ਤਰਕ ਕਰਨ ਦੀ ਕਾਬਲੀਅਤ ਕਿਵੇਂ ਵਧਾਈਏ
1 ਲਫ਼ਜ਼ “ਤਰਕ” ਦੀ ਇਕ ਪਰਿਭਾਸ਼ਾ ਇੰਜ ਦਿੱਤੀ ਗਈ ਹੈ “ਕਿਸੇ ਵਿਅਕਤੀ ਨਾਲ ਇਸ ਤਰੀਕੇ ਨਾਲ ਗੱਲ-ਬਾਤ ਕਰਨੀ ਕਿ ਉਸ ਦੇ ਕੰਮਾਂ ਜਾਂ ਵਿਚਾਰਾਂ ਉੱਤੇ ਅਸਰ ਪਵੇ।” ਸੇਵਕਾਈ ਦੌਰਾਨ ਲੋਕਾਂ ਨੂੰ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰਨ ਲਈ, ਤੁਹਾਨੂੰ ਆਪਣੀ ਤਰਕ ਕਰਨ ਦੀ ਕਾਬਲੀਅਤ ਨੂੰ ਸੁਧਾਰਨ ਦੀ ਲੋੜ ਹੈ। (ਰਸੂ. 17:2-4) ਪਰ ਤੁਸੀਂ ਇਸ ਹੁਨਰ ਨੂੰ ਕਿਵੇਂ ਸੁਧਾਰ ਸਕਦੇ ਹੋ?
2 ਇਸ ਦੀ ਸ਼ੁਰੂਆਤ ਮਨਨ ਕਰਨ ਤੋਂ ਹੁੰਦੀ ਹੈ: ਜਦੋਂ ਤੁਸੀਂ ਬਾਈਬਲ ਸੱਚਾਈਆਂ ਦਾ ਅਧਿਐਨ ਕਰਦੇ ਹੋ, ਤਾਂ ਉਸ ਵੇਲੇ ਜਾਣਕਾਰੀ ਉੱਤੇ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਮਦਦ ਮਿਲੇਗੀ। ਜੇ ਅਧਿਐਨ ਕਰਦੇ ਸਮੇਂ ਤੁਹਾਨੂੰ ਕੁਝ ਗੱਲਾਂ ਸਮਝ ਨਹੀਂ ਆਉਂਦੀਆਂ, ਤਾਂ ਜਾਣਕਾਰੀ ਉੱਤੇ ਰਿਸਰਚ ਕਰਨ ਅਤੇ ਮਨਨ ਕਰਨ ਲਈ ਸਮਾਂ ਕੱਢੋ। ਜਿਹੜੀਆਂ ਗੱਲਾਂ ਦੱਸੀਆਂ ਗਈਆਂ ਹਨ ਉਨ੍ਹਾਂ ਨੂੰ ਸਿਰਫ਼ ਸਮਝਣ ਦੀ ਹੀ ਕੋਸ਼ਿਸ਼ ਨਾ ਕਰੋ, ਸਗੋਂ ਬਾਈਬਲ ਵਿਚ ਇਨ੍ਹਾਂ ਗੱਲਾਂ ਦਾ ਕੀ ਕਾਰਨ ਦਿੱਤਾ ਗਿਆ ਹੈ ਉਸ ਨੂੰ ਵੀ ਸਮਝੋ।
3 ਪ੍ਰਚਾਰ ਲਈ ਤਿਆਰੀ ਕਰਨ ਦੀ ਲੋੜ ਹੈ: ਇਸ ਬਾਰੇ ਸੋਚੋ ਕਿ ਤੁਸੀਂ ਵੱਖੋ-ਵੱਖਰੇ ਲੋਕਾਂ ਨੂੰ ਸੱਚਾਈ ਕਿਵੇਂ ਦੱਸੋਗੇ। ਦਿਲਚਸਪੀ ਜਗਾਉਣ ਲਈ ਅਜਿਹੇ ਸਵਾਲ ਪੁੱਛੋ ਜੋ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦੇਣ। ਪਹਿਲਾਂ ਤੋਂ ਹੀ ਸੋਚੋ ਕਿ ਉਸ ਸਵਾਲ ਨੂੰ ਬਾਈਬਲ ਨਾਲ ਕਿਵੇਂ ਜੋੜੋਗੇ ਅਤੇ ਉਸ ਬਾਰੇ ਕਿਵੇਂ ਤਰਕ ਕਰੋਗੇ। ਪਹਿਲਾਂ ਤੋਂ ਹੀ ਅੰਦਾਜ਼ਾ ਲਾ ਲਓ ਕਿ ਲੋਕ ਸਾਡੀ ਕਿਹੜੀ ਗੱਲ ਟੋਕਣਗੇ ਅਤੇ ਸੋਚ ਕੇ ਰੱਖੋ ਕਿ ਤੁਸੀਂ ਉਨ੍ਹਾਂ ਨਾਲ ਕਿਵੇਂ ਗੱਲ-ਬਾਤ ਕਰੋਗੇ। ਦਿੱਤੇ ਜਾ ਰਹੇ ਪ੍ਰਕਾਸ਼ਨ ਵਿਚਲੀ ਕਿਸੇ ਖ਼ਾਸ ਗੱਲ ਵੱਲ ਧਿਆਨ ਦਿਵਾਓ ਜਿਸ ਨੂੰ ਵਧੀਆ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਹੋਵੇ।
