ਬੱਚਿਆਂ ਲਈ ਸੁਨਹਿਰਾ ਮੌਕਾ
1 ਬਹੁਤ ਸਾਰੇ ਮਾਤਾ-ਪਿਤਾ ਉਸ ਸੁਨਹਿਰੇ ਮੌਕੇ ਯਾਨੀ ਰਸਾਲੇ ਵੰਡਣ ਦੇ ਦਿਨਾਂ ਨੂੰ ਯਾਦ ਕਰ ਕੇ ਖ਼ੁਸ਼ ਹੁੰਦੇ ਹਨ ਜਿਸ ਦਾ ਉਨ੍ਹਾਂ ਨੇ ਛੋਟੇ ਹੁੰਦਿਆਂ ਆਨੰਦ ਮਾਣਿਆ ਸੀ। ਇਹ ਕੰਮ 1949 ਵਿਚ ਸਾਰੀਆਂ ਕਲੀਸਿਯਾਵਾਂ ਵਿਚ ਸ਼ੁਰੂ ਕੀਤਾ ਗਿਆ ਸੀ। ਸਾਰਿਆਂ ਨੂੰ ਦੱਸਿਆ ਗਿਆ ਸੀ ਕਿ ਉਹ ਹਫ਼ਤੇ ਵਿਚ ਇਕ ਦਿਨ ਸੜਕਾਂ ਉੱਤੇ, ਘਰ-ਘਰ, ਦੁਕਾਨਾਂ ਤੇ ਅਤੇ ਹੋਰ ਥਾਵਾਂ ਤੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਵੰਡਣ। ਖ਼ਾਸਕਰ ਛੋਟੇ ਪ੍ਰਕਾਸ਼ਕ ਇਸ ਕੰਮ ਵਿਚ ਹਿੱਸਾ ਲੈਣ ਲਈ ਬੜੀ ਬੇਸਬਰੀ ਨਾਲ ਉਡੀਕ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵੀ ਕਲੀਸਿਯਾ ਦੇ ਵੱਡੇ ਭੈਣ-ਭਰਾਵਾਂ ਵਾਂਗ ਰਸਾਲੇ ਵੰਡਣ ਦਾ ਮੌਕਾ ਮਿਲਦਾ ਸੀ। ਕੀ ਤੁਸੀਂ ਵੀ ਛੋਟੇ ਹੁੰਦਿਆਂ ਬੇਸਬਰੀ ਨਾਲ ਇਸ ਮੌਕੇ ਦੀ ਉਡੀਕ ਕਰਦੇ ਸੀ?
2 ਆਪਣੇ ਬੱਚਿਆਂ ਨੂੰ ਵੀ ਸ਼ਾਮਲ ਕਰੋ: ਬਹੁਤ ਛੋਟੀ ਉਮਰ ਦੇ ਬੱਚੇ ਜਿਹੜੇ ਘਰ-ਘਰ ਜਾ ਕੇ ਬਾਈਬਲ ਤੋਂ ਗੱਲ-ਬਾਤ ਸ਼ੁਰੂ ਨਹੀਂ ਕਰ ਸਕਦੇ, ਉਹ ਰਸਾਲੇ ਵੰਡ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਇਕ ਛੋਟੀ ਤੇ ਆਸਾਨ ਜਿਹੀ ਪੇਸ਼ਕਾਰੀ ਜ਼ਬਾਨੀ ਯਾਦ ਕਰਨ ਦੀ ਲੋੜ ਹੈ। ਸ਼ਾਇਦ ਰਸਾਲੇ ਦੇ ਪਹਿਲੇ ਸਫ਼ੇ ਉੱਤੇ ਦਿੱਤੀ ਤਸਵੀਰ ਤੇ ਇਕ ਛੋਟੀ ਜਿਹੀ ਟਿੱਪਣੀ ਤਿਆਰ ਕਰਨੀ ਕਾਫ਼ੀ ਹੋਵੇ। ਕਈ ਲੋਕ ਝੱਟ ਹੀ ਸਾਡੇ ਬੱਚਿਆਂ ਕੋਲੋਂ ਰਸਾਲੇ ਲੈ ਲੈਂਦੇ ਹਨ ਅਤੇ ਅਕਸਰ ਉਨ੍ਹਾਂ ਦੀ ਮਾਸੂਮੀਅਤ ਅਤੇ ਚੰਗੇ ਆਚਰਣ ਦੀ ਤਾਰੀਫ਼ ਕਰਦੇ ਹਨ। ਜੇ ਬੱਚਿਆਂ ਦੀ ਥੋੜ੍ਹੀ ਜਿਹੀ ਮਦਦ ਕੀਤੀ ਜਾਵੇ, ਤਾਂ ਉਹ ਬੜੀ ਚੰਗੀ ਤਰ੍ਹਾਂ ਰਸਾਲੇ ਵੰਡਣੇ ਸਿੱਖ ਸਕਦੇ ਹਨ ਅਤੇ ਰਾਜ ਦਾ ਸੰਦੇਸ਼ ਫੈਲਾਉਣ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾ ਸਕਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਜਾਂਦੇ ਹਨ, ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਨ ਤਾਂਕਿ ਉਹ ਹੋਰ ਵੀ ਮਹਾਰਤ ਨਾਲ ਪ੍ਰਚਾਰ ਕਰਨ ਵਿਚ ਤਰੱਕੀ ਕਰਦੇ ਜਾਣ।
3 ਮੈਨਵਲ ਤਿੰਨ ਸਾਲ ਦੀ ਉਮਰ ਵਿਚ ਹੀ ਘਰ-ਘਰ ਪ੍ਰਚਾਰ ਕਰਨ ਲੱਗ ਪਿਆ ਸੀ। ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਇਕ ਛੋਟੀ ਜਿਹੀ ਪੇਸ਼ਕਾਰੀ ਮੂੰਹ-ਜ਼ਬਾਨੀ ਯਾਦ ਕਰਵਾਈ। ਉਹ ਬੜੇ ਜੋਸ਼ ਨਾਲ ਉਨ੍ਹਾਂ ਨਾਲ ਪ੍ਰਚਾਰ ਕਰਦਾ ਹੈ ਤੇ ਕਈ ਰਸਾਲੇ, ਬਰੋਸ਼ਰ ਅਤੇ ਟ੍ਰੈਕਟ ਵੰਡਦਾ ਹੈ। ਜਿੱਥੇ ਕਿਤੇ ਵੀ ਲੋਕ ਮਿਲਦੇ ਹਨ ਉਹ ਉਨ੍ਹਾਂ ਨੂੰ ਪ੍ਰਚਾਰ ਕਰਦਾ ਹੈ। ਇਕ ਵਾਰ ਜਦੋਂ ਉਸ ਦੇ ਮਾਤਾ-ਪਿਤਾ ਦਿਲਪਰਚਾਵੇ ਵਾਸਤੇ ਉਸ ਨੂੰ ਇਕ ਪਾਰਕ ਵਿਚ ਲੈ ਕੇ ਗਏ, ਤਾਂ ਉਸ ਨੇ ਉੱਥੇ ਮੌਜੂਦ ਲੋਕਾਂ ਨੂੰ ਕੁਝ ਟ੍ਰੈਕਟ ਵੰਡਣੇ ਸ਼ੁਰੂ ਕਰ ਦਿੱਤੇ। ਭਾਵੇਂ ਕਿ ਮੈਨਵਲ ਅਜੇ ਕਾਫ਼ੀ ਛੋਟਾ ਹੈ, ਫਿਰ ਵੀ ਸੇਵਕਾਈ ਲਈ ਉਸ ਦਾ ਜੋਸ਼ ਦੇਖ ਕੇ ਉਸ ਦੇ ਮਾਤਾ-ਪਿਤਾ ਅਤੇ ਪੂਰੀ ਕਲੀਸਿਯਾ ਨੂੰ ਕਾਫ਼ੀ ਹੌਸਲਾ-ਅਫ਼ਜ਼ਾਈ ਮਿਲਦੀ ਹੈ।—ਕਹਾ. 22:6.
4 ਯਹੋਵਾਹ ਦੇ ਗਵਾਹਾਂ ਦੇ ਕਲੰਡਰ ਉੱਤੇ ਹਰੇਕ ਸਿਨੱਚਰਵਾਰ “ਰਸਾਲਾ ਵੰਡਾਈ ਦਾ ਦਿਨ” ਵਜੋਂ ਨਿਸ਼ਚਿਤ ਕੀਤਾ ਗਿਆ ਹੈ। ਅਸੀਂ ਮਾਪਿਆਂ ਨੂੰ ਇਹ ਸਲਾਹ ਦਿੰਦੇ ਹਾਂ ਕਿ ਤੁਸੀਂ ਇਕ ਵਾਰ ਫਿਰ ਇਸ ਕੰਮ ਵਿਚ ਡੂੰਘੀ ਦਿਲਚਸਪੀ ਲਓ ਅਤੇ ਸੇਵਾ ਦੇ ਇਸ ਸੁਨਹਿਰੇ ਮੌਕੇ ਵਿਚ ਆਪਣੇ ਬੱਚਿਆਂ ਨੂੰ ਵੀ ਬਾਕਾਇਦਾ ਤੌਰ ਤੇ ਜਿੰਨਾ ਹੋ ਸਕੇ ਹਿੱਸਾ ਲੈਣ ਵਿਚ ਮਦਦ ਦਿੰਦੇ ਰਹੋ।