ਦਾਨੀਏਲ ਦੀ ਭਵਿੱਖਬਾਣੀ ਦਾ ਅਧਿਐਨ
1 ਇਸ ਸਾਲ 17 ਅਪ੍ਰੈਲ ਦੇ ਹਫ਼ਤੇ ਤੋਂ ਅਸੀਂ ਕਲੀਸਿਯਾ ਪੁਸਤਕ ਅਧਿਐਨ ਵਿਚ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਨਾਮਕ ਕਿਤਾਬ ਦਾ ਅਧਿਐਨ ਕਰਾਂਗੇ। ਬਹੁਤ ਸਾਰਿਆਂ ਨੇ ਇਸ ਦਿਲਚਸਪ ਕਿਤਾਬ ਨੂੰ ਪਹਿਲਾਂ ਹੀ ਪੜ੍ਹ ਲਿਆ ਹੈ, ਪਰ ਹੁਣ ਸਾਡੇ ਕੋਲ ਇਕ ਗਰੁੱਪ ਦੇ ਤੌਰ ਤੇ ਇਸ ਕਿਤਾਬ ਦੀ ਚਰਚਾ ਕਰਨ ਤੋਂ ਮਿਲਣ ਵਾਲੇ ਫ਼ਾਇਦਿਆਂ ਦਾ ਆਨੰਦ ਮਾਣਨ ਦਾ ਮੌਕਾ ਹੈ। ਸਾਰੇ ਭੈਣ-ਭਰਾਵਾਂ ਨੂੰ, ਦਿਲਚਸਪੀ ਰੱਖਣ ਵਾਲਿਆਂ ਨੂੰ ਅਤੇ ਬੱਚਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ ਕਿ ਉਹ ਹਰ ਹਫ਼ਤੇ ਬਾਈਬਲ ਦੀ ਦਾਨੀਏਲ ਨਾਮਕ ਕਿਤਾਬ ਦੇ ਇਸ ਡੂੰਘੇ ਅਧਿਐਨ ਲਈ ਹਾਜ਼ਰ ਹੋਣ।—ਬਿਵ. 31:12, 13.
2 ਅਧਿਐਨ ਲਈ ਅਨੁਸੂਚੀ ਅਤੇ ਹਿਦਾਇਤਾਂ: ਦਾਨੀਏਲ ਦੀ ਭਵਿੱਖਬਾਣੀ ਕਿਤਾਬ ਦੀ ਮੁਕੰਮਲ ਅਧਿਐਨ ਅਨੁਸੂਚੀ ਸਾਡੀ ਰਾਜ ਸੇਵਕਾਈ ਦੇ ਇਸੇ ਅੰਕ ਵਿਚ ਦਿੱਤੀ ਗਈ ਹੈ। ਤੁਸੀਂ ਇਸ ਦੀ ਇਕ ਕਾਪੀ ਆਪਣੀ ਅਧਿਐਨ ਵਾਲੀ ਕਿਤਾਬ ਵਿਚ ਰੱਖੋ। ਅਨੁਸੂਚੀ ਵਿਚ ਦੱਸਿਆ ਗਿਆ ਹੈ ਕਿ ਹਰ ਹਫ਼ਤੇ ਇਸ ਕਿਤਾਬ ਦੇ ਕਿਹੜੇ ਪਾਠ ਦੇ ਕਿਹੜੇ ਪੈਰਿਆਂ ਦੀ ਅਤੇ ਨਾਲ ਹੀ ਨਾਲ ਦਾਨੀਏਲ ਵਿੱਚੋਂ ਕਿਹੜੀਆਂ ਆਇਤਾਂ ਦੀ ਚਰਚਾ ਕੀਤੀ ਜਾਵੇਗੀ। ਫੁਟਨੋਟ ਦੱਸਦੇ ਹਨ ਕਿ ਕਿਤਾਬ ਦੇ ਕੁਝ ਹਿੱਸਿਆਂ ਉੱਤੇ ਕਿਵੇਂ ਅਤੇ ਕਦੋਂ ਵਿਚਾਰ ਕੀਤਾ ਜਾਵੇਗਾ। ਸੰਚਾਲਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਹਰ ਹਫ਼ਤੇ ਅਧਿਐਨ ਦੇ ਅੰਤ ਵਿਚ, ਗਰੁੱਪ ਨਾਲ ਦਾਨੀਏਲ ਕਿਤਾਬ ਵਿੱਚੋਂ ਉਨ੍ਹਾਂ ਕੁਝ ਖ਼ਾਸ ਆਇਤਾਂ ਤੇ ਮੁੜ ਵਿਚਾਰ ਕਰਨ ਜਿਹੜੀਆਂ ਕਿ ਉਸ ਹਫ਼ਤੇ ਦੀ ਅਨੁਸੂਚੀ ਵਿਚ ਦਿੱਤੀਆਂ ਗਈਆਂ ਹਨ। ਜੇ ਸਮਾਂ ਮਿਲੇ, ਤਾਂ ਆਇਤਾਂ ਨੂੰ ਪੜ੍ਹਿਆ ਜਾ ਸਕਦਾ ਹੈ ਅਤੇ ਉਨ੍ਹਾਂ ਉੱਤੇ ਟਿੱਪਣੀ ਕੀਤੀ ਜਾ ਸਕਦੀ ਹੈ। ਕੁਝ ਆਇਤਾਂ ਦੀ ਚਰਚਾ ਅਗਲੇ ਹਫ਼ਤੇ ਤਕ ਵੀ ਜਾਰੀ ਰਹੇਗੀ।