4 ਯਿਸੂ ਦੀ ਮਿਸਾਲ ਦੀ ਰੀਸ ਕਰੋ: ਯਿਸੂ ਨੇ ਸ਼ਾਸਤਰ ਵਿਚਲੀਆਂ ਗੱਲਾਂ ਉੱਤੇ ਅਸਰਦਾਰ ਤਰੀਕੇ ਨਾਲ ਤਰਕ ਕਰਨ ਦੀ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। ਇਹ ਦੇਖਣ ਲਈ ਕਿ ਉਹ ਗੱਲਾਂ ਨੂੰ ਕਿਵੇਂ ਸਮਝਾਉਂਦਾ ਸੀ, ਲੂਕਾ 10:25-37 ਵਿਚ ਦਿੱਤੇ ਬਿਰਤਾਂਤ ਉੱਤੇ ਗੌਰ ਕਰੋ। ਇਨ੍ਹਾਂ ਗੱਲਾਂ ਵੱਲ ਧਿਆਨ ਦਿਓ: (1) ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਸਮੇਂ ਉਨ੍ਹਾਂ ਦਾ ਧਿਆਨ ਬਾਈਬਲ ਵੱਲ ਖਿੱਚੋ। (2) ਉਨ੍ਹਾਂ ਨੂੰ ਆਪਣੇ ਵਿਚਾਰ ਦੱਸਣ ਲਈ ਕਹੋ ਅਤੇ ਜਦੋਂ ਉਹ ਸੋਚ-ਵਿਚਾਰ ਕੇ ਜਵਾਬ ਦਿੰਦੇ ਹਨ, ਤਾਂ ਉਨ੍ਹਾਂ ਦੀ ਸ਼ਲਾਘਾ ਕਰੋ। (3) ਉਨ੍ਹਾਂ ਦੇ ਸਵਾਲ ਨੂੰ ਧਿਆਨ ਵਿਚ ਰੱਖਦੇ ਹੋਏ ਆਇਤਾਂ ਵਿਚਲੀਆਂ ਖ਼ਾਸ ਗੱਲਾਂ ਉੱਤੇ ਹੀ ਜ਼ੋਰ ਦਿਓ। (4) ਦਿਲ ਨੂੰ ਛੂਹਣ ਵਾਲੀ ਉਦਾਹਰਣ ਇਸਤੇਮਾਲ ਕਰੋ ਤਾਂਕਿ ਜਵਾਬ ਦਾ ਅਸਲੀ ਮਤਲਬ ਸਮਝ ਆ ਜਾਵੇ।—1 ਮਾਰਚ 1986, ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 27-8, ਪੈਰੇ 8-10 ਦੇਖੋ।
5 ਦਿੱਤਾ ਗਿਆ ਔਜ਼ਾਰ ਇਸਤੇਮਾਲ ਕਰੋ: ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਨਾਮਕ ਪੁਸਤਿਕਾ ਨੂੰ ਖੇਤਰ ਸੇਵਕਾਈ ਵਿਚ ਵਰਤਣ ਲਈ ਛਾਪਿਆ ਗਿਆ ਹੈ। ਗੱਲ-ਬਾਤ ਸ਼ੁਰੂ ਕਰਨ ਲਈ ਇਸ ਵਿਚ ਦਿੱਤੇ ਸੁਝਾਅ, ਗੱਲ-ਬਾਤ ਟੋਕਣ ਵਾਲਿਆਂ ਲਈ ਦਿੱਤੇ ਜਵਾਬ ਅਤੇ ਤਰਕ ਕਰਨ ਲਈ ਦਿੱਤੇ ਨੁਕਤੇ ਸਾਡੀ ਤਰਕ ਕਰਨ ਦੀ ਕਾਬਲੀਅਤ ਨੂੰ ਵਧਾਉਂਦੇ ਹਨ। ਬਾਈਬਲ ਚਰਚੇ ਨਾਮਕ ਪੁਸਤਿਕਾ ਇਕ ਬਹੁਮੁੱਲਾ ਔਜ਼ਾਰ ਹੈ ਜੋ ਸਾਨੂੰ ਪ੍ਰਚਾਰ ਵਿਚ ਹਮੇਸ਼ਾ ਆਪਣੇ ਨਾਲ ਲੈ ਕੇ ਜਾਣਾ ਚਾਹੀਦਾ ਹੈ ਅਤੇ ਬਾਈਬਲ ਬਾਰੇ ਗੱਲ-ਬਾਤ ਕਰਦੇ ਸਮੇਂ ਇਸ ਨੂੰ ਇਸਤੇਮਾਲ ਕਰਨ ਤੋਂ ਸਾਨੂੰ ਹਿਚਕਿਚਾਉਣਾ ਨਹੀਂ ਚਾਹੀਦਾ। ਇਹ ਜਾਣਨ ਲਈ ਕਿ ਇਸ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਕਿਵੇਂ ਉਠਾਇਆ ਜਾ ਸਕਦਾ ਹੈ ਇਸ ਪੁਸਤਿਕਾ ਦਾ ਦੂਸਰਾ ਸਫ਼ਾ ਪੜ੍ਹੋ।
6 ਤਰਕ ਕਰਨ ਦੀ ਕਾਬਲੀਅਤ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਕੰਮ ਵਿਚ ਤੁਹਾਡੇ ਹੁਨਰ ਨੂੰ ਵਧਾਏਗੀ। ਸਿੱਟੇ ਵਜੋਂ ਤੁਹਾਨੂੰ ਅਤੇ ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਨੂੰ ਭਰਪੂਰ ਬਰਕਤਾਂ ਮਿਲਣਗੀਆਂ।