ਨਿਹਚਾ ਵਿਚ ਮਜ਼ਬੂਤ ਰਹਿਣ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
1 ਜਦੋਂ ਤੋਂ ਅਸੀਂ ਯਹੋਵਾਹ ਦੇ ਸੰਗਠਨ ਨਾਲ ਸੰਗਤੀ ਸ਼ੁਰੂ ਕੀਤੀ, ਉਦੋਂ ਤੋਂ ਅਧਿਆਤਮਿਕ ਤਰੱਕੀ ਸਾਡੇ ਲਈ ਇਕ ਖ਼ੁਸ਼ੀ ਦਾ ਕਾਰਨ ਸਾਬਤ ਹੋਈ! ਫਿਰ ਵੀ ‘ਨਿਹਚਾ ਵਿੱਚ ਜੜ੍ਹ ਫੜੀ ਰੱਖਣ, ਉਸਰਦੇ ਜਾਣ ਅਤੇ ਦ੍ਰਿੜ੍ਹ’ ਰਹਿਣ ਲਈ ਲਗਾਤਾਰ ਅਧਿਆਤਮਿਕ ਤਰੱਕੀ ਕਰਨੀ ਬਹੁਤ ਜ਼ਰੂਰੀ ਹੈ। (ਕੁਲੁ. 2:6, 7) ਭਾਵੇਂ ਕਿ ਬਹੁਤ ਸਾਰੇ ਭੈਣ-ਭਰਾ ਅਧਿਆਤਮਿਕ ਤੌਰ ਤੇ ਵੱਧੇ-ਫੁੱਲੇ ਹਨ, ਪਰ ਕੁਝ “ਨਿਹਚਾ ਵਿੱਚ ਦ੍ਰਿੜ੍ਹ” ਨਾ ਹੋਣ ਕਾਰਨ ਸੱਚਾਈ ਤੋਂ ਦੂਰ ਹੋ ਗਏ ਹਨ। (1 ਕੁਰਿੰ. 16:13) ਅਸੀਂ ਆਪਣੇ ਨਾਲ ਅਜਿਹਾ ਹੋਣ ਨੂੰ ਰੋਕ ਸਕਦੇ ਹਾਂ। ਕਿਵੇਂ?
2 ਲਗਾਤਾਰ ਅਧਿਆਤਮਿਕ ਕੰਮ: ਯਹੋਵਾਹ ਦੇ ਸੰਗਠਨ ਵਿਚ ਆਪਣੀ ਇਕ ਵਧੀਆ ਅਧਿਆਤਮਿਕ ਰੁਟੀਨ ਬਣਾਓ। ਸੰਗਠਨ ਵਿਚ ਸਾਡੀਆਂ ਅਧਿਆਤਮਿਕ ਲੋੜਾਂ ਦਾ ਕਾਫ਼ੀ ਖ਼ਿਆਲ ਰੱਖਿਆ ਗਿਆ ਹੈ। ਕਲੀਸਿਯਾ ਸਭਾਵਾਂ, ਸੰਮੇਲਨ ਅਤੇ ਮਹਾਂ-ਸੰਮੇਲਨ ਸਾਨੂੰ ਅਧਿਆਤਮਿਕ ਤਰੱਕੀ ਕਰਨ ਅਤੇ ਮਜ਼ਬੂਤ ਰਹਿਣ ਲਈ ਉਤਸ਼ਾਹਿਤ ਕਰਦੇ ਹਨ। ਪਰ ਇਨ੍ਹਾਂ ਵਿਚ ਲਗਾਤਾਰ ਹਾਜ਼ਰ ਹੋਣ ਨਾਲ ਹੀ ਸਾਨੂੰ ਪੂਰੇ ਫ਼ਾਇਦੇ ਮਿਲ ਸਕਦੇ ਹਨ। (ਇਬ. 10:24, 25) ਬਾਈਬਲ, ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਅਤੇ ਕਿਤਾਬਾਂ ਵਿਚ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਜਾਂ ਅੰਨ ਬਾਰੇ ਦੱਸਿਆ ਜਾਂਦਾ ਹੈ। ਇਨ੍ਹਾਂ ਨੂੰ ਬਾਕਾਇਦਾ ਪੜ੍ਹਨ ਨਾਲ ਸਾਡੀਆਂ ਅਧਿਆਤਮਿਕ ਜੜ੍ਹਾਂ ਹੋਰ ਡੂੰਘੀਆਂ ਅਤੇ ਮਜ਼ਬੂਤ ਹੋ ਜਾਣਗੀਆਂ। (ਇਬ. 5:14) ਨਿੱਜੀ ਅਧਿਆਤਮਿਕ ਟੀਚੇ ਰੱਖਣ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਨਾਲ ਲੰਮੇ ਸਮੇਂ ਦੇ ਫ਼ਾਇਦੇ ਮਿਲਦੇ ਹਨ।—ਫ਼ਿਲਿ. 3:16.
