‘ਤੁਹਾਡਾ ਚਾਨਣ ਚਮਕੇ’
1 ਅੱਜ ਦੁਨੀਆਂ ਵਿਚ ਨੈਤਿਕ ਤੇ ਅਧਿਆਤਮਿਕ ਪੱਖੋਂ ਹਨੇਰਾ ਛਾਇਆ ਹੋਇਆ ਹੈ। ਸੱਚਾਈ ਦਾ ਚਾਨਣ ਹਨੇਰੇ ਦੇ “ਅਫੱਲ ਕਾਰਜਾਂ” ਨੂੰ ਉਜਾਗਰ ਕਰਦਾ ਹੈ ਤਾਂਕਿ ਅਸੀਂ ਠੋਕਰ ਖੁਆਉਣ ਵਾਲੇ ਇਨ੍ਹਾਂ ਖ਼ਤਰਨਾਕ ਕੰਮਾਂ ਤੋਂ ਬਚ ਸਕੀਏ। ਇਸੇ ਲਈ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ: “ਚਾਨਣ ਦੇ ਪੁਤ੍ਰਾਂ ਵਾਂਙੁ ਚੱਲੋ।”—ਅਫ਼. 5:8, 11.
2 ਦੁਨੀਆਂ ਦੇ ਹਨੇਰੇ ਅਤੇ ‘ਚਾਨਣ ਦੇ ਫਲ’ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। (ਅਫ਼. 5:9) ਇਹ ਫਲ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਮਸੀਹੀ ਜ਼ਿੰਦਗੀ ਜੀਉਣ ਵਿਚ ਇਕ ਸ਼ਾਨਦਾਰ ਮਿਸਾਲ ਕਾਇਮ ਕਰੀਏ ਤੇ ਅਜਿਹੇ ਇਨਸਾਨ ਬਣੀਏ ਜਿਸ ਤੋਂ ਯਿਸੂ ਖ਼ੁਸ਼ ਹੁੰਦਾ ਹੈ। ਸਾਨੂੰ ਪਰਮੇਸ਼ੁਰ ਦੀ ਸੇਵਾ ਪੂਰੇ ਤਨ-ਮਨ ਨਾਲ ਕਰਨੀ ਚਾਹੀਦੀ ਹੈ ਤੇ ਸੱਚਾਈ ਲਈ ਪੂਰਾ ਜੋਸ਼ ਦਿਖਾਉਣਾ ਚਾਹੀਦਾ ਹੈ। ਨਾਲੇ ਚਾਨਣ ਦੇ ਇਹ ਫਲ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਤੇ ਪ੍ਰਚਾਰ-ਕੰਮ ਵਿਚ ਵੀ ਦਿਖਾਉਣੇ ਚਾਹੀਦੇ ਹਨ।
3 ਹਰ ਮੌਕੇ ਤੇ ਆਪਣਾ ਚਾਨਣ ਚਮਕਾਓ: ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ।” (ਮੱਤੀ 5:16) ਜਦੋਂ ਅਸੀਂ ਯਿਸੂ ਦੀ ਰੀਸ ਕਰਦੇ ਹੋਏ ਪਰਮੇਸ਼ੁਰ ਦੇ ਰਾਜ ਤੇ ਉਸ ਦੇ ਮਕਸਦਾਂ ਦਾ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦਾ ਚਾਨਣ ਚਮਕਾਉਂਦੇ ਹਾਂ। ਅਸੀਂ ਉਦੋਂ ਜੋਤਾਂ ਵਾਂਗ ਚਮਕਦੇ ਹਾਂ, ਜਦੋਂ ਅਸੀਂ ਘਰ-ਘਰ ਜਾ ਕੇ, ਕੰਮ-ਕਾਰ ਵਾਲੀ ਥਾਂ ਤੇ, ਸਕੂਲ ਵਿਚ, ਆਪਣੇ ਗੁਆਂਢੀਆਂ ਨੂੰ ਜਾਂ ਹਰ ਢੁਕਵੇਂ ਮੌਕੇ ਤੇ ਸੱਚਾਈ ਬਾਰੇ ਗਵਾਹੀ ਦਿੰਦੇ ਹਾਂ।—ਫ਼ਿਲਿ. 2:15.
