ਅਧਿਐਨ ਲੇਖ 42
ਗੀਤ 103 ਚਰਵਾਹੇ, ਅਨਮੋਲ ਤੋਹਫ਼ੇ
‘ਤੋਹਫ਼ਿਆਂ ਵਜੋਂ ਮਿਲੇ ਆਦਮੀਆਂ’ ਲਈ ਸ਼ੁਕਰਗੁਜ਼ਾਰੀ ਦਿਖਾਓ
“ਜਦੋਂ ਉਹ ਉੱਚੀ ਥਾਂ ʼਤੇ ਚੜ੍ਹਿਆ . . . , ਉਸ ਨੇ ਆਦਮੀਆਂ ਨੂੰ ਤੋਹਫ਼ਿਆਂ ਵਜੋਂ ਦਿੱਤਾ।”—ਅਫ਼. 4:8.
ਕੀ ਸਿੱਖਾਂਗੇ?
ਅਸੀਂ ਸਿੱਖਾਂਗੇ ਕਿ ਸਹਾਇਕ ਸੇਵਕ, ਬਜ਼ੁਰਗ ਅਤੇ ਸਰਕਟ ਓਵਰਸੀਅਰ ਸਾਡੇ ਲਈ ਕੀ-ਕੀ ਕਰਦੇ ਹਨ ਅਤੇ ਅਸੀਂ ਉਨ੍ਹਾਂ ਲਈ ਸ਼ੁਕਰਗੁਜ਼ਾਰੀ ਕਿਵੇਂ ਜ਼ਾਹਰ ਕਰ ਸਕਦੇ ਹਾਂ।
1. ਯਿਸੂ ਨੇ ਸਾਨੂੰ ਕਿਹੜੇ ਕੁਝ ਤੋਹਫ਼ੇ ਦਿੱਤੇ ਹਨ?
ਜਿੰਨਾ ਯਿਸੂ ਨੇ ਸਾਡੇ ਲਈ ਕੀਤਾ, ਉੱਨਾ ਹੋਰ ਕਿਸੇ ਵੀ ਇਨਸਾਨ ਨੇ ਨਹੀਂ ਕੀਤਾ। ਧਰਤੀ ʼਤੇ ਹੁੰਦਿਆਂ ਯਿਸੂ ਨੇ ਖੁੱਲ੍ਹੇ ਦਿਲ ਨਾਲ ਚਮਤਕਾਰ ਕਰਨ ਦੀ ਆਪਣੀ ਸ਼ਕਤੀ ਵਰਤ ਕੇ ਦੂਜਿਆਂ ਦੀ ਮਦਦ ਕੀਤੀ। (ਲੂਕਾ 9:12-17) ਆਪਣੀ ਜਾਨ ਕੁਰਬਾਨ ਕਰ ਕੇ ਉਸ ਨੇ ਸਾਨੂੰ ਸਭ ਤੋਂ ਵਧੀਆ ਤੋਹਫ਼ਾ ਦਿੱਤਾ। (ਯੂਹੰ. 15:13) ਜੀਉਂਦਾ ਕੀਤੇ ਜਾਣ ਤੋਂ ਬਾਅਦ ਵੀ ਉਹ ਲਗਾਤਾਰ ਸਾਡੇ ਲਈ ਖੁੱਲ੍ਹ-ਦਿਲੀ ਦਿਖਾ ਰਿਹਾ ਹੈ। ਜਿਵੇਂ, ਆਪਣੇ ਵਾਅਦੇ ਅਨੁਸਾਰ ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਸਾਨੂੰ ਪਵਿੱਤਰ ਸ਼ਕਤੀ ਦੇਵੇ ਤਾਂਕਿ ਅਸੀਂ ਸੱਚਾਈ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਅਤੇ ਸਾਨੂੰ ਦਿਲਾਸਾ ਮਿਲੇ। (ਯੂਹੰ. 14:16, 17, ਫੁਟਨੋਟ; 16:13) ਇਸ ਤੋਂ ਇਲਾਵਾ, ਮੀਟਿੰਗਾਂ ਰਾਹੀਂ ਅੱਜ ਯਿਸੂ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਦੂਸਰਿਆਂ ਨੂੰ ਸਿਖਾ ਸਕੀਏ ਅਤੇ ਚੇਲੇ ਬਣਾ ਸਕੀਏ।—ਮੱਤੀ 28:18-20.
2. ਅਫ਼ਸੀਆਂ 4:7, 8 ਵਿਚ ਜ਼ਿਕਰ ਕੀਤੇ ‘ਤੋਹਫ਼ਿਆਂ ਵਜੋਂ ਦਿੱਤੇ ਆਦਮੀ’ ਕੌਣ ਹਨ?
2 ਯਿਸੂ ਵੱਲੋਂ ਮਿਲੇ ਇਕ ਹੋਰ ਤੋਹਫ਼ੇ ਵੱਲ ਧਿਆਨ ਦਿਓ। ਪੌਲੁਸ ਰਸੂਲ ਨੇ ਦੱਸਿਆ ਕਿ ਯਿਸੂ ਦੇ ਸਵਰਗ ਜਾਣ ਤੋਂ ਬਾਅਦ “ਉਸ ਨੇ ਆਦਮੀਆਂ ਨੂੰ ਤੋਹਫ਼ਿਆਂ ਵਜੋਂ ਦਿੱਤਾ।” (ਅਫ਼ਸੀਆਂ 4:7, 8 ਪੜ੍ਹੋ।) ਪੌਲੁਸ ਨੇ ਸਮਝਾਇਆ ਕਿ ਯਿਸੂ ਨੇ ਇਹ ਤੋਹਫ਼ੇ ਇਸ ਲਈ ਦਿੱਤੇ ਤਾਂਕਿ ਇਹ ਆਦਮੀ ਅਲੱਗ-ਅਲੱਗ ਤਰੀਕਿਆਂ ਨਾਲ ਮੰਡਲੀ ਦੀ ਮਦਦ ਕਰ ਸਕਣ। (ਅਫ਼. 1:22, 23; 4:11-13) ਅੱਜ ‘ਤੋਹਫ਼ਿਆਂ ਵਜੋਂ ਦਿੱਤੇ ਆਦਮੀਆਂ’ ਵਿਚ ਸਹਾਇਕ ਸੇਵਕ, ਮੰਡਲੀ ਦੇ ਬਜ਼ੁਰਗ ਅਤੇ ਸਰਕਟ ਓਵਰਸੀਅਰ ਸ਼ਾਮਲ ਹਨ।a ਇਹ ਸੱਚ ਹੈ ਕਿ ਕਦੇ-ਕਦੇ ਇਨ੍ਹਾਂ ਆਦਮੀਆਂ ਤੋਂ ਵੀ ਗ਼ਲਤੀਆਂ ਹੁੰਦੀਆਂ ਹਨ ਕਿਉਂਕਿ ਇਹ ਵੀ ਸਾਡੇ ਵਾਂਗ ਨਾਮੁਕੰਮਲ ਹਨ। (ਯਾਕੂ. 3:2) ਪਰ ਸਾਡਾ ਪ੍ਰਭੂ ਯਿਸੂ ਮਸੀਹ ਇਨ੍ਹਾਂ ਆਦਮੀਆਂ ਨੂੰ ਸਾਡੀ ਮਦਦ ਕਰਨ ਲਈ ਵਰਤਦਾ ਹੈ। ਇਹ ਆਦਮੀ ਯਿਸੂ ਵੱਲੋਂ ਸਾਡੇ ਲਈ ਤੋਹਫ਼ੇ ਹਨ।
3. ਸਮਝਾਓ ਕਿ ਅਸੀਂ ‘ਤੋਹਫ਼ਿਆਂ ਵਜੋਂ ਮਿਲੇ ਆਦਮੀਆਂ’ ਦਾ ਸਾਥ ਕਿਵੇਂ ਦੇ ਸਕਦੇ ਹਾਂ।
3 ਯਿਸੂ ਨੇ ‘ਤੋਹਫ਼ਿਆਂ ਵਜੋਂ ਦਿੱਤੇ ਇਨ੍ਹਾਂ ਆਦਮੀਆਂ’ ਨੂੰ ਮੰਡਲੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਦਿੱਤਾ ਹੈ। (ਅਫ਼. 4:12) ਪਰ ਇਹ ਖ਼ਾਸ ਜ਼ਿੰਮੇਵਾਰੀ ਪੂਰੀ ਕਰਨ ਵਿਚ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਇਕ ਉਦਾਹਰਣ ʼਤੇ ਗੌਰ ਕਰੋ। ਕੁਝ ਭੈਣ-ਭਰਾ ਕਿੰਗਡਮ ਹਾਲ ਦੀ ਉਸਾਰੀ ਦਾ ਕੰਮ ਕਰਦੇ ਹਨ। ਬਾਕੀ ਭੈਣ-ਭਰਾ ਉਨ੍ਹਾਂ ਦਾ ਸਾਥ ਦੇਣ ਲਈ ਖਾਣੇ ਦਾ ਪ੍ਰਬੰਧ ਕਰਦੇ ਹਨ, ਸਾਮਾਨ ਪਹੁੰਚਾਉਂਦੇ ਹਨ ਜਾਂ ਕੁਝ ਹੋਰ ਕੰਮ ਕਰਦੇ ਹਨ। ਇਸੇ ਤਰ੍ਹਾਂ ਅਸੀਂ ਸਾਰੇ ਆਪਣੀ ਕਹਿਣੀ ਅਤੇ ਕਰਨੀ ਰਾਹੀਂ ਸਹਾਇਕ ਸੇਵਕਾਂ, ਬਜ਼ੁਰਗਾਂ ਅਤੇ ਸਰਕਟ ਓਵਰਸੀਅਰਾਂ ਦਾ ਸਾਥ ਦੇ ਸਕਦੇ ਹਾਂ। ਆਓ ਦੇਖੀਏ ਕਿ ਉਹ ਜੋ ਮਿਹਨਤ ਕਰਦੇ ਹਨ, ਉਸ ਤੋਂ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ। ਨਾਲੇ ਅਸੀਂ ਉਨ੍ਹਾਂ ਨੂੰ ਅਤੇ ਯਿਸੂ ਨੂੰ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਨ੍ਹਾਂ “ਤੋਹਫ਼ਿਆਂ” ਦੀ ਕਦਰ ਕਰਦੇ ਹਾਂ।
“ਮਦਦ ਕਰਨ” ਵਾਲੇ ਸਹਾਇਕ ਸੇਵਕ
4. ਪਹਿਲੀ ਸਦੀ ਵਿਚ ਸਹਾਇਕ ਸੇਵਕ ਬਜ਼ੁਰਗਾਂ ਦੀ “ਮਦਦ ਕਰਨ” ਲਈ ਕਿਹੜੇ ਕੰਮ ਕਰਦੇ ਸਨ?
4 ਪਹਿਲੀ ਸਦੀ ਵਿਚ ਕੁਝ ਭਰਾਵਾਂ ਨੂੰ ਸਹਾਇਕ ਸੇਵਕ ਨਿਯੁਕਤ ਕੀਤਾ ਗਿਆ ਸੀ। (1 ਤਿਮੋ. 3:8) ਇੱਦਾਂ ਲੱਗਦਾ ਹੈ ਕਿ ਜਦੋਂ ਪੌਲੁਸ ਨੇ “ਦੂਸਰਿਆਂ ਦੀ ਮਦਦ ਕਰਨ ਦੀ ਯੋਗਤਾ” ਰੱਖਣ ਵਾਲੇ ਭਰਾਵਾਂ ਦੀ ਗੱਲ ਕੀਤੀ, ਤਾਂ ਉਹ ਸ਼ਾਇਦ ਸਹਾਇਕ ਸੇਵਕਾਂ ਦੀ ਹੀ ਗੱਲ ਕਰ ਰਿਹਾ ਸੀ। (1 ਕੁਰਿੰ. 12:28) ਸਹਾਇਕ ਸੇਵਕ ਕਈ ਜ਼ਰੂਰੀ ਕੰਮ ਕਰਦੇ ਸਨ ਤਾਂਕਿ ਬਜ਼ੁਰਗ ਆਪਣਾ ਧਿਆਨ ਸਿਖਾਉਣ ਅਤੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਦੇ ਕੰਮ ʼਤੇ ਲਾ ਸਕਣ। ਮਿਸਾਲ ਲਈ, ਸ਼ਾਇਦ ਸਹਾਇਕ ਸੇਵਕ ਲਿਖਤਾਂ ਦੀਆਂ ਨਕਲਾਂ ਤਿਆਰ ਕਰਦੇ ਸਨ ਜਾਂ ਨਕਲਾਂ ਤਿਆਰ ਕਰਨ ਲਈ ਸਾਮਾਨ ਖ਼ਰੀਦ ਕੇ ਲਿਆਉਂਦੇ ਸਨ।
5. ਅੱਜ ਸਹਾਇਕ ਸੇਵਕ ਕਿਹੜੇ ਕੁਝ ਕੰਮ ਕਰਦੇ ਹਨ?
5 ਧਿਆਨ ਦਿਓ ਕਿ ਅੱਜ ਸਹਾਇਕ ਸੇਵਕ ਮੰਡਲੀਆਂ ਵਿਚ ਕਿਹੜੇ-ਕਿਹੜੇ ਕੰਮ ਕਰਦੇ ਹਨ। (1 ਪਤ. 4:10) ਕੁਝ ਭਰਾ ਮੰਡਲੀ ਦੇ ਦਾਨ ਦਾ ਲੇਖਾ-ਜੋਖਾ ਰੱਖਣ ਵਿਚ ਮਦਦ ਕਰਦੇ ਹਨ, ਪ੍ਰਚਾਰ ਦੇ ਇਲਾਕੇ ਦੀ ਦੇਖ-ਰੇਖ ਕਰਦੇ ਹਨ, ਮੰਡਲੀ ਲਈ ਪ੍ਰਕਾਸ਼ਨ ਮੰਗਵਾਉਂਦੇ ਹਨ ਅਤੇ ਭੈਣਾਂ-ਭਰਾਵਾਂ ਨੂੰ ਵੰਡਦੇ ਹਨ, ਆਡੀਓ-ਵੀਡੀਓ ਦੀ ਜ਼ਿੰਮੇਵਾਰੀ ਸੰਭਾਲਦੇ ਹਨ, ਅਟੈਂਡੈਂਟ ਵਜੋਂ ਮਦਦ ਕਰਦੇ ਹਨ ਅਤੇ ਕਿੰਗਡਮ ਹਾਲ ਦੀ ਸਾਂਭ-ਸੰਭਾਲ ਵਿਚ ਵੀ ਮਦਦ ਕਰਦੇ ਹਨ। ਇਹ ਸਾਰੇ ਕੰਮ ਕਰਨੇ ਬਹੁਤ ਜ਼ਰੂਰੀ ਹਨ ਤਾਂਕਿ ਮੰਡਲੀ ਵਿਚ ਸਾਰਾ ਕੁਝ ਸਲੀਕੇ ਅਤੇ ਸਹੀ ਢੰਗ ਨਾਲ ਹੋ ਸਕੇ। (1 ਕੁਰਿੰ. 14:40) ਨਾਲੇ ਕੁਝ ਸਹਾਇਕ ਸੇਵਕ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਵਿਚ ਭਾਗ ਪੇਸ਼ ਕਰਦੇ ਹਨ ਅਤੇ ਪਬਲਿਕ ਭਾਸ਼ਣ ਵੀ ਦਿੰਦੇ ਹਨ। ਇਕ ਸਹਾਇਕ ਸੇਵਕ ਨੂੰ ਪ੍ਰਚਾਰ ਦੇ ਗਰੁੱਪ ਓਵਰਸੀਅਰ ਦੇ ਸਹਾਇਕ ਵਜੋਂ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਕਦੇ-ਕਦੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਬਜ਼ੁਰਗ ਆਪਣੇ ਨਾਲ ਕਾਬਲ ਸਹਾਇਕ ਸੇਵਕਾਂ ਨੂੰ ਵੀ ਲੈ ਕੇ ਜਾਂਦੇ ਹਨ।
6. ਅਸੀਂ ਇਨ੍ਹਾਂ ਮਿਹਨਤੀ ਸਹਾਇਕ ਸੇਵਕ ਭਰਾਵਾਂ ਦੇ ਸ਼ੁਕਰਗੁਜ਼ਾਰ ਕਿਉਂ ਹਾਂ?
