ਼ਾਇਦ ਤੁਹਾਡੇ ਚੰਗੇ ਚਾਲ-ਚਲਣ ਕਾਰਨ ਸੱਚਾਈ ਵੱਲ ਖਿੱਚੇ ਜਾਣ ਅਤੇ ਤੁਹਾਨੂੰ ਉਨ੍ਹਾਂ ਨਾਲ ਬਾਈਬਲ ਵਿੱਚੋਂ ਸੱਚਾਈਆਂ ਸਾਂਝੀਆਂ ਕਰਨ ਦਾ ਮੌਕਾ ਮਿਲ ਜਾਵੇ। (1 ਪਤ. 2:12; 3:1, 2) ਇਹ ਠੀਕ ਹੈ ਕਿ ਚੰਗਾ ਚਾਲ-ਚਲਣ ਰੱਖਣਾ ਕੋਈ ਸੌਖੀ ਗੱਲ ਨਹੀਂ ਹੈ, ਪਰ ਯਹੋਵਾਹ ਇਸ ਕਾਰਨ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਦੇਵੇਗਾ। (1 ਪਤ. 3:16, 17; 4:14) ਖ਼ੁਸ਼ ਖ਼ਬਰੀ ਵਿਚ ਹੋਰਨਾਂ ਦੀ ਰੁਚੀ ਜਗਾਉਣ ਲਈ ਤੁਸੀਂ ਅੱਧੀ ਛੁੱਟੀ ਵੇਲੇ ਕੋਈ ਪ੍ਰਕਾਸ਼ਨ ਪੜ੍ਹ ਸਕਦੇ ਹੋ ਜਾਂ ਇਸ ਨੂੰ ਅਜਿਹੀ ਥਾਂ ਤੇ ਰੱਖ ਸਕਦੇ ਹੋ ਜਿੱਥੇ ਇਹ ਹੋਰਨਾਂ ਨੂੰ ਨਜ਼ਰ ਆਵੇ।
4. ਸਕੂਲ ਵਿਚ ਗਵਾਹੀ ਦੇਣ ਦੇ ਕਿਹੜੇ ਕੁਝ ਫ਼ਾਇਦੇ ਹਨ?
4 ਸਕੂਲ ਵਿਚ ਆਪਣਾ ਚਾਨਣ ਚਮਕਾਉਣ ਨਾਲ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ ਤੇ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਤੇ ਫ਼ਖ਼ਰ ਹੋਵੇਗਾ। (ਯਿਰ. 9:24) ਇਸ ਨਾਲ ਤੁਹਾਡੀ ਰਾਖੀ ਵੀ ਹੋਵੇਗੀ। ਇਕ ਭੈਣ ਨੇ ਕਿਹਾ, “ਵਿਦਿਆਰਥੀਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਦਾ ਇਕ ਫ਼ਾਇਦਾ ਇਹ ਹੈ ਕਿ ਉਹ ਮੇਰੇ ਉੱਤੇ ਅਜਿਹੇ ਕੰਮ ਕਰਨ ਦਾ ਦਬਾਅ ਨਹੀਂ ਪਾਉਂਦੇ ਜੋ ਬਾਈਬਲ ਅਨੁਸਾਰ ਗ਼ਲਤ ਹਨ।”
5. (ੳ) ਕੁਝ ਨੌਜਵਾਨ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਿਵੇਂ ਕਰ ਰਹੇ ਹਨ? (ਅ) ਤੁਸੀਂ ਕਿਹੜੇ ਟੀਚੇ ਰੱਖੇ ਹਨ?
5 ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰਨੀ: ਬਹੁਤ ਸਾਰੇ ਨੌਜਵਾਨ ਜ਼ਿਆਦਾ ਸੇਵਾ ਕਰ ਕੇ ਆਪਣਾ ਚਾਨਣ ਚਮਕਾ ਰਹੇ ਹਨ। ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਇਕ ਨੌਜਵਾਨ ਉਸ ਜਗ੍ਹਾ ਪ੍ਰਚਾਰ ਕਰਨ ਲਈ ਚਲੇ ਗਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਉਹ ਇਕ ਛੋਟੀ ਜਿਹੀ ਕਲੀਸਿਯਾ ਵਿਚ ਗਿਆ ਜਿੱਥੇ ਸਿਰਫ਼ ਇਕ ਬਜ਼ੁਰਗ ਸੀ। ਉਸ ਨੇ ਆਪਣੇ ਦੋਸਤ ਨੂੰ ਲਿਖਿਆ, “ਮੈਂ ਇੱਥੇ ਬਹੁਤ ਹੀ ਖ਼ੁਸ਼ ਹਾਂ। ਇੱਥੇ ਸੇਵਾ ਕਰਨ ਦਾ ਕੁਝ ਅਲੱਗ ਹੀ ਮਜ਼ਾ ਹੈ। ਲੋਕ ਸਾਡੀ ਗੱਲ ਸੁਣਨ ਲਈ ਉਤਾਵਲੇ ਹਨ ਅਤੇ ਹਰ ਘਰ ਵਿਚ ਅਸੀਂ 15-20 ਮਿੰਟ ਗੱਲਾਂ ਕਰਦੇ ਹਾਂ।” ਅੱਗੇ ਉਸ ਨੇ ਕਿਹਾ: “ਕਾਸ਼ ਸਾਰੇ ਨੌਜਵਾਨ ਭੈਣ-ਭਰਾ ਮੇਰੇ ਵਰਗਾ ਫ਼ੈਸਲਾ ਕਰਨ ਅਤੇ ਉਹ ਖ਼ੁਸ਼ੀ ਪਾਉਣ ਜੋ ਮੈਨੂੰ ਮਿਲੀ ਹੈ। ਯਹੋਵਾਹ ਦੀ ਦਿਲੋ-ਜਾਨ ਨਾਲ ਸੇਵਾ ਕਰਨ ਨਾਲੋਂ ਬਿਹਤਰ ਕੋਈ ਕੰਮ ਨਹੀਂ।”
6. ਤੁਸੀਂ ਆਪਣੀ ਕਲੀਸਿਯਾ ਦੇ ਨੌਜਵਾਨਾਂ ਤੇ ਕਿਹੜੀ ਗੱਲੋਂ ਫ਼ਖ਼ਰ ਕਰਦੇ ਹੋ?
6 ਨੌਜਵਾਨੋ, ਸਾਨੂੰ ਤੁਹਾਡੇ ਤੇ ਫ਼ਖ਼ਰ ਹੈ ਕਿ ਤੁਸੀਂ ਦੁਨੀਆਂ ਵਿਚ ਜੋਤਾਂ ਵਾਂਗ ਚਮਕ ਰਹੇ ਹੋ! (1 ਥੱਸ. 2:20) ਆਪਣੇ ਪੂਰੇ ਦਿਲ, ਜਾਨ, ਬੁੱਧ ਅਤੇ ਸ਼ਕਤੀ ਨਾਲ ਯਹੋਵਾਹ ਦੀ ਸੇਵਾ ਕਰ ਕੇ ਤੁਸੀਂ ਨਾ ਸਿਰਫ਼ ‘ਇਸ ਸਮੇ ਵਿੱਚ ਸੌ ਗੁਣਾ ਪਾਓਗੇ,’ ਸਗੋਂ “ਅਗਲੇ ਜੁਗ ਵਿੱਚ ਸਦੀਪਕ ਜੀਉਣ” ਵੀ ਪਾਓਗੇ।—ਮਰ. 10:29, 30; 12:30.