ਗੱਲਬਾਤ ਸ਼ੁਰੂ ਕਰਨ ਲਈ ਟ੍ਰੈਕਟ ਵਰਤੋ
1 ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਗੱਲਬਾਤ ਸ਼ੁਰੂ ਕਰਨ ਅਤੇ ਅਸਰਦਾਰ ਗਵਾਹੀ ਦੇਣ ਲਈ ਖ਼ਾਸਕਰ ਤੁਹਾਨੂੰ ਪਹਿਲ ਕਰਨ ਦੀ ਲੋੜ ਹੈ? ਪਰ ਮੁਸ਼ਕਲ ਇਹ ਆਉਂਦੀ ਹੈ ਕਿ ਇਕ ਵਿਅਕਤੀ ਦੀ ਦਿਲਚਸਪੀ ਨੂੰ ਜਗਾਉਣ ਲਈ ਕੀ ਕਿਹਾ ਜਾਵੇ ਤਾਂਕਿ ਉਹ ਸਾਡੇ ਨਾਲ ਗੱਲਬਾਤ ਕਰੇ। ਅਸੀਂ ਇਸ ਨੂੰ ਕਿਵੇਂ ਅਸਰਦਾਰ ਤਰੀਕੇ ਨਾਲ ਕਰ ਸਕਦੇ ਹਾਂ?
2 ਕਈ ਭੈਣ-ਭਰਾਵਾਂ ਨੇ ਦੇਖਿਆ ਹੈ ਕਿ ਕੁਝ ਗਿਣੇ-ਚੁਣੇ ਸ਼ਬਦ ਬੋਲ ਕੇ ਇਕ ਟ੍ਰੈਕਟ ਦੇਣ ਦੁਆਰਾ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਹੈ। ਟ੍ਰੈਕਟਾਂ ਦੇ ਸਿਰਲੇਖ ਦਿਲਚਸਪ ਹਨ ਅਤੇ ਤਸਵੀਰਾਂ ਰੰਗ-ਬਿਰੰਗੀਆਂ ਤੇ ਸੋਹਣੀਆਂ ਹਨ। ਟ੍ਰੈਕਟ ਦੇਖ ਕੇ ਵਿਅਕਤੀ ਨੂੰ ਲੱਗਦਾ ਹੈ ਕਿ ਉਹ ਇਸ ਨੂੰ ਆਸਾਨੀ ਨਾਲ ਪੜ੍ਹ ਸਕਦਾ ਹੈ ਕਿਉਂਕਿ ਇਸ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਫਿਰ ਵੀ ਟ੍ਰੈਕਟਾਂ ਵਿਚ ਦਿੱਤੇ ਛੋਟੇ-ਛੋਟੇ ਸੰਦੇਸ਼ ਬੜੇ ਹੀ ਦਿਲਚਸਪ ਹਨ ਜਿਨ੍ਹਾਂ ਨੂੰ ਵਰਤ ਕੇ ਬਾਈਬਲ ਸਟੱਡੀ ਸ਼ੁਰੂ ਕੀਤੀ ਜਾ ਸਕਦੀ ਹੈ।
3 ਗੌਰ ਕਰੋ ਕਿ ਇਕ ਭੈਣ ਨੇ ਖ਼ੁਦ ਇਸ ਬਾਰੇ ਕੀ ਕਿਹਾ: “ਇਸ ਨੱਠ-ਭਜਾਈ ਦੀ ਦੁਨੀਆਂ ਵਿਚ ਅਕਸਰ ਲੋਕ ਪੜ੍ਹਨ ਵਿਚ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੁੰਦੇ। ਇਸ ਕਰਕੇ ਟ੍ਰੈਕਟ ਦੁਆਰਾ ਲੋਕਾਂ ਨੂੰ ਅਹਿਮ ਸੰਦੇਸ਼ ਦੇਣਾ ਆਸਾਨ ਹੁੰਦਾ ਹੈ ਕਿਉਂਕਿ ਇਹ ਇੰਨੇ ਵੱਡੇ ਨਹੀਂ ਹੁੰਦੇ ਜਿਸ ਨੂੰ ਦੇਖ ਕੇ ਲੋਕ ਲੈਣ ਤੋਂ ਨਾ ਨਹੀਂ ਕਰਦੇ। ਮੈਂ ਖ਼ੁਦ ਕਈ ਟ੍ਰੈਕਟ ਪੜ੍ਹ ਕੇ ਸੱਚਾਈ ਸਿੱਖੀ ਹੈ।” ਇਸ ਲਈ, ਪਰਮੇਸ਼ੁਰ ਦੇ ਬਚਨ ਦੀ ਤਾਕਤ ਨੂੰ ਕਦੇ ਘੱਟ ਨਾ ਸਮਝੋ ਜੋ ਇਨ੍ਹਾਂ ਛੋਟੇ-ਛੋਟੇ ਟ੍ਰੈਕਟਾਂ ਵਿਚ ਦੱਸੀ ਗਈ ਹੈ।—ਇਬ. 4:12.