6 ਸਹਾਇਕ ਸੇਵਕਾਂ ਦੇ ਕੰਮਾਂ ਕਰਕੇ ਮੰਡਲੀ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ? ਬੋਲੀਵੀਆ ਵਿਚ ਰਹਿਣ ਵਾਲੀ ਭੈਣ ਬੈਬਰਲੀb ਕਹਿੰਦੀ ਹੈ: “ਸਹਾਇਕ ਸੇਵਕ ਮੀਟਿੰਗਾਂ ਵਿਚ ਬੈਠੇ ਸਾਰੇ ਭੈਣਾਂ-ਭਰਾਵਾਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਹਨ ਅਤੇ ਜਿਹੜੇ ਭੈਣ-ਭਰਾ ਮੀਟਿੰਗਾਂ ਵਿਚ ਨਹੀਂ ਆ ਪਾਉਂਦੇ, ਉਹ ਫ਼ੋਨ ਰਾਹੀਂ ਜੁੜਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ। ਇਨ੍ਹਾਂ ਭਰਾਵਾਂ ਕਰਕੇ ਮੈਂ ਚੰਗੀ ਤਰ੍ਹਾਂ ਮੀਟਿੰਗਾਂ ਦਾ ਮਜ਼ਾ ਲੈ ਪਾਉਂਦੀ ਹਾਂ। ਮੈਂ ਗੀਤ ਗਾ ਸਕਦੀ ਹਾਂ, ਸਭਾਵਾਂ ਵਿਚ ਜਵਾਬ ਦੇ ਸਕਦੀ ਹਾਂ, ਬਿਨਾਂ ਕਿਸੇ ਰੁਕਾਵਟ ਦੇ ਭਾਸ਼ਣ ਸੁਣ ਸਕਦੀ ਹਾਂ ਤੇ ਵੀਡੀਓਜ਼ ਅਤੇ ਤਸਵੀਰਾਂ ਦਾ ਵੀ ਮਜ਼ਾ ਲੈ ਸਕਦੀ ਹਾਂ। ਮੀਟਿੰਗ ਤੋਂ ਬਾਅਦ ਉਹ ਸਫ਼ਾਈ ਵਿਚ ਮਦਦ ਕਰਦੇ ਹਨ। ਮੰਡਲੀ ਦੇ ਦਾਨ ਦਾ ਲੇਖਾ-ਜੋਖਾ ਕਰਦੇ ਹਨ। ਨਾਲੇ ਜੇ ਕਿਸੇ ਨੂੰ ਪ੍ਰਕਾਸ਼ਨ ਚਾਹੀਦੇ ਹੁੰਦੇ ਹਨ, ਤਾਂ ਉਹ ਵੀ ਦਿੰਦੇ ਹਨ। ਮੈਂ ਉਨ੍ਹਾਂ ਦੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ।” ਕੋਲੰਬੀਆ ਵਿਚ ਰਹਿਣ ਵਾਲੀ ਭੈਣ ਲੈਸਲੀ ਦਾ ਪਤੀ ਬਜ਼ੁਰਗ ਹੈ। ਉਹ ਕਹਿੰਦੀ ਹੈ: “ਮੇਰੇ ਪਤੀ ਨੂੰ ਮੰਡਲੀ ਦੇ ਕੰਮ ਕਰਨ ਲਈ ਸਹਾਇਕ ਸੇਵਕਾਂ ਦੀ ਬਹੁਤ ਲੋੜ ਪੈਂਦੀ ਹੈ। ਜੇ ਸਹਾਇਕ ਸੇਵਕ ਨਾ ਹੁੰਦੇ, ਤਾਂ ਮੇਰੇ ਪਤੀ ਨੇ ਹੋਰ ਵੀ ਬਿਜ਼ੀ ਰਹਿਣਾ ਸੀ। ਇਸ ਲਈ ਮੈਂ ਇਨ੍ਹਾਂ ਜੋਸ਼ੀਲੇ ਭਰਾਵਾਂ ਦੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜੋ ਦਿਲ ਖੋਲ੍ਹ ਕੇ ਮਦਦ ਕਰਨ ਲਈ ਅੱਗੇ ਆਉਂਦੇ ਹਨ।” ਬੇਸ਼ੱਕ, ਤੁਸੀਂ ਵੀ ਇਨ੍ਹਾਂ ਭਰਾਵਾਂ ਦੇ ਬਹੁਤ ਸ਼ੁਕਰਗੁਜ਼ਾਰ ਹੋਣੇ।—1 ਤਿਮੋ. 3:13.
