ਸਹਾਇਕ ਸੇਵਕ ਬਹੁਮੁੱਲੀ ਸੇਵਾ ਕਰਦੇ ਹਨ
1 ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਅੰਗ੍ਰੇਜ਼ੀ) ਕਿਤਾਬ ਦਾ ਸਫ਼ਾ 57 ਸਹਾਇਕ ਸੇਵਕਾਂ ਬਾਰੇ ਇੰਜ ਕਹਿੰਦਾ ਹੈ: “ਉਨ੍ਹਾਂ ਨੇ ਆਪਣੇ ਆਪ ਨੂੰ ਸੱਚ-ਮੁੱਚ ਹੀ ਸਮਰਪਿਤ ਮਨੁੱਖਾਂ ਵਜੋਂ ਸਾਬਤ ਕੀਤਾ ਹੈ, ਜਿਨ੍ਹਾਂ ਦੀ ਨਿਹਚਾ ਉਨ੍ਹਾਂ ਦੀ ਸਰਗਰਮ ਰਾਜ ਸੇਵਾ ਦੁਆਰਾ ਅਤੇ ਦੂਜਿਆਂ ਨੂੰ ਨਿਹਚਾ ਵਿਚ ਮਜ਼ਬੂਤ ਕਰਨ ਲਈ ਮਦਦ ਦੇਣ ਦੁਆਰਾ ਪ੍ਰਗਟ ਹੋਈ ਹੈ।” ਸੱਚ-ਮੁੱਚ ਹੀ, ਸਹਾਇਕ ਸੇਵਕਾਂ ਦੁਆਰਾ ਕਾਇਮ ਕੀਤੀ ਗਈ ਅਧਿਆਤਮਿਕ ਉਦਾਹਰਣ ਰੀਸ ਕਰਨ ਦੇ ਯੋਗ ਹੈ। ਉਨ੍ਹਾਂ ਦੇ ਨਾਲ ਅਤੇ ਬਜ਼ੁਰਗਾਂ ਦੇ ਨਾਲ ਕੰਮ ਕਰਨ ਦੇ ਕਾਰਨ “ਸਰੀਰ ਪਿਆਰ ਵਿਚ ਵੱਧਦਾ ਅਤੇ ਉਸਰਦਾ ਜਾਂਦਾ ਹੈ।”—ਅਫ਼. 4:16, ਪਵਿੱਤਰ ਬਾਈਬਲ ਨਵਾਂ ਅਨੁਵਾਦ।
2 ਸਹਾਇਕ ਸੇਵਕ ਕਲੀਸਿਯਾ ਵਿਚ ਮਹੱਤਵਪੂਰਣ ਕੰਮ ਕਰਦੇ ਹਨ। ਜ਼ਰਾ ਉਨ੍ਹਾਂ ਦੀਆਂ ਬਹੁਮੁੱਲੀਆਂ ਸੇਵਾਵਾਂ ਉੱਤੇ ਗੌਰ ਕਰੋ! ਉਹ ਹਿਸਾਬ-ਕਿਤਾਬ, ਸਾਹਿੱਤ, ਰਸਾਲੇ, ਸਬਸਕ੍ਰਿਪਸ਼ਨਾਂ, ਅਤੇ ਖੇਤਰਾਂ ਦੀ ਦੇਖ-ਭਾਲ ਕਰਦੇ ਹਨ; ਉਹ ਸੇਵਾਦਾਰਾਂ ਵਜੋਂ ਕੰਮ ਕਰਦੇ ਹਨ, ਸਾਉਂਡ ਸਿਸਟਮ ਦੀ ਦੇਖ-ਰੇਖ ਕਰਦੇ ਹਨ, ਅਤੇ ਰਾਜ ਗ੍ਰਹਿ ਦੀ ਸੰਭਾਲ ਕਰਨ ਵਿਚ ਮਦਦ ਕਰਦੇ ਹਨ। ਉਹ ਦੈਵ-ਸ਼ਾਸਕੀ ਸੇਵਕਾਈ ਸਕੂਲ ਅਤੇ ਸੇਵਾ ਸਭਾ ਵਿਚ ਹਿੱਸਾ ਲੈਂਦੇ ਹਨ। ਉਨ੍ਹਾਂ ਵਿੱਚੋਂ ਕੁਝ ਭਰਾ ਸ਼ਾਇਦ ਜਨਤਕ ਭਾਸ਼ਣ ਵੀ ਦੇਣ ਜਾਂ ਕੁਝ ਕਲੀਸਿਯਾ ਸਭਾਵਾਂ ਨੂੰ ਸੰਚਾਲਿਤ ਕਰਨ। ਸਰੀਰ ਦੇ ਅੰਗਾਂ ਦੀ ਤਰ੍ਹਾਂ, ਸਹਾਇਕ ਸੇਵਕ ਉਹ ਸੇਵਾਵਾਂ ਕਰਦੇ ਹਨ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੈ।—1 ਕੁਰਿੰ. 12:12-26.
