ਕੀ ਤੁਸੀਂ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਅਤੇ ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ ਪੁਸਤਿਕਾਵਾਂ ਇਸਤੇਮਾਲ ਕਰ ਰਹੇ ਹੋ?
1. ਪੌਲੁਸ ਰਸੂਲ ਅਤੇ ਯਿਸੂ ਲੋਕਾਂ ਕਿਵੇਂ ਸਿਖਾਉਂਦੇ ਸਨ?
1 ਪੌਲੁਸ ਰਸੂਲ ‘ਲਿਖਤਾਂ ਦਾ ਅਰਥ ਖੋਲ੍ਹ ਕੇ’ ਸਮਝਾਉਂਦਾ ਹੁੰਦਾ ਸੀ। (ਰਸੂ. 17:2, 3; 18:19) ਇਸ ਤਰ੍ਹਾਂ ਕਰ ਕੇ ਉਸ ਨੇ ਯਿਸੂ ਦੀ ਰੀਸ ਕੀਤੀ ਜੋ ਲਿਖਤਾਂ ਵਿੱਚੋਂ ਵਾਰ-ਵਾਰ ਹਵਾਲੇ ਦਿੰਦਾ ਹੁੰਦਾ ਸੀ ਤੇ ਆਪਣੇ ਸੁਣਨ ਵਾਲਿਆਂ ਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਸਮਝਾਉਣ ਲਈ ਦ੍ਰਿਸ਼ਟਾਂਤ ਵਰਤਦਾ ਸੀ। (ਮੱਤੀ 12:1-12) ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਅਤੇ ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ ਪੁਸਤਿਕਾਵਾਂ ਇਸ ਲਈ ਤਿਆਰ ਕੀਤੀਆਂ ਹਨ ਤਾਂਕਿ ਅਸੀਂ ਵੀ ਉਨ੍ਹਾਂ ਦੀ ਤਰ੍ਹਾਂ ਲੋਕਾਂ ਦੀ ਮਦਦ ਕਰ ਸਕੀਏ।
2. ਅਸੀਂ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਵਿੱਚੋਂ ਪੇਸ਼ਕਾਰੀਆਂ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ?
2 ਵਧੀਆ ਪੇਸ਼ਕਾਰੀਆਂ ਤਿਆਰ ਕਰੋ: ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦੇ ਸਫ਼ੇ 2-7 ਉੱਤੇ ਬਾਈਬਲ ਵਿਚ ਦਿਲਚਸਪੀ ਜਗਾਉਣ ਵਾਲੀਆਂ ਕਈ ਪੇਸ਼ਕਾਰੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਵਰਤ ਕੇ ਅਸੀਂ ਲੋਕਾਂ ਨਾਲ ਗੱਲਬਾਤ ਸ਼ੁਰੂ ਕਰ ਸਕਦੇ ਹਾਂ। ਜੇ ਤੁਸੀਂ ਵਾਰ-ਵਾਰ ਇੱਕੋ ਇਲਾਕੇ ਵਿਚ ਪ੍ਰਚਾਰ ਕਰਦੇ ਹੋ, ਤਾਂ ਚੰਗਾ ਹੋਵੇਗਾ ਕਿ ਤੁਸੀਂ ਅਲੱਗ-ਅਲੱਗ ਪੇਸ਼ਕਾਰੀਆਂ ਤੋਂ ਵਾਕਫ਼ ਹੋਵੇ ਅਤੇ ਇਨ੍ਹਾਂ ਨੂੰ ਵਰਤੋ। ਇੱਦਾਂ ਕਰ ਕੇ ਤੁਹਾਡੀ ਸੇਵਕਾਈ ਹੋਰ ਵੀ ਮਜ਼ੇਦਾਰ ਹੋਵੇਗੀ ਅਤੇ ਤੁਸੀਂ ਲੋਕਾਂ ਦੀਆਂ ਲੋੜਾਂ ਅਨੁਸਾਰ ਪੇਸ਼ਕਾਰੀਆਂ ਨੂੰ ਢਾਲ਼ ਕੇ ਉਨ੍ਹਾਂ ਨਾਲ ਵਧੀਆ ਢੰਗ ਨਾਲ ਗੱਲਬਾਤ ਕਰ ਸਕੋਗੇ। ਜਦੋਂ ਤੁਸੀਂ ਫ਼ੋਨ ਤੇ ਗਵਾਹੀ ਦਿੰਦੇ ਹੋ ਜਾਂ ਅਪਾਰਟਮੈਂਟ-ਬਿਲਡਿੰਗਾਂ ਦੇ ਇੰਟਰਕੌਮ ਰਾਹੀਂ ਲੋਕਾਂ ਨਾਲ ਗੱਲਬਾਤ ਕਰਦੇ ਹੋ, ਤਾਂ ਸ਼ਾਇਦ ਤੁਸੀਂ ਪੇਸ਼ਕਾਰੀਆਂ ਪੁਸਤਿਕਾ ਵਿੱਚੋਂ ਪੜ੍ਹਨੀਆਂ ਚਾਹੋ।
3. ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦੇ ਸਫ਼ੇ 7-13 ਪ੍ਰਚਾਰ ਕਰਨ ਵਿਚ ਸਾਡੀ ਕਿਸ ਤਰ੍ਹਾਂ ਮਦਦ ਕਰਨਗੇ?