4 ਚਾਰ ਸੌਖੀਆਂ ਗੱਲਾਂ: ਕਈਆਂ ਨੇ ਇਕ ਆਸਾਨ ਤਰੀਕੇ ਦੁਆਰਾ ਕਾਮਯਾਬੀ ਹਾਸਲ ਕੀਤੀ ਹੈ। (1) ਵਿਅਕਤੀ ਨੂੰ ਕੁਝ ਟ੍ਰੈਕਟ ਦਿਖਾਓ ਅਤੇ ਪੁੱਛੋ ਕਿ ਉਸ ਨੂੰ ਇਨ੍ਹਾਂ ਵਿੱਚੋਂ ਕਿਹੜਾ ਪਸੰਦ ਹੈ। (2) ਜਦੋਂ ਵਿਅਕਤੀ ਇਕ ਟ੍ਰੈਕਟ ਚੁਣ ਲੈਂਦਾ ਹੈ, ਤਾਂ ਤੁਸੀਂ ਪਹਿਲਾਂ ਹੀ ਤਿਆਰ ਕੀਤਾ ਹੋਇਆ ਸਵਾਲ ਪੁੱਛੋ ਜੋ ਟ੍ਰੈਕਟ ਦੇ ਖ਼ਾਸ ਮੁੱਦੇ ਨੂੰ ਦੱਸਦਾ ਹੈ। (3) ਸਵਾਲ ਦਾ ਜਵਾਬ ਦੇਣ ਲਈ ਟ੍ਰੈਕਟ ਵਿੱਚੋਂ ਇਕ ਢੁਕਵਾਂ ਪੈਰਾ ਜਾਂ ਆਇਤ ਪੜ੍ਹੋ। (4) ਜੇ ਉਹ ਚੰਗੀ ਤਰ੍ਹਾਂ ਸੁਣਦਾ ਹੈ, ਤਾਂ ਟ੍ਰੈਕਟ ਵਿਚਲੀ ਜਾਣਕਾਰੀ ਤੇ ਚਰਚਾ ਕਰੋ ਜਾਂ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਦੇ ਇਕ ਪਾਠ ਬਾਰੇ ਦੱਸੋ ਜਿਸ ਵਿਚ ਇਸ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ। ਇਸ ਤਰੀਕੇ ਨਾਲ ਤੁਸੀਂ ਇਕ ਬਾਈਬਲ ਸਟੱਡੀ ਹਾਸਲ ਕਰ ਸਕਦੇ ਹੋ। ਹੇਠਾਂ ਦੱਸੇ ਚਾਰ ਟ੍ਰੈਕਟਾਂ ਨੂੰ ਦਿੰਦੇ ਸਮੇਂ ਤੁਸੀਂ ਕੀ ਕਹਿਣਾ ਹੈ ਇਸ ਦੇ ਲਈ ਹੇਠਾਂ ਦਿੱਤੇ ਸੁਝਾਅ ਤੁਹਾਡੀ ਮਦਦ ਕਰਨਗੇ।
5 ਟ੍ਰੈਕਟ ਦਾ ਸਿਰਲੇਖ “ਕੌਣ ਅਸਲ ਵਿਚ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ?” ਨੂੰ ਇਕ ਸਵਾਲ ਵਜੋਂ ਪੁੱਛਿਆ ਜਾ ਸਕਦਾ ਹੈ।
◼ ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰਦੇ ਹੋ, ਜੇ ਉਹ ਜਵਾਬ ਦਿੰਦਾ ਹੈ ਕਿ “ਪਰਮੇਸ਼ੁਰ” ਸ਼ਾਸਨ ਕਰਦਾ ਹੈ ਜਾਂ “ਮੈਨੂੰ ਨਹੀਂ ਪਤਾ,” ਤਾਂ ਸਫ਼ਾ 2 ਤੇ ਦਿੱਤੀਆਂ ਪਹਿਲੀਆਂ ਦੋ ਲਾਈਨਾਂ ਅਤੇ ਸਫ਼ਾ 3 ਦਾ ਪਹਿਲਾ ਪੈਰਾ ਪੜ੍ਹੋ। 