4 ਯਿਸੂ ਨੇ ਕਿਹਾ ਸੀ ਕਿ ਕੁਝ ਲੋਕ ਚਾਨਣ ਨਾਲ ਵੈਰ ਕਰਨਗੇ। (ਯੂਹੰ. 3:20) ਇਸ ਲਈ, ਅਸੀਂ ਉਦੋਂ ਹਿੰਮਤ ਨਹੀਂ ਹਾਰਦੇ ਜਦੋਂ ਜ਼ਿਆਦਾਤਰ ਲੋਕ ‘ਮਸੀਹ ਦੇ ਤੇਜ ਦੀ ਖੁਸ਼ ਖਬਰੀ ਦੇ ਚਾਨਣ’ ਨੂੰ ਖ਼ੁਦ ਤੇ ਚਮਕਣ ਨਹੀਂ ਦਿੰਦੇ। (2 ਕੁਰਿੰ. 4:4) ਯਹੋਵਾਹ ਇਨਸਾਨਾਂ ਦੇ ਦਿਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਉਹ ਨਹੀਂ ਚਾਹੁੰਦਾ ਕਿ ਉਸ ਦੇ ਸੇਵਕਾਂ ਵਿਚ ਕੁਧਰਮੀ ਲੋਕ ਹੋਣ।
5 ਜਦੋਂ ਅਸੀਂ ਯਹੋਵਾਹ ਦੇ ਰਾਹਾਂ ਤੇ ਚੱਲਦੇ ਹਾਂ, ਤਾਂ ਸਾਡੇ ਉੱਤੇ ਅਧਿਆਤਮਿਕ ਚਾਨਣ ਚਮਕਦਾ ਹੈ ਅਤੇ ਇਹੀ ਚਾਨਣ ਅਸੀਂ ਦੂਜਿਆਂ ਤੇ ਵੀ ਚਮਕਾ ਸਕਦੇ ਹਾਂ। ਸਾਡੇ ਚਾਲ-ਚਲਣ ਨੂੰ ਦੇਖ ਕੇ ਜਦੋਂ ਉਨ੍ਹਾਂ ਨੂੰ ਲੱਗੇਗਾ ਕਿ ਸਾਡੇ ਕੋਲ “ਜੀਉਣ ਦਾ ਚਾਨਣ” ਹੈ, ਤਾਂ ਉਨ੍ਹਾਂ ਨੂੰ ਵੀ ਚਾਨਣ-ਵਾਹਕ ਬਣਨ ਲਈ ਆਪਣੇ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਹਿੰਮਤ ਮਿਲੇਗੀ।—ਯੂਹੰ. 8:12.
6 ਆਪਣਾ ਚਾਨਣ ਚਮਕਣ ਦੇਣ ਨਾਲ ਸਾਡੇ ਸ੍ਰਿਸ਼ਟੀਕਰਤਾ ਦੀ ਵਡਿਆਈ ਹੁੰਦੀ ਹੈ ਤੇ ਨੇਕਦਿਲ ਲੋਕਾਂ ਨੂੰ ਉਸ ਨੂੰ ਜਾਣਨ ਤੇ ਸਦੀਪਕ ਜ਼ਿੰਦਗੀ ਦੀ ਆਸ ਹਾਸਲ ਕਰਨ ਵਿਚ ਮਦਦ ਮਿਲਦੀ ਹੈ। (1 ਪਤ. 2:12) ਕਿਉਂਕਿ ਸਾਡੇ ਕੋਲ ਚਾਨਣ ਹੈ, ਤਾਂ ਆਓ ਆਪਾਂ ਇਸ ਚਾਨਣ ਨਾਲ ਲੋਕਾਂ ਨੂੰ ਅਧਿਆਤਮਿਕ ਹਨੇਰੇ ਵਿੱਚੋਂ ਨਿਕਲਣ ਦਾ ਰਸਤਾ ਦਿਖਾਈਏ ਤਾਂਕਿ ਉਹ ਵੀ ਚਾਨਣ ਦੇ ਫਲ ਪੈਦਾ ਕਰ ਸਕਣ।