“ਜਾਗਦੇ ਰਹੋ”
1 ਇਸ ਰੀਤੀ-ਵਿਵਸਥਾ ਦੇ ਅੰਤ ਦੇ ਦਿਨਾਂ ਵੱਲ ਇਸ਼ਾਰਾ ਕਰਨ ਵਾਲੀਆਂ ਅਹਿਮ ਘਟਨਾਵਾਂ ਬਾਰੇ ਦੱਸਣ ਤੋਂ ਬਾਅਦ, ਯਿਸੂ ਨੇ ਆਪਣੇ ਚੇਲਿਆਂ ਨੂੰ ‘ਜਾਗਦੇ ਰਹਿਣ’ ਲਈ ਕਿਹਾ। (ਮਰ. 13:33) ਮਸੀਹੀਆਂ ਨੂੰ ਕਿਉਂ ਜਾਗਦੇ ਰਹਿਣਾ ਚਾਹੀਦਾ ਹੈ? ਕਿਉਂਕਿ ਅਸੀਂ ਮਨੁੱਖੀ ਇਤਿਹਾਸ ਦੇ ਸਭ ਤੋਂ ਖ਼ਤਰਨਾਕ ਸਮੇਂ ਵਿਚ ਜੀ ਰਹੇ ਹਾਂ, ਇਸ ਲਈ ਅਸੀਂ ਅਧਿਆਤਮਿਕ ਤੌਰ ਤੇ ਸੌਣਾ ਨਹੀਂ ਚਾਹੁੰਦੇ। ਸੌਂ ਜਾਣ ਨਾਲ ਅਸੀਂ ਉਸ ਕੰਮ ਦੀ ਕਦਰ ਨਹੀਂ ਕਰ ਰਹੇ ਹੋਵਾਂਗੇ ਜੋ ਯਹੋਵਾਹ ਨੇ ਇਸ ਅੰਤ ਦੇ ਸਮੇਂ ਵਿਚ ਸਾਨੂੰ ਕਰਨ ਨੂੰ ਦਿੱਤਾ ਹੈ। ਉਹ ਕਿਹੜਾ ਕੰਮ ਹੈ?
2 ਯਹੋਵਾਹ ਆਪਣੇ ਲੋਕਾਂ ਦੁਆਰਾ ਸਾਰੀ ਧਰਤੀ ਉੱਤੇ ਆਪਣੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਵਾ ਰਿਹਾ ਹੈ, ਕਿਉਂਕਿ ਉਸ ਦਾ ਰਾਜ ਹੀ ਸਾਰੇ ਇਨਸਾਨਾਂ ਲਈ ਇੱਕੋ-ਇਕ ਆਸ਼ਾ ਹੈ। ਪਰਮੇਸ਼ੁਰ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਨ ਨਾਲ ਸਾਡੀ ਪਛਾਣ ਸੱਚੇ ਮਸੀਹੀਆਂ ਵਜੋਂ ਹੁੰਦੀ ਹੈ, ਕਿਉਂਕਿ ਸੱਚੇ ਮਸੀਹੀ ਇਸ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹਨ ਅਤੇ ਦੂਜਿਆਂ ਨੂੰ “ਸਦੀਪਕ ਜੀਉਣ ਦੀਆਂ ਗੱਲਾਂ” ਦੱਸਣ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹਨ। (ਯੂਹੰ. 6:68) ਇਸ ਅਹਿਮ ਕੰਮ ਵਿਚ ਪੂਰੇ ਜੋਸ਼ ਨਾਲ ਹਿੱਸਾ ਲੈਣ ਦੁਆਰਾ ਅਸੀਂ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਦਾ ਸਬੂਤ ਦਿੰਦੇ ਹਾਂ।
3 ਪ੍ਰਚਾਰ ਕਰਨ ਲਈ ਪ੍ਰੇਰਿਤ ਹੋਣਾ: ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਆਪਣੀ ਸੇਵਕਾਈ ਪ੍ਰਤੀ ਸਹੀ ਨਜ਼ਰੀਆ ਰੱਖਣਾ ਚਾਹੀਦਾ ਹੈ। ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ ਸਾਨੂੰ ਪ੍ਰਚਾਰ ਕਰਨ ਲਈ ਨਿੱਜੀ ਤੌਰ ਤੇ ਪ੍ਰੇਰਿਤ ਕਰਦਾ ਹੈ। (1 ਕੁਰਿੰ. 9:16-17) ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵਾਂਗੇ। (1 ਤਿਮੋ. 4:16) ਤਾਂ ਫਿਰ ਆਓ ਆਪਾਂ ਬਾਕਾਇਦਾ ਤੌਰ ਤੇ ਪੂਰੇ ਤਨ-ਮਨ ਨਾਲ ਜਿੰਨਾ ਹੋ ਸਕੇ, ਇਨਸਾਨਾਂ ਲਈ ਸਭ ਤੋਂ ਚੰਗੀ ਸਰਕਾਰ ਯਾਨੀ ਪਰਮੇਸ਼ੁਰ ਦੀ ਸਰਕਾਰ ਦਾ ਪ੍ਰਚਾਰ ਕਰੀਏ!
4 ਇਹ ਇਕ ਬਹੁਤ ਮਹੱਤਵਪੂਰਣ ਹਕੀਕਤ ਹੈ ਕਿ ਜਦੋਂ ਅਸੀਂ ਪ੍ਰਚਾਰ ਕਰ ਹੀ ਰਹੇ ਹੋਵਾਂਗੇ, ਵੱਡਾ ਕਸ਼ਟ ਸ਼ੁਰੂ ਹੋ ਜਾਵੇਗਾ। ਇਸ ਲਈ ਸਾਨੂੰ ਇਸ ਹਕੀਕਤ ਨੂੰ ਜਾਣ ਕੇ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ। ਕਿਉਂਕਿ ਅਸੀਂ ਉਸ ਦਿਨ ਤੇ ਘੜੀ ਨੂੰ ਨਹੀਂ ਜਾਣਦੇ, ਇਸ ਲਈ ਸਾਨੂੰ ਹਰ ਸਮੇਂ ਜਾਗਦੇ ਹੋਏ ਤਿਆਰ ਰਹਿਣਾ ਚਾਹੀਦਾ ਹੈ ਤੇ ਪ੍ਰਾਰਥਨਾ ਕਰਦੇ ਹੋਏ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। (ਅਫ਼. 6:18) ਪ੍ਰਚਾਰ ਦਾ ਕੰਮ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਪਰ ਜਲਦੀ ਹੀ ਉਹ ਦਿਨ ਵੀ ਆ ਜਾਵੇਗਾ ਜਦੋਂ ਮਨੁੱਖੀ ਇਤਿਹਾਸ ਵਿਚ ਗਵਾਹੀ ਦੇਣ ਦਾ ਸਭ ਤੋਂ ਵੱਡਾ ਕੰਮ ਪੂਰਾ ਹੋ ਜਾਵੇਗਾ।
5 ਇਸ ਲਈ ‘ਜਾਗਦੇ ਰਹਿਣ’ ਦੇ ਯਿਸੂ ਦੇ ਹੁਕਮ ਨੂੰ ਵਫ਼ਾਦਾਰੀ ਨਾਲ ਮੰਨੋ। ਕਿਉਂਕਿ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੁਣ ਜਾਗਦੇ ਰਹਿਣ ਦੀ ਲੋੜ ਹੈ। ਇਸ ਲਈ ਆਓ ਆਪਾਂ ਸਮੇਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਆਪਣਾ ਕੰਮ ਕਰੀਏ ਤੇ ਹਰ ਰੋਜ਼ ਯਹੋਵਾਹ ਦੀ ਸੇਵਾ ਵਿਚ ਅਧਿਆਤਮਿਕ ਤੌਰ ਤੇ ਸਮਝਦਾਰ, ਚੌਕਸ ਅਤੇ ਸਰਗਰਮ ਰਹੀਏ। ਜੀ ਹਾਂ, ਆਓ ਆਪਾਂ “ਜਾਗਦੇ ਰਹੀਏ ਅਰ ਸੁਚੇਤ ਰਹੀਏ।”—1 ਥੱਸ. 5:6.