1 ਯੂਹੰਨਾ 5:19 ਅਤੇ ਪਰਕਾਸ਼ ਦੀ ਪੋਥੀ 12:9 ਬਾਰੇ ਵੀ ਦੱਸੋ। ਭਾਵੇਂ ਵਿਅਕਤੀ ਮੰਨੇ ਜਾਂ ਨਾ ਮੰਨੇ ਕਿ ਸ਼ਤਾਨ ਅਰਥਾਤ ਇਬਲੀਸ ਹੈ ਅਤੇ ਦੁਨੀਆਂ ਉੱਤੇ ਉਸ ਦਾ ਅਸਰ ਹੈ, ਤਾਂ ਵੀ ਤੁਸੀਂ ਟ੍ਰੈਕਟ ਦੇ ਉਪ-ਸਿਰਲੇਖ “ਦੁਨੀਆਂ ਦੀਆਂ ਹਾਲਾਤਾਂ ਤੋਂ ਇਕ ਸੰਕੇਤ” ਵਿਚਲੀ ਜਾਣਕਾਰੀ ਉੱਤੇ ਚਰਚਾ ਕਰਦੇ ਹੋਏ ਗੱਲਬਾਤ ਜਾਰੀ ਰੱਖ ਸਕਦੇ ਹੋ। ਜੇ ਉਹ ਦਿਲਚਸਪੀ ਦਿਖਾਉਂਦਾ ਹੈ, ਤਾਂ ਟ੍ਰੈਕਟ ਦੇ ਸਫ਼ੇ 3-4 ਵਿਚ ਦਿੱਤੇ ਨੁਕਤਿਆਂ ਨੂੰ ਵਰਤ ਕੇ ਦੱਸੋ ਕਿ ਇਬਲੀਸ ਕਿੱਥੋਂ ਆਇਆ ਹੈ।
6 ਟ੍ਰੈਕਟ “ਮਰੇ ਹੋਏ ਪਿਆਰਿਆਂ ਲਈ ਕੀ ਉਮੀਦ?” ਝੱਟ ਹੀ ਵਿਅਕਤੀ ਦੀ ਦਿਲਚਸਪੀ ਨੂੰ ਜਗਾ ਸਕਦਾ ਹੈ। ਤੁਸੀਂ ਇਹ ਕਹਿ ਕੇ ਗੱਲ ਸ਼ੁਰੂ ਕਰ ਸਕਦੇ ਹੋ:
◼ “ਕੀ ਤੁਸੀਂ ਸੋਚਦੇ ਹੋ ਕਿ ਅਸੀਂ ਕਦੇ ਆਪਣੇ ਮਰ ਚੁੱਕੇ ਪਿਆਰਿਆਂ ਨੂੰ ਦੁਬਾਰਾ ਤੋਂ ਦੇਖਾਂਗੇ?” ਵਿਅਕਤੀ ਦੇ ਜਵਾਬ ਦੇਣ ਤੋਂ ਬਾਅਦ ਟ੍ਰੈਕਟ ਦੇ ਸਫ਼ਾ 4 ਦੇ ਦੂਜੇ ਪੈਰੇ ਤੇ ਧਿਆਨ ਦਿਵਾਓ ਅਤੇ ਯੂਹੰਨਾ 5:28, 29 ਪੜ੍ਹੋ। ਫਿਰ ਦੱਸੋ ਕਿ ਟ੍ਰੈਕਟ ਦੇ ਪਹਿਲੇ ਉਪ-ਸਿਰਲੇਖ ਦੀ ਜਾਣਕਾਰੀ ਨੂੰ ਸਮਝਣ ਵਿਚ ਇਹ ਆਇਤ ਮਦਦ ਕਰਦੀ ਹੈ। ਉਸ ਨੂੰ ਕਹੋ ਕਿ ਆਪਾਂ ਦੁਬਾਰਾ ਇਕੱਠੇ ਮਿਲ ਕੇ ਇਸ ਉੱਤੇ ਹੋਰ ਚਰਚਾ ਕਰਾਂਗੇ।
7 ਟ੍ਰੈਕਟ “ਪਰਿਵਾਰਕ ਜੀਵਨ ਦਾ ਆਨੰਦ ਮਾਣੋ” ਪਰਿਵਾਰਾਂ ਨੂੰ ਚੰਗਾ ਲੱਗਦਾ ਹੈ। ਇਸ ਨੂੰ ਦਿੰਦੇ ਸਮੇਂ ਤੁਸੀਂ ਕਹਿ ਸਕਦੇ ਹੋ:
◼ “ਤੁਸੀਂ ਇਸ ਗੱਲ ਨੂੰ ਮੰਨਦੇ ਹੋਵੋਗੇ ਕਿ ਅੱਜ ਪਰਿਵਾਰ ਵਿਚ ਬੜੀਆਂ ਮੁਸ਼ਕਲਾਂ ਹਨ। ਤੁਸੀਂ ਕੀ ਸੋਚਦੇ ਹੋ ਕਿ ਪਰਿਵਾਰਾਂ ਨੂੰ ਮਜ਼ਬੂਤ ਬਣਾਉਣ ਲਈ ਕੀ ਕੀਤਾ ਜਾ ਸਕਦਾ ਹੈ? ਵਿਅਕਤੀ ਦੇ ਜਵਾਬ ਦੇਣ ਤੋਂ ਬਾਅਦ, ਸਫ਼ਾ 6 ਤੇ ਦਿੱਤੇ ਪਹਿਲੇ ਪੈਰੇ ਵਿਚਲੇ ਨੁਕਤਿਆਂ ਵੱਲ ਧਿਆਨ ਦਿਵਾਓ। ਟ੍ਰੈਕਟ ਦੇ ਸਫ਼ੇ 4-5 ਤੇ ਦਿੱਤੀ ਕਿਸੇ ਇਕ ਆਇਤ ਦਾ ਮਤਲਬ ਸਮਝਾਓ। ਫਿਰ ਬਾਈਬਲ ਸਟੱਡੀ ਕਰਨ ਬਾਰੇ ਪੁੱਛੋ।