7. ਅਸੀਂ ਸਹਾਇਕ ਸੇਵਕਾਂ ਲਈ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਜ਼ਾਹਰ ਕਰ ਸਕਦੇ ਹਾਂ? (ਤਸਵੀਰ ਵੀ ਦੇਖੋ।)
7 ਸ਼ਾਇਦ ਸਾਡੇ ਦਿਲਾਂ ਵਿਚ ਤਾਂ ਸਹਾਇਕ ਸੇਵਕਾਂ ਲਈ ਸ਼ੁਕਰਗੁਜ਼ਾਰੀ ਹੋਵੇ, ਪਰ ਜ਼ਰੂਰੀ ਹੈ ਕਿ ਅਸੀਂ ਇਹ ਜ਼ਾਹਰ ਵੀ ਕਰੀਏ। ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।” (ਕੁਲੁ. 3:15) ਫਿਨਲੈਂਡ ਵਿਚ ਰਹਿਣ ਵਾਲਾ ਕਸ਼ਿਸ਼ਟੋਫ਼ ਨਾਂ ਦਾ ਬਜ਼ੁਰਗ ਇਸ ਤਰੀਕੇ ਨਾਲ ਸਹਾਇਕ ਸੇਵਕਾਂ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਦਾ ਹੈ: “ਮੈਂ ਕਾਰਡ ʼਤੇ ਜਾਂ ਮੈਸਿਜ ʼਤੇ ਇਕ ਆਇਤ ਲਿਖਦਾ ਹਾਂ ਅਤੇ ਖ਼ਾਸ ਤੌਰ ਤੇ ਇਹ ਦੱਸਦਾ ਹਾਂ ਕਿ ਉਸ ਭਰਾ ਦੇ ਕਿਹੜੇ ਕੰਮ ਜਾਂ ਗੱਲ ਕਰਕੇ ਮੇਰਾ ਹੌਸਲਾ ਵਧਿਆ। ਮੈਂ ਇਹ ਵੀ ਦੱਸਦਾ ਹਾਂ ਕਿ ਮੈਂ ਕਿਉਂ ਉਸ ਦਾ ਸ਼ੁਕਰਗੁਜ਼ਾਰ ਹਾਂ।” ਨਿਊ ਕੈਲੇਡੋਨੀਆ ਵਿਚ ਰਹਿਣ ਵਾਲਾ ਭਰਾ ਪਾਸਕਲ ਅਤੇ ਉਸ ਦੀ ਪਤਨੀ ਯਾਏਲ ਸਹਾਇਕ ਸੇਵਕਾਂ ਲਈ ਖ਼ਾਸ ਤੌਰ ਤੇ ਪ੍ਰਾਰਥਨਾ ਕਰਦੇ ਹਨ। ਭਰਾ ਪਾਸਕਲ ਕਹਿੰਦਾ ਹੈ: “ਅਸੀਂ ਕੁਝ ਸਮੇਂ ਤੋਂ ਆਪਣੀਆਂ ਪ੍ਰਾਰਥਨਾਵਾਂ ਵਿਚ ਸਹਾਇਕ ਸੇਵਕਾਂ ਨੂੰ ਯਾਦ ਕਰ ਰਹੇ ਹਾਂ। ਅਸੀਂ ਯਹੋਵਾਹ ਨੂੰ ਇਨ੍ਹਾਂ ਭਰਾਵਾਂ ਲਈ ਸ਼ੁਕਰੀਆ ਕਹਿੰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਯਹੋਵਾਹ ਇਨ੍ਹਾਂ ਭਰਾਵਾਂ ਦੇ ਨਾਲ ਹੋਵੇ ਅਤੇ ਉਨ੍ਹਾਂ ਦੀ ਮਦਦ ਕਰੇ।” ਯਹੋਵਾਹ ਇੱਦਾਂ ਦੀਆਂ ਪ੍ਰਾਰਥਨਾਵਾਂ ਜ਼ਰੂਰ ਸੁਣਦਾ ਹੈ ਅਤੇ ਇਸ ਦਾ ਪੂਰੀ ਮੰਡਲੀ ਨੂੰ ਫ਼ਾਇਦਾ ਹੁੰਦਾ ਹੈ।—2 ਕੁਰਿੰ. 1:11.
“ਸਖ਼ਤ ਮਿਹਨਤ” ਕਰਨ ਵਾਲੇ ਬਜ਼ੁਰਗ
8. ਪੌਲੁਸ ਨੇ ਕਿਉਂ ਲਿਖਿਆ ਕਿ ਪਹਿਲੀ ਸਦੀ ਦੇ ਬਜ਼ੁਰਗ “ਸਖ਼ਤ ਮਿਹਨਤ ਕਰਦੇ” ਸਨ? (1 ਥੱਸਲੁਨੀਕੀਆਂ 5:12, 13)
8 ਪਹਿਲੀ ਸਦੀ ਦੇ ਬਜ਼ੁਰਗ ਮੰਡਲੀ ਲਈ ਸਖ਼ਤ ਮਿਹਨਤ ਕਰਦੇ ਸਨ। (1 ਥੱਸਲੁਨੀਕੀਆਂ 5:12, 13 ਪੜ੍ਹੋ; 1 ਤਿਮੋ. 5:17) ਉਹ ਸਭਾਵਾਂ ਚਲਾ ਕੇ ਅਤੇ ਬਜ਼ੁਰਗਾਂ ਦੇ ਸਮੂਹ ਵਜੋਂ ਫ਼ੈਸਲੇ ਕਰ ਕੇ ਮੰਡਲੀ ਦੀ “ਅਗਵਾਈ ਕਰਦੇ” ਸਨ। ਉਹ ਭੈਣਾਂ-ਭਰਾਵਾਂ ਨੂੰ ਪਿਆਰ ਨਾਲ “ਸਲਾਹਾਂ” ਦਿੰਦੇ ਸਨ ਤਾਂਕਿ ਉਨ੍ਹਾਂ ਦੀ ਨਿਹਚਾ ਪੱਕੀ ਹੋਵੇ। (1 ਥੱਸ. 2:11, 12; 2 ਤਿਮੋ. 4:2) ਇਸ ਤੋਂ ਇਲਾਵਾ, ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰਨ ਲਈ ਵੀ ਸਖ਼ਤ ਮਿਹਨਤ ਕਰਦੇ ਸਨ।—1 ਤਿਮੋ. 3:2, 4; ਤੀਤੁ. 1:6-9.
9. ਅੱਜ ਬਜ਼ੁਰਗਾਂ ਕੋਲ ਕਿਹੜੀਆਂ ਜ਼ਿੰਮੇਵਾਰੀਆਂ ਹਨ?
9 ਅੱਜ ਬਜ਼ੁਰਗ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਦੇ ਹਨ। ਸਾਡੇ ਵਾਂਗ ਉਹ ਵੀ ਪ੍ਰਚਾਰਕ ਹਨ। (2 ਤਿਮੋ. 4:5) ਉਹ ਜੋਸ਼ ਨਾਲ ਪ੍ਰਚਾਰ ਵਿਚ ਅਗਵਾਈ ਲੈਂਦੇ ਹਨ, ਉਹ ਆਪਣੇ ਇਲਾਕੇ ਵਿਚ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਕਰਦੇ ਹਨ ਅਤੇ ਸਾਨੂੰ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੀ ਸਿਖਲਾਈ ਦਿੰਦੇ ਹਨ। ਉਹ ਦਇਆਵਾਨ ਅਤੇ ਨਿਰਪੱਖ ਨਿਆਂਕਾਰ ਵਜੋਂ ਸੇਵਾ ਕਰਦੇ ਹਨ। ਜਦੋਂ ਇਕ ਮਸੀਹੀ ਗੰਭੀਰ ਪਾਪ ਕਰਦਾ ਹੈ, ਤਾਂ ਬਜ਼ੁਰਗ ਫਿਰ ਤੋਂ ਯਹੋਵਾਹ ਨਾਲ ਰਿਸ਼ਤਾ ਜੋੜਨ ਵਿਚ ਉਸ ਦੀ ਮਦਦ ਕਰਦੇ ਹਨ। ਪਰ ਉਹ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਮੰਡਲੀ ਦੀ ਸ਼ੁੱਧਤਾ ਬਣੀ ਰਹੇ। (1 ਕੁਰਿੰ. 5:12, 13; ਗਲਾ. 6:1) ਬਜ਼ੁਰਗਾਂ ਦੀ ਮੁੱਖ ਜ਼ਿੰਮੇਵਾਰੀ ਚਰਵਾਹਿਆਂ ਵਜੋਂ ਭੈਣਾਂ-ਭਰਾਵਾਂ ਦੀ ਦੇਖ-ਰੇਖ ਕਰਨ ਦੀ ਹੈ। (1 ਪਤ. 5:1-3) ਉਹ ਚੰਗੀ ਤਿਆਰੀ ਕਰ ਕੇ ਬਾਈਬਲ-ਆਧਾਰਿਤ ਭਾਸ਼ਣ ਦਿੰਦੇ ਹਨ, ਮੰਡਲੀ ਵਿਚ ਸਾਰਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਨੂੰ ਮਿਲਦੇ ਹਨ। ਕੁਝ ਬਜ਼ੁਰਗ ਇਨ੍ਹਾਂ ਜ਼ਿੰਮੇਵਾਰੀਆਂ ਤੋਂ ਇਲਾਵਾ ਹੋਰ ਵੀ ਕਈ ਕੰਮ ਕਰਦੇ ਹਨ, ਜਿਵੇਂ ਕਿੰਗਡਮ ਹਾਲ ਦੀ ਉਸਾਰੀ ਤੇ ਸਾਂਭ-ਸੰਭਾਲ ਤੇ ਸੰਮੇਲਨਾਂ ਦੇ ਪ੍ਰਬੰਧ। ਨਾਲੇ ਉਹ ਹਸਪਤਾਲ ਸੰਪਰਕ ਕਮੇਟੀ (HLC) ਅਤੇ ਮਰੀਜ਼ ਨੂੰ ਮਿਲਣ ਵਾਲੇ ਸਮੂਹ (PVG) ਵਿਚ ਵੀ ਕੰਮ ਕਰਦੇ ਹਨ। ਸੱਚ-ਮੁੱਚ, ਬਜ਼ੁਰਗ ਸਾਡੇ ਲਈ ਕਿੰਨੀ ਮਿਹਨਤ ਕਰਦੇ ਹਨ!