3 ਜਦੋਂ ਦੂਸਰੇ ਭਰਾ-ਭੈਣ ਸਹਾਇਕ ਸੇਵਕਾਂ ਨੂੰ ਬਜ਼ੁਰਗਾਂ ਦੇ ਨਾਲ ਇਕ ਟੀਮ ਵਜੋਂ ਆਪਸੀ ਆਦਰ ਅਤੇ ਸਮਝ ਨਾਲ ਏਕਤਾ ਵਿਚ ਕੰਮ ਕਰਦੇ ਹੋਏ ਦੇਖਦੇ ਹਨ, ਤਾਂ ਇਹ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਉਤਸ਼ਾਹਿਤ ਕਰਦਾ ਹੈ। (ਕੁਲੁ. 2:19) ਵਫ਼ਾਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਯਮਿਤ ਤੌਰ ਤੇ ਪੂਰਾ ਕਰਨ ਅਤੇ ਦੂਜਿਆਂ ਵਿਚ ਨਿੱਜੀ ਰੁਚੀ ਦਿਖਾਉਣ ਦੁਆਰਾ, ਉਹ ਕਲੀਸਿਯਾ ਨੂੰ ਅਧਿਆਤਮਿਕ ਤੌਰ ਤੇ ਅਗਾਂਹਵਧੂ ਬਣਾਉਣ ਵਿਚ ਯੋਗਦਾਨ ਪਾਉਂਦੇ ਹਨ।
4 ਅਸੀਂ ਇਨ੍ਹਾਂ ਮਿਹਨਤੀ ਸਹਾਇਕ ਸੇਵਕਾਂ ਪ੍ਰਤੀ ਕਦਰਦਾਨੀ ਦਿਖਾਉਣ ਲਈ ਕੀ ਕਰ ਸਕਦੇ ਹਾਂ? ਸਾਨੂੰ ਉਨ੍ਹਾਂ ਦੇ ਨਿਯੁਕਤ ਕੰਮਾਂ ਤੋਂ ਜਾਣੂ ਹੋਣ ਦੀ ਲੋੜ ਹੈ ਅਤੇ ਸਾਡੀ ਮਦਦ ਦੀ ਲੋੜ ਪੈਣ ਤੇ ਸਾਨੂੰ ਸਹਿਯੋਗ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਸੀਂ ਆਪਣੇ ਸ਼ਬਦਾਂ ਅਤੇ ਕੰਮਾਂ ਦੁਆਰਾ ਉਨ੍ਹਾਂ ਨੂੰ ਇਹ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੇ ਕੰਮ ਦੀ ਕਦਰ ਕਰਦੇ ਹਾਂ। (ਕਹਾ. 15:23) ਜਿਹੜੇ ਸਾਡੇ ਹਿਤਾਂ ਲਈ ਮਿਹਨਤ ਕਰਦੇ ਹਨ, ਉਹ ਸਾਡੀ ਦਿਲੀ ਕਦਰਦਾਨੀ ਦੇ ਯੋਗ ਹਨ।—1 ਥੱਸ. 5:12, 13.
5 ਪਰਮੇਸ਼ੁਰ ਦਾ ਬਚਨ, ਸਹਾਇਕ ਸੇਵਕਾਂ ਦੀ ਭੂਮਿਕਾ ਅਤੇ ਯੋਗਤਾਵਾਂ ਸਥਾਪਿਤ ਕਰਦਾ ਹੈ। (1 ਤਿਮੋ. 3:8-10, 12, 13) ਕਲੀਸਿਯਾ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਉਨ੍ਹਾਂ ਦੀ ਬਹੁਮੁੱਲੀ ਪਵਿੱਤਰ ਸੇਵਾ ਅਤਿ ਜ਼ਰੂਰੀ ਹੈ। ਅਜਿਹੇ ਮਨੁੱਖ ਸਾਡੇ ਵੱਲੋਂ ਲਗਾਤਾਰ ਉਤਸ਼ਾਹ ਪ੍ਰਾਪਤ ਕਰਨ ਦੇ ਯੋਗ ਹਨ, ਕਿਉਂ ਜੋ ਉਹ ‘ਪ੍ਰਭੁ ਦੇ ਕੰਮ ਵਿੱਚ ਵਧਦੇ ਜਾਂਦੇ ਹਨ।’—1 ਕੁਰਿੰ. 15:58.