3 ਇਤਰਾਜ਼ ਕਰਨ ਵਾਲਿਆਂ ਨਾਲ ਗੱਲ ਕਰਨੀ: ਕਿਉਂ ਨਾ ਇਹ ਧਿਆਨ ਵਿਚ ਰੱਖੋ ਕਿ ਤੁਹਾਨੂੰ ਇਤਰਾਜ਼ ਕਰਨ ਵਾਲੇ ਲੋਕ ਮਿਲਣਗੇ ਅਤੇ ਪ੍ਰਚਾਰ ਵਿਚ ਜਾਣ ਤੋਂ ਪਹਿਲਾਂ ਸਫ਼ੇ 7-13 ਉੱਤੇ ਦਿੱਤੀ ਜਾਣਕਾਰੀ ਨੂੰ ਪੜ੍ਹੋ ਕਿ ਤੁਸੀਂ ਕਿਵੇਂ ਜਵਾਬ ਦਿਓਗੇ? ਕੀ ਤੁਹਾਨੂੰ ਬੋਧੀ, ਹਿੰਦੂ, ਯਹੂਦੀ ਜਾਂ ਮੁਸਲਮਾਨ ਮਿਲਣਗੇ? ਜੇ ਹਾਂ, ਤਾਂ ਸਫ਼ੇ 13-16 ʼਤੇ ਦਿੱਤੀ ਜਾਣਕਾਰੀ ਤੁਹਾਡੀ ਮਦਦ ਕਰੇਗੀ।
4. ਅਸੀਂ ਬਾਈਬਲ ਵਿਸ਼ੇ ਪੁਸਤਿਕਾ ਕਿਵੇਂ ਵਰਤ ਸਕਦੇ ਹਾਂ ਜਦੋਂ ਕੋਈ ਸਵਾਲ ਜਾਂ ਮੁੱਦਾ ਉੱਠਦਾ ਹੈ?
4 ਸਵਾਲਾਂ ਦੇ ਜਵਾਬ ਦੇਣੇ: ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ ਪੁਸਤਿਕਾ ਸਾਡੀ ਉਦੋਂ ਮਦਦ ਕਰ ਸਕਦੀ ਹੈ ਜਦੋਂ ਲੋਕ ਕੋਈ ਸਵਾਲ ਜਾਂ ਅਜਿਹਾ ਮੁੱਦਾ ਉਠਾਉਂਦੇ ਹਨ ਜਿਸ ʼਤੇ ਬਹਿਸ ਸ਼ੁਰੂ ਹੋ ਸਕਦੀ ਹੈ। ਤੁਸੀਂ ਉਸ ਬੰਦੇ ਨੂੰ ਦੱਸ ਸਕਦੇ ਹੋ ਕਿ ਤੁਸੀਂ ਇਸ ਵਿਸ਼ੇ ਬਾਰੇ ਦਿਲਚਸਪ ਜਾਣਕਾਰੀ ਦੇਣੀ ਚਾਹੁੰਦੇ ਹੋ ਅਤੇ ਬਾਈਬਲ ਵਿਸ਼ੇ ਪੁਸਤਿਕਾ ਵਿੱਚੋਂ ਇਹ ਜਾਣਕਾਰੀ ਦਿਖਾਓ। ਇਸ ਪੁਸਤਿਕਾ ਵਿਚ ਵਿਸ਼ੇ (ੳ, ਅ, ੲ) ਦੇ ਹਿਸਾਬ ਨਾਲ ਦਿੱਤੇ ਗਏ ਹਨ ਤਾਂਕਿ ਅਸੀਂ ਆਸਾਨੀ ਨਾਲ ਉਸ ਮੁੱਖ ਵਿਸ਼ੇ ਥੱਲੇ ਦਿੱਤੀ ਜਾਣਕਾਰੀ ਨੂੰ ਦੇਖ ਸਕੀਏ। ਜਾਣਕਾਰੀ ਮਿਲਣ ਤੇ ਤੁਸੀਂ ਆਪਣੀ ਬਾਈਬਲ ਜਾਂ ਉਸ ਬੰਦੇ ਦੀ ਬਾਈਬਲ ਵਿੱਚੋਂ ਆਇਤਾਂ ਪੜ੍ਹ ਸਕਦੇ ਹੋ।
5. ਅਸੀਂ ਬਾਈਬਲ ਵਿਸ਼ੇ ਪੁਸਤਿਕਾ ਕਿੱਥੇ-ਕਿੱਥੇ ਵਰਤ ਸਕਦੇ ਹਾਂ?