8 ਟ੍ਰੈਕਟ “ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ” ਇਸ ਪੇਸ਼ਕਾਰੀ ਨਾਲ ਦਿੱਤਾ ਜਾ ਸਕਦਾ ਹੈ:
◼ “ਜ਼ਿਆਦਾਤਰ ਲੋਕਾਂ ਨੇ ਬਾਈਬਲ ਦੀ ਪਹਿਲੀ ਕਿਤਾਬ ਵਿਚ ਦਿੱਤੀ ਕਇਨ ਤੇ ਹਾਬਲ ਦੀ ਕਹਾਣੀ ਸੁਣੀ ਹੀ ਹੈ। ਉਤਪਤ ਦੇ ਬਿਰਤਾਂਤ ਵਿਚ ਕਇਨ ਦੀ ਵਹੁਟੀ ਬਾਰੇ ਵੀ ਦੱਸਿਆ ਗਿਆ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਕੌਣ ਸੀ?” ਜਵਾਬ ਦੇਣ ਲਈ ਟ੍ਰੈਕਟ ਦੇ ਸਫ਼ਾ 2 ਦੇ ਅਖ਼ੀਰਲੇ ਪੈਰੇ ਨੂੰ ਵਰਤੋ। ਦੱਸੋ ਕਿ ਇਹ ਟ੍ਰੈਕਟ ਬਾਈਬਲ ਦੇ ਅਹਿਮ ਸੁਨੇਹੇ ਨੂੰ ਦੱਸਦਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ। ਸਫ਼ਾ 5 ਦੇ ਤੀਜੇ ਪੈਰੇ ਤੋਂ ਸ਼ੁਰੂ ਕਰਦੇ ਹੋਏ ਚਰਚਾ ਜਾਰੀ ਰੱਖੋ ਅਤੇ ਨਾਲ ਦਿੱਤੀਆਂ ਆਇਤਾਂ ਵੀ ਪੜ੍ਹੋ।
9 ਖ਼ੁਸ਼ ਖ਼ਬਰੀ ਸੁਣਾਉਣ ਦਾ ਅਜ਼ਮਾਇਆ ਹੋਇਆ ਤੇ ਅਸਰਦਾਰ ਜ਼ਰੀਆ ਹੈ ਬਾਈਬਲ ਟ੍ਰੈਕਟ ਵੰਡਣੇ, ਕਿਉਂਕਿ ਤੁਸੀਂ ਟ੍ਰੈਕਟਾਂ ਨੂੰ ਆਸਾਨੀ ਨਾਲ ਹਰ ਥਾਂ ਲੈ ਜਾ ਸਕਦੇ ਹੋ। ਤੁਸੀਂ ਘਰ-ਘਰ ਅਤੇ ਹਰ ਜਗ੍ਹਾ ਗਵਾਹੀ ਦੇਣ ਲਈ ਇਨ੍ਹਾਂ ਨੂੰ ਅਸਰਦਾਰ ਤਰੀਕੇ ਨਾਲ ਵਰਤ ਸਕਦੇ ਹੋ। ਟ੍ਰੈਕਟ ਪ੍ਰਚਾਰ ਕਰਨ ਵਿਚ ਬਹੁਤ ਮਦਦਗਾਰ ਸਿੱਧ ਹੁੰਦੇ ਹਨ। ਵੱਖੋ-ਵੱਖਰੇ ਟ੍ਰੈਕਟ ਆਪਣੇ ਕੋਲ ਰੱਖੋ ਅਤੇ ਗੱਲਬਾਤ ਸ਼ੁਰੂ ਕਰਨ ਲਈ ਦਿਲ ਖੋਲ੍ਹ ਕੇ ਇਨ੍ਹਾਂ ਨੂੰ ਵਰਤੋ।—ਕੁਲੁ. 4:17.