10. ਅਸੀਂ ਆਪਣੇ ਮਿਹਨਤੀ ਬਜ਼ੁਰਗਾਂ ਦੇ ਸ਼ੁਕਰਗੁਜ਼ਾਰ ਕਿਉਂ ਹਾਂ?
10 ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਚਰਵਾਹੇ ਸਾਡੀ ਦੇਖ-ਰੇਖ ਕਰਨਗੇ ਜਿਸ ਕਰਕੇ ਅਸੀਂ ‘ਨਾ ਡਰਾਂਗੇ ਅਤੇ ਨਾ ਹੀ ਖ਼ੌਫ਼ ਖਾਵਾਂਗੇ।’ (ਯਿਰ. 23:4) ਫਿਨਲੈਂਡ ਵਿਚ ਰਹਿਣ ਵਾਲੀ ਭੈਣ ਯੋਆਨਾ ਨੇ ਇਹ ਸ਼ਬਦ ਉਦੋਂ ਪੂਰੇ ਹੁੰਦੇ ਦੇਖੇ ਜਦੋਂ ਉਸ ਦੇ ਮੰਮੀ ਬਹੁਤ ਬੀਮਾਰ ਸਨ। ਉਹ ਦੱਸਦੀ ਹੈ: “ਮੇਰੇ ਲਈ ਕਿਸੇ ਨੂੰ ਆਪਣੇ ਦਿਲ ਦੀ ਗੱਲ ਦੱਸਣੀ ਸੌਖੀ ਨਹੀਂ ਹੈ। ਪਰ ਇਕ ਬਜ਼ੁਰਗ ਨੇ ਮੇਰੇ ਨਾਲ ਬਹੁਤ ਧੀਰਜ ਦਿਖਾਇਆ। ਉਸ ਨੇ ਉਦੋਂ ਮੇਰੀ ਗੱਲ ਬਹੁਤ ਧਿਆਨ ਨਾਲ ਸੁਣੀ ਜਦੋਂ ਮੈਂ ਆਪਣਾ ਦਿਲ ਖੋਲ੍ਹਣ ਲਈ ਤਿਆਰ ਸੀ। ਮੈਂ ਤਾਂ ਉਸ ਭਰਾ ਨੂੰ ਚੰਗੀ ਤਰ੍ਹਾਂ ਜਾਣਦੀ ਵੀ ਨਹੀਂ ਸੀ। ਉਸ ਨੇ ਮੇਰੇ ਨਾਲ ਪ੍ਰਾਰਥਨਾ ਕੀਤੀ ਅਤੇ ਮੈਨੂੰ ਯਕੀਨ ਦਿਵਾਇਆ ਕਿ ਯਹੋਵਾਹ ਮੈਨੂੰ ਬਹੁਤ ਪਿਆਰ ਕਰਦਾ ਹੈ। ਮੈਨੂੰ ਇਹ ਤਾਂ ਨਹੀਂ ਯਾਦ ਕਿ ਭਰਾ ਨੇ ਕੀ ਕਿਹਾ ਸੀ, ਪਰ ਮੈਨੂੰ ਇਹ ਜ਼ਰੂਰ ਯਾਦ ਹੈ ਕਿ ਉਸ ਨਾਲ ਗੱਲ ਕਰਨ ਤੋਂ ਬਾਅਦ ਮੇਰੀ ਚਿੰਤਾ ਬਿਲਕੁਲ ਦੂਰ ਹੋ ਗਈ ਸੀ। ਮੈਨੂੰ ਯਕੀਨ ਹੈ ਕਿ ਯਹੋਵਾਹ ਨੇ ਹੀ ਉਸ ਸਮੇਂ ਉਸ ਭਰਾ ਨੂੰ ਮੇਰੇ ਕੋਲ ਭੇਜਿਆ ਸੀ।” ਤੁਹਾਡੀ ਮੰਡਲੀ ਦੇ ਬਜ਼ੁਰਗਾਂ ਨੇ ਤੁਹਾਡੀ ਕਿੱਦਾਂ ਮਦਦ ਕੀਤੀ?
11. ਅਸੀਂ ਬਜ਼ੁਰਗਾਂ ਲਈ ਸ਼ੁਕਰਗੁਜ਼ਾਰੀ ਕਿੱਦਾਂ ਦਿਖਾ ਸਕਦੇ ਹਾਂ? (ਤਸਵੀਰ ਵੀ ਦੇਖੋ।)
11 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਬਜ਼ੁਰਗਾਂ ਦੇ “ਕੰਮਾਂ ਕਰਕੇ” ਉਨ੍ਹਾਂ ਲਈ ਸ਼ੁਕਰਗੁਜ਼ਾਰੀ ਦਿਖਾਈਏ। (1 ਥੱਸ. 5:12, 13) ਫਿਨਲੈਂਡ ਵਿਚ ਰਹਿਣ ਵਾਲੀ ਭੈਣ ਹੈਨਰੀਟਾ ਕਹਿੰਦੀ ਹੈ: “ਬਜ਼ੁਰਗ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਮਦਦ ਕਰਦੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਕੋਲ ਜ਼ਿਆਦਾ ਸਮਾਂ ਅਤੇ ਤਾਕਤ ਹੈ ਜਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਨਹੀਂ ਹੈ। ਮੈਂ ਕਈ ਵਾਰ ਉਨ੍ਹਾਂ ਨੂੰ ਸਿਰਫ਼ ਇੰਨਾ ਹੀ ਕਹਿੰਦੀ ਹਾਂ, ‘ਭਾਜੀ, ਤੁਸੀਂ ਬਹੁਤ ਚੰਗੇ ਬਜ਼ੁਰਗ ਹੋ।’” ਤੁਰਕੀਏc ਵਿਚ ਰਹਿਣ ਵਾਲੀ ਭੈਣ ਸੇਰਾ ਦੱਸਦੀ ਹੈ: “ਬਜ਼ੁਰਗਾਂ ਨੂੰ ਕੰਮ ਕਰਦੇ ਰਹਿਣ ਲਈ ਹੱਲਾਸ਼ੇਰੀ ਦੀ ਲੋੜ ਹੁੰਦੀ ਹੈ। ਇਸ ਲਈ ਅਸੀਂ ਉਨ੍ਹਾਂ ਨੂੰ ਕਾਰਡ ਦੇ ਸਕਦੇ ਹਾਂ, ਖਾਣੇ ʼਤੇ ਬੁਲਾ ਸਕਦੇ ਹਾਂ ਜਾਂ ਉਨ੍ਹਾਂ ਨਾਲ ਪ੍ਰਚਾਰ ʼਤੇ ਜਾ ਸਕਦੇ ਹਾਂ।” ਕੀ ਕੋਈ ਅਜਿਹਾ ਬਜ਼ੁਰਗ ਹੈ ਜਿਸ ਦਾ ਤੁਸੀਂ ਖ਼ਾਸ ਕਰਕੇ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹੋ? ਸੋਚੋ ਕਿ ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਸ਼ੁਕਰਗੁਜ਼ਾਰੀ ਦਿਖਾ ਸਕਦੇ ਹੋ।—1 ਕੁਰਿੰ. 16:18.