5 ਹੋਰ ਕਿੱਥੇ ਵਰਤ ਸਕਦੇ ਹਾਂ: ਕਈ ਭੈਣ-ਭਰਾ ਬਾਈਬਲ ਵਿਸ਼ੇ ਪੁਸਤਿਕਾ ਕੰਮ ਦੀ ਥਾਂ ʼਤੇ ਜਾਂ ਸਕੂਲ ਲੈ ਜਾਂਦੇ ਹਨ ਤਾਂਕਿ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਣ ਜਿਵੇਂ ‘ਤੂੰ ਤਿਉਹਾਰ ਕਿਉਂ ਨਹੀਂ ਮਨਾਉਂਦਾ?’ ਕੀ ਤੁਸੀਂ ਅਜਿਹੇ ਬੰਦੇ ਨੂੰ ਮਿਲਣ ਜਾ ਰਹੇ ਹੋ ਜੋ ਬੀਮਾਰ ਹੈ ਜਾਂ ਜਿਸ ਦਾ ਅਜ਼ੀਜ਼ ਗੁਜ਼ਰ ਗਿਆ ਹੈ? “ਮੌਤ” ਜਾਂ “ਮਰੇ ਹੋਇਆਂ ਦਾ ਜੀ ਉੱਠਣਾ” ਵਿਸ਼ਿਆਂ ਥੱਲੇ ਦਿੱਤੀ ਜਾਣਕਾਰੀ ਦੀ ਮਦਦ ਨਾਲ ਤੁਸੀਂ ਬਾਈਬਲ ਵਿੱਚੋਂ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹੋ। ਬਾਈਬਲ ਵਿਸ਼ੇ ਪੁਸਤਿਕਾ ਭਾਸ਼ਣ ਤਿਆਰ ਕਰਨ ਅਤੇ ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਦੀ ਤਿਆਰੀ ਕਰਨ ਲਈ ਵੀ ਫ਼ਾਇਦੇਮੰਦ ਹੈ।
6. ਪ੍ਰਚਾਰ ਕਰਦਿਆਂ ਸਾਡਾ ਕੀ ਟੀਚਾ ਹੋਣਾ ਚਾਹੀਦਾ ਹੈ?
6 ਪ੍ਰਚਾਰ ਕਰਦਿਆਂ ਸਾਡਾ ਟੀਚਾ ਲੋਕਾਂ ਨਾਲ ਬਹਿਸਬਾਜ਼ੀ ਕਰ ਕੇ ਉਨ੍ਹਾਂ ਨੂੰ ਨੀਵਾਂ ਦਿਖਾਉਣਾ ਨਹੀਂ ਹੈ ਅਤੇ ਨਾ ਹੀ ਸਿਰਫ਼ ਜਾਣਕਾਰੀ ਦੇਣਾ ਹੈ, ਸਗੋਂ ਅਸੀਂ ਬਾਈਬਲ ਵਿੱਚੋਂ ਉਨ੍ਹਾਂ ਨੂੰ ਸਮਝਾਉਣਾ ਚਾਹੁੰਦੇ ਹਾਂ। ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਅਤੇ ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ ਪੁਸਤਿਕਾਵਾਂ ਨੂੰ ਚੰਗੀ ਤਰ੍ਹਾਂ ਵਰਤ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੀ ਸਿਖਾਉਣ ਦੀ ਕਲਾ ʼਤੇ ਧਿਆਨ ਦੇ ਰਹੇ ਹਾਂ।—1 ਤਿਮੋ. 4:16.