“ਕੀ ਮੈਨੂੰ ਉੱਥੇ ਜਾਣਾ ਚਾਹੀਦਾ ਹੈ ਜਿੱਥੇ ਜ਼ਿਆਦਾ ਲੋੜ ਹੈ?”
1 ਯਿਸੂ ਨੇ ਹੁਕਮ ਦਿੱਤਾ ਸੀ ਕਿ “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” ਇਸ ਹੁਕਮ ਨੂੰ ਮੰਨਦੇ ਹੋਏ ਯਹੋਵਾਹ ਦੇ ਬਹੁਤ ਸਾਰੇ ਸਮਰਪਿਤ ਸੇਵਕ ਪ੍ਰਚਾਰ ਕਰਨ ਲਈ ਉਸ ਜਗ੍ਹਾ ਚਲੇ ਗਏ ਹਨ ਜਿੱਥੇ ਪ੍ਰਚਾਰਕਾਂ ਦੀ ਸਖ਼ਤ ਲੋੜ ਹੈ। (ਮੱਤੀ 28:19) ਉਹ ਪੌਲੁਸ ਦੀ ਰੀਸ ਕਰ ਰਹੇ ਹਨ ਜਿਸ ਨੇ ਇਸ ਸੱਦੇ ਨੂੰ ਸਵੀਕਾਰ ਕੀਤਾ ਸੀ: “ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰ।” (ਰਸੂਲਾਂ ਦੇ ਕਰਤੱਬ 16:9) ਇਸ ਕੰਮ ਨੂੰ ਸਹੀ ਢੰਗ ਨਾਲ ਕਿਵੇਂ ਕੀਤਾ ਜਾ ਸਕਦਾ ਹੈ?
2 ਸੋਚ-ਸਮਝ ਕੇ ਕਦਮ ਚੁੱਕੋ: ਕੀ ਤੁਹਾਡੀ ਕਲੀਸਿਯਾ ਕੋਲ ਕੋਈ ਅਜਿਹਾ ਇਲਾਕਾ ਹੈ ਜਿੱਥੇ ਕਦੀ-ਕਦਾਈਂ ਹੀ ਪ੍ਰਚਾਰ ਕੀਤਾ ਜਾਂਦਾ ਹੈ? ਜੇ ਹੈ, ਤਾਂ ਤੁਸੀਂ ਉਨ੍ਹਾਂ ਥਾਵਾਂ ਤੇ ਪ੍ਰਚਾਰ ਕਰਨ ਲਈ ਮਿਹਨਤ ਕਰ ਸਕਦੇ ਹੋ। ਜੇ ਤੁਸੀਂ ਕਿਤੇ ਹੋਰ ਜਾਣਾ ਚਾਹੁੰਦੇ ਹੋ, ਤਾਂ ਪਹਿਲਾਂ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਨਾਲ ਸਲਾਹ-ਮਸ਼ਵਰਾ ਕਰੋ। ਉਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਹਾਲਾਤਾਂ ਨੂੰ ਦੇਖ ਕੇ ਸਲਾਹ ਦੇਣਗੇ ਕਿ ਤੁਸੀਂ ਜਾ ਸਕਦੇ ਹੋ ਜਾਂ ਨਹੀਂ। ਤੁਸੀਂ ਆਪਣੇ ਸਰਕਟ ਨਿਗਾਹਬਾਨ ਨੂੰ ਵੀ ਕਿਸੇ ਨੇੜਲੀ ਕਲੀਸਿਯਾ ਬਾਰੇ ਪੁੱਛ ਸਕਦੇ ਹੋ ਤਾਂਕਿ ਉੱਥੇ ਜਾ ਕੇ ਤੁਸੀਂ ਆਪਣੇ ਪ੍ਰਚਾਰ ਨੂੰ ਵਧਾ ਸਕੋ। ਦੂਜੇ ਪਾਸੇ, ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਤੋਂ ਬਾਅਦ ਤੁਸੀਂ ਆਪਣੇ ਹੀ ਦੇਸ਼ ਵਿਚ ਕਿਸੇ ਹੋਰ ਜਗ੍ਹਾ ਤੇ ਪ੍ਰਚਾਰ ਕਰਨ ਦਾ ਫ਼ੈਸਲਾ ਕਰ ਸਕਦੇ ਹੋ। ਜੇ ਤੁਹਾਡੀ ਇਹ ਇੱਛਾ ਹੈ, ਤਾਂ ਤੁਹਾਨੂੰ ਅਤੇ ਤੁਹਾਡੇ ਬਜ਼ੁਰਗਾਂ ਦੇ ਸਮੂਹ ਨੂੰ ਇਸ ਬਾਰੇ ਸ਼ਾਖ਼ਾ ਦਫ਼ਤਰ ਨੂੰ ਲਿਖਣਾ ਚਾਹੀਦਾ ਹੈ ਕਿ ਤੁਸੀਂ ਕਿਸ ਜਗ੍ਹਾ ਸੇਵਾ ਕਰਨੀ ਚਾਹੁੰਦੇ ਹੋ। ਨਾਲੇ ਇਹ ਵੀ ਦੱਸੋ ਕਿ ਤੁਸੀਂ ਕਿੰਨੇ ਚਿਰ ਤੋਂ ਸੱਚਾਈ ਵਿਚ ਹੋ ਤੇ ਕਲੀਸਿਯਾ ਵਿਚ ਕਿਹੜਾ ਕੰਮ ਸੰਭਾਲਦੇ ਹੋ। ਹਮੇਸ਼ਾ ਲਈ ਉਸ ਜਗ੍ਹਾ ਜਾਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਸ਼ਾਇਦ ਤੁਹਾਡੇ ਲਈ ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਤੁਸੀਂ ਪਹਿਲਾਂ ਜਾ ਕੇ ਉਸ ਜਗ੍ਹਾ ਨੂੰ ਦੇਖ ਆਓ।
3 ਘਰ ਛੱਡਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚੋ: ਸਾਡੇ ਜ਼ਿਆਦਾਤਰ ਭਰਾ ਦੂਜੇ ਦੇਸ਼ਾਂ ਵਿਚ ਜਾ ਕੇ ਇਸ ਲਈ ਵਸ ਰਹੇ ਹਨ ਕਿਉਂਕਿ ਉਹ ਬਿਹਤਰ ਜ਼ਿੰਦਗੀ ਜੀਉਣੀ ਚਾਹੁੰਦੇ ਹਨ ਜਾਂ ਜਬਰ-ਜ਼ੁਲਮ ਤੋਂ ਬਚਣਾ ਚਾਹੁੰਦੇ ਹਨ। ਇਸ ਦੌਰਾਨ ਕੁਝ ਭਰਾ ਬੇਈਮਾਨ ਵਿਅਕਤੀਆਂ ਦੇ ਸ਼ਿਕੰਜੇ ਵਿਚ ਫੱਸ ਗਏ ਜਿਨ੍ਹਾਂ ਨੇ ਉਨ੍ਹਾਂ ਨੂੰ ਨਵੇਂ ਦੇਸ਼ ਵਿਚ ਪੱਕੇ ਹੋਣ ਵਿਚ ਮਦਦ ਕਰਨ ਦਾ ਵਾਅਦਾ ਕੀਤਾ ਸੀ, ਪਰ ਬਾਅਦ ਵਿਚ ਉਹ ਉਨ੍ਹਾਂ ਦਾ ਪੈਸਾ ਲੈ ਕੇ ਨੱਠ ਗਏ। ਕੁਝ ਹਾਲਾਤਾਂ ਵਿਚ ਇਹ ਲੋਕ ਪਰਦੇਸੀਆਂ ਕੋਲੋਂ ਜ਼ਬਰਦਸਤੀ ਅਨੈਤਿਕ ਕੰਮ ਵੀ ਕਰਾਉਂਦੇ ਹਨ। ਜਦੋਂ ਉਨ੍ਹਾਂ ਨੇ ਇਹ ਕੰਮ ਕਰਨ ਤੋਂ ਇਨਕਾਰ ਕੀਤਾ, ਤਾਂ ਉਨ੍ਹਾਂ ਨੂੰ ਉਸ ਦੇਸ਼ ਵਿਚ ਬੇਸਹਾਰਾ ਛੱਡ ਦਿੱਤਾ ਗਿਆ। ਇਵੇਂ ਵਿਦੇਸ਼ ਗਏ ਲੋਕਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਜਾਂਦੀ ਹੈ। ਉਹ ਉੱਥੇ ਦੇ ਭੈਣ-ਭਰਾਵਾਂ ਨੂੰ ਵੀ ਕਹਿੰਦੇ ਹਨ ਕਿ ਉਹ ਉਨ੍ਹਾਂ ਦੇ ਰਹਿਣ ਦਾ ਬੰਦੋਬਸਤ ਕਰਨ ਜਾਂ ਹੋਰ ਕਿਸੇ ਤਰੀਕੇ ਨਾਲ ਮਦਦ ਕਰਨ। ਇੰਜ ਉਹ ਦੂਜੇ ਮਸੀਹੀ ਪਰਿਵਾਰਾਂ ਉੱਤੇ ਬੋਝ ਬਣਦੇ ਹਨ ਜੋ ਪਹਿਲਾਂ ਹੀ ਆਪਣੀਆਂ ਪਰੇਸ਼ਾਨੀਆਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਨਾਲੇ ਬਿਨਾਂ ਸੋਚੇ-ਸਮਝੇ ਦੂਜੀ ਥਾਂ ਜਾਣ ਨਾਲ ਕੁਝ ਪਰਿਵਾਰਾਂ ਦੇ ਮੈਂਬਰ ਇਕ ਦੂਜੇ ਤੋਂ ਵੱਖ ਹੋ ਗਏ ਅਤੇ ਕੁਝ ਪਰਿਵਾਰ ਅਧਿਆਤਮਿਕ ਪੱਖੋਂ ਕਮਜ਼ੋਰ ਹੋ ਗਏ।—1 ਤਿਮੋ. 6:8-11.
4 ਜੇ ਤੁਸੀਂ ਆਪਣੇ ਨਿੱਜੀ ਫ਼ਾਇਦੇ ਲਈ ਕਿਸੇ ਹੋਰ ਜਗ੍ਹਾ ਤੇ ਜਾਣਾ ਚਾਹੁੰਦੇ ਹੋ, ਤਾਂ ਇਹ ਗੱਲ ਹਮੇਸ਼ਾ ਧਿਆਨ ਵਿਚ ਰੱਖੋ ਕਿ ਜਿੱਥੇ ਕਿਤੇ ਵੀ ਤੁਸੀਂ ਜਾਓਗੇ, ਤੁਹਾਨੂੰ ਉੱਥੇ ਵੀ ਮੁਸ਼ਕਲਾਂ ਦਾ ਸਾਮ੍ਹਣਾ ਤਾਂ ਕਰਨਾ ਹੀ ਪਵੇਗਾ। ਇਸ ਲਈ ਅਣਜਾਣੀ ਥਾਂ ਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਨਾਲ ਆਉਣ ਵਾਲੀਆਂ ਮੁਸ਼ਕਲਾਂ ਨਾਲੋਂ ਤੁਹਾਡੇ ਲਈ ਆਪਣੇ ਘਰ ਵਿਚ ਰਹਿ ਕੇ ਮੁਸ਼ਕਲਾਂ ਤੇ ਕਾਬੂ ਪਾਉਣਾ ਜ਼ਿਆਦਾ ਆਸਾਨ ਹੋਵੇਗਾ ਜਿੱਥੋਂ ਦੀ ਭਾਸ਼ਾ ਅਤੇ ਸਭਿਆਚਾਰ ਬਾਰੇ ਤੁਸੀਂ ਪਹਿਲਾਂ ਹੀ ਜਾਣਦੇ ਹੋ।