ਨਿਯੁਕਤ ਭਰਾਵਾਂ ਨੂੰ ਹੱਲਾਸ਼ੇਰੀ ਦਿਓ ਤਾਂਕਿ ਉਹ ਜੋਸ਼ ਨਾਲ ਸੇਵਾ ਕਰਦੇ ਰਹਿਣ (ਪੈਰੇ 7, 11, 15 ਦੇਖੋ)
ਮੰਡਲੀਆਂ ਨੂੰ ਮਜ਼ਬੂਤ ਕਰਨ ਵਾਲੇ ਸਰਕਟ ਓਵਰਸੀਅਰ
12. ਪਹਿਲੀ ਸਦੀ ਵਿਚ ਮੰਡਲੀਆਂ ਨੂੰ ਮਜ਼ਬੂਤ ਕਰਨ ਲਈ ਕਿਹੜਾ ਪ੍ਰਬੰਧ ਕੀਤਾ ਗਿਆ ਸੀ? (1 ਥੱਸਲੁਨੀਕੀਆਂ 2:7, 8)
12 ‘ਤੋਹਫ਼ਿਆਂ ਵਜੋਂ ਦਿੱਤੇ ਆਦਮੀ’ ਇਕ ਹੋਰ ਤਰੀਕੇ ਨਾਲ ਮੰਡਲੀ ਦੀ ਮਦਦ ਕਰਦੇ ਹਨ। ਯਿਸੂ ਦੀ ਅਗਵਾਈ ਅਧੀਨ ਯਰੂਸ਼ਲਮ ਵਿਚ ਰਹਿੰਦੇ ਬਜ਼ੁਰਗਾਂ ਨੇ ਪੌਲੁਸ, ਬਰਨਾਬਾਸ ਅਤੇ ਹੋਰਾਂ ਨੂੰ ਸਫ਼ਰੀ ਨਿਗਾਹਬਾਨਾਂ ਵਜੋਂ ਭੇਜਿਆ। (ਰਸੂ. 11:22) ਕਿਉਂ? ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਵਾਂਗ ਮੰਡਲੀਆਂ ਨੂੰ ਮਜ਼ਬੂਤ ਕਰਨ ਲਈ। (ਰਸੂ. 15:40, 41) ਇਹ ਭਰਾ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਕੁਰਬਾਨੀਆਂ ਕਰਦੇ ਸਨ ਅਤੇ ਇੱਥੋਂ ਤਕ ਕਿ ਦੂਜਿਆਂ ਨੂੰ ਸਿਖਾਉਣ ਅਤੇ ਹੱਲਾਸ਼ੇਰੀ ਦੇਣ ਲਈ ਆਪਣੀਆਂ ਜ਼ਿੰਦਗੀਆਂ ਵੀ ਦਾਅ ʼਤੇ ਲਾਉਣ ਲਈ ਤਿਆਰ ਸਨ।—1 ਥੱਸਲੁਨੀਕੀਆਂ 2:7, 8 ਪੜ੍ਹੋ।
13. ਸਰਕਟ ਓਵਰਸੀਅਰ ਕੋਲ ਕਿਹੜੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਹਨ?
13 ਸਰਕਟ ਓਵਰਸੀਅਰ ਬਹੁਤ ਜ਼ਿਆਦਾ ਸਫ਼ਰ ਕਰਦੇ ਹਨ। ਕੁਝ ਸਰਕਟ ਓਵਰਸੀਅਰ ਇਕ ਮੰਡਲੀ ਤੋਂ ਦੂਜੀ ਮੰਡਲੀ ਤਕ ਜਾਣ ਲਈ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ। ਹਰ ਹਫ਼ਤੇ ਸਰਕਟ ਓਵਰਸੀਅਰ ਬਹੁਤ ਸਾਰੇ ਭਾਸ਼ਣ ਦਿੰਦਾ ਹੈ, ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦਾ ਹੈ, ਪਾਇਨੀਅਰ ਮੀਟਿੰਗ ਚਲਾਉਂਦਾ ਹੈ, ਬਜ਼ੁਰਗਾਂ ਨਾਲ ਮੀਟਿੰਗ ਕਰਦਾ ਹੈ, ਪ੍ਰਚਾਰ ਲਈ ਰੱਖੀਆਂ ਸਭਾਵਾਂ ਚਲਾਉਂਦਾ ਹੈ। ਉਹ ਸਰਕਟ ਸੰਮੇਲਨਾਂ ਤੇ ਵੱਡੇ ਸੰਮੇਲਨ ਦਾ ਪ੍ਰਬੰਧ ਕਰਦਾ ਹੈ ਅਤੇ ਉਨ੍ਹਾਂ ਵਿਚ ਕਈ ਭਾਸ਼ਣ ਦਿੰਦਾ ਹੈ। ਉਹ ਪਾਇਨੀਅਰ ਸਕੂਲ ਵਿਚ ਸਿਖਾਉਂਦਾ ਹੈ ਅਤੇ ਸਰਕਟ ਵਿਚ ਪਾਇਨੀਅਰਾਂ ਦੇ ਨਾਲ ਇਕ ਖ਼ਾਸ ਮੀਟਿੰਗ ਦਾ ਪ੍ਰਬੰਧ ਕਰਦਾ ਹੈ। ਕਈ ਵਾਰ ਉਸ ਨੂੰ ਸਰਕਟ ਦੇ ਹੋਰ ਜ਼ਰੂਰੀ ਮਸਲੇ ਵੀ ਸੰਭਾਲਣੇ ਪੈਂਦੇ ਹਨ। ਨਾਲੇ ਕਦੇ-ਕਦਾਈਂ ਬ੍ਰਾਂਚ ਆਫ਼ਿਸ ਵੀ ਉਸ ਨੂੰ ਕੁਝ ਜ਼ਰੂਰੀ ਕੰਮ ਕਰਨ ਲਈ ਦਿੰਦਾ ਹੈ ਜੋ ਉਸ ਨੂੰ ਤੁਰੰਤ ਕਰਨੇ ਪੈਂਦੇ ਹਨ।
14. ਅਸੀਂ ਆਪਣੇ ਮਿਹਨਤੀ ਸਰਕਟ ਓਵਰਸੀਅਰਾਂ ਦੇ ਸ਼ੁਕਰਗੁਜ਼ਾਰ ਕਿਉਂ ਹਾਂ?