3 ਸਿਆਣੇ ਭੈਣ-ਭਰਾਵਾਂ ਕੋਲੋਂ ਮਦਦ: ਕਲੀਸਿਯਾ ਵਿਚ ਅਧਿਆਤਮਿਕ ਤੌਰ ਤੇ ਸਿਆਣੇ ਭੈਣ-ਭਰਾਵਾਂ ਨਾਲ ਸੰਗਤੀ ਵਧਾਉਣ ਦੀ ਕੋਸ਼ਿਸ਼ ਕਰੋ। ਬਜ਼ੁਰਗਾਂ ਨਾਲ ਜਾਣ-ਪਛਾਣ ਕਰੋ, ਕਿਉਂਕਿ ਉਹ ਖ਼ਾਸ ਤੌਰ ਤੇ ਤੁਹਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਾ ਸਕਦੇ ਹਨ। (1 ਥੱਸ. 2:11, 12) ਉਹ ਜੋ ਵੀ ਸਲਾਹਾਂ ਜਾਂ ਸੁਝਾਅ ਦਿੰਦੇ ਹਨ ਉਨ੍ਹਾਂ ਨੂੰ ਮੰਨੋ। (ਅਫ਼. 4:11-16) ਸਹਾਇਕ ਸੇਵਕ ਵੀ ਦੂਸਰਿਆਂ ਦੀ ਨਿਹਚਾ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਦੇਣ ਲਈ ਦਿਲਚਸਪੀ ਰੱਖਦੇ ਹਨ, ਇਸ ਲਈ ਇਨ੍ਹਾਂ ਭਰਾਵਾਂ ਕੋਲੋਂ ਵੀ ਉਤਸ਼ਾਹ ਲਵੋ।
4 ਕੀ ਤੁਹਾਨੂੰ ਪ੍ਰਚਾਰ ਕੰਮ ਵਿਚ ਮਦਦ ਦੀ ਲੋੜ ਹੈ? ਬਜ਼ੁਰਗਾਂ ਨਾਲ ਗੱਲ-ਬਾਤ ਕਰੋ ਅਤੇ ਮਦਦ ਮੰਗੋ। ਸ਼ਾਇਦ ਤੁਸੀਂ ਵੀ ‘ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ’ ਪ੍ਰੋਗ੍ਰਾਮ ਵਿਚ ਹਿੱਸਾ ਲੈ ਸਕਦੇ ਹੋ। ਕੀ ਤੁਸੀਂ ਨਵਾਂ-ਨਵਾਂ ਬਪਤਿਸਮਾ ਲਿਆ ਹੈ? ਤਾਂ ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦਾ ਅਧਿਐਨ ਕਰ ਕੇ ਇਸ ਵਿਚ ਲਿਖੀਆਂ ਗੱਲਾਂ ਨੂੰ ਲਾਗੂ ਕਰੋ। ਇਸ ਨਾਲ ਤੁਸੀਂ ਤਰੱਕੀ ਕਰ ਕੇ ਅਧਿਆਤਮਿਕ ਤੌਰ ਤੇ ਸਿਆਣੇ ਬਣੋਗੇ। ਕੀ ਤੁਸੀਂ ਮਾਤਾ-ਪਿਤਾ ਹੋ? ਜੇ ਹੋ, ਤਾਂ ਆਪਣੇ ਬੱਚਿਆਂ ਨੂੰ ਅਧਿਆਤਮਿਕ ਤੌਰ ਤੇ ਲਗਾਤਾਰ ਮਜ਼ਬੂਤ ਕਰਦੇ ਰਹੋ।—ਅਫ਼. 6:4.
5 ਨਿਹਚਾ ਵਿਚ ਜੜ੍ਹ ਫੜਨ ਅਤੇ ਦ੍ਰਿੜ੍ਹ ਹੋਣ ਨਾਲ, ਅਸੀਂ ਯਹੋਵਾਹ ਨਾਲ ਨਜ਼ਦੀਕੀ ਰਿਸ਼ਤੇ ਦਾ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਨਿੱਘੀ ਸੰਗਤੀ ਦਾ ਆਨੰਦ ਮਾਣਾਂਗੇ। ਇਸ ਨਾਲ ਸਾਨੂੰ ਸ਼ਤਾਨ ਦੇ ਹਮਲਿਆਂ ਦਾ ਸਾਮ੍ਹਣਾ ਕਰਨ ਵਿਚ ਮਦਦ ਵੀ ਮਿਲਦੀ ਹੈ ਅਤੇ ਸਦੀਪਕ ਜ਼ਿੰਦਗੀ ਦੀ ਸਾਡੀ ਆਸ ਹੋਰ ਵੀ ਮਜ਼ਬੂਤ ਹੁੰਦੀ ਜਾਂਦੀ ਹੈ।—1 ਪਤ. 5:9, 10.