3 ਅਧਿਐਨ ਦੀ ਚੰਗੀ ਤਰ੍ਹਾਂ ਤਿਆਰੀ ਕਰੋ: ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਦਿੱਤੇ ਗਏ ਹਿੱਸੇ ਤੇ ਹਰ ਹਫ਼ਤੇ ਆਰਾਮ ਨਾਲ ਚਰਚਾ ਕਰਨ ਲਈ ਕਾਫ਼ੀ ਸਮਾਂ ਮਿਲੇ। ਚਾਰ ਪਾਠ ਕਾਫ਼ੀ ਛੋਟੇ ਹਨ। ਇਸ ਲਈ, 5 ਜੂਨ ਦੇ ਹਫ਼ਤੇ ਦੇ ਅਧਿਐਨ ਦੇ ਅੰਤ ਵਿਚ, ਸੰਚਾਲਕ ਦਾਨੀਏਲ 2:1-40 ਆਇਤਾਂ ਤੇ ਮੁੜ ਵਿਚਾਰ ਕਰ ਸਕਦਾ ਹੈ। 26 ਜੂਨ ਦੇ ਹਫ਼ਤੇ ਲਈ, ਉਹ ਦਾਨੀਏਲ 3:1-30 ਆਇਤਾਂ ਤੇ ਮੁੜ ਵਿਚਾਰ ਕਰ ਸਕਦਾ ਹੈ। 4 ਸਤੰਬਰ ਦੇ ਹਫ਼ਤੇ ਵਿਚ ਸਫ਼ਾ 139 ਉੱਤੇ ਦਿੱਤੀਆਂ ਗਈਆਂ ਤਸਵੀਰਾਂ ਅਤੇ ਸ਼ਾਸਤਰਵਚਨਾਂ ਦੀ ਚੰਗੀ ਤਰ੍ਹਾਂ ਚਰਚਾ ਕਰਨੀ ਚਾਹੀਦੀ ਹੈ। 2 ਅਕਤੂਬਰ ਦੇ ਹਫ਼ਤੇ ਦੇ ਅਧਿਐਨ ਸਮੇਂ ਸਫ਼ੇ 188-9 ਉੱਤੇ ਦਿੱਤੇ ਗਏ ਚਾਰਟ ਤੇ ਚਰਚਾ ਕਰਨੀ ਚਾਹੀਦੀ ਹੈ।
4 ਹਰ ਹਫ਼ਤੇ ਅਧਿਐਨ ਦੀ ਚੰਗੀ ਤਰ੍ਹਾਂ ਤਿਆਰੀ ਕਰੋ ਅਤੇ ਇਸ ਵਿਚ ਪੂਰਾ-ਪੂਰਾ ਹਿੱਸਾ ਲਓ। ਯਹੋਵਾਹ ਦੇ ਦ੍ਰਿਸ਼ਟ ਸੰਗਠਨ ਨਾਲ ਸੰਗਤੀ ਕਰਨ ਅਤੇ ਉਸ ਦੇ ਮਸਹ ਕੀਤੇ ਹੋਏ ਵਫ਼ਾਦਾਰ ਦਾਸ ਦੁਆਰਾ ਦਿੱਤੇ ਗਏ ਗਿਆਨ ਅਤੇ ਸਮਝ ਤੋਂ ਫ਼ਾਇਦਾ ਉਠਾਉਣ ਦੇ ਆਪਣੇ ਇਸ ਵਿਸ਼ੇਸ਼-ਸਨਮਾਨ ਦੀ ਕਦਰ ਕਰੋ। (ਦਾਨੀ. 12:3, 4) ਸਾਰਿਆਂ ਨੂੰ ਪਿਆਰ ਨਾਲ ਉਤਸ਼ਾਹ ਦਿਓ ਕਿ ਉਹ ਪੁਸਤਕ ਅਧਿਐਨ ਵਿਚ ਬਾਕਾਇਦਾ ਹਾਜ਼ਰ ਹੋਣ। ਆਓ ਆਪਾਂ ਸਾਰੇ ਦਾਨੀਏਲ ਦੀ ਸ਼ਾਨਦਾਰ ਕਿਤਾਬ ਵਿਚ ਪ੍ਰਗਟ ਕੀਤੇ ਪਰਮੇਸ਼ੁਰ ਦੇ ਅਗੰਮ ਵਾਕ ਵੱਲ ਪੂਰਾ-ਪੂਰਾ ਧਿਆਨ ਦੇਈਏ।—ਇਬ. 10:23-25; 2 ਪਤ. 1:19.