14 ਸਰਕਟ ਓਵਰਸੀਅਰ ਮੰਡਲੀਆਂ ਲਈ ਤੋਹਫ਼ੇ ਹਨ। ਇਨ੍ਹਾਂ ਤੋਂ ਭੈਣਾਂ-ਭਰਾਵਾਂ ਨੂੰ ਕੀ ਫ਼ਾਇਦਾ ਹੁੰਦਾ ਹੈ? ਸਰਕਟ ਓਵਰਸੀਅਰ ਦੇ ਦੌਰੇ ਬਾਰੇ ਤੁਰਕੀਏ ਵਿਚ ਰਹਿਣ ਵਾਲਾ ਇਕ ਭਰਾ ਕਹਿੰਦਾ ਹੈ: “ਹਰ ਵਾਰ ਜਦੋਂ ਸਰਕਟ ਓਵਰਸੀਅਰ ਭਰਾ ਦੌਰਾ ਕਰਨ ਆਉਂਦਾ ਹੈ, ਤਾਂ ਮੈਂ ਜੋਸ਼ ਨਾਲ ਭਰ ਜਾਂਦਾ ਹਾਂ ਅਤੇ ਮੇਰਾ ਮਨ ਕਰਦਾ ਹੈ ਕਿ ਮੈਂ ਭੈਣਾਂ-ਭਰਾਵਾਂ ਲਈ ਹੋਰ ਵੀ ਵਧ-ਚੜ੍ਹ ਕੇ ਕੁਝ ਕਰਾਂ। ਮੈਂ ਕਈ ਸਰਕਟ ਓਵਰਸੀਅਰਾਂ ਨੂੰ ਮਿਲਿਆ ਹਾਂ, ਪਰ ਮੈਨੂੰ ਕਦੀ ਵੀ ਇੱਦਾਂ ਨਹੀਂ ਲੱਗਾ ਕਿ ਉਨ੍ਹਾਂ ਕੋਲ ਮੇਰੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਹੈ ਜਾਂ ਇਹ ਅਹਿਸਾਸ ਨਹੀਂ ਕਰਵਾਇਆ ਕਿ ਉਹ ਬਹੁਤ ਵਿਅਸਤ ਹਨ।” ਭੈਣ ਯੋਆਨਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਦੱਸਦੀ ਹੈ ਕਿ ਇਕ ਵਾਰ ਉਹ ਸਰਕਟ ਓਵਰਸੀਅਰ ਨਾਲ ਪ੍ਰਚਾਰ ਕਰ ਰਹੀ ਸੀ, ਪਰ ਉਨ੍ਹਾਂ ਨੂੰ ਇਕ ਵੀ ਵਿਅਕਤੀ ਘਰ ਨਹੀਂ ਮਿਲਿਆ। ਉਹ ਕਹਿੰਦੀ ਹੈ: “ਫਿਰ ਵੀ ਮੈਂ ਉਹ ਦਿਨ ਕਦੇ ਨਹੀਂ ਭੁੱਲ ਸਕਦੀ। ਕੁਝ ਸਮੇਂ ਪਹਿਲਾਂ ਮੇਰੀਆਂ ਦੋਵੇਂ ਭੈਣਾਂ ਕਿਤੇ ਹੋਰ ਜਾ ਕੇ ਰਹਿਣ ਲੱਗ ਪਈਆਂ ਸਨ ਅਤੇ ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਸੀ। ਪਰ ਸਰਕਟ ਓਵਰਸੀਅਰ ਨੇ ਮੇਰਾ ਹੌਸਲਾ ਵਧਾਇਆ ਅਤੇ ਮੇਰੀ ਇਹ ਸਮਝਣ ਵਿਚ ਮਦਦ ਕੀਤੀ ਕਿ ਯਹੋਵਾਹ ਦੀ ਖ਼ਾਤਰ ਸਾਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਰਹਿਣਾ ਪੈ ਸਕਦਾ ਹੈ। ਪਰ ਇਹ ਸਿਰਫ਼ ਕੁਝ ਸਮੇਂ ਦੀ ਗੱਲ ਹੈ। ਨਵੀਂ ਦੁਨੀਆਂ ਵਿਚ ਅਸੀਂ ਹਮੇਸ਼ਾ-ਹਮੇਸ਼ਾ ਲਈ ਉਨ੍ਹਾਂ ਨਾਲ ਰਹਿ ਸਕਾਂਗੇ।” ਸ਼ਾਇਦ ਸਾਡੇ ਕੋਲ ਵੀ ਆਪਣੇ ਸਰਕਟ ਓਵਰਸੀਅਰਾਂ ਨਾਲ ਕੁਝ ਵਧੀਆ ਯਾਦਾਂ ਹੋਣ।—ਰਸੂ. 20:37–21:1.
15. (ੳ) 3 ਯੂਹੰਨਾ 5-8 ਮੁਤਾਬਕ ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਸਰਕਟ ਓਵਰਸੀਅਰਾਂ ਦੀ ਕਦਰ ਕਰਦੇ ਹਾਂ? (ਤਸਵੀਰ ਵੀ ਦੇਖੋ।) (ਅ) ਸਾਨੂੰ ਨਿਯੁਕਤ ਭਰਾਵਾਂ ਦੀਆਂ ਪਤਨੀਆਂ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ ਅਤੇ ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? (“ਉਨ੍ਹਾਂ ਦੀਆਂ ਪਤਨੀਆਂ ਨੂੰ ਯਾਦ ਰੱਖੋ” ਨਾਂ ਦੀ ਡੱਬੀ ਦੇਖੋ।)
15 ਯੂਹੰਨਾ ਰਸੂਲ ਨੇ ਗਾਉਸ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਭਰਾਵਾਂ ਦੀ ਪਰਾਹੁਣਚਾਰੀ ਕਰੇ ਜੋ ਦੌਰਾ ਕਰਨ ਆਉਂਦੇ ਹਨ ਅਤੇ ਉਨ੍ਹਾਂ ਦੇ ‘ਸਫ਼ਰ ਵਾਸਤੇ ਅਜਿਹਾ ਬੰਦੋਬਸਤ ਕਰੇ ਜਿਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਵੇ।’ (3 ਯੂਹੰਨਾ 5-8 ਪੜ੍ਹੋ।) ਅਸੀਂ ਵੀ ਇੱਦਾਂ ਕਰ ਸਕਦੇ ਹਾਂ। ਅਸੀਂ ਸਰਕਟ ਓਵਰਸੀਅਰ ਨੂੰ ਖਾਣੇ ʼਤੇ ਬੁਲਾ ਸਕਦੇ ਹਾਂ ਅਤੇ ਉਸ ਹਫ਼ਤੇ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹਾਂ। ਭੈਣ ਲੈਸਲੀ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਹੋਰ ਤਰੀਕਿਆਂ ਨਾਲ ਵੀ ਆਪਣੀ ਕਦਰਦਾਨੀ ਜ਼ਾਹਰ ਕਰਦੀ ਹੈ। ਉਹ ਦੱਸਦੀ ਹੈ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਉਹ ਸਰਕਟ ਓਵਰਸੀਅਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇ। ਮੈਂ ਅਤੇ ਮੇਰੇ ਪਤੀ ਨੇ ਉਨ੍ਹਾਂ ਨੂੰ ਚਿੱਠੀਆਂ ਲਿਖੀਆਂ ਅਤੇ ਦੱਸਿਆ ਕਿ ਉਨ੍ਹਾਂ ਦੇ ਦੌਰਿਆਂ ਤੋਂ ਸਾਡਾ ਕਿੰਨਾ ਹੌਸਲਾ ਵਧਿਆ ਹੈ।” ਯਾਦ ਰੱਖੋ ਕਿ ਸਰਕਟ ਓਵਰਸੀਅਰ ਵੀ ਸਾਡੇ ਵਰਗੇ ਹੀ ਹਨ। ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਉਹ ਵੀ ਕਦੇ-ਕਦੇ ਬੀਮਾਰ ਹੋ ਜਾਂਦੇ ਹਨ। ਉਹ ਵੀ ਚਿੰਤਾ ਕਰਦੇ ਹਨ, ਇੱਥੋਂ ਤਕ ਕਿ ਨਿਰਾਸ਼ ਹੋ ਜਾਂਦੇ ਹਨ। ਅਜਿਹੇ ਹਾਲਾਤਾਂ ਵਿਚ ਅਸੀਂ ਉਨ੍ਹਾਂ ਨੂੰ ਹਿੰਮਤ ਦੇ ਸਕਦੇ ਹਾਂ ਜਾਂ ਕੋਈ ਤੋਹਫ਼ਾ ਦੇ ਸਕਦੇ ਹਾਂ। ਹੋ ਸਕਦਾ ਹੈ ਕਿ ਯਹੋਵਾਹ ਸਾਡੇ ਜ਼ਰੀਏ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਰਿਹਾ ਹੋਵੇ।—ਕਹਾ. 12:25.
ਸਾਨੂੰ ਹੋਰ ਭਰਾਵਾਂ ਦੀ ਲੋੜ ਹੈ
16. ਕਹਾਉਤਾਂ 3:27 ਮੁਤਾਬਕ ਇਕ ਭਰਾ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦਾ ਹੈ?
16 ਅੱਜ ਸਾਨੂੰ ਮੰਡਲੀਆਂ ਵਿਚ ਹੋਰ ਭਰਾਵਾਂ ਦੀ ਲੋੜ ਹੈ ਤਾਂਕਿ ਉਹ “ਤੋਹਫ਼ਿਆਂ ਵਜੋਂ” ਸੇਵਾ ਕਰ ਸਕਣ। ਜੇ ਤੁਸੀਂ ਇਕ ਬਪਤਿਸਮਾ-ਪ੍ਰਾਪਤ ਭਰਾ ਹੋ, ਤਾਂ ਦੂਜਿਆਂ ਦਾ “ਭਲਾ” ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? (ਕਹਾਉਤਾਂ 3:27 ਪੜ੍ਹੋ।) ਕੀ ਤੁਸੀਂ ਸਹਾਇਕ ਸੇਵਕ ਬਣਨ ਦੀ ਕੋਸ਼ਿਸ਼ ਕਰ ਸਕਦੇ ਹੋ? ਕੀ ਤੁਸੀਂ ਬਜ਼ੁਰਗ ਬਣਨ ਲਈ ਮਿਹਨਤ ਕਰ ਸਕਦੇ ਹੋ?d ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕਰ ਕੇ “ਰਾਜ ਦੇ ਪ੍ਰਚਾਰਕਾਂ ਲਈ ਸਕੂਲ” ਲਈ ਅਰਜ਼ੀ ਭਰ ਸਕਦੇ ਹੋ? ਇਹ ਸਕੂਲ ਤੁਹਾਨੂੰ ਇਸ ਕਾਬਲ ਬਣਾ ਸਕਦਾ ਹੈ ਕਿ ਤੁਸੀਂ ਯਿਸੂ ਦੇ ਹੋਰ ਵੀ ਕੰਮ ਆ ਸਕੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਨਹੀਂ ਹੋ, ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ। ਉਸ ਤੋਂ ਪਵਿੱਤਰ ਸ਼ਕਤੀ ਮੰਗੋ ਤਾਂਕਿ ਤੁਹਾਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇ, ਤੁਸੀਂ ਉਹ ਚੰਗੀ ਤਰ੍ਹਾਂ ਪੂਰੀ ਕਰ ਸਕੋ।—ਲੂਕਾ 11:13; ਰਸੂ. 20:28.
17. ਸਾਨੂੰ ‘ਤੋਹਫ਼ਿਆਂ ਵਜੋਂ ਜੋ ਆਦਮੀ’ ਮਿਲੇ ਹਨ, ਉਹ ਕਿਸ ਗੱਲ ਦਾ ਸਬੂਤ ਹਨ?
17 ਯਿਸੂ ਨੇ ‘ਤੋਹਫ਼ਿਆਂ ਵਜੋਂ ਜੋ ਆਦਮੀ’ ਦਿੱਤੇ ਹਨ, ਉਹ ਇਸ ਗੱਲ ਦਾ ਸਬੂਤ ਹਨ ਕਿ ਉਹ ਇਨ੍ਹਾਂ ਆਖ਼ਰੀ ਦਿਨਾਂ ਵਿਚ ਸਾਡੀ ਅਗਵਾਈ ਕਰ ਰਿਹਾ ਹੈ। (ਮੱਤੀ 28:20) ਕੀ ਸਾਨੂੰ ਇਸ ਗੱਲ ਲਈ ਅਹਿਸਾਨਮੰਦ ਨਹੀਂ ਹੋਣਾ ਚਾਹੀਦਾ ਕਿ ਸਾਡਾ ਰਾਜਾ ਕਿੰਨਾ ਖੁੱਲ੍ਹੇ-ਦਿਲ ਵਾਲਾ ਹੈ, ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ ਤੇ ਸਾਡਾ ਕਿੰਨਾ ਖ਼ਿਆਲ ਰੱਖਦਾ ਹੈ? ਕੀ ਅਸੀਂ ਉਸ ਦਾ ਅਹਿਸਾਨ ਨਹੀਂ ਮੰਨਦੇ ਕਿ ਸਾਡੀ ਮਦਦ ਕਰਨ ਲਈ ਉਸ ਨੇ ਕਾਬਲ ਭਰਾਵਾਂ ਨੂੰ ਠਹਿਰਾਇਆ ਹੈ? ਸੋ ਆਓ ਆਪਾਂ ਦਿਖਾਉਂਦੇ ਰਹੀਏ ਕਿ ਅਸੀਂ ਇਨ੍ਹਾਂ ਮਿਹਨਤੀ ਭਰਾਵਾਂ ਦੀ ਕਦਰ ਕਰਦੇ ਹਾਂ। ਨਾਲੇ ‘ਤੋਹਫ਼ਿਆਂ ਵਜੋਂ ਮਿਲੇ ਇਨ੍ਹਾਂ ਆਦਮੀਆਂ’ ਲਈ ਸਾਨੂੰ ਹਮੇਸ਼ਾ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਉਸੇ ਵੱਲੋਂ ਹੈ।—ਯਾਕੂ. 1:17.
ਗੀਤ 99 ਲੱਖਾਂ-ਲੱਖ ਭੈਣ-ਭਰਾ
a ਪ੍ਰਬੰਧਕ ਸਭਾ ਦੇ ਮੈਂਬਰ ਤੇ ਉਨ੍ਹਾਂ ਦੇ ਮਦਦਗਾਰ, ਬ੍ਰਾਂਚ ਕਮੇਟੀ ਦੇ ਮੈਂਬਰ ਅਤੇ ਹੋਰ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਭਰਾ ਵੀ ਯਹੋਵਾਹ ਵੱਲੋਂ ਮੰਡਲੀਆਂ ਲਈ ਤੋਹਫ਼ੇ ਹਨ।
b ਕੁਝ ਨਾਂ ਬਦਲੇ ਗਏ ਹਨ।
c ਪਹਿਲਾਂ ਇਸ ਦਾ ਨਾਂ ਤੁਰਕੀ ਸੀ।
d ਤੁਸੀਂ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਲਈ ਕੀ ਕਰ ਸਕਦੇ ਹੋ, ਇਹ ਜਾਣਨ ਲਈ ਨਵੰਬਰ 2024 ਦੇ ਪਹਿਰਾਬੁਰਜ ਵਿਚ ਦਿੱਤੇ “ਭਰਾਵੋ—ਕੀ ਤੁਸੀਂ ਸਹਾਇਕ ਸੇਵਕ ਬਣਨ ਦੀ ਕੋਸ਼ਿਸ਼ ਕਰ ਰਹੇ ਹੋ?” ਅਤੇ “ਭਰਾਵੋ—ਕੀ ਤੁਸੀਂ ਬਜ਼ੁਰਗ ਬਣਨ ਦੀ ਕੋਸ਼ਿਸ਼ ਕਰ ਰਹੇ ਹੋ?” ਨਾਂ ਦੇ ਲੇਖ ਦੇਖੋ।